ਅਫ਼ਸੀਆਂ ਨੂੰ 2:11-22
Punjabi Bible: Easy-to-Read Version
ਮਸੀਹ ਵਿੱਚ ਇੱਕਮਿਕ
11 ਤੁਸੀਂ ਗੈਰ ਯਹੂਦੀਆਂ ਦੇ ਤੌਰ ਤੇ ਜਨਮੇ ਸੀ। ਤੁਸੀਂ ਉਹ ਲੋਕ ਹੋ ਜਿਨ੍ਹਾਂ ਨੂੰ ਯਹੂਦੀ “ਬੇ-ਸੁੰਨਤੀਏ” ਆਖਦੇ ਹਨ। ਉਹ ਯਹੂਦੀ ਜਿਹੜੇ ਤੁਹਾਨੂੰ “ਬੇ-ਸੁੰਨਤੀਏ” ਆਖਦੇ ਹਨ ਉਹ ਆਪਣੇ ਆਪ ਨੂੰ “ਸੁੰਨਤੀ” ਅਖਵਾਉਂਦੇ ਹਨ। ਉਨ੍ਹਾਂ ਦੀ ਸੁੰਨਤ ਅਜਿਹੀ ਹੈ ਜਿਹੜੀ ਉਹ ਖੁਦ ਆਪਣੇ ਸਰੀਰਾਂ ਉੱਪਰ ਕਰਦੇ ਹਨ। 12 ਅਤੀਤ ਵਿੱਚ, ਯਾਦ ਰੱਖੋ ਕਿ ਤੁਸੀਂ ਮਸੀਹ ਤੋਂ ਬਿਨਾ ਸੀ। ਤੁਸੀਂ ਇਸਰਾਏਲ ਦੇ ਨਾਗਰਿਕ ਨਹੀਂ ਸੀ। ਤੁਹਾਡੇ ਕੋਲ ਵਾਇਦੇ ਦਾ ਉਹ ਕਰਾਰ ਨਹੀਂ ਸੀ, ਜਿਹੜਾ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ। ਤੁਹਾਨੂੰ ਕੋਈ ਉਮੀਦ ਨਹੀਂ ਸੀ ਅਤੇ ਤੁਸੀਂ ਪਰਮੇਸ਼ੁਰ ਨੂੰ ਨਹੀਂ ਜਾਣਦੇ ਸੀ। 13 ਇਸ ਤਰ੍ਹਾਂ ਇੱਕ ਸਮੇਂ ਤੁਸੀਂ ਪਰਮੇਸ਼ੁਰ ਤੋਂ ਬਹੁਤ ਦੂਰ ਸੀ। ਪਰ ਹੁਣ ਤੁਸੀਂ ਮਸੀਹ ਯਿਸੂ ਵਿੱਚ ਉਸ ਦੇ ਲਹੂ ਰਾਹੀਂ ਪਰਮੇਸ਼ੁਰ ਦੇ ਨੇੜੇ ਲਿਆਏ ਗਏ ਹੋ।
14 ਮਸੀਹ ਦੇ ਕਾਰਣ ਹੁਣ ਸਾਨੂੰ ਸ਼ਾਂਤੀ ਮਿਲੀ ਹੋਈ ਹੈ। ਮਸੀਹ ਨੇ ਸਾਨੂੰ ਦੋਹਾਂ ਨੂੰ ਇੱਕ ਕੌਮ ਵਾਂਗ ਇਕੱਠਿਆਂ ਕੀਤਾ ਹੈ। ਯਹੂਦੀ ਅਤੇ ਗੈਰ ਯਹੂਦੀ ਇਸ ਤਰ੍ਹਾਂ ਵੰਡੇ ਹੋਏ ਸਨ ਜਿਵੇਂ ਉਨ੍ਹਾਂ ਵਿੱਚਕਾਰ ਇੱਕ ਕੰਧ ਹੋਵੇ। ਉਹ ਇੱਕ ਦੂਸਰੇ ਨੂੰ ਨਫ਼ਰਤ ਕਰਦੇ ਸਨ। ਪਰ ਮਸੀਹ ਨੇ ਆਪਣਾ ਸਰੀਰ ਦੇਕੇ ਨਫ਼ਰਤ ਦੀ ਉਸ ਕੰਧ ਨੂੰ ਢਾਹ ਦਿੱਤਾ। 15 ਯਹੂਦੀ ਸ਼ਰ੍ਹਾ ਵਿੱਚ ਕਈ ਹੁਕਮ ਅਤੇ ਅਸੂਲ ਸਨ। ਪਰ ਮਸੀਹ ਨੇ ਉਸ ਸ਼ਰ੍ਹਾ ਦਾ ਅੰਤ ਕਰ ਦਿੱਤਾ। ਮਸੀਹ ਦਾ ਉਦੇਸ਼ ਲੋਕਾਂ ਦੇ ਦੋ ਸਮੂਹਾਂ ਨੂੰ ਆਪਣੇ ਵਿੱਚ ਇੱਕ ਕੌਮ ਬਨਾਉਣਾ ਅਤੇ ਉੱਥੇ ਸ਼ਾਂਤੀ ਸਥਾਪਿਤ ਕਰਨਾ ਸੀ। 16 ਮਸੀਹ ਨੇ ਸਲੀਬ ਤੇ ਮਰਕੇ ਇਨ੍ਹਾਂ ਦੋਹਾਂ ਸਮੂਹਾਂ ਵਿੱਚਲੀ ਨਫ਼ਰਤ ਦਾ ਅੰਤ ਕਰ ਦਿੱਤਾ ਹੈ। ਜਦੋਂ ਦੋ ਸਮੂਹ ਇੱਕ ਸਰੀਰ ਬਣ ਗਏ, ਉਹ ਵਾਪਸ ਉਨ੍ਹਾਂ ਨੂੰ ਪਰਮੇਸ਼ੁਰ ਕੋਲ ਲੈ ਆਇਆ। ਇਹ ਮਸੀਹ ਨੇ ਸਲੀਬ ਉੱਤੇ ਆਪਣੀ ਮੌਤ ਰਾਹੀਂ ਕੀਤਾ। 17 ਮਸੀਹ ਆਇਆ ਅਤੇ ਉਸ ਨੇ ਸ਼ਾਂਤੀ ਦਾ ਪ੍ਰਚਾਰ ਤੁਹਾਡੇ ਸਭਨਾਂ ਵਿੱਚ ਕੀਤਾ ਤੁਸੀਂ ਜੋ ਪਰਮੇਸ਼ੁਰ ਤੋਂ ਦੂਰ ਹੋ ਅਤੇ ਤੁਸੀਂ ਜਿਹੜੇ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਹਾਂ, ਮਸੀਹ ਰਾਹੀਂ, ਸਾਡੇ ਦੋਹਾਂ ਸਮੂਹਾਂ ਨੂੰ ਇੱਕ ਆਤਮਾ ਵਿੱਚ ਪਿਤਾ ਕੋਲ ਆਉਣ ਦਾ ਹੱਕ ਹੈ।
19 ਹੁਣ ਤੁਸੀਂ ਗੈਰ ਯਹੂਦੀਓ ਓਪਰੇ ਜਾਂ ਯਾਤਰੀ ਨਹੀਂ ਹੋ। ਹੁਣ ਤੁਸੀਂ, ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੇ ਨਾਲ ਦੇ ਨਾਗਰਿਕ ਹੋ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਦੇ ਹੋਂ। 20 ਤੁਸੀਂ ਵਿਸ਼ਵਾਸੀ ਉਸ ਇਮਾਰਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ। ਇਹ ਇਮਾਰਤ ਰਸੂਲਾਂ ਅਤੇ ਨਬੀਆਂ ਦੁਆਰਾ ਬਣਾਈ ਉਸ ਬੁਨਿਯਾਦ ਉੱਪਰ ਉਸਾਰੀ ਗਈ ਸੀ। ਮਸੀਹ ਯਿਸੂ ਖੁਦ ਇਸ ਇਮਾਰਤ ਦਾ ਸਭ ਤੋਂ ਮਹੱਤਵਪੂਰਣ ਪੱਥਰ ਹੈ। 21 ਇਹ ਸਾਰੀ ਇਮਾਰਤ ਮਸੀਹ ਵਿੱਚ ਸੰਯੁਕਤ ਹੈ। ਅਤੇ ਇਸ ਨੂੰ ਵੱਧਾਕੇ, ਮਸੀਹ ਇਸ ਨੂੰ ਪ੍ਰਭੂ ਵਿੱਚ ਇੱਕ ਪਵਿੱਤਰ ਮੰਦਰ ਬਣਾ ਦਿੰਦਾ ਹੈ। 22 ਅਤੇ ਮਸੀਹ ਵਿੱਚ, ਤੁਸੀਂ ਲੋਕ ਹੋਰਨਾਂ ਲੋਕਾਂ ਸਮੇਤ ਉਸਾਰੇ ਜਾ ਰਹੇ ਹੋਂ। ਤੁਸੀਂ ਇੱਕ ਅਜਿਹੇ ਸਥਾਨ ਤੇ ਨਿਰਮਾਣਿਤ ਕੀਤੇ ਜਾ ਰਹੇ ਹੋ ਜਿੱਥੇ ਆਤਮਾ ਦੇ ਰਾਹੀਂ ਪਰਮੇਸ਼ੁਰ ਨਿਵਾਸ ਕਰਦਾ ਹੈ।
Read full chapter2010 by Bible League International