Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
2 ਯੂਹੰਨਾ

ਬਜ਼ੁਰਗ ਵੱਲੋਂ ਸ਼ੁਭਕਾਮਨਾਵਾਂ। ਪਰਮੇਸ਼ੁਰ ਵੱਲੋਂ ਚੁਣੀ ਹੋਈ ਇਸ ਸੁਆਣੀ ਅਤੇ ਉਸ ਦੇ ਬੱਚਿਆਂ ਨੂੰ।

ਮੈਂ ਸੱਚਾਈ ਵਿੱਚ ਤੁਹਾਨੂੰ ਸਾਰਿਆਂ ਨੂੰ ਪਿਆਰ ਕਰਦਾ ਹਾਂ। ਉਹ ਸਾਰੇ ਲੋਕ ਵੀ ਜਿਹੜੇ ਸੱਚਾਈ ਨੂੰ ਜਾਣਦੇ ਹਨ, ਤੁਹਾਨੂੰ ਪਿਆਰ ਕਰਦੇ ਹਨ। ਅਸੀਂ ਤੁਹਾਨੂੰ ਸੱਚ ਦੇ ਕਾਰਣ ਪਿਆਰ ਕਰਦੇ ਹਾਂ; ਜਿਹੜਾ ਸਾਡੇ ਅੰਦਰ ਵੱਸਦਾ ਹੈ। ਉਹ ਸੱਚ ਸਾਡੇ ਨਾਲ ਹਮੇਸ਼ਾ ਰਹੇਗਾ।

ਪਰਮੇਸ਼ੁਰ ਪਿਤਾ ਅਤੇ ਉਸ ਦੇ ਪੁੱਤਰ ਯਿਸੂ ਮਸੀਹ ਵੱਲੋਂ ਕਿਰਪਾ, ਮਿਹਰ ਅਤੇ ਸ਼ਾਂਤੀ ਸਾਡੇ ਨਾਲ ਹੋਵੇਗੀ। ਅਸੀਂ ਇਹ ਅਸੀਸਾਂ ਸੱਚ ਅਤੇ ਪਿਆਰ ਰਾਹੀਂ ਪ੍ਰਾਪਤ ਕਰਦੇ ਹਾਂ।

ਮੈਨੂੰ ਤੁਹਾਡੇ ਕੁਝ ਬੱਚਿਆਂ ਬਾਰੇ ਜਾਣਕੇ ਬਹੁਤ ਖੁਸ਼ੀ ਹੋਈ ਕਿ ਉਹ ਸੱਚ ਦੇ ਰਾਹ ਤੇ ਜਾ ਰਹੇ ਹਨ ਜਿਵੇਂ ਕਿ ਪਿਤਾ ਨੇ ਸਾਨੂੰ ਹੁਕਮ ਦਿੱਤਾ ਸੀ। ਅਤੇ ਹੁਣ ਪਿਆਰੀ ਸੁਆਣੀ ਮੈਂ ਤੈਨੂੰ ਦੱਸਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਚਾਹੀਦਾ ਹੈ। ਇਹ ਕੋਈ ਨਵਾਂ ਹੁਕਮ ਨਹੀਂ ਹੈ। ਇਹ ਓਹੀ ਹੁਕਮ ਹੈ ਜੋ ਸਾਨੂੰ ਸ਼ੁਰੂ ਵਿੱਚ ਮਿਲਿਆ ਸੀ। ਪਿਆਰ ਕਰਨ ਦਾ ਅਰਥ ਪਰਮੇਸ਼ੁਰ ਦੁਆਰਾ ਸਾਨੂੰ ਦਿੱਤੇ ਗਏ ਹੁਕਮ ਅਨੁਸਾਰ ਜਿਉਣਾ ਹੈ। ਪਰਮੇਸ਼ੁਰ ਦਾ ਹੁਕਮ ਇੱਕ ਪਿਆਰ ਦਾ ਜੀਵਨ ਜਿਉਣਾ ਹੈ। ਤੁਸੀਂ ਇਹ ਹੁਕਮ ਸ਼ੁਰੂ ਤੋਂ ਸੁਣਿਆ ਹੈ।

ਹੁਣ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਉਪਦੇਸ਼ਕ ਮੌਜ਼ੂਦ ਹਨ। ਇਹ ਝੂਠੇ ਉਪਦੇਸ਼ਕ ਇਹ ਇਕਰਾਰ ਕਰਨ ਤੋਂ ਇਨਕਾਰ ਕਰਦੇ ਹਨ ਕਿ ਯਿਸੂ ਮਸੀਹ ਧਰਤੀ ਤੇ ਆਇਆ ਅਤੇ ਇੱਕ ਮਨੁੱਖ ਬਣ ਗਿਆ। ਜਿਹੜਾ ਵਿਅਕਤੀ ਇਸ ਸੱਚ ਦਾ ਇਕਰਾਰ ਕਰਨ ਤੋਂ ਇਨਕਾਰ ਕਰਦਾ ਇੱਕ ਝੂਠਾ ਉਪਦੇਸ਼ਕ ਅਤੇ ਮਸੀਹ ਦਾ ਦੁਸ਼ਮਣ ਹੈ। ਹੁਸ਼ਿਆਰ ਰਹੋ। ਉਹ ਇਨਾਮ ਨਾ ਗਵਾਓ ਜਿਸ ਵਾਸਤੇ ਅਸੀਂ ਕੜੀ ਮਿਹਨਤ ਕੀਤੀ ਹੈ, ਤਾਂ ਜੋ ਤੁਹਾਨੂੰ ਪੂਰਾ ਇਨਾਮ ਦਿੱਤਾ ਜਾ ਸੱਕੇ।

ਇੱਕ ਵਿਅਕਤੀ ਨੂੰ ਯਿਸੂ ਮਸੀਹ ਦੇ ਉਪਦੇਸ਼ ਦਾ ਹੀ ਅਨੁਸਰਣ ਕਰਨਾ ਚਾਹੀਦਾ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਨੂੰ ਬਦਲਦਾ ਹੈ ਤਾਂ ਉਸ ਵਿਅਕਤੀ ਦੀ ਪਰਮੇਸ਼ੁਰ ਨਾਲ ਕੋਈ ਸੰਗਤ ਨਹੀਂ ਹੈ। ਜੇਕਰ ਕੋਈ ਵਿਅਕਤੀ ਮਸੀਹ ਦੇ ਉਪਦੇਸ਼ ਦਾ ਅਨੁਸਰਣ ਕਰਦਾ ਹੈ, ਤਾਂ ਉਹ ਵਿਅਕਤੀ ਪਿਤਾ ਅਤੇ ਪੁੱਤਰ ਨਾਲ ਦੋਹਾਂ ਸੰਗਤ ਰੱਖਦਾ ਹੈ। 10 ਜੇ ਉਹ ਵਿਅਕਤੀ ਜੋ ਤੁਹਾਡੇ ਕੋਲ ਆਉਂਦਾ ਹੈ, ਇਹ ਉਪਦੇਸ਼ ਨਹੀਂ ਲਿਆਉਂਦਾ, ਉਸ ਨੂੰ ਆਪਣੇ ਘਰ ਅੰਦਰ ਨਾ ਕਬੂਲੋ। ਉਸਦੀ ਆਓਭਗਤ ਨਾ ਕਰੋ 11 ਤੁਸੀਂ ਉਸਦਾ ਸੁਆਗਤ ਕਰਦੇ ਹੋ, ਤਾਂ ਤੁਸੀਂ ਉਸ ਦੇ ਬਦ ਕੰਮਾਂ ਵਿੱਚ ਉਸਦਾ ਸਾਥ ਦੇ ਰਹੇ ਹੋ।

12 ਮੈਂ ਤੁਹਾਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਪਰ ਮੈਂ ਸਿਆਹੀ ਅਤੇ ਕਾਗਜ਼ ਨਹੀਂ ਵਰਤਣਾ ਚਾਹੁੰਦਾ। ਪਰ ਮੈਨੂੰ ਤੁਹਾਡੇ ਕੋਲ ਆਉਣ ਅਤੇ ਤੁਹਾਡੇ ਨਾਲ ਆਮ੍ਹੋ-ਸਾਹਮਣੇ ਗੱਲ ਕਰਨ ਦੀ ਆਸ ਹੈ। ਇਸ ਨਾਲ ਸਾਨੂੰ ਬਹੁਤ ਖੁਸ਼ੀ ਮਿਲੇਗੀ। 13 ਪਰਮੇਸ਼ੁਰ ਦੁਆਰਾ ਚੁਣੇ ਗਏ ਤੁਹਾਡੀ ਭੈਣ ਦੇ ਬੱਚੇ ਤੁਹਾਨੂੰ ਆਪਣਾ ਪਿਆਰ ਭੇਜਦੇ ਹਨ।

3 ਯੂਹੰਨਾ

ਯੂਹੰਨਾ ਬਜ਼ੁਰਗ ਵੱਲੋਂ ਮੇਰੇ ਮਿੱਤਰ ਗਾਯੁਸ ਨੂੰ ਸ਼ੁਭਕਾਮਨਾਵਾਂ, ਜਿਸ ਨੂੰ ਮੈਂ ਸੱਚਾ ਪਿਆਰ ਕਰਦਾ ਹਾਂ।

ਮੇਰੇ ਪਿਆਰੇ ਮਿੱਤਰੋ, ਜਿਵੇਂ ਕਿ ਤੁਹਾਡੀ ਆਤਮਕ ਜ਼ਿੰਦਗੀ ਚੰਗੀ ਚੱਲ ਰਹੀ ਹੈ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੁਹਾਡੇ ਨਾਲ ਸਭ ਕੁਝ ਵੱਧੀਆ ਹੋਵੇ ਅਤੇ ਤੁਸੀਂ ਚੰਗੀ ਸਿਹਤ ਦਾ ਆਨੰਦ ਮਾਣੋ। ਕੁਝ ਭਰਾ ਮੇਰੇ ਕੋਲ ਆਏ ਸਨ ਅਤੇ ਉਨ੍ਹਾਂ ਨੇ ਮੈਨੂੰ ਤੁਹਾਡੇ ਜੀਵਨ ਦੀ ਸਚਾਈ ਬਾਰੇ ਦੱਸਿਆ। ਉਨ੍ਹਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਨਿਰੰਤਰ ਸੱਚ ਦੇ ਮਾਰਗ ਤੇ ਤੁਰ ਰਹੇ ਹੋ। ਇਸ ਨਾਲ ਮੈਨੂੰ ਖੁਸ਼ੀ ਹੋਈ। ਜਦੋਂ ਵੀ ਮੈਂ ਇਹ ਸੁਣਦਾ ਹਾਂ ਕਿ ਮੇਰੇ ਬੱਚੇ ਸੱਚ ਦੇ ਮਾਰਗ ਦਾ ਅਨੁਸਰਣ ਕਰਦੇ ਹਨ ਤਾਂ ਮੈਂ ਬਹੁਤ ਖੁਸ਼ ਹੁੰਦਾ ਹਾਂ। ਮੈਨੂੰ ਇਸ ਤੋਂ ਵੱਧ ਹੋਰ ਕੋਈ ਆਨੰਦ ਨਹੀਂ ਹੈ।

ਮੇਰੇ ਪਿਆਰੇ ਮਿੱਤਰੋ ਇਹ ਚੰਗੀ ਗੱਲ ਹੈ ਕਿ ਤੁਸੀਂ ਆਪਣੇ ਭਰਾਵਾਂ ਦੀ ਸਹਾਇਤਾ ਵੀ ਕਰ ਰਹੇ ਹੋ ਜਿਨ੍ਹਾਂ ਨੂੰ ਤੁਸੀਂ ਜਾਣਦੇ ਵੀ ਨਹੀਂ। ਇਨ੍ਹਾਂ ਭਰਾਵਾਂ ਨੇ ਕਲੀਸਿਯਾ ਨੂੰ ਤੁਹਾਡੇ ਪਿਆਰ ਬਾਰੇ ਦੱਸਿਆ। ਕ੍ਰਿਪਾ ਕਰਕੇ ਉਨ੍ਹਾਂ ਦੀ ਯਾਤਰਾ ਲਈ ਉਨ੍ਹਾਂ ਦੀ ਸਹਾਇਤਾ ਕਰਨੀ ਜਾਰੀ ਰੱਖੋ। ਉਨ੍ਹਾ ਦੀ ਇਸ ਢੰਗ ਨਾਲ ਸਹਾਇਤਾ ਕਰੋ ਜਿਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇ। ਇਹ ਭਰਾ ਮਸੀਹ ਦੀ ਸੇਵਾ ਕਰਨ ਲਈ ਆਪਣੀ ਯਾਤਰਾ ਤੇ ਗਏ। ਉਨ੍ਹਾਂ ਨੇ ਅਵਿਸ਼ਵਾਸੀਆਂ ਪਾਸੋਂ ਕੋਈ ਸਹਾਇਤਾ ਪ੍ਰਵਾਨ ਨਾ ਕੀਤੀ। ਇਸ ਲਈ ਸਾਨੂੰ ਅਜਿਹੇ ਭਰਾਵਾਂ ਦੀ ਸਹਾਇਤਾ ਕਰਨੀ ਚਾਹੀਦੀ ਹੈ। ਜਦੋਂ ਅਸੀਂ ਉਨ੍ਹਾਂ ਦੀ ਸਹਾਇਤਾ ਕਰਦੇ ਹਾਂ, ਤਾਂ ਅਸੀਂ ਸੱਚ ਲਈ ਉਨ੍ਹਾਂ ਦੇ ਕਾਰਜ ਵਿੱਚ ਹਿੱਸੇਦਾਰ ਬਣ ਜਾਂਦੇ ਹਾਂ।

ਮੈਂ ਕਲੀਸਿਯਾ ਨੂੰ ਖਤ ਲਿਖਿਆ ਸੀ, ਪਰ ਦਿਯੁਤ੍ਰਿਫ਼ੇਸ ਨੇ ਸਾਡੀ ਗੱਲ ਨਹੀਂ ਸੁਣੀ। ਉਹ ਹਮੇਸ਼ਾ ਉਨ੍ਹਾਂ ਦਾ ਆਗੂ ਹੋਣ ਦਾ ਵਿਖਾਵਾ ਕਰਨਾ ਪਸੰਦ ਕਰਦਾ ਹੈ। 10 ਜਦੋਂ ਮੈਂ ਆਵਾਂਗਾ, ਮੈਂ ਦਿਖਾ ਦੇਵਾਂਗਾ ਕਿ ਦਿਯੁਤ੍ਰਿਫ਼ੇਸ ਕੀ ਕਰ ਰਿਹਾ ਹੈ। ਉਹ ਝੂਠ ਬੋਲਦਾ ਹੈ ਅਤੇ ਸਾਡੇ ਬਾਰੇ ਮੰਦਾ ਬੋਲਦਾ ਹੈ। ਸਿਰਫ਼ ਇਹੀ ਹੀ ਨਹੀਂ, ਉਹ ਉਨ੍ਹਾਂ ਭਰਾਵਾਂ ਦਾ ਸਵਾਗਤ ਕਰਨ ਤੋਂ ਵੀ ਇਨਕਾਰ ਕਰਦਾ ਹੈ ਜਿਹੜੇ ਮਸੀਹ ਦੀ ਸੇਵਾ ਲਈ ਯਾਤਰਾ ਕਰਦੇ ਹਨ। ਉਹ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਵੀ ਕਰਦਾ ਹੈ, ਜਿਹੜੇ ਉਨ੍ਹਾਂ ਭਰਾਵਾਂ ਦੀ ਸਹਾਇਤਾ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਕਲੀਸਿਯਾ ਛੱਡਣ ਲਈ ਮਜਬੂਰ ਕਰਦਾ ਹੈ।

11 ਮੇਰੇ ਪਿਆਰੇ ਮਿੱਤਰ, ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਨਾ ਕਰ ਜਿਹੜੇ ਬਦੀ ਕਰਦੇ ਹਨ, ਸਗੋਂ ਉਨ੍ਹਾਂ ਦੇ ਉਦਾਹਰਣਾਂ ਦਾ ਅਨੁਸਰਣ ਕਰ ਜਿਹੜੇ ਨੇਕੀ ਕਰਦੇ ਹਨ। ਜਿਹੜਾ ਵਿਅਕਤੀ ਚੰਗੀਆਂ ਗੱਲਾਂ ਕਰਦਾ ਹੈ ਪਰਮੇਸ਼ੁਰ ਨਾਲ ਸੰਬੰਧਿਤ ਹੈ। ਪਰ ਉਹ ਵਿਅਕਤੀ ਜਿਹੜਾ ਬਦੀ ਕਰਦਾ ਹੈ ਉਸ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਜਾਣਿਆ।

12 ਹਰ ਕੋਈ ਦੇਮੇਤ੍ਰਿਯੁਸ ਦੀ ਉਸਤਤਿ ਕਰਦਾ ਹੈ। ਸੱਚ ਖੁਦ ਉਸ ਨਾਲ ਸਹਿਮਤ ਹੁੰਦਾ ਹੈ ਜੋ ਉਹ ਆਖਦੇ ਹਨ। ਸਾਡੇ ਕੋਲ ਵੀ ਉਸ ਲਈ ਆਖਣ ਲਈ ਚੰਗੀਆਂ ਗੱਲਾਂ ਹਨ। ਤੁਸੀਂ ਜਾਣਦੇ ਹੋ ਕਿ ਜੋ ਕੁਝ ਵੀ ਅਸੀਂ ਆਖਦੇ ਹਾਂ, ਸੱਚ ਹੈ।

13 ਬਹੁਤ ਸਾਰੀਆਂ ਗੱਲਾਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸਣੀਆਂ ਚਾਹੁੰਦਾ। ਪਰ ਮੈਂ ਕਲਮ ਦਵਾਤ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ। 14 ਮੈਂ ਤੁਹਾਨੂੰ ਛੇਤੀ ਹੀ ਵੇਖਣ ਦੀ ਆਸ ਰੱਖਦਾ ਹਾਂ। ਫ਼ੇਰ ਅਸੀਂ ਆਮ੍ਹੋ-ਸਾਹਮਣੇ ਗੱਲ ਕਰ ਸੱਕਦੇ ਹਾਂ। 15 ਤੁਹਾਨੂੰ ਸ਼ਾਂਤੀ ਪ੍ਰਾਪਤ ਹੋਵੇ। ਮੇਰੇ ਨਾਲ ਦੇ ਇੱਥੋਂ ਦੇ ਮਿੱਤਰ ਤੁਹਾਨੂੰ ਆਪਣਾ ਪਿਆਰ ਦਿੰਦੇ ਹਨ। ਕਿਰਪਾ ਕਰਕੇ ਉੱਥੋਂ ਦੇ ਸਾਡੇ ਸਾਰੇ ਮਿੱਤਰਾਂ ਨੂੰ ਸਾਡਾ ਪਿਆਰ ਸੂਚਤ ਕਰਨਾ।

Punjabi Bible: Easy-to-Read Version (ERV-PA)

2010 by World Bible Translation Center