Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
ਉਤਪਤ 22-24

ਅਬਰਾਹਾਮ, ਆਪਣੇ ਪੁੱਤਰ ਨੂੰ ਮਾਰ ਦੇ

22 ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰੱਖਣ ਦਾ ਨਿਆਂ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਅਬਰਾਹਾਮ!”

ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!”

ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾ ਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜ੍ਹਾ। ਇਹ ਤੇਰਾ ਇੱਕ ਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ-ਉਹ ਪੁੱਤਰ ਜਿਸ ਨੂੰ ਤੂੰ ਪਿਆਰ ਕਰਦਾ ਹੈਂ। ਉਸ ਨੂੰ ਇੱਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਵਰਤ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।”

ਸਵੇਰੇ ਅਬਰਾਹਾਮ ਉੱਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚੱਲੇ ਗਏ ਜਿੱਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸ ਨੇ ਉਹ ਥਾਂ ਦੇਖੀ ਜਿੱਥੇ ਉਹ ਜਾ ਰਿਹਾ ਸੀ। ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇੱਥੇ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”

ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁੱਕਿਆ। ਅਤੇ ਉਹ ਦੋਵੇਂ ਇਕੱਠੇ ਤੁਰ ਪਏ।

ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”

ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”

ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿੱਥੇ ਹੈ ਜਿਸ ਨੂੰ ਅਸੀਂ ਬਲੀ ਚੜ੍ਹਾਵਾਂਗੇ?”

ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”

ਇਸ ਤਰ੍ਹਾਂ ਅਬਰਾਹਾਮ ਅਤੇ ਉਸਦਾ ਪੁੱਤਰ ਦੋਵੇਂ ਉਸ ਥਾਂ ਚੱਲੇ ਗਏ। ਉਹ ਉਸ ਥਾਂ ਗਏ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉੱਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ। 10 ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕੱਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ।

11 ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ, ਅਬਰਾਹਾਮ!”

ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।”

12 ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸੱਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।”

13 ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈ ਕੇ ਇਸ ਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜ੍ਹਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।” [a] ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸੱਕਦਾ ਹੈ।”

15 ਯਹੋਵਾਹ ਦੇ ਦੂਤ ਨੇ ਦੂਸਰੀ ਵਾਰ ਅਬਰਾਹਾਮ ਨੂੰ ਆਕਾਸ਼ੋਂ ਆਵਾਜ਼ ਦਿੱਤੀ। 16 ਦੂਤ ਨੇ ਆਖਿਆ, “ਤੂੰ ਮੇਰੀ ਖਾਤਿਰ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ ਸੀ। ਇਹ ਤੇਰਾ ਇੱਕਲੌਤਾ ਪੁੱਤਰ ਸੀ। ਕਿਉਂਕਿ ਤੂੰ ਮੇਰੀ ਖਾਤਿਰ ਅਜਿਹਾ ਕੀਤਾ, ਮੈਂ ਤੈਨੂੰ ਇਹ ਬਚਨ ਦਿੰਦਾ ਹਾਂ: ਮੈਂ, ਯਹੋਵਾਹ, ਇਕਰਾਰ ਕਰਦਾ ਹਾਂ ਕਿ 17 ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ। 18 ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਕਾਰਣ ਅਸੀਸਮਈ ਹੋਣਗੀਆਂ, ਕਿਉਂਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨਿਆ।”

19 ਫ਼ੇਰ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚੱਲਾ ਗਿਆ। ਉਹ ਸਾਰੇ ਬਏਰਸਬਾ ਵਾਪਸ ਪਰਤ ਗਏ ਅਤੇ ਅਬਰਾਹਾਮ ਉੱਥੇ ਠਹਿਰ ਗਿਆ।

20 ਇਹ ਸਭ ਗੱਲਾਂ ਵਾਪਰਨ ਤੋਂ ਬਾਦ, ਅਬਰਾਹਾਮ ਨੂੰ ਇੱਕ ਸੰਦੇਸ਼ ਭੇਜਿਆ ਗਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ, “ਤੇਰੇ ਭਰਾ ਨਾਹੋਰ ਅਤੇ ਉਸਦੀ ਪਤਨੀ ਮਿਲਕਾਹ ਦੇ ਹੁਣ ਬੱਚੇ ਹਨ। 21 ਪਹਿਲੇ ਪੁੱਤਰ ਦਾ ਨਾਮ ਊਸ ਹੈ। ਦੂਸਰੇ ਪੁੱਤਰ ਦਾ ਨਾਮ ਬੂਜ਼ ਹੈ। ਤੀਸਰਾ ਪੁੱਤਰ ਅਰਾਮ ਦਾ ਪਿਤਾ, ਕਮੂਏਲ ਹੈ। 22 ਫ਼ੇਰ ਕਸਦ, ਹਜ਼ੋ, ਪਿਲਦਾਸ਼ ਅਤੇ ਯਿਦਲਾਫ਼ ਬਥੂਏਲ ਹਨ।” 23 ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਇਨ੍ਹਾਂ ਅੱਠਾਂ ਪੁੱਤਰਾਂ ਦੀ ਮਾਂ ਸੀ ਅਤੇ ਨਾਹੋਰ ਉਨ੍ਹਾਂ ਦਾ ਪਿਤਾ ਸੀ। ਨਾਹੋਰ ਅਬਰਾਹਾਮ ਦਾ ਭਰਾ ਸੀ। 24 ਨਾਹੋਰ ਦੇ ਆਪਣੀ ਦਾਸੀ ਰੂਮਾਹ ਤੋਂ ਵੀ ਚਾਰ ਪੁੱਤਰ ਸਨ। ਇਹ ਪੁੱਤਰ ਸਨ, ਤਬਹ, ਗਹਮ, ਤਹਸ਼ ਅਤੇ ਮਾਕਾਹ।

ਸਾਰਾਹ ਦੀ ਮੌਤ

23 ਸਾਰਾਹ 127 ਵਰ੍ਹੇ ਜੀਵੀ। ਉਸਦਾ ਦੇਹਾਂਤ ਕਨਾਨ ਦੀ ਧਰਤੀ ਉੱਤੇ ਕਿਰਿਯਤ ਅਰਬਾ (ਹਬਰੋਨ) ਦੇ ਸ਼ਹਿਰ ਵਿੱਚ ਹੋਇਆ। ਅਬਰਾਹਾਮ ਬਹੁਤ ਉਦਾਸ ਹੋ ਗਿਆ ਅਤੇ ਉੱਥੇ ਉਸ ਲਈ ਰੋਂਦਾ ਰਿਹਾ। ਫ਼ੇਰ ਅਬਰਾਹਾਮ ਨੇ ਆਪਣੀ ਮ੍ਰਿਤ ਪਤਨੀ ਨੂੰ ਛੱਡ ਦਿੱਤਾ ਅਤੇ ਹਿੱਤੀ ਲੋਕਾਂ ਨਾਲ ਗੱਲ ਕਰਨ ਲਈ ਚੱਲਾ ਗਿਆ। ਉਸ ਨੇ ਆਖਿਆ, “ਮੈਂ ਤੁਹਾਡੇ ਦੇਸ਼ ਵਿੱਚ ਰਹਿਣ ਵਾਲਾ ਸਿਰਫ਼ ਇੱਕ ਮੁਸਾਫ਼ਰ ਹਾਂ। ਮੇਰੇ ਕੋਲ ਆਪਣੀ ਪਤਨੀ ਨੂੰ ਦਫ਼ਨ ਕਰਨ ਲਈ ਕੋਈ ਥਾਂ ਨਹੀਂ। ਕਿਰਪਾ ਕਰਕੇ ਮੈਨੂੰ ਕੁਝ ਥਾਂ ਦਿਉ ਤਾਂ ਜੋ ਮੈਂ ਆਪਣੀ ਪਤਨੀ ਨੂੰ ਦਫ਼ਨਾ ਸੱਕਾਂ।”

ਹਿੱਤੀ ਲੋਕਾਂ ਨੇ ਅਬਰਾਹਾਮ ਨੂੰ ਜਵਾਬ ਦਿੱਤਾ, “ਸ਼੍ਰੀ ਮਾਨ ਜੀ, ਤੁਸੀਂ ਤਾਂ ਸਾਡੇ ਦਰਮਿਆਨ ਪਰਮੇਸ਼ੁਰ ਦੇ ਮਹਾਨ ਆਗੂਆਂ ਵਿੱਚੋਂ ਇੱਕ ਹੋ। ਤੁਸੀਂ ਤਾਂ ਸਾਡੀ ਸਭ ਤੋਂ ਚੰਗੀ ਜ਼ਮੀਨ ਆਪਣੇ ਮੁਰਦੇ ਨੂੰ ਦਫ਼ਨ ਕਰਨ ਲਈ ਲੈ ਸੱਕਦੇ ਹੋ। ਤੁਸੀਂ ਸਾਡੇ ਕਿਸੇ ਵੀ ਕਬਰਸਤਾਨ ਵਿੱਚ ਕੋਈ ਵੀ ਥਾਂ ਲੈ ਸੱਕਦੇ ਹੋ ਜੋ ਤੁਸੀਂ ਚਾਹੋਂ। ਸਾਡੇ ਵਿੱਚੋਂ ਕੋਈ ਵੀ ਤੁਹਾਨੂੰ ਆਪਣੀ ਪਤਨੀ ਨੂੰ ਉੱਥੇ ਦਫ਼ਨਾਉਣ ਤੋਂ ਨਹੀਂ ਰੋਕੇਗਾ।”

ਅਬਰਾਹਾਮ ਉੱਠ ਖਲੋਤਾ ਅਤੇ ਹਿੱਤੀ ਲੋਕਾਂ ਦੇ ਸਾਹਮਣੇ ਝੁਕ ਗਿਆ। ਅਬਰਾਹਾਮ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਸੱਚਮੁੱਚ ਮੇਰੀ ਪਤਨੀ ਨੂੰ ਦਫ਼ਨਾਉਣ ਵਿੱਚ ਮੇਰੀ ਸਹਾਇਤਾ ਕਰਨਾ ਚਾਹੁੰਦੇ ਹੋ ਤਾਂ ਮੇਰੇ ਲਈ ਸੋਹਰ ਦੇ ਪੁੱਤਰ ਅਫ਼ਰੋਨ ਨਾਲ ਗੱਲ ਕਰੋ। ਮੈਂ ਅਫ਼ਰੋਨ ਦੀ ਮਕਫ਼ੇਲਾਹ ਵਾਲੀ ਗੁਫ਼ਾ ਖਰੀਦਣੀ ਚਾਹੁੰਦਾ ਹਾਂ। ਇਹ ਉਸ ਦੇ ਖੇਤ ਦੇ ਸਿਰੇ ਉੱਤੇ ਹੈ। ਮੈਂ ਉਸ ਨੂੰ ਇਸਦੀ ਪੂਰੀ ਕੀਮਤ ਦਿਆਂਗਾ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਗਵਾਹ ਹੋਵੋਂ ਕਿ ਮੈਂ ਇਸ ਨੂੰ ਕਬਰਸਤਾਨ ਵਜੋਂ ਖਰੀਦਿਆ।”

10 ਅਫ਼ਰੋਨ ਉੱਥੇ ਲੋਕਾਂ ਵਿੱਚਕਾਰ ਬੈਠਾ ਹੋਇਆ ਸੀ। ਅਫ਼ਰੋਨ ਨੇ ਅਬਰਾਹਾਮ ਨੂੰ ਉੱਚੀ ਆਵਾਜ਼ ਵਿੱਚ ਜਵਾਬ ਦਿੱਤਾ, ਤਾਂ ਜੋ ਉੱਥੇ ਸ਼ਹਿਰ ਦੇ ਫ਼ਾਟਕ ਕੋਲ ਬੈਠਾ ਹਰ ਕੋਈ ਉਸ ਨੂੰ ਸੁਣ ਸੱਕੇ। 11 “ਨਹੀਂ, ਸ਼੍ਰੀ ਮਾਨ ਜੀ। ਮੈਂ ਇੱਥੇ ਆਪਣੇ ਸਾਰੇ ਲੋਕਾਂ ਸਾਹਮਣੇ ਤੁਹਾਨੂੰ ਉਹ ਜ਼ਮੀਨ ਦਿੰਦਾ ਹਾਂ ਜਿਸ ਉੱਤੇ ਇਹ ਗੁਫ਼ਾ ਹੈ, ਤਾਂ ਜੋ ਤੁਸੀਂ ਉੱਥੇ ਆਪਣੀ ਪਤਨੀ ਨੂੰ ਦਫ਼ਨਾ ਸੱਕੋਂ।”

12 ਅਬਰਾਹਾਮ ਹਿੱਤੀ ਲੋਕਾਂ ਦੇ ਸਾਹਮਣੇ ਧਰਤੀ ਉੱਤੇ ਝੁਕ ਗਿਆ। 13 ਅਬਰਾਹਾਮ ਨੇ ਅਫ਼ਰੋਨ ਨੂੰ ਸਮੂਹ ਲੋਕਾਂ ਦੇ ਸਾਹਮਣੇ ਆਖਿਆ, “ਪਰ ਮੈਂ ਤੁਹਾਨੂੰ ਉਸ ਖੇਤ ਦੀ ਪੂਰੀ ਕੀਮਤ ਅਦਾ ਕਰਨਾ ਚਾਹੁੰਦਾ ਹਾਂ। ਮੇਰੇ ਪੈਸੇ ਨੂੰ ਪ੍ਰਵਾਨ ਕਰੋ, ਅਤੇ ਮੈਂ ਆਪਣੇ ਮੁਰਦੇ ਨੂੰ ਦਫ਼ਨਾ ਦਿਆਂਗਾ।”

14 ਅਫ਼ਰੋਨ ਨੇ ਅਬਰਾਹਾਮ ਨੂੰ ਜਵਾਬ ਦਿੱਤਾ, 15 “ਸ਼੍ਰੀਮਾਨ ਜੀ, ਮੇਰੀ ਗੱਲ ਸੁਣੋ। ਚਾਂਦੀ ਦੇ ਦਸ ਪੌਂਡ ਤੁਹਾਡੇ ਜਾਂ ਮੇਰੇ ਲਈ ਕੁਝ ਵੀ ਨਹੀਂ। ਥਾਂ ਲੈ ਲਵੋ ਅਤੇ ਆਪਣੀ ਮ੍ਰਿਤ ਪਤਨੀ ਨੂੰ ਦਫ਼ਨਾ ਦਿਉ।”

16 ਅਬਰਾਹਾਮ ਅਫ਼ਰੋਨ ਦੀਆਂ ਸ਼ਰਤਾਂ ਨਾਲ ਰਾਜ਼ੀ ਹੋ ਗਿਆ। ਅਬਰਾਹਾਮ ਨੇ ਕਾਰੋਬਾਰੀਆਂ ਦੇ ਪ੍ਰਮਾਣਿਕ ਤੋਂਲਾਂ ਅਨੁਸਾਰ ਅਫ਼ਰੋਨ ਲਈ ਦਸ ਪੌਂਡ ਚਾਂਦੀ ਤੋਂਲ ਦਿੱਤੀ।

17-18 ਇਸ ਤਰ੍ਹਾਂ, ਅਫ਼ਰੋਨ ਦੀ ਜ਼ਮੀਨ ਦੀ ਮਾਲਕੀ ਬਦਲ ਗਈ। ਇਹ ਜ਼ਮੀਨ ਮਮਰੇ ਦੇ ਨੇੜੇ, ਮਕਫ਼ੇਲਾਹ ਵਿੱਚ ਸੀ। ਅਬਰਾਹਮ ਉਸ ਜ਼ਮੀਨ, ਇਸ ਉਤਲੀ ਗੁਫ਼ਾ ਅਤੇ ਇਸ ਉਤਲੇ ਸਾਰੇ ਦ੍ਰੱਖਤਾਂ ਦਾ ਮਾਲਕ ਬਣ ਗਿਆ। ਨਗਰ ਦੇ ਸਾਰੇ ਲੋਕਾਂ ਨੇ ਅਫ਼ਰੋਨ ਅਤੇ ਅਬਰਾਹਾਮ ਵਿੱਚਕਾਰ ਹੋਏ ਸੌਦੇ ਨੂੰ ਦੇਖਿਆ। 19 ਇਸਤੋਂ ਮਗਰੋਂ, ਅਬਰਾਹਾਮ ਨੇ ਆਪਣੀ ਪਤਨੀ ਨੂੰ ਮਕਫ਼ੇਲਾਹ ਦੇ ਖੇਤ ਉਤਲੀ ਗੁਫ਼ਾ ਵਿੱਚ, ਮਮਰੇ ਦੇ ਨੇੜੇ (ਹੁਣ ਹਬਰੋਨ ਕਹਾਉਂਦੇ) ਕਨਾਨ ਦੀ ਜ਼ਮੀਨ ਵਿੱਚ ਦਫ਼ਨਾ ਦਿੱਤਾ। 20 ਅਬਰਾਹਾਮ ਨੇ ਗੁਫ਼ਾ ਸਮੇਤ ਖੇਤ ਨੂੰ ਹਿੱਤੀ ਲੋਕਾਂ ਪਾਸੋਂ ਖਰੀਦ ਲਿਆ। ਇਹ ਉਸਦੀ ਜ਼ਾਇਦਾਦ ਬਣ ਗਈ ਅਤੇ ਉਸ ਨੇ ਇਸਦੀ ਵਰਤੋਂ ਕਬਰਸਤਾਨ ਵਜੋਂ ਕੀਤੀ।

ਇਸਹਾਕ ਲਈ ਇੱਕ ਪਤਨੀ

24 ਅਬਰਾਹਾਮ ਬੜੀ ਲੰਮੀ ਉਮਰ ਜੀਵਿਆ। ਯਹੋਵਾਹ ਨੇ ਅਬਰਾਹਾਮ ਨੂੰ ਅਤੇ ਉਸ ਦੇ ਕੀਤੇ ਹਰ ਕੰਮ ਨੂੰ ਅਸੀਸ ਦਿੱਤੀ। ਅਬਰਾਹਾਮ ਦਾ ਸਭ ਤੋਂ ਪੁਰਾਣਾ ਨੌਕਰ ਅਬਰਾਹਾਮ ਦੀ ਹਰ ਚੀਜ਼ ਦਾ ਨਿਗਾਹਬਾਨ ਸੀ। ਅਬਰਾਹਾਮ ਨੇ ਉਸ ਨੌਕਰ ਨੂੰ ਆਪਣੇ ਕੋਲ ਸੱਦ ਕੇ ਆਖਿਆ, “ਮੇਰੀ ਲੱਤ ਹੇਠਾਂ ਆਪਣਾ ਹੱਥ ਰੱਖ। ਹੁਣ ਮੈਂ ਚਾਹੁੰਦਾ ਹਾਂ ਕਿ ਤੂੰ ਮੇਰੇ ਨਾਲ ਇੱਕ ਗੱਲ ਦਾ ਇਕਰਾਰ ਕਰੇਂ। ਯਹੋਵਾਹ ਆਕਾਸ਼ ਅਤੇ ਧਰਤੀ ਦੇ ਅਪਰਮੇਸ਼ੁਰ ਦੀ ਹਾਜ਼ਰੀ ਵਿੱਚ ਮੈਨੂੰ ਵਚਨ ਦੇ, ਕਿ ਤੂੰ ਮੇਰੇ ਪੁੱਤਰ ਦੀ ਪਤਨੀ ਹੋਣ ਲਈ ਇਸ ਧਰਤੀ ਦੀ ਕਨਾਨੀ ਕੁੜੀ ਨੂੰ, ਜਿੱਥੇ ਮੈਂ ਰਹਿ ਰਿਹਾ ਹਾਂ, ਨਹੀਂ ਲਵੇਂਗਾ। ਮੇਰੇ ਦੇਸ਼ ਅਤੇ ਮੇਰੇ ਲੋਕਾਂ ਕੋਲ ਵਾਪਸ ਜਾ। ਉੱਥੇ ਮੇਰੇ ਪੁੱਤਰ ਇਸਹਾਕ ਵਾਸਤੇ ਪਤਨੀ ਲੱਭ ਅਤੇ ਉਸ ਨੂੰ ਇੱਥੇ ਉਸ ਕੋਲ ਲੈ ਕੇ ਆ।”

ਨੌਕਰ ਨੇ ਉਸ ਨੂੰ ਆਖਿਆ, “ਜੇਕਰ ਉਹ ਔਰਤ ਮੇਰੇ ਨਾਲ ਇਸ ਥਾਂ ਤੇ ਨਹੀਂ ਆਉਣਾ ਚਾਹੁੰਦੀ ਤਾਂ ਕੀ ਮੈਂ ਤੁਹਾਡੇ ਪੁੱਤਰ ਨੂੰ ਵਾਪਿਸ ਉਸ ਧਰਤੀ ਤੇ ਲੈ ਜਾਵਾਂ ਜਿੱਥੇ ਤੁਸੀਂ ਆਏ ਸੀ?”

ਅਬਰਾਹਾਮ ਨੇ ਉਸ ਨੂੰ ਆਖਿਆ, “ਨਹੀਂ! ਮੇਰੇ ਪੁੱਤਰ ਨੂੰ ਉੱਥੇ ਨਾ ਲੈ ਕੇ ਜਾਵੀਂ। ਯਹੋਵਾਹ ਆਕਾਸ਼ ਦੇ ਪਰਮੇਸ਼ੁਰ ਨੇ ਮੈਨੂੰ ਮੇਰੀ ਮਾਤ੍ਰਭੂਮੀ ਤੋਂ ਇੱਥੇ ਲਿਆਂਦਾ ਹੈ। ਉਹ ਧਰਤੀ ਮੇਰੇ ਪਿਤਾ ਅਤੇ ਮੇਰੇ ਪਰਿਵਾਰ ਦੀ ਧਰਤੀ ਸੀ। ਪਰ ਯਹੋਵਾਹ ਨੇ ਬਚਨ ਦਿੱਤਾ ਸੀ ਕਿ ਇਹ ਨਵੀਂ ਧਰਤੀ ਮੇਰੇ ਪਰਿਵਾਰ ਦੀ ਹੋਵੇਗੀ। ਯਹੋਵਾਹ ਆਪਣੇ ਦੂਤ ਨੂੰ ਤੇਰੇ ਨਾਲੋਂ ਅਗੇਰੇ ਭੇਜੇ ਤਾਂ ਜੋ ਤੂੰ ਮੇਰੇ ਪੁੱਤਰ ਲਈ ਵਹੁਟੀ ਚੁਣ ਸੱਕੇਂ। ਪਰ ਜੇ ਉਹ ਕੁੜੀ ਤੇਰੇ ਨਾਲ ਆਉਣ ਤੋਂ ਇਨਕਾਰ ਕਰੇ ਤਾਂ ਤੂੰ ਇਸ ਬਚਨ ਤੋਂ ਮੁਕਤ ਹੋਵੇਂਗਾ। ਪਰ ਤੂੰ ਮੇਰੇ ਪੁੱਤਰ ਨੂੰ ਉਸ ਥਾਂ ਬਿਲਕੁਲ ਨਹੀਂ ਲੈ ਕੇ ਜਾਣਾ।”

ਇਸ ਲਈ ਨੌਕਰ ਨੇ ਆਪਣੇ ਮਾਲਕ ਦੀ ਲੱਤ ਹੇਠਾਂ ਆਪਣਾ ਹੱਥ ਰੱਖਿਆ ਅਤੇ ਇਹ ਸਾਰੀਆਂ ਗੱਲਾਂ ਕਰਨ ਦਾ ਇਕਰਾਰ ਕੀਤਾ।

ਖੋਜ ਸ਼ੁਰੂ ਹੁੰਦੀ ਹੈ

10 ਨੌਕਰ ਨੇ ਅਬਰਾਹਾਮ ਦੇ ਦਸ ਊਠ ਲਏ ਅਤੇ ਉਸ ਥਾਂ ਵੱਲ ਤੁਰ ਪਿਆ। ਨੌਕਰ ਨੇ ਆਪਣੇ ਨਾਲ ਅਨੇਕਾਂ ਖੂਬਸੂਰਤ ਸੁਗਾਤਾਂ ਲੈ ਲਇਆਂ। ਨੌਕਰ ਮਸੋਪੋਤਾਮੀਆਂ ਵਿੱਚ ਨਾਹੋਰ ਦੇ ਨਗਰ ਨੂੰ ਚੱਲਾ ਗਿਆ। 11 ਨੌਕਰ ਸ਼ਹਿਰ ਦੇ ਬਾਹਰਲੇ ਖੂਹ ਤੇ ਪਹੁੰਚ ਗਿਆ। ਸ਼ਾਮ ਦਾ ਵੇਲਾ ਸੀ ਜਦੋਂ ਔਰਤਾਂ ਪਾਣੀ ਭਰਨ ਲਈ ਬਾਹਰ ਆਈਆਂ ਨੌਕਰ ਨੇ ਉਸ ਥਾਂ ਊਠਾਂ ਦੀਆਂ ਗੋਡਣੀਆਂ ਲਵਾ ਦਿੱਤੀਆਂ।

12 ਨੌਕਰ ਨੇ ਆਖਿਆ, “ਯਹੋਵਾਹ, ਤੂੰ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਹੈ। ਕਿਰਪਾ ਕਰਕੇ ਮੈਨੂੰ ਉਸ ਦੇ ਪੁੱਤਰ ਲਈ ਵਹੁਟੀ ਤਲਾਸ਼ ਕਰਨ ਦੀ ਇਜਾਜ਼ਤ ਦੇ। ਕਿਰਪਾ ਕਰਕੇ ਮੇਰੇ ਸੁਆਮੀ ਅਬਰਾਹਾਮ ਉੱਤੇ ਇੰਨੀ ਮਿਹਰ ਕਰ। 13 ਮੈਂ ਇੱਥੇ, ਖੂਹ ਉੱਤੇ ਖਲੋਤਾ ਹੋਇਆ ਹਾਂ, ਅਤੇ ਸ਼ਹਿਰ ਦੀਆਂ ਮੁਟਿਆਰਾਂ ਪਾਣੀ ਭਰਨ ਲਈ ਆ ਰਹੀਆਂ ਹਨ। 14 ਮੈਂ ਉਸ ਖਾਸ ਸੰਕੇਤ ਦਾ ਇੰਤਜ਼ਾਰ ਕਰ ਰਿਹਾ ਹਾਂ, ਇਹ ਜਾਨਣ ਲਈ, ਕਿ ਕਿਹੜੀ ਮੁਟਿਆਰ ਇਸਹਾਕ ਲਈ ਢੁਕਵੀ ਹੈ। ਖਾਸ ਸੰਕੇਤ ਇਹ ਹੈ ਮੈਂ ਕੁੜੀ ਨੂੰ ਆਖਾਂਗਾ, ‘ਕਿਰਪਾ ਕਰਕੇ ਆਪਣਾ ਘੜਾ ਹੇਠਾਂ ਉਤਾਰ ਤਾਂ ਜੋ ਮੈਂ ਪਾਣੀ ਪੀ ਸੱਕਾਂ।’ ਮੈਨੂੰ ਪਤਾ ਲੱਗ ਜਾਵੇਗਾ ਕਿ ਉਹ ਢੁਕਵੀਂ ਮੁਟਿਆਰ ਹੈ ਜੇ ਉਸ ਨੇ ਆਖਿਆ, ‘ਪੀ ਲੈ, ਅਤੇ ਮੈਂ ਤੇਰੇ ਊਠਾਂ ਨੂੰ ਵੀ ਪਾਣੀ ਪਿਲਾਵਾਂਗੀ।’ ਜੇ ਅਜਿਹੀ ਗੱਲ ਹੋਈ, ਤਾਂ ਤੂੰ ਸਾਬਤ ਕਰ ਦੇਵੇਗਾ ਕਿ ਉਹ ਮੁਟਿਆਰ ਇਸਹਾਕ ਲਈ ਢੁਕਵੀਂ ਹੈ। ਅਤੇ ਮੈਨੂੰ ਪਤਾ ਲੱਗ ਜਾਵੇਗਾ ਕਿ ਤੂੰ ਮੇਰੇ ਸੁਆਮੀ ਉੱਤੇ ਮਿਹਰ ਕੀਤੀ ਹੈ।”

ਵਹੁਟੀ ਲੱਭ ਗਈ

15 ਤਾਂ, ਨੌਕਰ ਦੇ ਪ੍ਰਾਰਥਨਾ ਕਰ ਹਟਨ ਤੋਂ ਪਹਿਲਾਂ, ਰਿਬਕਾਹ ਨਾਮ ਦੀ ਇੱਕ ਮੁਟਿਆਰ ਖੂਹ ਉੱਤੇ ਆਈ। ਰਿਬਕਾਹ ਬਥੂਏਲ ਦੀ ਧੀ ਸੀ। ਬਥੂਏਲ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਸੀ। ਨਾਹੋਰ, ਅਬਰਾਹਾਮ ਦਾ ਭਰਾ ਸੀ। ਰਿਬਕਾਹ ਆਪਣੇ ਮੋਢੇ ਉੱਤੇ ਇੱਕ ਘੜਾ ਚੁੱਕੀ ਖੂਹ ਉੱਤੇ ਆਈ। 16 ਉਹ ਬਹੁਤ ਸੁੰਦਰ ਸੀ। ਉਹ ਕੁਆਰੀ; ਅਤੇ ਅਛੋਹ ਸੀ। ਉਹ ਖੂਹ ਉੱਤੇ ਗਈ ਅਤੇ ਆਪਣਾ ਘੜਾ ਭਰ ਲਿਆ। 17 ਫ਼ੇਰ ਨੌਕਰ ਉਸ ਵੱਲ ਭੱਜ ਕੇ ਗਿਆ ਅਤੇ ਆਖਿਆ, “ਮਿਹਰਬਾਨੀ ਕਰਕੇ ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਜਿਹਾ ਪਾਣੀ ਪਿਲਾ।”

18 ਰਿਬਕਾਹ ਨੇ ਛੇਤੀ ਨਾਲ ਆਪਣੇ ਮੋਢੇ ਉੱਤੋਂ ਘੜਾ ਨੀਵਾਂ ਕੀਤਾ ਅਤੇ ਉਸ ਨੂੰ ਪਾਣੀ ਪਿਲਾਇਆ। ਰਿਬਕਾਹ ਨੇ ਆਖਿਆ, “ਪੀਓ, ਸ਼੍ਰੀਮਾਨ ਜੀ।” 19 ਜਿਵੇਂ ਹੀ ਉਹ ਉਸ ਨੂੰ ਪਾਣੀ ਪਿਲਾ ਹਟੀ, ਰਿਬਕਾਹ ਨੇ ਆਖਿਆ, “ਮੈਂ ਤੇਰੇ ਊਠਾਂ ਨੂੰ ਵੀ ਕੁਝ ਪਾਣੀ ਪਿਲਾ ਦਿੰਦੀ ਹਾਂ।” 20 ਇਸ ਤਰ੍ਹਾਂ ਰਿਬਕਾਹ ਨੇ ਆਪਣੇ ਘੜੇ ਦਾ ਸਾਰਾ ਪਾਣੀ ਊਠਾਂ ਦੇ ਪੀਣ ਵਾਲੇ ਭਾਂਡੇ ਵਿੱਚ ਪਾ ਦਿੱਤਾ। ਫ਼ੇਰ ਉਹ ਖੂਹ ਵੱਲ ਹੋਰ ਪਾਣੀ ਲਿਆਉਣ ਲਈ ਦੌੜੀ। ਅਤੇ ਉਸ ਨੇ ਸਾਰੇ ਉੱਠਾਂ ਨੂੰ ਪਾਣੀ ਪਿਲਾ ਦਿੱਤਾ।

21 ਨੌਕਰ ਚੁੱਪ-ਚਾਪ ਉਸ ਨੂੰ ਦੇਖਦਾ ਰਿਹਾ। ਉਹ ਪੱਕਾ ਕਰਨਾ ਚਾਹੁੰਦਾ ਸੀ ਕਿ ਯਹੋਵਾਹ ਨੇ ਉਸ ਨੂੰ ਸੱਚਮੁੱਚ ਜਵਾਬ ਦੇ ਦਿੱਤਾ ਸੀ। ਅਤੇ ਉਸਦੀ ਯਾਤਰਾ ਨੂੰ ਸਫ਼ਲ ਕਰ ਦਿੱਤਾ ਸੀ। 22 ਜਦੋਂ ਊਠ ਪਾਣੀ ਪੀ ਹਟੇ, ਉਸ ਨੇ ਰਿਬਕਾਹ ਨੂੰ 1/5 ਔਂਸ ਦੀ ਇੱਕ ਸੋਨੇ ਦੀ ਅੰਗੂਠੀ ਦਿੱਤੀ। ਉਸ ਨੇ ਉਸ ਨੂੰ ਸੋਨੇ ਦੇ ਦੋ ਬਾਜੂਬੰਦ ਵੀ ਦਿੱਤੇ ਜਿਨ੍ਹਾਂ ਚੋਂ ਹਰੇਕ ਦਾ ਵਜ਼ਨ 4 ਔਂਸ ਸੀ। 23 ਨੌਕਰ ਨੇ ਪੁੱਛਿਆ, “ਤੇਰੇ ਪਿਤਾ ਦਾ ਕੀ ਨਾਮ ਹੈ? ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਮੇਰੇ ਟੋਲੇ ਲਈ ਸੌਣ ਦੀ ਥਾਂ ਹੈ?”

24 ਰਿਬਕਾਹ ਨੇ ਜਵਾਬ ਦਿੱਤਾ, “ਮੇਰੇ ਪਿਤਾ ਦਾ ਨਾਮ ਬਥੂਏਲ ਹੈ ਜਿਹੜਾ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਹੈ।” 25 ਫ਼ੇਰ ਉਸ ਨੇ ਆਖਿਆ, “ਅਤੇ ਹਾਂ, ਸਾਡੇ ਕੋਲ ਤੁਹਾਡੇ ਊਠਾਂ ਲਈ ਤੂੜੀ ਵੀ ਹੈ ਅਤੇ ਸੌਣ ਦੀ ਥਾਂ ਵੀ।”

26 ਨੌਕਰ ਨੇ ਝੁਕ ਕੇ ਯਹੋਵਾਹ ਦੀ ਉਪਾਸਨਾ ਕੀਤੀ। 27 ਨੌਕਰ ਨੇ ਆਖਿਆ, “ਧੰਨ ਹੈ ਯਹੋਵਾਹ, ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ। ਯਹੋਵਾਹ ਮੇਰੇ ਸੁਆਮੀ ਉੱਤੇ ਦਯਾਲੂ ਰਿਹਾ ਹੈ ਅਤੇ ਉਸ ਨਾਲ ਵਫ਼ਾਦਾਰ ਰਿਹਾ ਹੈ। ਯਹੋਵਾਹ ਨੇ ਮੇਰੀ ਅਗਵਾਈ ਮੇਰੇ ਸੁਆਮੀ ਦੇ ਭਰਾ ਦੇ ਘਰ ਵੱਲ ਕੀਤੀ ਹੈ।”

28 ਫ਼ੇਰ ਰਿਬਕਾਹ ਦੌੜ ਗਈ ਅਤੇ ਆਪਣੇ ਪਰਿਵਾਰ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ। 29-30 ਰਿਬਕਾਹ ਦਾ ਇੱਕ ਭਰਾ ਸੀ। ਉਸ ਦਾ ਨਾਮ ਲਾਬਾਨ ਸੀ। ਰਿਬਕਾਹ ਨੇ ਉਸ ਨੂੰ ਉਹ ਸਾਰੀਆਂ ਗੱਲਾਂ ਦੱਸੀਆਂ ਜਿਹੜੀਆਂ ਉਸ ਆਦਮੀ ਨੇ ਉਸ ਨੂੰ ਆਖੀਆਂ ਸਨ। ਜਦੋਂ ਲਾਬਾਨ ਨੇ ਉਸ ਦੀਆਂ ਬਾਹਾਂ ਉੱਤੇ ਬਾਜ਼ੂਬੰਦ ਅਤੇ ਹੱਥ ਵਿੱਚ ਮੁੰਦਰੀ ਵੇਖੀ, ਅਤੇ ਉਸ ਨੇ ਜੋ ਆਖਿਆ, ਸੁਣਿਆ ਤਾਂ ਉਹ ਖੂਹ ਵੱਲ ਭੱਜ ਗਿਆ। ਉੱਥੇ ਆਦਮੀ ਖੂਹ ਕੋਲ ਆਪਣੇ ਊਠਾਂ ਦੇ ਨਾਲ ਖਲੋਤਾ ਹੋਇਆ ਸੀ। 31 ਲਾਬਾਨ ਨੇ ਆਖਿਆ, “ਸ਼੍ਰੀਮਾਨ ਜੀ, ਤੁਸੀਂ ਯਹੋਵਾਹ ਦੁਆਰਾ ਅਸੀਸ ਪ੍ਰਾਪਤ ਹੋ। ਤੁਹਾਨੂੰ ਇੱਥੇ ਬਾਹਰ ਖਲੋਣ ਦੀ ਲੋੜ ਨਹੀਂ। ਮੈਂ ਤੁਹਾਡੇ ਸੌਣ ਵਾਸਤੇ ਇੱਕ ਕਮਰਾ ਤਿਆਰ ਕਰ ਦਿੱਤਾ ਹੈ ਅਤੇ ਤੁਹਾਡੇ ਊਠਾਂ ਲਈ ਇੱਕ ਥਾਂ ਬਣਾ ਦਿੱਤੀ ਹੈ।”

32 ਇਸ ਲਈ, ਅਬਰਾਹਾਮ ਦਾ ਨੌਕਰ ਘਰ ਅੰਦਰ ਚੱਲਾ ਗਿਆ। ਲਾਬਾਨ ਨੇ ਊਠਾਂ ਤੋਂ ਭਾਰ ਲਾਇਆ ਅਤੇ ਉਨ੍ਹਾਂ ਨੂੰ ਤੂੜੀ ਪਾਈ। ਫ਼ੇਰ ਉਸ ਨੇ ਉਸ ਨੂੰ ਅਤੇ ਹੋਰ ਆਦਮੀਆਂ ਨੂੰ ਜੋ ਉਸ ਦੇ ਨਾਲ ਸਨ, ਪੈਰ ਧੋਣ ਲਈ ਪਾਣੀ ਦਿੱਤਾ। 33 ਫ਼ੇਰ ਲਾਬਾਨ ਨੇ ਉਸ ਨੂੰ ਖਾਣ ਲਈ ਭੋਜਨ ਦਿੱਤਾ। ਪਰ ਨੌਕਰ ਨੇ ਖਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਆਖਿਆ, “ਮੈਂ ਓਨਾ ਚਿਰ ਕੁਝ ਨਹੀਂ ਖਾਵਾਂਗਾ ਜਦੋਂ ਤੀਕ ਕਿ ਤੈਨੂੰ ਆਪਣੇ ਆਉਣ ਦਾ ਮਕਸਦ ਨਹੀਂ ਦੱਸ ਦਿੰਦਾ।”

ਇਸ ਲਈ ਲਾਬਾਨ ਨੇ ਆਖਿਆ, “ਸਾਨੂੰ, ਦੱਸੋ।”

ਰਿਬਕਾਹ ਲਈ ਸੌਦੇਬਾਜ਼ੀ

34 ਨੌਕਰ ਨੇ ਆਖਿਆ, “ਮੈਂ ਅਬਰਾਹਾਮ ਦਾ ਨੌਕਰ ਹਾਂ। 35 ਯਹੋਵਾਹ ਨੇ ਮੇਰੇ ਸੁਆਮੀ ਉੱਤੇ ਹਰ ਤਰ੍ਹਾਂ ਦੀ ਬਖਸ਼ਿਸ਼ ਕੀਤੀ ਹੈ। ਮੇਰਾ ਸੁਆਮੀ ਇੱਕ ਮਹਾਨ ਇਨਸਾਨ ਬਣ ਗਿਆ ਹੈ। ਯਹੋਵਾਹ ਨੇ ਅਬਰਾਹਾਮ ਨੂੰ ਭੇਡਾਂ ਦੇ ਕਈ ਇੱਜੜ ਅਤੇ ਪਸ਼ੂਆਂ ਦੇ ਕਈ ਵੱਗ ਦਿੱਤੇ ਹਨ। ਅਬਰਾਹਾਮ ਕੋਲ ਕਾਫ਼ੀ ਸੋਨਾ-ਚਾਂਦੀ ਅਤੇ ਨੌਕਰ ਹਨ। ਅਬਰਾਹਾਮ ਕੋਲ ਬਹੁਤ ਸਾਰੇ ਊਠ ਅਤੇ ਖੋਤੇ ਹਨ। 36 ਮੇਰੇ ਸੁਆਮੀ ਦੀ ਪਤਨੀ ਦਾ ਨਾਮ ਸਾਰਾਹ ਸੀ। ਜਦੋਂ ਉਹ ਬਹੁਤ ਬੁੱਢੀ ਸੀ ਤਾਂ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਅਤੇ ਮੇਰੇ ਸੁਆਮੀ ਨੇ ਆਪਣੀ ਸਾਰੀ ਜਾਇਦਾਦ ਦਾ ਉਸ ਪੁੱਤਰ ਨੂੰ ਵਾਰਿਸ ਬਣਾ ਦਿੱਤਾ ਹੈ। 37 ਮੇਰੇ ਸੁਆਮੀ ਨੇ ਮੇਰੇ ਕੋਲੋਂ ਇੱਕ ਬਚਨ ਲਿਆ ਸੀ। ਮੇਰੇ ਸੁਆਮੀ ਨੇ ਮੈਨੂੰ ਆਖਿਆ ਸੀ, ‘ਤੂੰ ਮੇਰੇ ਪੁੱਤਰ ਨੂੰ ਕਿਸੇ ਕਨਾਨੀ ਕੁੜੀ ਨਾਲ ਵਿਆਹ ਨਾ ਕਰਨ ਦੇਵੀਂ। ਅਸੀਂ ਇਨ੍ਹਾਂ ਲੋਕਾਂ ਦਰਮਿਆਨ ਰਹਿੰਦੇ ਜ਼ਰੂਰ ਹਾਂ ਪਰ ਮੈਂ ਨਹੀਂ ਚਾਹੁੰਦਾ ਕਿ ਉਹ ਕਿਸੇ ਕਨਾਨੀ ਕੁੜੀ ਨਾਲ ਵਿਆਹ ਕਰੇ। 38 ਇਸ ਲਈ ਤੂੰ ਮੇਰੇ ਪਿਤਾ ਦੇ ਦੇਸ਼ ਜਾਣ ਦਾ ਬਚਨ ਦੇ। ਮੇਰੇ ਪਰਿਵਾਰ ਕੋਲ ਜਾਹ ਅਤੇ ਮੇਰੇ ਪੁੱਤਰ ਲਈ ਵਹੁਟੀ ਲੱਭ ਕੇ ਲਿਆ।’ 39 ਮੈਂ ਆਪਣੇ ਸੁਆਮੀ ਨੂੰ ਆਖਿਆ, ‘ਸ਼ਾਇਦ ਉਹ ਔਰਤ ਮੇਰੇ ਨਾਲ ਇਸ ਥਾਂ ਵਾਪਸ ਨਾ ਆਵੇ।’ 40 ਪਰ ਮੇਰੇ ਸੁਆਮੀ ਨੇ ਮੈਨੂੰ ਆਖਿਆ, ‘ਮੈਂ ਯਹੋਵਾਹ ਦੀ ਸੇਵਾ ਕਰਦਾ ਹਾਂ, ਯਹੋਵਾਹ ਤੇਰੀ ਸਹਾਇਤਾ ਕਰਨ ਲਈ ਤੇਰੀ ਖਾਤਰ ਆਪਣ ਦੂਤ ਭੇਜੇਗਾ। ਤੂੰ ਮੇਰੇ ਖੁਦ ਦੇ ਪਰਿਵਾਰ ਦਰਮਿਆਨੋਂ ਮੇਰੇ ਪੁੱਤਰ ਲਈ ਵਹੁਟੀ ਲੱਭੇਂਗਾ। 41 ਪਰ ਜੇ ਤੂੰ ਮੇਰੇ ਪਿਤਾ ਦੇ ਦੇਸ਼ ਜਾਵੇਂ ਅਤੇ ਉਹ ਤੈਨੂੰ ਮੇਰੇ ਪੁੱਤਰ ਲਈ ਵਹੁਟੀ ਦੇਣ ਤੋਂ ਇਨਕਾਰ ਕਰ ਦੇਣ, ਤਾਂ ਤੂੰ ਇਸ ਇਕਰਾਰ ਤੋਂ ਮੁਕਤ ਹੋਵੇਂਗਾ।’

42 “ਅੱਜ ਮੈਂ ਇਸ ਖੂਹ ਉੱਤੇ ਆਇਆ ਅਤੇ ਆਖਿਆ, ‘ਯਹੋਵਾਹ, ਮੇਰੇ ਸੁਆਮੀ, ਅਬਰਾਹਾਮ ਦੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਯਾਤਰਾ ਸਫ਼ਲ ਕਰ। 43 ਮੈਂ ਇਸ ਖੂਹ ਉੱਤੇ ਖਲੋਤਾ ਰਹਾਂਗਾ ਅਤੇ ਪਾਣੀ ਲਿਆਉਣ ਲਈ ਇੱਥੇ ਆਈ ਕਿਸੇ ਮੁਟਿਆਰ ਦੀ ਉਡੀਕ ਕਰਾਂਗਾ। ਫ਼ੇਰ ਮੈਂ ਆਖਾਂਗਾ, “ਮਿਹਰਬਾਨੀ ਕਰਕੇ ਮੈਨੂੰ ਆਪਣੇ ਘੜੇ ਵਿੱਚੋਂ ਥੋੜਾ ਜਿਹਾ ਪਾਣੀ ਪਿਲਾ।” 44 ਢੁਕਵੀਂ ਮੁਟਿਆਰ ਇੱਕ ਖਾਸ ਢੰਗ ਨਾਲ ਜਵਾਬ ਦੇਵੇਗੀ। ਉਹ ਆਖੇਗੀ, “ਇਹ ਪਾਣੀ ਪੀਓ, ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਾਣੀ ਪਿਲਾ ਦਿੰਦੀ ਹਾਂ।” ਇਸ ਤਰ੍ਹਾਂ ਮੈਂ ਜਾਣ ਜਾਵਾਂਗਾ ਕਿ ਇਹੀ ਉਹ ਮੁਟਿਆਰ ਹੈ ਜਿਸ ਨੂੰ ਯਹੋਵਾਹ ਨੇ ਮੇਰੇ ਸੁਆਮੀ ਦੇ ਪੁੱਤਰ ਲਈ ਚੁਣਿਆ ਹੈ।’

45 “ਮੇਰੇ ਪ੍ਰਾਰਥਨਾ ਖਤਮ ਕਰਨ ਤੋਂ ਪਹਿਲਾਂ, ਰਿਬਕਾਹ ਖੂਹ ਉੱਤੇ ਪਾਣੀ ਭਰਨ ਲਈ ਆ ਗਈ। ਉਸ ਦੇ ਮੋਢੇ ਉੱਤੇ ਪਾਣੀ ਵਾਲਾ ਘੜਾ ਸੀ ਅਤੇ ਉਹ ਖੂਹ ਤੋਂ ਪਾਣੀ ਭਰਨ ਲਈ ਜਾ ਰਹੀ ਸੀ। ਮੈਂ ਉਸ ਕੋਲੋਂ ਕੁਝ ਪਾਣੀ ਮੰਗਿਆ। 46 ਉਸ ਨੇ ਛੇਤੀ ਨਾਲ ਮੋਢੇ ਤੋਂ ਘੜਾ ਹੇਠਾਂ ਲਾਹਿਆ ਅਤੇ ਮੈਨੂੰ ਥੋੜਾ ਜਿਹਾ ਪਾਣੀ ਪਿਲਾਇਆ। ਫ਼ੇਰ ਉਸ ਨੇ ਆਖਿਆ, ‘ਇਹ ਪੀ ਲਵੋ ਅਤੇ ਮੈਂ ਥੋੜਾ ਪਾਣੀ ਤੁਹਾਡੇ ਊਠਾਂ ਵਾਸਤੇ ਵੀ ਲੈ ਕੇ ਆਉਂਦੀ ਹੈ।’ ਇਸ ਲਈ ਮੈਂ ਪਾਣੀ ਪੀਤਾ ਅਤੇ ਉਸ ਨੇ ਮੇਰੇ ਊਠਾਂ ਨੂੰ ਵੀ ਪਾਣੀ ਪਿਲਾਇਆ। 47 ਫ਼ੇਰ ਮੈਂ ਉਸ ਨੂੰ ਪੁੱਛਿਆ, ‘ਤੇਰੇ ਪਿਤਾ ਦਾ ਕੀ ਨਾਮ ਹੈ?’ ਉਸ ਨੇ ਜਵਾਬ ਦਿੱਤਾ, ‘ਮੇਰਾ ਪਿਤਾ ਮਿਲਕਾਹ ਅਤੇ ਨਾਹੋਰ ਦਾ ਪੁੱਤਰ ਬਥੂਏਲ ਹੈ।’ ਫ਼ੇਰ ਮੈਂ ਉਸ ਨੂੰ ਅੰਗੂਠੀ ਅਤੇ ਬਾਜ਼ੂਬੰਦ ਦਿੱਤੇ। 48 ਮੈਂ ਆਪਣਾ ਸੀਸ ਝੁਕਾ ਕੇ ਯਹੋਵਾਹ ਦਾ ਧੰਨਵਾਦ ਕੀਤਾ। ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਅਸੀਸ ਦਿੱਤੀ। ਮੈਂ ਉਸਦਾ ਧੰਨਵਾਦ ਕੀਤਾ ਕਿ ਉਸ ਨੇ ਮੇਰੇ ਸੁਆਮੀ ਦੇ ਭਰਾ ਦੀ ਪੋਤੀ ਨੂੰ ਉਸ ਦੇ ਪੁੱਤਰ ਦੀ ਵਹੁਟੀ ਬਨਾਉਣ ਲਈ ਮੇਰੀ ਅਗਵਾਈ ਕੀਤੀ। 49 ਹੁਣ, ਮੈਨੂੰ ਦੱਸੋ, ਕਿ ਤੁਸੀਂ ਮੇਰੇ ਸੁਆਮੀ ਦੇ ਪ੍ਰਤਿ ਮਿਹਰਬਾਹ ਅਤੇ ਵਫ਼ਾਦਾਰ ਹੋਵੋਂਗੇ ਅਤੇ ਉਸ ਨੂੰ ਆਪਣੀ ਧੀ ਦਾ ਸਾਕ ਦਿਉਂਗੇ? ਜਾਂ ਤੁਸੀਂ ਆਪਣੀ ਧੀ ਦਾ ਸਾਕ ਕਰਨ ਤੋਂ ਇਨਕਾਰ ਕਰੋਂਗੇ? ਮੈਨੂੰ ਦੱਸ ਦਿਉ ਤਾਂ ਜੋ ਮੈਂ ਇਹ ਜਾਣ ਲਵਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ?”

50 ਫ਼ੇਰ ਲਾਬਾਨ ਅਤੇ ਬਥੂਏਲ ਨੇ ਜਵਾਬ ਦਿੱਤਾ, “ਅਸੀਂ ਦੇਖ ਰਹੇ ਹਾਂ ਕਿ ਇਹ ਗੱਲ ਯਹੋਵਾਹ ਵੱਲੋਂ ਹੈ ਇਸ ਲਈ ਅਸੀਂ ਇਸ ਨੂੰ ਬਦਲਣ ਲਈ ਕੁਝ ਨਹੀਂ ਕਰ ਸੱਕਦੇ। 51 ਰਿਬਕਾਹ ਇੱਥੇ ਹੈ। ਇਸ ਨੂੰ ਲੈ ਅਤੇ ਚੱਲਿਆ ਜਾ। ਇਸਦਾ ਵਿਆਹ ਆਪਣੇ ਮਾਲਿਕ ਦੇ ਪੁੱਤਰ ਨਾਲ ਕਰ ਦੇਣਾ। ਇਹੀ ਹੈ ਜੋ ਯਹੋਵਾਹ ਚਾਹੁੰਦਾ ਹੈ।”

52 ਜਦੋਂ ਅਬਰਾਹਾਮ ਦੇ ਨੌਕਰ ਨੇ ਇਹ ਗੱਲ ਸੁਣੀ ਤਾਂ ਉਸ ਨੇ ਧਰਤੀ ਉੱਤੇ ਝੁਕ ਕੇ ਯਹੋਵਾਹ ਨੂੰ ਸਿਜਦਾ ਕੀਤਾ। 53 ਫ਼ੇਰ ਉਸ ਨੇ ਰਿਬਕਾਹ ਲਈ ਲਿਆਂਦੀਆਂ ਸੁਗਾਤਾਂ ਦਿੱਤੀਆਂ। ਉਸ ਨੇ ਉਸ ਨੂੰ ਸੁੰਦਰ ਕੱਪੜੇ ਅਤੇ ਸੋਨੇ-ਚਾਂਦੀ ਦੇ ਗਹਿਣੇ ਦਿੱਤੇ। ਉਸ ਨੇ ਉਸਦੀ ਮਾਂ ਅਤੇ ਉਸ ਦੇ ਭਰਾ ਨੂੰ ਵੀ ਮਹਿੰਗੀਆਂ ਸੁਗਾਤਾਂ ਦਿੱਤੀਆਂ। 54 ਫ਼ੇਰ ਉਸ ਨੇ ਅਤੇ ਉਸ ਦੇ ਬੰਦਿਆਂ ਨੇ ਭੋਜਨ ਪਾਣੀ ਕੀਤਾ ਅਤੇ ਉੱਥੇ ਰਾਤ ਗੁਜ਼ਾਰੀ। ਦੂਸਰੀ ਸਵੇਰ ਨੂੰ ਉਹ ਤੜਕੇ ਉੱਠੇ ਅਤੇ ਆਖਿਆ, “ਹੁਣ ਸਾਨੂੰ ਸਾਡੇ ਮਾਲਿਕ ਕੋਲ ਜਾਣਾ ਚਾਹੀਦਾ ਹੈ।”

55 ਰਿਬਕਾਹ ਦੀ ਮਾਂ ਅਤੇ ਉਸ ਦੇ ਭਰਾ ਨੇ ਆਖਿਆ, “ਰਿਬਕਾਹ ਨੂੰ ਕੁਝ ਦੇਰ ਸਾਡੇ ਕੋਲ ਰਹਿਣ ਦਿਉ। ਉਸ ਨੂੰ ਦਸ ਦਿਨ ਸਾਡੇ ਕੋਲ ਰਹਿਣ ਦਿਉ। ਇਸਤੋਂ ਮਗਰੋਂ ਉਹ ਜਾ ਸੱਕਦੀ ਹੈ।”

56 ਪਰ ਨੌਕਰ ਨੇ ਉਨ੍ਹਾਂ ਨੂੰ ਆਖਿਆ, “ਮੈਨੂੰ ਇੰਤਜ਼ਾਰ ਨਾ ਕਰਵਾਉ ਯਹੋਵਾਹ ਨੇ ਮੇਰੀ ਯਾਤਰਾ ਸਫ਼ਲ ਕੀਤੀ ਹੈ। ਹੁਣ ਮੈਨੂੰ ਆਪਣੇ ਸੁਆਮੀ ਕੋਲ ਵਾਪਸ ਜਾਣ ਦਿਉ।”

57 ਰਿਬਕਾਹ ਦੇ ਭਰਾ ਅਤੇ ਉਸਦੀ ਮਾਂ ਨੇ ਆਖਿਆ, “ਅਸੀਂ ਰਿਬਕਾਹ ਨੂੰ ਸੱਦਦੇ ਹਾਂ ਅਤੇ ਉਸ ਨੂੰ ਪੁੱਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ।” 58 ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, “ਕੀ ਤੂੰ ਇਸ ਬੰਦੇ ਨਾਲ ਹੁਣੇ ਜਾਣਾ ਚਾਹੁੰਦੀ ਹੈਂ?”

ਰਿਬਕਾਹ ਨੇ ਆਖਿਆ, “ਹਾਂ ਮੈਂ ਜਾਵਾਂਗੀ।”

59 ਇਸ ਲਈ ਉਨ੍ਹਾਂ ਨੇ ਰਿਬਕਾਹ ਨੂੰ ਅਬਰਾਹਾਮ ਦੇ ਨੌਕਰ ਅਤੇ ਉਸ ਦੇ ਬੰਦਿਆਂ ਨਾਲ ਜਾਣ ਦਿੱਤਾ। ਰਿਬਕਾਹ ਦੀ ਦਾਈ ਵੀ ਉਨ੍ਹਾਂ ਦੇ ਨਾਲ ਗਈ। 60 ਜਦੋਂ ਰਿਬਕਾਹ ਜਾ ਰਹੀ ਸੀ, ਉਨ੍ਹਾਂ ਨੇ ਉਸ ਨੂੰ ਆਖਿਆ,

“ਸਾਡੀਏ ਭੈਣੇ,
    ਤੂੰ ਬਹੁਤ ਸਾਰੇ ਲੋਕਾਂ ਦੀ ਮਾਂ ਬਣੇ
ਅਤੇ ਤੇਰੇ ਉੱਤਰਾਧਿਕਾਰੀ ਆਪਣੇ ਦੁਸ਼ਮਣਾ ਨੂੰ ਹਰਾ ਦੇਣ
    ਅਤੇ ਉਨ੍ਹਾਂ ਦੇ ਸ਼ਹਿਰਾਂ ਉੱਤੇ ਕਬਜ਼ਾ ਕਰ ਲੈਣ।”

61 ਫ਼ੇਰ ਰਿਬਕਾਹ ਅਤੇ ਉਸਦੀ ਦਾਈ ਊਠਾਂ ਉੱਪਰ ਚੜ੍ਹ ਗਈਆਂ ਅਤੇ ਨੌਕਰ ਅਤੇ ਉਸ ਦੇ ਬੰਦਿਆਂ ਦੇ ਪਿੱਛੇ ਚੱਲ ਪਈਆਂ। ਇਸ ਤਰ੍ਹਾਂ ਨੌਕਰ ਨੇ ਰਿਬਕਾਹ ਨੂੰ ਲਿਆ ਅਤੇ ਘਰ ਵਾਪਸੀ ਦੇ ਸਫ਼ਰ ਉੱਤੇ ਰਵਾਨਾ ਹੋ ਗਿਆ।

62 ਇਸਹਾਕ ਨੇ ਬਏਰ ਲਹੀ ਰੋਈ ਨੂੰ ਛੱਡ ਦਿੱਤਾ ਸੀ ਅਤੇ ਹੁਣ ਨੇਗੇਵ ਵਿੱਚ ਰਹਿ ਰਿਹਾ ਸੀ। 63 ਸ਼ਾਮ ਨੂੰ ਇਸਹਾਕ ਖੇਤਾਂ ਵੱਲ ਸੈਰ ਲਈ ਨਿਕਲ ਗਿਆ। ਇਸਹਾਕ ਨੇ ਨਜ਼ਰ ਮਾਰੀ ਅਤੇ ਦੂਰੋਂ ਆਉਂਦੇ ਊਠਾਂ ਵੱਲ ਦੇਖਿਆ।

64 ਰਿਬਕਾਹ ਨੇ ਇਸਹਾਕ ਵੱਲ ਦੇਖਿਆ। ਫ਼ੇਰ ਉਹ ਊਠ ਤੋਂ ਉੱਤਰ ਗਈ। 65 ਉਸ ਨੇ ਨੌਕਰ ਨੂੰ ਆਖਿਆ, “ਇਹ ਆਦਮੀ ਕੌਣ ਹੈ ਜਿਹੜਾ ਖੇਤਾਂ ਵਿੱਚ ਸਾਨੂੰ ਮਿਲਣ ਲਈ ਘੁੰਮ ਰਿਹਾ ਹੈ?”

ਨੌਕਰ ਨੇ ਆਖਿਆ, “ਇਹ ਮੇਰਾ ਸੁਆਮੀ ਹੈ।” ਇਸ ਲਈ ਰਿਬਕਾਹ ਨੇ ਆਪਣਾ ਮੂੰਹ ਪਰਦੇ ਨਾਲ ਕੱਜ ਲਿਆ।

66 ਨੌਕਰ ਨੇ ਇਸਹਾਕ ਨੂੰ ਉਨ੍ਹਾਂ ਗੱਲਾਂ ਬਾਰੇ ਦੱਸਿਆ ਜੋ ਵਾਪਰੀਆਂ ਸਨ। 67 ਫ਼ੇਰ ਇਸਹਾਕ ਕੁੜੀ ਨੂੰ ਆਪਣੀ ਮਾਂ ਦੇ ਤੰਬੂ ਵਿੱਚ ਲੈ ਆਇਆ। ਰਿਬਕਾਹ ਉਸੇ ਦਿਨ ਇਸਹਾਕ ਦੀ ਪਤਨੀ ਬਣ ਗਈ। ਇਸਹਾਕ ਉਸ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਇਸਹਾਕ ਨੂੰ ਆਪਣੀ ਮਾਂ ਦੇ ਦੇਹਾਂਤ ਤੋਂ ਬਾਦ ਹੌਂਸਲਾ ਮਿਲਿਆ।

Punjabi Bible: Easy-to-Read Version (ERV-PA)

2010 by World Bible Translation Center