Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 19-21

ਇਸਰਾਏਲ ਪਰਮੇਸ਼ੁਰ ਦਾ ਹੈ

19 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਸਾਰੇ ਲੋਕਾਂ ਨੂੰ ਆਖ; ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਵੀ ਪਵਿੱਤਰ ਹੋਣਾ ਚਾਹੀਦਾ ਹੈ।

“ਤੁਹਾਡੇ ਵਿੱਚੋਂ ਹਰ ਬੰਦੇ ਨੂੰ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਅਤੇ ਮੇਰੇ ਅਰਾਮ ਦੇ ਸਾਰੇ ਖਾਸ ਦਿਨਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

“ਮੇਰੇ ਵੱਲੋਂ ਨਿਕੰਮੇ ਬੁੱਤਾਂ ਵੱਲ ਨਾ ਪਰਤੋਂ। ਆਪਣੇ ਲਈ ਢਾਲੀਆਂ ਹੋਈਆਂ ਮੂਰਤੀਆਂ ਨਾ ਬਣਾਉ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

“ਜਦੋਂ ਤੁਸੀਂ ਯਹੋਵਾਹ ਨੂੰ ਕੋਈ ਸੁੱਖ-ਸਾਂਦ ਦੀ ਬਲੀ ਚੜ੍ਹਾਉ ਤਾਂ ਤੁਹਾਨੂੰ ਇਹ ਸਹੀ ਢੰਗ ਨਾਲ ਚੜ੍ਹਾਉਣੀ ਚਾਹੀਦੀ ਹੈ ਤਾਂ ਜੋ ਤੁਸੀਂ ਪ੍ਰਵਾਨ ਹੋ ਸੱਕੋ। ਤੁਸੀਂ ਇਸ ਨੂੰ ਉਸੇ ਦਿਨ ਵੀ ਖਾ ਸੱਕਦੇ ਹੋ ਜਿਸ ਦਿਨ ਤੁਸੀਂ ਇਸ ਨੂੰ ਭੇਟ ਕਰਦੇ ਹੋ ਅਤੇ ਅਗਲੇ ਦਿਨ ਵੀ। ਪਰ ਜੇ ਉਸ ਬਲੀ ਵਿੱਚੋਂ ਤੀਸਰੇ ਦਿਨ ਲਈ ਕੁਝ ਬਚ ਜਾਵੇ ਤਾਂ ਤੁਹਾਨੂੰ ਇਸ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਬਲੀ ਵਿੱਚੋਂ ਕੁਝ ਵੀ ਤੀਸਰੇ ਦਿਨ ਨਹੀਂ ਖਾਣਾ ਚਾਹੀਦਾ। ਇਹ ਨਿਰਾਦਰ ਹੋਵੇਗਾ ਅਤੇ ਪ੍ਰਵਾਨ ਨਹੀਂ ਹੋਵੇਗਾ। ਜਿਹੜਾ ਵੀ ਬੰਦਾ ਅਜਿਹਾ ਕਰੇਗਾ, ਪਾਪ ਦਾ ਦੋਸ਼ੀ ਹੋਵੇਗਾ। ਕਿਉਂਕਿ ਉਸ ਨੇ ਇੱਕ ਪਵਿੱਤਰ ਚੀਜ਼ ਨੂੰ ਕਲੰਕਤ ਕਰ ਦਿੱਤਾ ਜੋ ਯਹੋਵਾਹ ਦੀ ਹੈ। ਉਸ ਨੂੰ ਆਪਣੇ ਲੋਕਾਂ ਵਿੱਚੋਂ ਵੱਖ ਕਰ ਦੇਣਾ ਚਾਹੀਦਾ ਹੈ।

“ਜਦੋਂ ਤੁਸੀਂ ਵਾਢੀਆਂ ਸਮੇਂ ਆਪਣੀਆਂ ਫ਼ਸਲਾਂ ਕੱਟੋ ਤਾਂ ਆਪਣੇ ਖੇਤਾਂ ਦੇ ਕਿਨਾਰਿਆਂ ਤੱਕ ਪੂਰੀ ਕਟਾਈ ਨਾ ਕਰੋ ਅਤੇ ਜੇ ਅਨਾਜ ਧਰਤੀ ਉੱਤੇ ਡਿੱਗ ਪੈਂਦਾ ਹੈ ਤਾਂ ਤੁਹਾਨੂੰ ਉਹ ਅਨਾਜ ਇਕੱਠਾ ਨਹੀਂ ਕਰਨਾ ਚਾਹੀਦਾ। 10 ਆਪਣੇ ਅੰਗੂਰਾਂ ਦੇ ਬਾਗ ਦੇ ਸਾਰੇ ਅੰਗੂਰ ਨਾ ਤੋੜੋ ਅਤੇ ਧਰਤੀ ਤੇ ਡਿੱਗੇ ਹੋਏ ਅੰਗੂਰ ਨਾ ਚੁੱਕੋ। ਕਿਉਂਕਿ ਇਹ ਚੀਜ਼ਾਂ ਤੁਹਾਨੂੰ ਗਰੀਬ ਲੋਕਾਂ ਲਈ ਅਤੇ ਤੁਹਾਡੇ ਦੇਸ਼ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਲਈ ਛੱਡ ਦੇਣੀਆਂ ਚਾਹੀਦੀਆਂ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

11 “ਤੁਹਾਨੂੰ ਚੋਰੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਲੋਕਾਂ ਨੂੰ ਧੋਖਾ ਨਹੀਂ ਦੇਣਾ ਚਾਹੀਦਾ। ਤੁਹਾਨੂੰ ਇੱਕ ਦੂਸਰੇ ਨਾਲ ਝੂਠ ਨਹੀਂ ਬੋਲਣਾ ਚਾਹੀਦਾ। 12 ਤੁਹਾਨੂੰ (ਅਦਾਲਤ ਵਿੱਚ ਝੂਠੀ ਸਾਖੀ ਬਾਬਤ) ਮੇਰੇ ਨਾਂ ਤੇ ਝੂਠੀ ਕਸਮ ਨਹੀਂ ਖਾਣੀ ਚਾਹੀਦੀ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਕਰੋਂਗੇ। ਮੈਂ ਯਹੋਵਾਹ ਹਾਂ।

13 “ਤੁਹਾਨੂੰ ਆਪਣੇ ਗੁਆਂਢੀ ਦਾ ਬੁਰਾ ਨਹੀਂ ਕਰਨਾ ਚਾਹੀਦਾ। ਤੁਹਾਨੂੰ ਉਸ ਨੂੰ ਲੁੱਟਣਾ ਨਹੀਂ ਚਾਹੀਦਾ। ਤੁਹਾਨੂੰ ਕਿਸੇ ਭਾੜੇ ਦੇ ਕਾਮੇ ਦੀ ਤਨਖਾਹ ਸਾਰੀ ਰਾਤ ਵੇਲੇ ਤੱਕ ਨਹੀਂ ਰੋਕਣੀ ਚਾਹੀਦੀ।

14 “ਤੁਹਾਨੂੰ ਕਿਸੇ ਬੋਲੇ ਬੰਦੇ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੀਦਾ। ਤੁਹਾਨੂੰ ਕਿਸੇ ਅੰਨ੍ਹੇ ਬੰਦੇ ਨੂੰ ਡੇਗਣ ਲਈ ਉਸ ਦੇ ਸਾਹਮਣੇ ਕੋਈ ਰੁਕਾਵਟ ਨਹੀਂ ਪਾਉਣੀ ਚਾਹੀਦੀ। ਪਰ ਤੁਹਾਨੂੰ ਆਪਣੇ ਪਰਮੇਸ਼ੁਰ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।

15 “ਤੁਹਾਨੂੰ ਨਿਆਂ ਕਰਨ ਵਿੱਚ ਬੇਲਾਗ ਹੋਣਾ ਚਾਹੀਦਾ ਹੈ। ਤੁਹਾਨੂੰ ਗਰੀਬ ਲੋਕਾਂ ਲਈ ਜਾਂ ਧਨਵਾਨ ਲੋਕਾਂ ਲਈ ਖਾਸ ਰਿਆਇਤ ਨਹੀਂ ਦਰਸਾਉਣੀ ਚਾਹੀਦੀ। ਜਦੋਂ ਤੁਸੀਂ ਆਪਣੇ ਗੁਆਂਢੀ ਦਾ ਨਿਆਂ ਕਰੋ, ਤੁਹਾਨੂੰ ਬੇਲਾਗ ਹੋਣਾ ਚਾਹੀਦਾ ਹੈ। 16 ਤੁਹਾਨੂੰ ਹੋਰਨਾਂ ਲੋਕਾਂ ਬਾਰੇ ਝੂਠੀਆਂ ਅਫ਼ਵਾਹਾਂ ਨਹੀਂ ਫ਼ੈਲਾਉਣੀਆਂ ਚਾਹੀਦੀਆਂ। ਜਦੋਂ ਤੁਹਾਡੇ ਗੁਆਂਢੀ ਦੀ ਜਾਨ ਖਤਰੇ ਵਿੱਚ ਹੋਵੇ ਬਿਨਾ ਸਹਾਇਤਾ ਕਰਨ ਦੇ ਐਵੇਂ ਉੱਥੇ ਨਾ ਖਲੋਵੋ। ਮੈਂ ਯਹੋਵਾਹ ਹਾਂ।

17 “ਤੁਹਾਨੂੰ ਆਪਣੇ ਦਿਲ ਵਿੱਚ ਆਪਣੇ ਭਰਾ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਤੁਹਾਡਾ ਗੁਆਂਢੀ ਕੋਈ ਗਲਤ ਗੱਲ ਕਰਦਾ ਹੈ, ਇਸ ਬਾਰੇ ਉਸ ਨਾਲ ਗੱਲ ਕਰੋ ਤਾਂ ਜੋ ਤੁਸੀਂ ਉਸ ਕਾਰਣ ਪਾਪ ਨਾ ਕਰੋ। 18 ਉਨ੍ਹਾਂ ਮੰਦੀਆਂ ਗੱਲਾਂ ਬਾਰੇ ਖਾਰ ਨਾ ਖਾਵੋ ਜੋ ਲੋਕ ਤੁਹਾਡੇ ਨਾਲ ਕਰਦੇ ਹਨ। ਬਦਲਾ ਲੈਣ ਦੀ ਕੋਸ਼ਿਸ਼ ਨਾ ਕਰੋ। ਆਪਣੇ ਗੁਆਂਢੀ ਨੂੰ ਆਪਣੇ-ਆਪ ਵਾਂਗ ਪਿਆਰ ਕਰੋ। ਮੈਂ ਯਹੋਵਾਹ ਹਾਂ।

19 “ਤੁਹਾਨੂੰ ਮੇਰੇ ਨੇਮ ਮਂਨਣੇ ਚਾਹੀਦੇ ਹਨ। ਤੁਹਾਨੂੰ ਦੋ ਵੱਖ ਕਿਸਮ ਦੇ ਜਾਨਵਰਾਂ ਦਾ ਸਂਜੋਗ ਨਹੀਂ ਕਰਾਉਣਾ ਚਾਹੀਦਾ। ਤੁਹਾਨੂੰ ਆਪਣੇ ਖੇਤ ਵਿੱਚ ਦੋ ਤਰ੍ਹਾਂ ਦਾ ਬੀਜ਼ ਨਹੀਂ ਬੀਜਣਾ ਚਾਹੀਦਾ। ਤੁਹਾਨੂੰ ਦੋ ਤਰ੍ਹਾਂ ਦੇ ਕੱਪੜਿਆਂ ਤੋਂ ਬਣੇ ਕੱਪੜੇ ਨਹੀਂ ਪਾਉਣੇ ਚਾਹੀਦੇ।

20 “ਕਿਸੇ ਵੇਲੇ ਅਜਿਹਾ ਵਾਪਰ ਸੱਕਦਾ ਹੈ ਕਿ ਕਿਸੇ ਆਦਮੀ ਦੇ ਜਿਨਸੀ ਸੰਬੰਧ ਕਿਸੇ ਅਜਿਹੀ ਔਰਤ ਨਾਲ ਹੋ ਜਾਣ ਜੋ ਕਿਸੇ ਹੋਰ ਦੀ ਗੁਲਾਮ ਹੋਵੇ। ਪਰ ਇਸ ਗੁਲਾਮ ਔਰਤ ਨੂੰ ਨਾ ਤਾਂ ਖਰੀਦਿਆ ਗਿਆ ਹੈ ਅਤੇ ਨਾ ਅਜ਼ਾਦੀ ਦਿੱਤੀ ਗਈ ਹੈ। ਜੇ ਅਜਿਹਾ ਹੋਵੇ, ਤਾਂ ਸਜ਼ਾ ਮਿਲਣੀ ਚਾਹੀਦੀ ਹੈ। ਪਰ ਉਨ੍ਹਾਂ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਜਾਵੇਗਾ। ਕਿਉਂਕਿ ਔਰਤ ਆਜ਼ਾਦ ਨਹੀਂ ਸੀ। 21 ਉਸ ਆਦਮੀ ਨੂੰ ਆਪਣੇ ਦੋਸ਼ ਦੀ ਭੇਟ ਨੂੰ ਯਹੋਵਾਹ ਲਈ ਮੰਡਲੀ ਦੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣੀ ਚਾਹੀਦੀ ਹੈ। ਆਦਮੀ ਨੂੰ ਦੋਸ਼ ਦੀ ਭੇਟ ਲਈ ਇੱਕ ਭੇਡੂ ਲਿਆਉਣਾ ਚਾਹੀਦਾ ਹੈ। 22 ਜਾਜਕ ਅਜਿਹੀ ਰੀਤ ਕਰੇਗਾ ਜਿਹੜੀ ਉਸ ਆਦਮੀ ਲਈ ਪਰਾਸਚਿਤ ਹੋਵੇਗੀ। ਉਹ ਉਸ ਭੇਡੂ ਨੂੰ ਯਹੋਵਾਹ ਅੱਗੇ ਦੋਸ਼ ਦੀ ਭੇਟ ਵਜੋਂ ਚੜ੍ਹਾਵੇਗਾ। ਇਹ ਉਸ ਆਦਮੀ ਦੇ ਕੀਤੇ ਹੋਏ ਪਾਪ ਲਈ ਹੋਵੇਗਾ। ਫ਼ੇਰ ਉਸ ਆਦਮੀ ਨੂੰ ਉਸ ਦੇ ਪਾਪਾਂ ਦੀ ਮਾਫ਼ੀ ਮਿਲ ਜਾਵੇਗੀ।

23 “ਭਵਿੱਖ ਵਿੱਚ, ਤੁਸੀਂ ਆਪਣੇ ਦੇਸ਼ ਵਿੱਚ ਦਾਖਲ ਹੋਵੋਂਗੇ। ਉਸ ਸਮੇਂ, ਤੁਸੀਂ ਭੋਜਨ ਲਈ ਬਹੁਤ ਕਿਸਮਾਂ ਦੇ ਰੁੱਖ ਲਾਵੋਂਗੇ। ਕੋਈ ਵੀ ਰੁੱਖ ਲਾਉਣ ਤੋਂ ਬਾਦ, ਤੁਹਾਨੂੰ ਇਸ ਰੁੱਖ ਦਾ ਫ਼ਲ ਖਾਣ ਲਈ ਤਿੰਨ ਸਾਲ ਇੰਤਜ਼ਾਰ ਕਰਨਾ ਚਾਹੀਦਾ ਹੈ। ਤੁਹਾਨੂੰ ਇਨ੍ਹਾਂ ਵਰ੍ਹਿਆਂ ਦੌਰਾਨ ਇਸਦੇ ਫ਼ਲ ਨੂੰ ਵਰਜਿਤ ਘੋਸ਼ਿਤ ਕਰਨਾ ਚਾਹੀਦਾ ਹੈ। 24 ਚੌਥੇ ਸਾਲ ਉਸ ਰੁੱਖ ਦਾ ਫ਼ਲ ਯਹੋਵਾਹ ਦਾ ਹੋਵੇਗਾ ਇਹ ਯਹੋਵਾਹ ਨੂੰ ਉਸਤਤ ਦੀ ਪਵਿੱਤਰ ਭੇਟ ਹੋਵੇਗੀ। 25 ਫ਼ੇਰ, ਪੰਜਵੇਂ ਸਾਲ ਅੰਦਰ, ਤੁਸੀਂ ਉਸ ਰੁੱਖ ਦੇ ਫ਼ਲ ਖਾ ਸੱਕਦੇ ਹੋ। ਅਤੇ ਰੁੱਖ ਤੁਹਾਡੇ ਲਈ ਹੋਰ-ਹੋਰ ਫ਼ਲ ਪੈਦਾ ਕਰੇਗਾ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

26 “ਤੁਹਾਨੂੰ ਕੋਈ ਵੀ ਅਜਿਹਾ ਮਾਸ ਨਹੀਂ ਖਾਣਾ ਚਾਹੀਦਾ ਜਿਸ ਵਿੱਚ ਹਾਲੇ ਖੂਨ ਹੋਵੇ।

“ਤੁਹਾਨੂੰ ਭਵਿੱਖ ਦਾ ਹਾਲ ਦੱਸਣ ਲਈ ਕੋਈ ਜਾਦੂ ਜਾਂ ਕਾਲਾ ਇਲਮ ਵਰਤਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।

27 “ਤੁਹਾਨੂੰ ਆਪਣੇ ਸਿਰ ਦੇ ਇੱਕ ਪਾਸੇ ਤੇ ਉੱਗੇ ਹੋਏ ਵਾਲਾ ਨੂੰ ਨਹੀਂ ਮੁੰਨਣਾ ਚਾਹੀਦਾ। ਤੁਹਾਨੂੰ ਆਪਣੇ ਚਿਹਰੇ ਦੇ ਆਸੇ-ਪਾਸੇ ਤੇ ਉੱਗੀ ਹੋਈ ਦਾਢ਼ੀ ਨਹੀਂ ਮੁੰਨਣੀ ਚਾਹੀਦੀ। 28 ਤੁਹਾਨੂੰ ਮੁਰਦਾ ਲੋਕਾਂ ਨੂੰ ਚੇਤੇ ਕਰਨ ਲਈ ਜਿਸਮ ਉੱਤੇ ਜ਼ਖਮ ਨਹੀਂ ਬਨਾਉਣੇ ਚਾਹੀਦੇ। ਤੁਹਾਨੂੰ ਆਪਣੇ ਜਿਸਮ ਉੱਤੇ ਤੰਦੋਲੇ ਨਹੀਂ ਗੁਦਵਾਉਣੇ ਚਾਹੀਦੇ। ਮੈਂ ਯਹੋਵਾਹ ਹਾਂ।

29 “ਆਪਣੀ ਧੀ ਨੂੰ ਵੇਸਵਾ ਨਾ ਬਣਾਵੋ ਅਤੇ ਅਜਿਹਾ ਕਰਕੇ ਉਸ ਨੂੰ ਕਲੰਕਤ ਨਾ ਕਰੋ। ਧਰਤੀ ਅੰਦਰ ਅਜਿਹਾ ਨਾ ਕਰੋ ਅਤੇ ਇਸ ਨੂੰ ਦੁਸ਼ਟਤਾ ਨਾਲ ਨਾ ਭਰੋ।

30 “ਤੁਹਾਨੂੰ ਮੇਰੇ ਅਰਾਮ ਦੇ ਖਾਸ ਦਿਨਾਂ ਤੇ ਕੰਮ ਨਹੀਂ ਕਰਨਾ ਚਾਹੀਦਾ। ਤੁਹਾਨੂੰ ਮੇਰੇ ਪਵਿੱਤਰ ਸਥਾਨ ਦਾ ਆਦਰ ਕਰਨਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।

31 “ਸਲਾਹ ਮਸ਼ਵਰੇ ਲਈ ਭੂਤ ਮ੍ਰਿਤਾਂ ਜਾਂ ਸਿਆਣਿਆਂ ਕੋਲ ਨਾ ਜਾਉ। ਉਨ੍ਹਾਂ ਕੋਲ ਨਾ ਜਾਉ, ਉਹ ਸਿਰਫ਼ ਤੁਹਾਨੂੰ ਨਾਪਾਕ ਹੀ ਬਨਾਉਣਗੇ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

32 “ਬਜ਼ੁਰਗ ਲੋਕਾਂ ਨੂੰ ਆਦਰ ਦਰਸਾਉ। ਜਦੋਂ ਉਹ ਕਮਰੇ ਵਿੱਚ ਆਉਣ ਤਾਂ ਖੜ੍ਹੇ ਹੋ ਜਾਉ। ਆਪਣੇ ਪਰਮੇਸ਼ੁਰ ਨੂੰ ਆਦਰ ਦਿਉ। ਮੈਂ ਯਹੋਵਾਹ ਹਾਂ।

33 “ਆਪਣੇ ਦੇਸ਼ ਵਿੱਚ ਰਹਿਣ ਵਾਲੇ ਪਰਦੇਸੀਆਂ ਨਾਲ ਬੁਰਾ ਨਾ ਕਰੋ। 34 ਤੁਹਾਨੂੰ ਪਰਦੇਸੀਆਂ ਨਾਲ ਆਪਣੇ ਸ਼ਹਿਰੀਆਂ ਵਰਗਾ ਹੀ ਵਰਤਾਉ ਕਰਨਾ ਚਾਹੀਦਾ ਹੈ। ਪਰਦੇਸੀਆਂ ਨੂੰ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ-ਆਪ ਨੂੰ ਕਰਦੇ ਹੋ। ਕਿਉਂ? ਕਿਉਂਕਿ ਇੱਕ ਸਮੇਂ ਤੁਸੀਂ ਵੀ-ਮਿਸਰ ਵਿੱਚ-ਪਰਦੇਸੀ ਸੀ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

35 “ਤੁਹਾਨੂੰ ਲੋਕਾਂ ਦਾ ਨਿਆਂ ਕਰਦੇ ਵੇਲੇ ਬੇਲਾਗ ਹੋਣਾ ਚਾਹੀਦਾ ਹੈ। ਅਤੇ ਤੁਹਾਨੂੰ ਉਦੋਂ ਵੀ ਨਿਰਪੱਖ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਚੀਜ਼ਾਂ ਨੂੰ ਨਾਪਦੇ ਜਾਂ ਤੋਂਲਦੇ ਹੋ। 36 ਤੁਹਾਡੀਆਂ ਟੋਕਰੀਆਂ ਸਹੀ ਅਕਾਰ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਤੁਹਾਡੇ ਮਰਤਬਾਨਾਂ ਵਿੱਚ ਤਰਲ ਪਦਾਰੱਥਾਂ ਦੀ ਸਹੀ ਮਾਤਰਾ ਹੋਣੀ ਚਾਹੀਦੀ ਹੈ। ਤੁਹਾਡੇ ਪੈਮਾਨੇ ਅਤੇ ਵੱਟੇ ਸਹੀ ਤੋਂਲ ਦੇ ਹੋਣੇ ਚਾਹੀਦੇ ਹਨ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲਿਆਇਆ।

37 “ਤੁਹਾਨੂੰ ਮੇਰੇ ਸਾਰੇ ਨੇਮ ਤੇ ਅਸੂਲ ਚੇਤੇ ਰੱਖਣੇ ਚਾਹੀਦੇ ਹਨ। ਅਤੇ ਤੁਹਾਨੂੰ ਉਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਮੈਂ ਯਹੋਵਾਹ ਹਾਂ।”

ਬੁੱਤ ਉਪਾਸਨਾ ਦੇ ਖਿਲਾਫ਼ ਚੇਤਾਵਨੀ

20 ਯਹੋਵਾਹ ਨੇ ਮੂਸਾ ਨੂੰ ਆਖਿਆ, “ਤੈਨੂੰ ਇਸਰਾਏਲ ਦੇ ਲੋਕਾਂ ਨੂੰ ਇਹ ਗੱਲਾਂ ਦੱਸ ਦੇਣੀਆਂ ਚਾਹੀਦੀਆਂ ਹਨ; ਹੋ ਸੱਕਦਾ ਹੈ ਕਿ ਤੁਹਾਡੇ ਦੇਸ਼ ਦਾ ਕੋਈ ਬੰਦਾ ਆਪਣੇ ਕਿਸੇ ਇੱਕ ਬੱਚੇ ਨੂੰ ਝੂਠੇ ਦੇਵਤੇ ਮੋਲਕ ਨੂੰ ਦੇ ਦੇਵੇ। ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਬੰਦਾ ਇਸਰਾਏਲ ਦਾ ਨਾਗਰਿਕ ਹੈ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਕੋਈ ਪਰਦੇਸੀ ਹੈ, ਤੁਹਾਨੂੰ ਉਸ ਬੰਦੇ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਮੈਂ ਉਸ ਬੰਦੇ ਦੇ ਖਿਲਾਫ਼ ਹੋਵਾਂਗਾ। ਮੈਂ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦਿਆਂਗਾ। ਕਿਉਂਕਿ ਉਸ ਨੇ ਆਪਣੇ ਬੱਚਿਆਂ ਨੂੰ ਮੋਲਕ ਨੂੰ ਦੇ ਦਿੱਤਾ। ਉਸ ਨੇ ਮੇਰੇ ਪਵਿੱਤਰ ਨਾਮ ਦਾ ਨਿਰਾਦਰ ਕੀਤਾ ਅਤੇ ਮੇਰੇ ਪਵਿੱਤਰ ਸਥਾਨ ਨੂੰ ਪਲੀਤ ਕਰ ਦਿੱਤਾ। ਹੋ ਸੱਕਦਾ ਹੈ ਕਿ ਸਾਧਾਰਣ ਲੋਕ ਉਸ ਬੰਦੇ ਨੂੰ ਅਣਡਿਠ ਕਰ ਦੇਣ। ਹੋ ਸੱਕਦਾ ਹੈ ਕਿ ਉਹ ਉਸ ਬੰਦੇ ਨੂੰ ਨਾ ਮਾਰਨ ਜਿਸਨੇ ਆਪਣੇ ਬੱਚੇ ਮੋਲਕ ਨੂੰ ਦਿੱਤੇ। ਮੈਂ ਉਸ ਆਦਮੀ ਅਤੇ ਉਸ ਦੇ ਪਰਿਵਾਰ ਦਾ ਦੁਸ਼ਮਣ ਬਣ ਜਾਵਾਂਗਾ। ਮੈਂ ਉਸ ਨੂੰ ਅਤੇ ਉਨ੍ਹਾਂ ਸਾਰਿਆਂ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦਿਆਂਗਾ ਜੋ ਮੋਲਕ ਦਾ ਅਨੁਸਰਣ ਕਰਨ ਲਈ ਉਸ ਦੇ, ਪਿੱਛੇ ਲੱਗਦੇ ਹਨ।

“ਮੈਂ ਹਰ ਉਸ ਬੰਦੇ ਦੇ ਖਿਲਾਫ਼ ਹੋਵਾਂਗਾ ਜੋ ਮਸ਼ਵਰੇ ਲਈ ਭੂਤ ਮ੍ਰਿਤਾਂ ਤੇ ਸਿਆਣਿਆ ਕੋਲ ਜਾਂਦਾ। ਉਹ ਮੇਰੇ ਨਾਲ ਵਫ਼ਾਦਾਰ ਨਹੀਂ ਹੈ, ਇਸ ਲਈ ਮੈਂ ਉਸ ਦੇ ਖਿਲਾਫ਼ ਹੋਵਾਂਗਾ ਅਤੇ ਉਸ ਨੂੰ ਉਸ ਦੇ ਲੋਕਾਂ ਤੋਂ ਵੱਖ ਕਰ ਦਿਆਂਗਾ।

“ਆਪਣੇ-ਆਪ ਨੂੰ ਪਵਿੱਤਰ ਬਣਾਉ ਅਤੇ ਪਵਿੱਤਰ ਹੋਵੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾ। ਮੇਰੇ ਕਾਨੂੰਨਾਂ ਨੂੰ ਚੇਤੇ ਰੱਖੋ ਅਤੇ ਮੰਨੋ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।

“ਜੇ ਕੋਈ ਬੰਦਾ ਆਪਣੇ ਪਿਤਾ ਜਾਂ ਮਾਤਾ ਨੂੰ ਗਾਲ੍ਹਾਂ ਕੱਢਦਾ ਹੈ, ਉਸ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਸ ਨੇ ਆਪਣੇ ਪਿਤਾ ਜਾਂ ਮਾਤਾਂ ਨੂੰ ਗਾਲ੍ਹਾਂ ਕੱਢੀਆਂ, ਇਸ ਲਈ ਉਹ ਆਪਣੀ ਮੌਤ ਦਾ ਖੁਦ ਜ਼ਿੰਮੇਵਾਰ ਹੈ। [a]

ਜਿਨਸੀ ਪਾਪਾਂ ਲਈ ਸਜਾਵਾਂ

10 “ਜੇ ਕਿਸੇ ਆਦਮੀ ਦੇ ਆਪਣੇ ਗੁਆਂਢੀ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਤਾਂ ਆਦਮੀ ਤੇ ਔਰਤ ਦੋਵੇਂ ਹੀ ਦੁਰਾਚਾਰ ਦੇ ਦੋਸ਼ੀ ਹਨ। ਇਸ ਲਈ ਆਦਮੀ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। 11 ਜੇ ਕਿਸੇ ਬੰਦੇ ਦੇ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਹਨ, ਉਸ ਨੇ ਆਪਣੇ ਪਿਤਾ ਦੀ ਪਤਨੀ ਨੂੰ ਭ੍ਰਸ਼ਟ ਕਰ ਦਿੱਤਾ। ਉਸ ਨੂੰ ਤੇ ਔਰਤ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜਿੰਮੇਵਾਰ ਹਨ।

12 “ਜੇ ਕਿਸੇ ਆਦਮੀ ਦੇ ਆਪਣੀ ਨੂੰਹ ਨਾਲ ਜਿਨਸੀ ਸੰਬੰਧ ਹੋਣ, ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਸਗੋਤ੍ਰ ਸੰਭੋਗ ਕੀਤਾ ਹੈ। ਉਹ ਆਪਣੀ ਮੌਤ ਲਈ ਖੁਦ ਜ਼ਿੰਮੇਵਾਰ ਹਨ।

13 “ਜੇ ਕਿਸੇ ਆਦਮੀ ਦੇ ਕਿਸੇ ਦੂਸਰੇ ਆਦਮੀ ਨਾਲ ਔਰਤਾਂ ਵਰਗੇ ਜਿਨਸੀ ਸੰਬੰਧ ਹਨ, ਤਾਂ ਇਨ੍ਹਾਂ ਦੋਹਾਂ ਦੇ ਭਿਆਨਕ ਪਾਪ ਕੀਤਾ ਹੈ। ਉਨ੍ਹਾਂ ਦੋਹਾਂ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।

14 “ਜੇਕਰ ਕੋਈ ਆਦਮੀ ਕਿਸੇ ਔਰਤ ਨਾਲ ਅਤੇ ਉਸਦੀ ਧੀ ਨਾਲ ਵਿਆਹ ਕਰਦਾ ਹੈ, ਇਹ ਘ੍ਰਿਣਿਤ ਹੈ। ਲੋਕਾਂ ਨੂੰ ਉਹ ਆਦਮੀ ਤੇ ਦੋਹਾਂ ਔਰਤਾਂ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। ਇਹੋ ਜਿਹੀ ਦੁਸ਼ਟ ਗੱਲ ਆਪਣੇ ਲੋਕਾਂ ਦਰਮਿਆਨ ਨਾ ਵਾਪਰਨ ਦਿਉ।

15 “ਜੇ ਕਿਸੇ ਆਦਮੀ ਦੇ ਕਿਸੇ ਜਾਨਵਰ ਨਾਲ ਜਿਨਸੀ ਸੰਬੰਧ ਹੋਣ ਤਾਂ ਉਸ ਆਦਮੀ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਅਤੇ ਤੁਹਾਨੂੰ ਉਸ ਜਾਨਵਰ ਨੂੰ ਵੀ ਮਾਰ ਦੇਣਾ ਚਾਹੀਦਾ ਹੈ। 16 ਜੇ ਕਿਸੇ ਔਰਤ ਦੇ ਕਿਸੇ ਜਾਨਵਰ ਲਈ ਜਿਨਸੀ ਸੰਬੰਧ ਹੋਣ, ਉਸ ਨੂੰ ਅਤੇ ਜਾਨਵਰ ਦੋਹਾਂ ਨੂੰ ਮਾਰ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹਨ।

17 “ਜੇ ਕੋਈ ਭਰਾ ਆਪਣੀ ਭੈਣ ਨਾਲ ਸ਼ਾਦੀ ਕਰਦਾ ਹੈ-ਭਾਵੇਂ ਉਹ ਉਸਦੀ ਮਾਂ ਦੀ ਧੀ ਹੋਵੇ ਜਾਂ ਉਸ ਦੇ ਪਿਉ ਦੀ-ਅਤੇ ਉਸ ਨਾਲ ਜਿਨਸੀ ਸੰਬੰਧ ਬਣਾਉਂਦਾ ਹੈ, ਇਹ ਸ਼ਰਮਨਾਕ ਗੱਲ ਹੈ। ਉਨ੍ਹਾਂ ਨੂੰ ਖੁਲ੍ਹੇ ਆਮ ਆਪਣੇ ਲੋਕਾਂ ਤੋਂ ਵੱਖ ਕਰ ਦਿੱਤਾ ਜਾਣਾ ਚਾਹੀਦਾ ਹੈ। ਉਸ ਆਦਮੀ ਨੂੰ ਆਪਣੀ ਭੈਣ ਨਾਲ ਜਿਨਸੀ ਸੰਬੰਧ ਬਨਾਉਣ ਲਈ ਉਸ ਦੇ ਪਾਪ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। [b]

18 “ਜੇ ਕੋਈ ਆਦਮੀ ਕਿਸੇ ਔਰਤ ਨਾਲ ਮਾਹਵਾਰੀ ਦੇ ਦਿਨਾਂ ਵਿੱਚ ਜਿਨਸੀ ਸੰਬੰਧ ਬਣਾਉਂਦਾ ਹੈ, ਤਾਂ ਆਦਮੀ ਤੇ ਔਰਤ ਦੋਹਾਂ ਨੂੰ ਉਨ੍ਹਾਂ ਦੇ ਲੋਕਾਂ ਤੋਂ ਛੇਕ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਾਪ ਕੀਤਾ ਕਿਉਂਕਿ ਉਨ੍ਹਾਂ ਨੇ ਉਸ ਔਰਤ ਦਾ ਖੂਨ ਦਾ ਸੋਮਾਂ ਨੰਗਾ ਕੀਤਾ।

19 “ਤੁਹਾਨੂੰ ਆਪਣੀ ਮਾਤਾ ਦੀ ਭੈਣ ਜਾਂ ਪਿਤਾ ਦੀ ਭੈਣ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਸਗੋਤ੍ਰ ਸੰਭੋਗ ਕਰਨ ਵਾਂਗ ਹੈ। ਉਨ੍ਹਾਂ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

20 “ਕਿਸੇ ਆਦਮੀ ਨੂੰ ਆਪਣੇ ਚਾਚੇ ਦੀ ਪਤਨੀ ਨਾਲ ਜਿਨਸੀ ਸੰਬੰਧ ਨਹੀਂ ਬਨਾਉਣੇ ਚਾਹੀਦੇ। ਇਹ ਉਸਦਾ ਆਪਣੇ ਚਾਚੇ ਨਾਲ ਜਿਨਸੀ ਸੰਬੰਧ ਬਨਾਉਣ ਵਰਗਾ ਹੋਵੇਗਾ। ਉਸ ਆਦਮੀ ਅਤੇ ਉਸ ਦੇ ਚਾਚੇ ਦੀ ਪਤਨੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਮਿਲੇਗੀ। ਉਹ ਬੇਔਲਾਦ ਮਰਨਗੇ।

21 “ਕਿਸੇ ਆਦਮੀ ਦਾ ਆਪਣੇ ਭਰਾ ਦੀ ਪਤਨੀ ਨਾਲ ਸ਼ਾਦੀ ਕਰਨਾ ਗਲਤ ਹੈ। ਉਹ ਉਸ ਨੂੰ, ਜੋ ਉਸ ਦੇ ਭਰਾ ਦਾ ਹੈ ਭ੍ਰਸ਼ਟ ਕਰ ਰਿਹਾ ਹੈ। ਉਨ੍ਹਾਂ ਦੇ ਬੱਚੇ ਨਹੀਂ ਹੋਣਗੇ।

22 “ਤੁਹਾਨੂੰ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨ ਚੇਤੇ ਰੱਖਣੇ ਚਾਹੀਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ ਮੰਨਣਾ ਚਾਹੀਦਾ ਹੈ। ਮੈਂ ਤੁਹਾਨੂੰ ਤੁਹਾਡੀ ਧਰਤੀ ਤੇ ਲਿਜਾ ਰਿਹਾ ਹਾਂ। ਤੁਸੀਂ ਉਸ ਦੇਸ਼ ਵਿੱਚ ਰਹੋਂਗੇ। ਜੇ ਤੁਸੀਂ ਮੇਰੀਆਂ ਸਾਰੀਆਂ ਬਿਧੀਆਂ ਅਤੇ ਕਾਨੂੰਨਾਂ ਨੂੰ ਮੰਨੋਗੇ, ਉਹ ਧਰਤੀ ਤੁਹਾਨੂੰ ਬਾਹਰ ਨਹੀਂ ਉਗਲੇਗੀ। 23 ਉਨ੍ਹਾਂ ਲੋਕਾਂ ਦੇ ਨੇਮਾਂ ਅਤੇ ਰੀਤਾਂ ਤੇ ਨਾ ਚੱਲੋ ਜਿਨ੍ਹਾਂ ਨੂੰ ਮੈਂ ਉਸ ਦੇਸ਼ ਵਿੱਚੋਂ ਬਾਹਰ ਕੱਢ ਰਿਹਾ ਹਾਂ। ਕਿਉਂਕਿ ਉਨ੍ਹਾਂ ਲੋਕਾਂ ਨੇ ਇਹ ਸਾਰੇ ਪਾਪ ਕੀਤੇ ਅਤੇ ਮੈਂ ਉਨ੍ਹਾਂ ਨੂੰ ਘ੍ਰਿਣਾ ਕਰਦਾ ਹਾਂ। ਇਸ ਲਈ ਉਸ ਤਰ੍ਹਾਂ ਨਹੀਂ ਜਿਉਣਾ ਜਿਵੇਂ ਉਹ ਲੋਕ ਰਹਿੰਦੇ ਸਨ। 24 ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਉਨ੍ਹਾਂ ਦੀ ਧਰਤੀ ਹਾਸਿਲ ਕਰੋਂਗੇ। ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਦੇਵਾਂਗਾ ਅਤੇ ਇਹ ਤੁਹਾਡੀ ਧਰਤੀ ਹੋਵੇਗੀ। ਇਹ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

“ਮੈਂ ਤੁਹਾਨੂੰ ਬਾਕੀ ਕੌਮਾਂ ਤੋਂ ਵੱਖਰਾ ਬਣਾਇਆ ਹੈ। 25 ਇਸ ਲਈ ਤੁਹਾਨੂੰ ਪਾਕ ਅਤੇ ਨਾਪਾਕ ਜਾਨਵਰਾਂ ਵਿੱਚਲਾ ਫ਼ਰਕ ਪਛਾਨਣਾ ਚਾਹੀਦਾ ਹੈ। ਤੁਹਾਨੂੰ ਪਾਕ ਅਤੇ ਨਾਪਾਕ ਪੰਛੀਆਂ ਵਿੱਚਲਾ ਫ਼ਰਕ ਪਰੱਖਣਾ ਚਾਹੀਦਾ ਹੈ। ਉਨ੍ਹਾਂ ਨਾਪਾਕ ਪੰਛੀਆਂ, ਜਾਨਵਰਾਂ ਅਤੇ ਜ਼ਮੀਨ ਉੱਤੇ ਰੀਂਗਣ ਵਾਲੀਆਂ ਚੀਜ਼ਾਂ ਨੂੰ ਖਾਕੇ ਆਪਣੇ-ਆਪ ਨੂੰ ਕਲੰਕਤ ਨਾ ਕਰੋ। ਮੈਂ ਉਨ੍ਹਾਂ ਚੀਜ਼ਾਂ ਨੂੰ ਨਾਪਾਕ ਘੋਸ਼ਿਤ ਕੀਤਾ ਹੈ। 26 ਮੈਂ ਤੁਹਾਨੂੰ ਆਪਣੇ ਖਾਸ ਲੋਕ ਬਣਾਇਆ ਹੈ। ਇਸ ਲਈ ਤੁਹਾਨੂੰ ਮੇਰੇ ਲਈ ਪਵਿੱਤਰ ਹੋਣਾ ਚਾਹੀਦਾ ਹੈ। ਕਿਉਂ? ਕਿਉਂਕਿ ਮੈਂ ਯਹੋਵਾਹ ਹਾਂ, ਅਤੇ ਮੈਂ ਪਵਿੱਤਰ ਹਾਂ।

27 “ਕੋਈ ਆਦਮੀ ਜਾਂ ਔਰਤ ਜਿਹੜਾ ਭੂਤ ਮ੍ਰਿਤ ਹੈ ਜਾਂ ਸਿਆਣਾ ਹੈ ਮਾਰ ਦਿੱਤਾ ਜਾਣਾ ਚਾਹੀਦਾ ਹੈ। ਲੋਕਾਂ ਨੂੰ ਉਨ੍ਹਾਂ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਉਹ ਆਪਣੀ ਮੌਤ ਦੇ ਖੁਦ ਜ਼ਿੰਮੇਵਾਰ ਹੋਣਗੇ।”

ਜਾਜਕਾਂ ਲਈ ਬਿਧੀਆਂ

21 ਯਹੋਵਾਹ ਨੇ ਮੂਸਾ ਨੂੰ ਆਖਿਆ, “ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਇਹ ਗੱਲਾਂ ਆਖ; ਆਪਣੇ ਲੋਕਾਂ ਦਰਮਿਆਨ ਹੋਈ ਮੌਤ ਕਾਰਣ ਜਾਜਕ ਨੂੰ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ। ਪਰ ਜੇ ਮਰਿਆ ਹੋਇਆ ਬੰਦਾ ਉਸਦਾ ਨਜ਼ਦੀਕੀ ਰਿਸ਼ਤੇਦਾਰ ਸੀ ਤਾਂ ਉਹ ਆਪਣੇ-ਆਪ ਨੂੰ ਪਲੀਤ ਕਰ ਸੱਕਦਾ ਹੈ। ਇਸ ਵਿੱਚ ਉਸਦੀ ਮਾਤਾ, ਉਸਦਾ ਪਿਤਾ, ਉਸਦਾ ਪੁੱਤਰ ਜਾਂ ਧੀ, ਉਸਦਾ ਭਰਾ ਜਾਂ ਉਸਦੀ ਅਣਵਿਆਹੀ ਭੈਣ ਸ਼ਾਮਿਲ ਹੈ। (ਇਹ ਭੈਣ ਉਸ ਦੇ ਨਜ਼ਦੀਕ ਹੈ ਕਿਉਂਕਿ ਉਸਦਾ ਕੋਈ ਪਤੀ ਨਹੀਂ। ਇਸ ਲਈ ਜਾਜਕ ਉਸ ਵਾਸਤੇ ਆਪਣੇ ਆਪ ਨੂੰ ਪਲੀਤ ਕਰ ਸੱਕਦਾ ਹੈ ਜੇ ਉਹ ਮਰ ਜਾਂਦੀ ਹੈ।) ਪਰ ਉਸ ਨੂੰ ਆਪਣੇ-ਆਪਨੂੰ ਪਲੀਤ ਨਹੀਂ ਕਰਨਾ ਚਾਹੀਦਾ ਜੇ ਮਰਿਆ ਹੋਇਆ ਬੰਦਾ ਸ਼ਾਦੀ ਕਾਰਣ ਹੀ ਉਸ ਦੇ ਨਾਲ ਜੁੜਿਆ ਹੋਇਆ ਸੀ।

“ਜਾਜਕਾਂ ਨੂੰ ਆਪਣੇ ਸਿਰ ਨਹੀਂ ਮੁਨਵਾਉਣੇ ਚਾਹੀਦੇ। ਉਨ੍ਹਾਂ ਨੂੰ ਆਪਣੀਆਂ ਦਾਹੜੀਆਂ ਦੇ ਸਿਰੇ ਨਹੀਂ ਮੁਨਾਉਣੇ ਚਾਹੀਦੇ ਅਤੇ ਆਪਣੇ ਜਿਸਮਾਂ ਉੱਤੇ ਚੀਰੇ ਨਹੀਂ ਲਾਉਣੇ ਚਾਹੀਦੇ। [c] ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਣਾ ਚਾਹੀਦਾ ਹੈ। ਉਨ੍ਹਾਂ ਨੂੰ ਆਪਣੇ ਪਰਮੇਸ਼ੁਰ ਦੇ ਨਾਮ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਯਹੋਵਾਹ ਨੂੰ ਅੱਗ ਦੁਆਰਾ ਚੜ੍ਹਾਵੇ (ਉਨ੍ਹਾਂ ਦੇ ਪਰਮੇਸ਼ੁਰ ਦਾ ਭੋਜਨ) ਚੜ੍ਹਾਉਂਦੇ ਹਨ। ਇਸ ਲਈ ਉਨ੍ਹਾਂ ਨੂੰ ਪਵਿੱਤਰ ਹੋਣਾ ਚਾਹੀਦਾ ਹੈ।

“ਇੱਕ ਜਾਜਕ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੈ। ਇਸ ਲਈ ਜਾਜਕ ਨੂੰ ਕਿਸੇ ਵੇਸਵਾ, ਕਿਸੇ ਕਲੰਕਤ ਔਰਤ ਜਾਂ ਤਲਾਕਸ਼ੁਦਾ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਤੁਹਾਨੂੰ ਜਾਜਕ ਨਾਲ ਨਾਪਾਕ ਤਰੀਕੇ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਕਿਉਂਕਿ ਉਹ ਤੁਹਾਡੇ ਪਰਮੇਸ਼ੁਰ ਦਾ ਭੋਜਨ ਹਾਜ਼ਰ ਕਰਦਾ ਹੈ, ਅਤੇ ਮੈਂ ਪਵਿੱਤਰ ਹਾਂ। ਮੈਂ ਯਹੋਵਾਹ ਹਾਂ ਅਤੇ ਮੈਂ ਤੁਹਾਨੂੰ ਪਵਿੱਤਰ ਬਣਾਉਂਦਾ ਹਾਂ।

“ਜੇ ਕਿਸੇ ਜਾਜਕ ਦੀ ਧੀ ਵੇਸਵਾ ਬਣ ਜਾਵੇ ਅਤੇ ਆਪਣੇ-ਆਪ ਨੂੰ ਕਲੰਕਤ ਕਰ ਲਵੇ ਉਹ ਆਪਣੇ ਪਿਉ ਨੂੰ ਵੀ ਕਲੰਕਤ ਕਰ ਦਿੰਦੀ ਹੈ। ਇਸ ਲਈ ਉਸ ਨੂੰ ਜਿੰਦਾ ਸਾੜ ਦੇਣਾ ਚਾਹੀਦਾ ਹੈ।

10 “ਪਰਧਾਨ ਜਾਜਕ ਨੂੰ ਉਸ ਦੇ ਭਰਾਵਾਂ ਵਿੱਚੋਂ ਚੁਣਿਆ ਗਿਆ ਸੀ। ਮਸਹ ਵਾਲਾ ਤੇਲ ਉਸ ਦੇ ਸਿਰ ਤੇ ਲਾਇਆ ਗਿਆ ਸੀ। ਇਸ ਤਰ੍ਹਾਂ ਨਾਲ ਉਸ ਨੂੰ ਪਰਧਾਨ ਜਾਜਕ ਦੀ ਖਾਸ ਸੇਵਾ ਲਈ ਚੁਣਿਆ ਗਿਆ ਸੀ। ਉਸ ਨੂੰ ਖਾਸ ਕੱਪੜੇ ਪਹਿਨਣ ਲਈ ਚੁਣਿਆ ਗਿਆ ਸੀ। ਇਸ ਲਈ ਉਸ ਨੂੰ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹੜੀਆਂ ਲੋਕਾਂ ਵਿੱਚ ਉਸਦੀ ਉਦਾਸੀ ਨੂੰ ਦਰਸਾਉਣ। ਉਸ ਨੂੰ ਆਪਣੇ ਵਾਲ ਵੱਧਣ ਨਹੀਂ ਦੇਣੇ ਚਾਹੀਦੇ। ਉਸ ਨੂੰ ਆਪਣੇ ਕੱਪੜੇ ਨਹੀਂ ਪਾੜਨੇ ਚਾਹੀਦੇ। 11 ਉਸ ਨੂੰ ਕਿਸੇ ਮੁਰਦਾ ਸ਼ਰੀਰ ਦੇ ਕੋਲ ਜਾਕੇ ਆਪਣੇ-ਆਪ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਭਾਵੇਂ ਲਾਸ਼ ਉਸਦੀ ਮਾਂ ਹੋਵੇ ਜਾਂ ਪਿਉ ਦੀ। 12 ਪਰਧਾਨ ਜਾਜਕ ਨੂੰ ਪਰਮੇਸ਼ੁਰ ਦੇ ਪਵਿੱਤਰ ਸਥਾਨ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਜੇ ਉਹ ਜਾਵੇਗਾ ਤਾਂ ਉਹ ਪਲੀਤ ਹੋ ਸੱਕਦਾ ਹੈ ਅਤੇ ਉਹ ਪਰਮੇਸ਼ੁਰ ਦੇ ਪਵਿੱਤਰ ਸਥਾਨ ਨੂੰ ਵੀ ਪਲੀਤ ਕਰ ਸੱਕਦਾ ਹੈ। ਕਿਉਂਕਿ ਉਸ ਨੂੰ ਉਸ ਦੇ ਪਰਮੇਸ਼ੁਰ ਦਾ ਮਸਹ ਕਰਨ ਵਾਲਾ ਤੇਲ ਉਸ ਦੇ ਸਿਰ’ਚ ਪਾਕੇ ਸਮਰਪਿਤ ਕੀਤਾ ਗਿਆ ਹੈ। ਮੈਂ ਯਹੋਵਾਹ ਹਾਂ।

13 “ਪਰਧਾਨ ਜਾਜਕ ਨੂੰ ਕਿਸੇ ਅਜਿਹੀ ਔਰਤ ਨਾਲ ਹੀ ਸ਼ਾਦੀ ਕਰਨੀ ਚਾਹੀਦੀ ਹੈ ਜੋ ਕੁਆਰੀ ਹੋਵੇ। 14 ਪਰਧਾਨ ਜਾਜਕ ਨੂੰ ਕਿਸੇ ਵਿਧਵਾ, ਕਿਸੇ ਤਲਾਕਸ਼ੁਦਾ ਔਰਤ ਜਾਂ ਕਿਸੇ ਵੇਸਵਾ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਉਹ ਸਿਰਫ਼ ਆਪਣੇ ਲੋਕਾਂ ਵਿੱਚੋਂ ਹੀ ਕਿਸੇ ਕੁਆਰੀ ਕੁੜੀ ਨਾਲ ਸ਼ਾਦੀ ਕਰ ਸੱਕਦਾ ਹੈ। 15 ਇਸ ਤਰ੍ਹਾਂ, ਉਹ ਲੋਕਾਂ ਦਰਮਿਆਨ ਆਪਣੇ ਬੱਚਿਆਂ ਨੂੰ ਜਾਜਕ ਹੋਣ ਤੋਂ ਅਯੋਗ ਨਹੀਂ ਬਣਾ ਸੱਕੇਗਾ। [d] ਮੈਂ ਯਹੋਵਾਹ ਨੇ, ਜਾਜਕ ਨੂੰ ਉਸ ਦੇ ਖਾਸ ਕਾਰਜ ਲਈ ਵੱਖ ਕੀਤਾ ਹੈ।” [e]

16 ਯਹੋਵਾਹ ਨੇ ਮੂਸਾ ਨੂੰ ਆਖਿਆ, 17 “ਹਾਰੂਨ ਨੂੰ ਆਖ; ਜੇਕਰ ਤੇਰੇ ਉੱਤਰਾਧਿਕਾਰੀਆਂ ਵਿੱਚੋਂ ਕਿਸੇ ਨੂੰ ਵੀ ਕੋਈ ਸ਼ਰੀਰਿਕ ਨੁਕਸ ਹੋਵੇ, ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦਾ ਚੜ੍ਹਾਵਾ ਨਾ ਚੜ੍ਹਾਵੇ। 18 ਕੋਈ ਵੀ ਆਦਮੀ ਜਿਸ ਨੂੰ ਇਨ੍ਹਾਂ ਵਿੱਚੋਂ ਕੋਈ ਸ਼ਰੀਰਿਕ ਨੁਕਸ ਹੈ ਉਸ ਨੂੰ ਜਾਜਕ ਵਜੋਂ ਸੇਵਾ ਨਹੀਂ ਕਰਨੀ ਚਾਹੀਦੀ: ਅੰਨ੍ਹੇ ਆਦਮੀ ਨੂੰ, ਵਿਕਲਾਂਗ ਆਦਮੀ ਨੂੰ, ਭਿਆਨਕ ਚਿਹਰੇ ਵਾਲੇ ਆਦਮੀ ਨੂੰ, ਬਹੁਤ ਲੰਮੀਆਂ ਬਾਹਾਂ ਜਾਂ ਲੱਤਾਂ ਵਾਲੇ ਆਦਮੀ ਨੂੰ, 19 ਟੁੱਟੇ ਹੋਏ ਹੱਥਾਂ ਪੈਰਾਂ ਵਾਲੇ ਆਦਮੀ ਨੂੰ, 20 ਕੁੱਬੇ ਆਦਮੀ ਨੂੰ, ਅੱਖਾਂ ਵਿੱਚ ਨੁਕਸ ਵਾਲੇ ਆਦਮੀ ਨੂੰ, ਪਪੜੀ ਜਾਂ ਚਮੜੀ ਦੇ ਰੋਗੀ ਆਦਮੀ ਨੂੰ, ਖਸੀ ਆਦਮੀ ਨੂੰ।

21 “ਜੇ ਹਾਰੂਨ ਦੇ ਵੰਸ਼ਜਾਂ ਵਿੱਚੋਂ ਕਿਸੇ ਨੂੰ ਕੋਈ ਵੀ ਸ਼ਰੀਰਕ ਨੁਕਸ ਹੋਵੇ, ਉਹ ਯਹੋਵਾਹ ਨੂੰ ਹੋਮ ਦੀ ਭੇਟ ਨਹੀਂ ਚੜ੍ਹਾ ਸੱਕਦਾ। ਅਤੇ ਉਹ ਆਪਣੇ ਪਰਮੇਸ਼ੁਰ ਨੂੰ ਭੋਜਨ ਦੀ ਭੇਟ ਨਹੀਂ ਚੜ੍ਹਾ ਸੱਕਦਾ। 22 ਉਹ ਜਾਜਕ ਦੇ ਪਰਿਵਾਰ ਵਿੱਚੋਂ ਹੈ, ਇਸ ਲਈ ਉਹ ਪਵਿੱਤਰ ਭੋਜਨ ਅਤੇ ਆਪਣੇ ਪਰਮੇਸ਼ੁਰ ਦਾ ਅੱਤ ਪਵਿੱਤਰ ਭੋਜਨ ਖਾ ਸੱਕਦਾ ਹੈ। 23 ਪਰ ਉਹ ਪਵਿੱਤਰ ਦੇ ਪਰਦੇ ਜਾਂ ਜਗਵੇਦੀ ਦੇ ਨਜ਼ਦੀਕ ਨਹੀਂ ਜਾ ਸੱਕਦਾ। [f] ਕਿਉਂਕਿ ਉਸ ਵਿੱਚ ਕੁਝ ਸ਼ਰੀਰਕ ਨੁਕਸ ਹੈ। ਉਸ ਨੂੰ ਮੇਰੇ ਪਵਿੱਤਰ ਸਥਾਨ ਨੂੰ ਅਪਵਿੱਤਰ ਨਹੀਂ ਬਨਾਉਣਾ ਚਾਹੀਦਾ। ਮੈਂ, ਯਹੋਵਾਹ, ਇਨ੍ਹਾਂ ਥਾਵਾਂ ਨੂੰ ਪਵਿੱਤਰ ਬਣਾਇਆ।”

24 ਇਸ ਤਰ੍ਹਾਂ ਮੂਸਾ ਨੇ ਇਹ ਗੱਲਾਂ ਹਾਰੂਨ ਨੂੰ, ਹਾਰੂਨ ਦੇ ਪੁੱਤਰਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਦੱਸੀਆਂ।

Punjabi Bible: Easy-to-Read Version (ERV-PA)

2010 by World Bible Translation Center