Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 26-27

ਪਰਮੇਸ਼ੁਰ ਦਾ ਹੁਕਮ ਮੰਨਣ ਦੇ ਇਨਾਮ

26 “ਆਪਣੇ ਲਈ ਬੁੱਤ ਨਾ ਬਣਾਉ। ਆਪਣੀ ਧਰਤੀ ਉੱਤੇ ਬੁੱਤਾਂ, ਧਾਰਮਿਕ ਥੰਮਾਂ ਜਾਂ ਤਰਾਸੇ ਹੋਏ ਪੱਥਰਾਂ ਨੂੰ ਨਾ ਉਸਾਰੋ। ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ।

“ਮੇਰੀ ਛੁੱਟੀ ਦੇ ਖਾਸ ਦਿਨਾਂ ਨੂੰ ਚੇਤੇ ਰੱਖੋ ਅਤੇ ਮੇਰੇ ਪਵਿੱਤਰ ਸਥਾਨ ਦਾ ਆਦਰ ਕਰੋ। ਮੈਂ ਯਹੋਵਾਹ ਹਾਂ।

“ਜੇ ਤੁਸੀਂ ਮੇਰੇ ਕਾਨੂੰਨਾਂ ਨੂੰ ਚੇਤੇ ਕਰਕੇ ਅਤੇ ਉਨ੍ਹਾਂ ਦੀ ਪਾਲਣਾ ਕਰਕੇ, ਮੇਰੀਆਂ ਹਿਦਾਇਤਾਂ ਅਨੁਸਾਰ ਰਹੋਂਗੇ, ਮੈਂ ਤੁਹਾਨੂੰ ਉਸ ਵੇਲੇ ਮੀਂਹ ਦਿਆਂਗਾ ਜਦੋਂ ਇਸ ਦੀ ਜ਼ਰੂਰਤ ਹੋਵੇਗੀ। ਧਰਤੀ ਫ਼ਸਲਾਂ ਉਗਾਵੇਗੀ ਅਤੇ ਖੇਤਾਂ ਦੇ ਰੁੱਖ ਆਪਣੇ ਫ਼ਲ ਉੱਗਣਗੇ। ਤੁਹਾਡੀ ਗਹਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਕਿ ਅੰਗੂਰ ਸਾਂਭਣ ਦਾ ਸਮਾਂ ਨਹੀਂ ਆ ਜਾਂਦਾ। ਅਤੇ ਤੁਹਾਡਾ ਅੰਗੂਰ ਸਾਂਭਣਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕਿ ਬੀਜਣ ਦਾ ਸਮਾਂ ਨਹੀਂ ਹੋ ਜਾਂਦਾ। ਫ਼ੇਰ ਤੁਹਾਡੇ ਕੋਲ ਖਾਣ ਲਈ ਕਾਫ਼ੀ ਹੋਵੇਗਾ। ਅਤੇ ਤੁਸੀਂ ਆਪਣੀ ਧਰਤੀ ਉੱਤੇ ਸੁਰੱਖਿਅਤ ਰਹੋਂਗੇ। ਮੈਂ ਤੁਹਾਡੇ ਦੇਸ਼ ਨੂੰ ਅਮਨ ਦਿਆਂਗਾ। ਤੁਸੀਂ ਅਮਨ ਚੈਨ ਨਾਲ ਲੇਟੋਂਗੇ। ਕੋਈ ਵੀ ਬੰਦਾ ਤੁਹਾਨੂੰ ਡਰਾਉਣ ਲਈ ਨਹੀਂ ਆਵੇਗਾ। ਮੈਂ ਖਤਰਨਾਕ ਜਾਨਵਰਾਂ ਨੂੰ ਤੁਹਾਡੇ ਦੇਸ਼ ਤੋਂ ਬਾਹਰ ਰੱਖਾਂਗਾ। ਅਤੇ ਫ਼ੌਜਾਂ ਤੁਹਾਡੇ ਦੇਸ਼ ਵਿੱਚੋਂ ਨਹੀਂ ਗੁਜ਼ਰਨਗੀਆਂ।

“ਤੁਸੀਂ ਆਪਣੇ ਦੁਸ਼ਮਣਾਂ ਨੂੰ ਭਜਾਉਂਗੇ ਅਤੇ ਉਨ੍ਹਾਂ ਨੂੰ ਹਰਾ ਦਿਉਂਗੇ। ਤੁਸੀਂ ਉਨ੍ਹਾਂ ਨੂੰ ਆਪਣੀ ਤਲਵਾਰ ਨਾਲ ਕਤਲ ਕਰ ਦਿਉਂਗੇ। ਤੁਹਾਡੇ ਪੰਜ ਆਦਮੀ ਸੌ ਆਦਮੀਆਂ ਨੂੰ ਭਜਾ ਦੇਣਗੇ ਅਤੇ ਤੁਹਾਡੇ ਸੌ ਆਦਮੀ ਹਜ਼ਾਰਾਂ ਆਦਮੀਆਂ ਨੂੰ ਭਜਾ ਦੇਣਗੇ। ਤੁਸੀਂ ਆਪਣੇ ਦੁਸ਼ਮਨਾਂ ਨੂੰ ਹਰਾ ਦਿਉਂਗੇ ਅਤੇ ਤਲਵਾਰ ਨਾਲ ਉਨ੍ਹਾਂ ਨੂੰ ਮਾਰ ਦਿਉਂਗੇ।

“ਫ਼ੇਰ ਮੈਂ ਤੁਹਾਡੇ ਵੱਲ ਮੁੜਾਂਗਾ। ਮੈਂ ਤੁਹਾਨੂੰ ਬਹੁਤ ਸਾਰੀ ਔਲਾਦ ਦਿਆਂਗਾ। ਮੈਂ ਤੁਹਾਡੇ ਨਾਲ ਆਪਣਾ ਇਕਰਾਰਨਾਮਾ ਨਿਭਾਵਾਂਗਾ। 10 ਤੁਹਾਡੇ ਕੋਲ ਸਾਲ ਭਰ ਤੋਂ ਵੱਧ ਸਮੇਂ ਲਈ ਕਾਫ਼ੀ ਫ਼ਸਲਾਂ ਹੋਣਗੀਆਂ। ਤੁਸੀਂ ਨਵੀਆਂ ਫ਼ਸਲਾਂ ਵੱਢੋਂਗ਼ੇ ਪਰ ਫ਼ੇਰ ਤੁਹਾਨੂੰ ਆਪਣੀਆਂ ਨਵੀਆਂ ਫ਼ਸਲਾਂ ਲਈ ਥਾਂ ਬਨਾਉਣ ਵਾਸਤੇ ਪੁਰਾਣੀਆਂ ਫ਼ਸਲਾਂ ਬਾਹਰ ਸੁੱਟਣੀਆਂ ਪੈਣਗੀਆਂ। 11 ਇਸਤੋਂ ਇਲਾਵਾ, ਮੈਂ ਆਪਣਾ ਪਵਿੱਤਰ ਤੰਬੂ ਤੁਹਾਡੇ ਦਰਮਿਆਨ ਸਥਾਪਿਤ ਕਰਾਂਗਾ। ਮੈਂ ਤੁਹਾਡੇ ਕੋਲੋਂ ਮੂੰਹ ਨਹੀਂ ਮੋੜਾਂਗਾ। 12 ਮੈਂ ਤੁਹਾਡੇ ਨਾਲ ਤੁਰਾਂਗਾ ਅਤੇ ਤੁਹਾਡਾ ਪਰਮੇਸ਼ੁਰ ਹੋਵਾਂਗਾ। ਅਤੇ ਤੁਸੀਂ ਮੇਰੇ ਬੰਦੇ ਹੋਵੋਂਗੇ। 13 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਤੁਸੀਂ ਮਿਸਰ ਵਿੱਚ ਗੁਲਾਮ ਸੀ। ਪਰ ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ। ਤੁਸੀਂ ਉਸ ਭਾਰੀ ਬੋਝ ਨਾਲ ਦੱਬੇ ਹੋਏ ਸੀ ਜਿਹੜਾ ਤੁਸੀਂ ਗੁਲਾਮਾਂ ਦੇ ਤੌਰ ਤੇ ਚੁੱਕਿਆ ਹੋਇਆ ਸੀ। ਪਰ ਮੈਂ ਉਹ ਬੱਲੀਆਂ ਤੋੜ ਦਿੱਤੀਆਂ ਜਿਹੜੀਆਂ ਤੁਹਾਡੇ ਮੋਢਿਆਂ ਉੱਤੇ ਰੱਖੀਆਂ ਹੋਈਆਂ ਸਨ। ਮੈਂ ਤੁਹਾਨੂੰ ਫ਼ੇਰ ਇੱਕ ਵਾਰੀ ਸਿਰ ਉੱਚਾ ਚੁੱਕ ਕੇ ਤੁਰਨ ਦਿੱਤਾ।

ਪਰਮੇਸ਼ੁਰ ਦੀ ਪਾਲਣਾ ਨਾ ਕਰਨ ਦੀ ਸਜ਼ਾ

14 “ਜੇ ਤੁਸੀਂ ਮੇਰੀ ਤੇ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕਰੋਂਗੇ। 15 ਜੇ ਤੁਸੀਂ ਮੇਰੀਆਂ ਬਿਧੀਆਂ ਨੂੰ ਨਾਮਂਜ਼ੂਰ ਕਰੋਂਗੇ ਅਤੇ ਮੇਰੇ ਆਦੇਸ਼ਾਂ ਤੋਂ ਉਲਟ ਜਾਵੋਂਗੇ ਅਤੇ ਉਨ੍ਹਾਂ ਦਾ ਅਨੁਸਰਣ ਨਹੀਂ ਕਰੋਂਗੇ, ਤੁਸੀਂ ਮੇਰਾ ਇਕਰਾਰਨਾਮਾ ਤੋੜ ਦਿੱਤਾ ਹੈ। 16 ਤਾਂ ਇਹੀ ਹੈ ਜੋ ਮੈਂ ਤੁਹਾਡੇ ਨਾਲ ਕਰਾਂਗਾ; ਮੈਂ ਤੁਹਾਨੂੰ ਬਿਮਾਰੀ ਅਤੇ ਬੁਖਾਰ ਦਿਆਂਗਾ ਜੋ ਤੁਹਾਡੀਆਂ ਅੱਖਾਂ ਨਸ਼ਟ ਕਰ ਦੇਣਗੇ ਅਤੇ ਤੁਹਾਡੀ ਜਾਨ ਕੱਢ ਲੈਣਗੇ। ਜਦੋਂ ਵੀ ਤੁਸੀਂ ਬੀਜ ਬੀਜੋਂਗੇ, ਤੁਹਾਨੂੰ ਸਫ਼ਲਤਾ ਨਹੀਂ ਮਿਲੇਗੀ ਅਤੇ ਤੁਹਾਡੇ ਦੁਸ਼ਮਣ ਤੁਹਾਡੀਆਂ ਫ਼ਸਲਾਂ ਖਾ ਜਾਣਗੇ। 17 ਮੈਂ ਤੁਹਾਡੇ ਵਿਰੁੱਧ ਹੋਵਾਂਗਾ, ਇਸ ਲਈ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ। ਉਹ ਦੁਸ਼ਮਣ ਤੁਹਾਨੂੰ ਨਫ਼ਰਤ ਕਰਦੇ ਹਨ ਅਤੇ ਉਹ ਤੁਹਾਡੇ ਉੱਤੇ ਰਾਜ ਕਰਨਗੇ। ਤੁਸੀਂ ਭੱਜ ਜਾਵੋਂਗੇ ਜਦ ਕਿ ਕੋਈ ਵੀ ਤੁਹਾਡਾ ਪਿੱਛਾ ਨਹੀਂ ਕਰ ਰਿਹਾ ਹੋਵੇਗਾ।

18 “ਇਨ੍ਹਾਂ ਗੱਲਾਂ ਤੋਂ ਬਾਦ ਜੇ ਤੁਸੀਂ ਫ਼ੇਰ ਵੀ ਮੇਰੀ ਪਾਲਣਾ ਨਾ ਕੀਤੀ। ਮੈਂ ਤੁਹਾਨੂੰ ਤੁਹਾਡੇ ਪਾਪਾਂ ਦੀ ਸੱਤ ਗੁਣਾ ਵੱਧੇਰੇ ਸਜ਼ਾ ਦੇਵਾਂਗਾ। 19 ਮੈਂ ਉਨ੍ਹਾਂ ਮਹਾਨ ਸ਼ਹਿਰਾਂ ਨੂੰ ਵੀ ਤਬਾਹ ਕਰ ਦਿਆਂਗਾ ਜਿਹੜੇ ਤੁਹਾਨੂੰ ਗੁਮਾਨੀ ਬਣਾਉਂਦੇ ਹਨ। ਅਕਾਸ਼ ਮੀਂਹ ਨਹੀਂ ਵਰ੍ਹਾਉਣਗੇ ਅਤੇ ਧਰਤੀ ਫ਼ਸਲਾਂ ਨਹੀਂ ਉਗਾਏਗੀ। [a] 20 ਤੁਸੀਂ ਸਖਤ ਮਿਹਨਤ ਕਰੋਂਗੇ ਪਰ ਇਸਦਾ ਕੋਈ ਫ਼ਾਇਦਾ ਨਹੀਂ ਹੋਵੇਗਾ। ਤੁਹਾਡੀ ਜ਼ਮੀਨ ਕੋਈ ਫ਼ਸਲ ਨਹੀਂ ਦੇਵੇਗੀ ਅਤੇ ਤੁਹਾਡੇ ਰੁੱਖ ਆਪਣੇ ਫ਼ਲ ਨਹੀਂ ਉਗਾਉਣਗੇ।

21 “ਫ਼ੇਰ ਵੀ, ਜੇ ਤੁਸੀਂ ਮੇਰੇ ਖਿਲਾਫ਼ ਹੋਵੋਂਗੇ ਅਤੇ ਮੈਨੂੰ ਮੰਨਣ ਤੋਂ ਇਨਕਾਰ ਕਰੋਂਗੇ, ਮੈਂ ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣੇ ਜ਼ਿਆਦਾ ਸਜ਼ਾ ਦਿਆਂਗਾ। 22 ਮੈਂ ਤੁਹਾਡੇ ਖਿਲਾਫ਼ ਜੰਗਲੀ ਜਾਨਵਰ ਘੱਲਾਂਗਾ। ਉਹ ਤੁਹਾਡੇ ਕੋਲੋਂ ਤੁਹਾਡੇ ਬੱਚਿਆਂ ਨੂੰ ਚੁੱਕ ਲਿਜਾਣਗੇ ਅਤੇ ਤੁਹਾਡੇ ਜਾਨਵਰਾਂ ਨੂੰ ਨਸ਼ਟ ਕਰ ਦੇਣਗੇ। ਉਹ ਤੁਹਾਡੇ ਬਹੁਤ ਸਾਰੇ ਲੋਕਾਂ ਨੂੰ ਮਾਰ ਦੇਣਗੇ। ਤੁਹਾਡੀਆਂ ਸੜਕਾਂ ਖਾਲੀ ਹੋ ਜਾਣਗੀਆਂ।

23 “ਜੇ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਾਦ ਵੀ ਤੁਸੀਂ ਸਬਕ ਨਾ ਸਿੱਖਿਆ, ਅਤੇ ਜੇ ਤੁਸੀਂ ਫ਼ੇਰ ਵੀ ਮੇਰੇ ਵਿਰੁੱਧ ਹੋਵੋਂਗੇ, 24 ਤਾਂ ਮੈਂ ਵੀ ਤੁਹਾਡੇ ਵਿਰੁੱਧ ਹੋ ਜਾਵਾਂਗਾ। ਮੈਂ-ਮੈਂ ਯਹੋਵਾਹ ਹਾਂ-ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਵਾਰੀ ਸਜ਼ਾ ਦਿਆਂਗਾ। 25 ਤੁਸੀਂ ਮੇਰਾ ਇਕਰਾਰਨਾਮਾ ਤੋੜਿਆ ਹੋਵੇਗਾ, ਇਸ ਲਈ ਮੈਂ ਤੁਹਾਨੂੰ ਸਜ਼ਾ ਦਿਆਂਗਾ। ਮੈਂ ਤੁਹਾਡੇ ਖਿਲਾਫ਼ ਫ਼ੌਜਾਂ ਲਿਆਵਾਂਗਾ। ਤੁਸੀਂ ਸੁਰੱਖਿਆ ਲਈ ਆਪਣੇ ਸ਼ਹਿਰਾਂ ਅੰਦਰ ਵੜ ਜਾਵੋਂਗੇ। ਪਰ ਮੈਂ ਤੁਹਾਡੇ ਅੰਦਰ ਬਿਮਾਰੀਆਂ ਫ਼ੈਲਾਵਾਂਗਾ। ਅਤੇ ਤੁਹਾਡੇ ਦੁਸ਼ਮਣ ਤੁਹਾਨੂੰ ਹਰਾ ਦੇਣਗੇ। 26 ਜਦੋਂ ਮੈਂ ਤੁਹਾਡੀ ਭੋਜਨ ਪੂਰਤੀ ਬੰਦ ਕਰ ਦਿਆਂਗਾ, ਦਸ ਔਰਤਾਂ ਇੱਕੋ ਤੰਦੂਰ ਉੱਤੇ ਆਪਣੀ ਰੋਟੀ ਪਕਾ ਸੱਕਣਗੀਆਂ। ਉਹ ਹਰ ਰੋਟੀ ਨੂੰ ਧਿਆਨ ਨਾਲ ਨਾਪਣਗੀਆਂ। ਤੁਸੀਂ ਖਾਵੋਂਗੇ ਪਰ ਫ਼ੇਰ ਵੀ ਭੁੱਖੇ ਰਹੋਂਗੇ।

27 “ਜੇ ਤੁਸੀਂ ਫ਼ੇਰ ਵੀ ਮੇਰੀ ਗੱਲ ਵੱਲ ਧਿਆਨ ਨਹੀਂ ਦਿਉਂਗੇ ਅਤੇ ਜੇ ਤੁਸੀਂ ਮੇਰੇ ਖਿਲਾਫ਼ ਹੋ ਜਾਵੋਂਗੇ, 28 ਤਾਂ ਮੈਂ ਸੱਚਮੁੱਚ ਆਪਣਾ ਕਰੋਧ ਦਰਸਾਵਾਂਗਾ। ਮੈਂ-ਮੈਂ ਯਹੋਵਾਹ ਹਾਂ-ਤੁਹਾਨੂੰ ਤੁਹਾਡੇ ਪਾਪਾਂ ਲਈ ਸੱਤ ਗੁਣਾ ਸਜ਼ਾ ਦਿਆਂਗਾ। 29 ਤੁਸੀਂ ਇੰਨੇ ਭੁੱਖੇ ਹੋ ਜਾਉਂਗੇ ਕਿ ਤੁਸੀਂ ਆਪਣੇ ਪੁੱਤਰਾਂ, ਧੀਆਂ ਦੇ ਸਰੀਰਾਂ ਨੂੰ ਖਾ ਜਾਉਂਗੇ। 30 ਮੈਂ ਤੁਹਾਡੀਆਂ ਉੱਚੀਆਂ ਥਾਵਾਂ ਨਸ਼ਟ ਕਰ ਦਿਆਂਗਾ ਅਤੇ ਤੁਹਾਡੀਆਂ ਧੂਪ ਦੀਆਂ ਜਗਵੇਦੀਆਂ ਚੀਰ ਸੁੱਟਾਂਗਾ। ਮੈਂ ਤੁਹਾਡੀਆਂ ਲਾਸ਼ਾਂ ਨੂੰ ਤੁਹਾਡੇ ਬੁੱਤਾਂ ਦੀਆਂ ਲਾਸ਼ਾਂ ਉੱਤੇ ਸੁੱਟ ਦਿਆਂਗਾ। ਤੁਸੀਂ ਮੇਰੇ ਲਈ ਬਹੁਤ ਘਿਰਣਾਯੋਗ ਹੋਵੋਂਗੇ। 31 ਮੈਂ ਤੁਹਾਡੇ ਸ਼ਹਿਰ ਤਬਾਹ ਕਰ ਦਿਆਂਗਾ। ਮੈਂ ਤੁਹਾਡੇ ਪਵਿੱਤਰ ਸਥਾਨਾਂ ਨੂੰ ਸਖਣੇ ਕਰ ਦਿਆਂਗਾ। ਮੈਂ ਤੁਹਾਡੀ ਭੇਟ ਦੀ ਸੁਗੰਧੀ ਲੈਣੀ ਬੰਦ ਕਰ ਦਿਆਂਗਾ। 32 ਮੈਂ ਤੁਹਾਡੀ ਧਰਤੀ ਖਾਲੀ ਕਰ ਦਿਆਂਗਾ ਅਤੇ ਤੁਹਾਡੇ ਦੁਸ਼ਮਣ ਉੱਥੇ ਆਕੇ ਰਹਿਣਗੇ, ਉਹ ਹੈਰਾਨ ਹੋ ਜਾਣਗੇ। 33 ਮੈਂ ਤੁਹਾਨੂੰ ਕੌਮਾਂ ਦਰਮਿਆਨ ਖਿੰਡਾ ਦਿਆਂਗਾ। ਮੈਂ ਆਪਣੀ ਤਲਵਾਰ ਨੂੰ ਮਿਆਨੋ ਖਿੱਚਾਂਗਾ ਅਤੇ ਤੁਹਾਨੂੰ ਨਸ਼ਟ ਕਰ ਦਿਆਂਗਾ। ਤੁਹਾਡੀ ਧਰਤੀ ਖਾਲੀ ਹੋ ਜਾਵੇਗੀ ਅਤੇ ਤੁਹਾਡੇ ਸ਼ਹਿਰ ਬਰਬਾਦ ਹੋ ਜਾਣਗੇ।

34 “ਤੁਹਾਨੂੰ ਤੁਹਾਡੇ ਦੁਸ਼ਮਣ ਦੇ ਦੇਸ਼ ਲਿਜਾਇਆ ਜਾਵੇਗਾ। ਤੁਹਾਡਾ ਦੇਸ਼ ਸੱਖਣਾ ਹੋ ਜਾਵੇਗਾ। ਇਸ ਤਰ੍ਹਾਂ ਤੁਹਾਡੀ ਧਰਤੀ ਆਖਰਕਾਰ ਆਪਣਾ ਆਰਾਮ ਹਾਸਲ ਕਰੇਗੀ। ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ। 35 ਉਸ ਸਮੇਂ ਦੌਰਾਨ, ਜਦੋਂ ਧਰਤੀ ਖਾਲੀ ਹੋਵੇਗੀ, ਇਸ ਨੂੰ ਆਪਣੇ ਅਰਾਮ ਦਾ ਸਮਾਂ ਮਿਲੇਗਾ ਜਿਹੜੀ ਤੁਸੀਂ ਉੱਥੇ ਰਹਿੰਦਿਆਂ ਹੋਇਆਂ ਇਸ ਨੂੰ ਨਹੀਂ ਦਿੱਤਾ ਸੀ। 36 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੀ ਧਰਤੀ ਤੇ ਆਪਣੀ ਆਤਮ ਵਿਸ਼ਵਾਸ ਹਾਰ ਜਾਣਗੇ ਅਤੇ ਉਹ ਹਰ ਚੀਜ਼ ਤੋਂ ਡਰਨਗੇ। ਹਵਾ ਦੁਆਰਾ ਉਡਾਏ ਹੋਏ ਪੱਤੇ ਦੀ ਅਵਾਜ਼ ਵੀ ਉਨ੍ਹਾਂ ਨੂੰ ਡਰਾ ਦੇਵੇਗੀ। ਉਹ ਭੱਜਣਗੇ ਅਤੇ ਡਿੱਗ ਪੈਣਗੇ ਜਿਵੇਂ ਕੋਈ ਤਲਵਾਰ ਲੈ ਕੇ ਉਨ੍ਹਾਂ ਦੇ ਪਿੱਛੇ ਪਿਆ ਹੋਵੇ ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ। 37 ਉਹ ਇੱਕ ਦੂਜੇ ਉੱਤੇ ਡਿੱਗਣਗੇ ਜਿਵੇਂ ਕਿ ਤਲਵਾਰ ਤੋਂ ਬਚ ਰਹੇ ਹੋਣ-ਭਾਵੇਂ ਕੋਈ ਵੀ ਉਨ੍ਹਾਂ ਨੂੰ ਨਹੀਂ ਭਜਾ ਰਿਹਾ ਹੋਵੇਗਾ।

“ਤੁਸੀਂ ਆਪਣੇ ਦੁਸ਼ਮਣਾਂ ਦੇ ਵਿਰੁੱਧ ਖਲੋ ਸੱਕਣ ਜਿੰਨੇ ਵੀ ਤਾਕਤਵਰ ਨਹੀਂ ਹੋਵੋਂਗੇ। 38 ਤੁਸੀਂ ਦੂਸਰੀਆਂ ਕੌਮਾਂ ਵਿੱਚ ਗੁਆਚ ਜਾਵੋਂਗੇ। ਤੁਸੀਂ ਆਪਣੇ ਦੁਸ਼ਮਣਾਂ ਦੀ ਧਰਤੀ ਅੰਦਰ ਗਾਇਬ ਹੋ ਜਾਵੋਂਗੇ। 39 ਬਚੇ ਹੋਏ ਲੋਕ ਆਪਣੇ ਦੁਸ਼ਮਣਾਂ ਦੇ ਦੇਸ਼ਾਂ ਅੰਦਰ ਆਪਣੇ ਪਾਪਾਂ ਕਾਰਣ ਸੜ ਜਾਣਗੇ। ਉਹ ਆਪਣੇ ਪੁਰਖਿਆਂ ਦੇ ਪਾਪਾਂ ਕਾਰਣ ਸੜ ਜਾਣਗੇ। [b]

ਉਮੀਦ ਹਮੇਸ਼ਾ ਰਹਿੰਦੀ ਹੈ

40 “ਪਰ ਹੋ ਸੱਕਦਾ ਹੈ ਕਿ ਲੋਕ ਆਪਣੇ ਪਾਪਾਂ ਦਾ ਇਕਰਾਰ ਕਰ ਲੈਣ। ਅਤੇ ਹੋ ਸੱਕਦਾ ਹੈ ਕਿ ਉਹ ਆਪਣੇ ਪੁਰਖਿਆਂ ਦੇ ਪਾਪਾਂ ਨੂੰ ਵੀ ਕਬੂਲ ਲੈਣ ਕਿ ਉਹ ਮੇਰੇ ਵੱਲ ਬੇਵਫ਼ਾ ਸਨ ਅਤੇ ਹੋ ਸੱਕਦਾ ਹੈ ਕਿ ਉਹ ਮੰਨ ਲੈਣ ਕਿ ਉਹ ਮੇਰੇ ਖਿਲਾਫ਼ ਸਨ। 41 ਹੋ ਸੱਕਦਾ ਹੈ ਕਿ ਉਹ ਮੰਨ ਲੈਣ ਕਿ ਮੈਂ ਉਨ੍ਹਾਂ ਦੇ ਵਿਰੁੱਧ ਹੋ ਗਿਆ ਸਾਂ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੀ ਧਰਤੀ ਅੰਦਰ ਲੈ ਆਇਆ ਸਾਂ। ਪਰ ਹੋ ਸੱਕਦਾ ਹੈ ਕਿ ਉਹ ਨਿਮਾਣੇ ਬਣ ਜਾਣ ਅਤੇ ਆਪਣੇ ਪਾਪਾਂ ਦੀ ਸਜ਼ਾ ਨੂੰ ਪ੍ਰਵਾਨ ਕਰ ਲੈਣ। 42 ਜੇ ਉਹ ਅਜਿਹਾ ਕਰਨਗੇ, ਮੈਂ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ, ਇਸਹਾਕ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਅਤੇ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰਨਾਮੇ ਨੂੰ ਚੇਤੇ ਕਰਾਂਗਾ। ਅਤੇ ਮੈਂ ਧਰਤੀ ਨੂੰ ਚੇਤੇ ਕਰਾਂਗਾ।

43 “ਧਰਤੀ ਉਨ੍ਹਾਂ (ਲੋਕਾਂ) ਤੋਂ ਖਾਲੀ ਹੋਵੇਗੀ ਅਤੇ ਧਰਤੀ ਆਪਣੇ ਆਰਾਮ ਦੇ ਸਮੇਂ ਨੂੰ ਮਾਣੇਗੀ। ਫ਼ੇਰ ਬਚੇ ਹੋਏ ਲੋਕ ਆਪਣੇ ਪਾਪਾਂ ਦੀ ਸਜ਼ਾ ਪ੍ਰਵਾਨ ਕਰ ਲੈਣਗੇ। ਉਨ੍ਹਾਂ ਨੂੰ ਪਤਾ ਲੱਗ ਜਾਵੇਗਾ ਕਿ ਉਨ੍ਹਾਂ ਨੂੰ ਇਸ ਲਈ ਸਜ਼ਾ ਮਿਲੀ ਸੀ ਕਿਉਂਕਿ ਉਨ੍ਹਾਂ ਨੇ ਮੇਰੇ ਕਨੂੰਨਾਂ ਨੂੰ ਨਫ਼ਰਤ ਕੀਤੀ ਸੀ ਅਤੇ ਮੇਰੀਆਂ ਬਿਧੀਆਂ ਨੂੰ ਮੰਨਣ ਤੋਂ ਇਨਕਾਰ ਕੀਤਾ ਸੀ। 44 ਪਰ ਉਨ੍ਹਾਂ ਨੇ ਇਹ ਸਭ ਕਰਨ ਤੋਂ ਬਾਦ ਵੀ, ਜਦੋਂ ਉਹ ਆਪਣੇ ਦੁਸ਼ਮਣ ਦੀ ਧਰਤੀ ਵਿੱਚ ਹੋਣਗੇ, ਮੈਂ ਉਨ੍ਹਾਂ ਨੂੰ ਨਾਮਂਜ਼ੂਰ ਨਹੀਂ ਕਰਾਂਗਾ। ਮੈਂ ਉਨ੍ਹਾਂ ਨੂੰ ਨਫ਼ਰਤ ਨਹੀਂ ਕਰਾਂਗਾ ਅਤੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਨਹੀਂ ਕਰਾਂਗਾ। ਮੈਂ ਉਨ੍ਹਾਂ ਨਾਲ ਆਪਣਾ ਇਕਰਾਰਨਾਮਾ ਨਹੀਂ ਤੋੜਾਂਗਾ। ਕਿਉਂਕਿ ਮੈਂ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਹਾਂ। 45 ਉਨ੍ਹਾਂ ਲਈ, ਮੈਂ ਉਨ੍ਹਾਂ ਦੇ ਪੁਰਖਿਆਂ ਨਾਲ ਕੀਤਾ ਇਕਰਾਰਨਾਮਾ ਚੇਤੇ ਕਰਾਂਗਾ। ਮੈਂ ਉਨ੍ਹਾਂ ਦੇ ਪੁਰਖਿਆਂ ਨੂੰ ਮਿਸਰ ਤੋਂ ਬਾਹਰ ਲੈ ਕੇ ਆਇਆ ਤਾਂ ਜੋ ਉਨ੍ਹਾਂ ਦਾ ਪਰਮੇਸ਼ੁਰ ਬਣ ਸੱਕਾਂ। ਹੋਰਨਾਂ ਕੌਮਾਂ ਨੇ ਇਹ ਚੀਜ਼ਾਂ ਦੇਖੀਆਂ। ਮੈਂ ਯਹੋਵਾਹ ਹਾਂ।”

46 ਇਹ ਉਹ ਬਿਧੀਆਂ, ਨਿਆਵਾਂ ਅਤੇ ਬਿਵਸਥਾ ਹਨ ਜਿਹੜੀਆਂ ਯਹੋਵਾਹ ਨੇ ਆਪਣੇ ਅਤੇ ਇਸਰਾਏਲ ਦੇ ਲੋਕਾਂ ਦਰਮਿਆਨ ਸਥਾਪਿਤ ਕੀਤੀਆਂ। ਯਹੋਵਾਹ ਨੇ ਇਹ ਬਿਧੀਆਂ ਮੂਸਾ ਨੂੰ ਸੀਨਈ ਪਰਬਤ ਉੱਤੇ ਦਿੱਤੀਆਂ ਅਤੇ ਮੂਸਾ ਨੇ ਇਨ੍ਹਾਂ ਨੂੰ ਲੋਕਾਂ ਨੂੰ ਦਿੱਤਾ।

ਇਕਰਾਰ ਜ਼ਰੂਰੀ ਹਨ

27 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਲਏਲ ਦੇ ਲੋਕਾਂ ਨੂੰ ਆਖ; ਜੇਕਰ ਕੋਈ ਵਿਅਕਤੀ ਯਹੋਵਾਹ ਨੂੰ ਇੱਕ ਵਿਅਕਤੀ ਨੂੰ ਅਰਪਨ ਕਰਨ ਦੀ ਖਾਸ ਸੌਂਹ ਖਾਂਦਾ ਹੈ, ਤਾਂ ਜਾਜਕ ਨੂੰ ਉਸ ਵਿਅਕਤੀ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਵੀਹ ਤੋਂ ਸੱਠ ਸਾਲ ਦੀ ਉਮਰ ਦੇ ਆਦਮੀ ਦੀ ਕੀਮਤ ਚਾਂਦੀ ਦੇ 50 ਸ਼ੈਕਲ ਹਨ। (ਤੁਹਾਨੂੰ ਚਾਂਦੀ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ।) ਔਰਤ ਦੀ ਕੀਮਤ ਜਿਹੜੀ 20 ਤੋਂ 60 ਸਾਲ ਦੀ ਹੈ ਤੀਹ ਸ਼ੈਕਲ ਹੈ। ਪੰਜ ਤੋਂ 30 ਸਾਲ ਦੀ ਉਮਰ ਦੇ ਆਦਮੀ ਦੀ ਕੀਮਤ 20 ਸ਼ੈਕਲ ਹੈ। 5 ਤੋਂ 20 ਸਾਲ ਦੀ ਉਮਰ ਦੀ ਔਰਤ ਦੀ ਕੀਮਤ 10 ਸ਼ੈਕਲ ਹੈ। ਇੱਕ ਮਹੀਨੇ ਤੋਂ ਲੈ ਕੇ 5 ਸਾਲ ਦੇ ਮੁੰਡੇ ਦੀ ਕੀਮਤ 5 ਸ਼ੈਕਲ ਹੈ। ਇੱਕ ਮਹੀਨੇ ਤੋਂ ਲੈ ਕੇ 5 ਸਾਲਾਂ ਦੀ ਕੁੜੀ ਦੀ ਕੀਮਤ 3 ਸ਼ੈਕਲ ਹੈ। ਉਸ ਆਦਮੀ ਦੀ ਕੀਮਤ ਜਿਹੜਾ 60 ਸਾਲ ਜਾਂ ਇਸਤੋਂ ਵਡੇਰੀ ਉਮਰ ਦਾ ਹੈ, 15 ਸ਼ੈਕਲ ਹੈ। ਔਰਤ ਦੀ ਕੀਮਤ 10 ਸ਼ੈਕਲ ਹੈ।

“ਜੇ ਕੋਈ ਬੰਦਾ ਗਰੀਬੀ ਕਾਰਣ ਕੀਮਤ ਨਹੀਂ ਦੇ ਸੱਕਦਾ, ਉਹ (ਜਿਸ ਵਿਅਕਤੀ ਨੇ ਇਕਰਾਰ ਕੀਤਾ ਸੀ) ਉਸ ਵਿਅਕਤੀ ਨੂੰ ਜਾਜਕ ਕੋਲ ਲੈ ਕੇ ਆਵੇ ਜਿਸ ਨੂੰ ਉਸ ਨੇ ਯਹੋਵਾਹ ਲਈ ਸਮਰਪਿਤ ਕੀਤਾ ਸੀ। ਜਾਜਕ ਨਿਆਂ ਕਰੇਗਾ ਕਿ ਉਸ ਬੰਦੇ ਨੂੰ ਕਿੰਨੇ ਪੈਸੇ ਦੇਣੇ ਚਾਹੀਦੇ ਹਨ।

ਯਹੋਵਾਹ ਲਈ ਸੁਗਾਤਾਂ

“ਜੇ ਕੋਈ ਵਿਅਕਤੀ ਇੱਕ ਜਾਨਵਰ ਨੂੰ ਯਹੋਵਾਹ ਨੂੰ ਦੇਣ ਦਾ ਇਕਰਾਰ ਕਰਦਾ ਹੈ, ਕੋਈ ਵੀ ਜਾਨਵਰ ਜੋ ਉਹ ਵਿਅਕਤੀ ਦੇਵੇਗਾ ਪਵਿੱਤਰ ਹੋ ਜਾਵੇਗਾ। 10 ਉਸ ਨੂੰ ਕੋਈ ਹੋਰ ਜਾਨਵਰ ਚੜ੍ਹਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਉਸ ਨੂੰ ਕਿਸੇ ਬੁਰੇ ਜਾਨਵਰ ਨੂੰ ਚੰਗੇ ਜਾਨਵਰ ਨਾਲ ਬਦਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਜੇ ਉਹ ਜਾਨਵਰਾਂ ਨੂੰ ਬਦਲਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਦੋਵੇਂ ਜਾਨਵਰ ਪਵਿੱਤਰ ਹੋ ਜਾਣਗੇ।

11 “ਕੁਝ ਜਾਨਵਰਾਂ ਨੂੰ ਯਹੋਵਾਹ ਨੂੰ ਬਲੀ ਵਜੋਂ ਨਹੀਂ ਚੜ੍ਹਾਇਆ ਜਾ ਸੱਕਦਾ। ਜੇ ਕੋਈ ਬੰਦਾ ਅਜਿਹੇ ਪਲੀਤ ਜਾਨਵਰ ਨੂੰ ਯਹੋਵਾਹ ਨੂੰ ਦਿੰਦਾ ਹੈ, ਉਸ ਜਾਨਵਰ ਨੂੰ ਜਾਜਕ ਕੋਲ ਲਿਆਂਦਾ ਜਾਣਾ ਚਾਹੀਦਾ ਹੈ। 12 ਜਾਜਕ ਉਸ ਜਾਨਵਰ ਦੀ ਕੀਮਤ ਨਿਰਧਾਰਿਤ ਕਰੇਗਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਜਾਨਵਰ ਚੰਗਾ ਹੈ ਜਾਂ ਬੁਰਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਇਹ ਉਸ ਜਾਨਵਰ ਦੀ ਕੀਮਤ ਹੋਵੇਗੀ, 13 ਜੇ ਉਹ ਬੰਦਾ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ ਤਾਂ ਕੀਮਤ ਦਾ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ।

ਮਕਾਨ ਦੀ ਕੀਮਤ

14 “ਹੁਣ ਜੇ ਕੋਈ ਬੰਦਾ ਆਪਣੇ ਮਕਾਨ ਨੂੰ ਪਵਿੱਤਰ ਜਾਣ ਕੇ ਯਹੋਵਾਹ ਲਈ ਸਮਰਪਿਤ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮਕਾਨ ਚੰਗਾ ਹੈ ਜਾਂ ਮਾੜਾ। ਜਦੋਂ ਜਾਜਕ ਕੀਮਤ ਨਿਰਧਾਰਿਤ ਕਰ ਦੇਵੇ, ਤਾਂ ਇਹ ਮਕਾਨ ਦੀ ਕੀਮਤ ਹੋਵੇਗੀ। 15 ਪਰ ਜੇ ਕੋਈ ਬੰਦਾ ਜਿਹੜਾ ਮਕਾਨ ਦਿੰਦਾ ਹੈ ਇਸ ਨੂੰ ਵਾਪਸ ਚਾਹੁੰਦਾ ਹੈ, ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਫ਼ੇਰ ਉਹ ਮਕਾਨ ਉਸ ਬੰਦੇ ਦਾ ਹੋਵੇਗਾ।

ਜੈਦਾਦ ਕੀ ਕੀਮਤ

16 “ਜੇ ਕੋਈ ਬੰਦਾ ਆਪਣੇ ਖੇਤਾਂ ਦਾ ਹਿੱਸਾ ਪਵਿੱਤਰ ਜਾਣਕੇ ਯਹੋਵਾਹ ਨੂੰ ਸਮਰਪਿਤ ਕਰਦਾ ਹੈ, ਇਸਦੀ ਕੀਮਤ ਇਸ ਗੱਲ ਤੇ ਨਿਰਭਰ ਕਰਦੀ ਹੈ ਕਿ ਇਸ ਨੂੰ ਬੀਜਣ ਲਈ ਕਿੰਨਾ ਬੀਜ ਲੋੜੀਂਦਾ ਹੈ। ਚਾਂਦੀ ਦੇ 50 ਸ਼ੈਕਲ ਜੌਆਂ ਦੇ ਬੀਜਾਂ ਦੇ ਹਰੇਕ ਹੋਮਰ ਲਈ ਲੋੜੀਂਦੇ ਹੋਣਗੇ। 17 ਜੇ ਉਹ ਬੰਦਾ ਆਪਣਾ ਖੇਤ ਪਰਮੇਸ਼ੁਰ ਨੂੰ ਜੁਬਲੀ ਵਰ੍ਹੇ ਵਿੱਚ ਦਾਨ ਕਰ ਦਿੰਦਾ ਹੈ, ਇਸਦੀ ਕੀਮਤ ਉਹੀ ਹੋਵੇਗੀ ਜੋ ਜਾਜਕ ਨਿਰਧਾਰਿਤ ਕਰੇਗਾ। 18 ਪਰ ਜੇ ਉਹ ਆਪਣਾ ਖੇਤ ਪਵਿੱਤਰ ਜਾਣਕੇ ਜੁਬਲੀ ਵਰ੍ਹੇ ਤੋਂ ਮਗਰੋਂ ਦਾਨ ਕਰਦਾ ਹੈ, ਜਾਜਕ ਨੂੰ ਇਸਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਉਸ ਨੂੰ ਅਗਲੇ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਕੀਮਤ ਦਾ ਹਿਸਾਬ ਲਾਉਣ ਲਈ ਉਸ ਗਿਣਤੀ ਦੀ ਵਰਤੋਂ ਕਰਨੀ ਚਾਹੀਦੀ ਹੈ। 19 ਜੇਕਰ ਉਹ ਵਿਅਕਤੀ, ਜਿਸਨੇ ਖੇਤ ਦਾਨ ਕੀਤਾ ਹੈ, ਇਸ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਇਸ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ, ਤਾਂ ਉਹ ਖੇਤ ਫ਼ੇਰ ਉਸੇ ਦਾ ਹੋ ਜਾਵੇਗਾ। 20 ਜੇ ਉਹ ਖੇਤ ਨੂੰ ਵਾਪਸ ਨਹੀਂ ਖਰੀਦਦਾ ਪਰ ਇਸ ਨੂੰ ਕਿਸੇ ਹੋਰ ਆਦਮੀ ਨੂੰ ਵੇਚ ਦਿੰਦਾ ਹੈ, ਤਾਂ ਇਸਦਾ ਅਸਲੀ ਮਾਲਕ ਇਸ ਨੂੰ ਵਾਪਸ ਨਹੀਂ ਖਰੀਦ ਸੱਕਦਾ। 21 ਜਦੋਂ ਜੁਬਲੀ ਵਰ੍ਹਾ ਆਵੇਗਾ, ਉਹ ਖੇਤ ਯਹੋਵਾਹ ਲਈ ਪਵਿੱਤਰ ਹੋ ਜਾਵੇਗਾ-ਇਹ ਜਾਜਕ ਦਾ ਹੋਵੇਗਾ। ਇਹ ਯਹੋਵਾਹ ਨੂੰ ਸਮਰਪਿਤ ਕੀਤੀ ਜ਼ਮੀਨ ਵਾਂਗ ਹੈ।

22 “ਜੇ ਕੋਈ ਬੰਦਾ ਯਹੋਵਾਹ ਨੂੰ ਕੋਈ ਅਜਿਹਾ ਖੇਤ ਸਮਰਪਿਤ ਕਰਦਾ ਹੈ ਜਿਹੜਾ ਉਸ ਨੇ ਖਰੀਦਿਆ ਸੀ, ਅਤੇ ਇਹ ਉਸਦੀ ਪਰਿਵਾਰਿਕ ਜਾਇਦਾਦ ਦਾ ਹਿੱਸਾ ਨਹੀਂ ਸੀ, 23 ਤਾਂ ਜਾਜਕ ਨੂੰ ਜੁਬਲੀ ਵਰ੍ਹੇ ਤੱਕ ਦੇ ਸਾਲ ਗਿਨਣੇ ਚਾਹੀਦੇ ਹਨ ਅਤੇ ਜ਼ਮੀਨ ਦੀ ਕੀਮਤ ਨਿਰਧਾਰਿਤ ਕਰਨੀ ਚਾਹੀਦੀ ਹੈ। ਫ਼ੇਰ ਉਸ ਵਿਅਕਤੀ ਨੂੰ ਪੈਸਿਆਂ ਦੀ ਉਹ ਰਕਮ ਉਸ ਦਿਨ ਦੇਣੀ ਚਾਹੀਦੀ ਹੈ। ਉਹ ਪੈਸੇ ਯਹੋਵਾਹ ਲਈ ਪਵਿੱਤਰ ਹੋਣਗੇ। 24 ਜੁਬਲੀ ਵਰ੍ਹੇ ਉੱਤੇ ਜ਼ਮੀਨ ਮੁੱਢਲੇ ਮਾਲਕ ਕੋਲ ਚਲੀ ਜਾਵੇਗੀ। ਇਹ ਉਸ ਪਰਿਵਾਰ ਕੋਲ ਵਾਪਸ ਚਲੀ ਜਾਵੇਗੀ ਜਿਹੜਾ ਜ਼ਮੀਨ ਦਾ ਮਾਲਕ ਹੈ।

25 “ਤੁਹਾਨੂੰ ਕੀਮਤ ਅਦਾ ਕਰਨ ਲਈ ਸਰਕਾਰੀ ਮਾਪ ਦੀ ਵਰਤੋਂ ਕਰਨੀ ਚਾਹੀਦੀ ਹੈ। ਉਸ ਨਾਪ ਅਨੁਸਾਰ ਇੱਕ ਸ਼ੈਕਲ ਦਾ ਵਜ਼ਨ ਵੀਹ ਗੇਰਾਹ ਹੈ।

ਜਾਨਵਰਾਂ ਦੀ ਕੀਮਤ

26 “ਲੋਕ ਗ਼ਾਵਾਂ ਅਤੇ ਭੇਡਾਂ ਨੂੰ ਖਾਸ ਸੁਗਾਤਾਂ ਵਜੋਂ ਯਹੋਵਾਹ ਨੂੰ ਦੇ ਸੱਕਦੇ ਹਨ। ਪਰ ਜੇ ਜਾਨਵਰ ਪਹਿਲੋਠਾ ਹੈ ਤਾਂ ਜਾਨਵਰ ਪਹਿਲਾਂ ਹੀ ਯਹੋਵਾਹ ਦਾ ਹੈ। ਇਸ ਲਈ ਲੋਕ ਇਨ੍ਹਾਂ ਜਾਨਵਰਾਂ ਨੂੰ ਖਾਸ ਸੁਗਾਤ ਦੇ ਤੌਰ ਤੇ ਨਹੀਂ ਦੇ ਸੱਕਦੇ। 27 ਲੋਕ ਪਲੀਤ ਜਾਨਵਰਾਂ ਦੇ ਪਲੋਠਿਆਂ ਨੂੰ ਯਹੋਵਾਹ ਨੂੰ ਭੇਟ ਕਰਨ। ਜੇ ਉਹ ਉਸ ਜਾਨਵਰ ਨੂੰ ਵਾਪਸ ਖਰੀਦਣਾ ਚਾਹੁੰਦਾ ਹੈ, ਉਸ ਨੂੰ ਕੀਮਤ ਅਦਾ ਕਰਨੀ ਚਾਹੀਦੀ ਹੈ ਅਤੇ ਇਸ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਜੇ ਉਹ ਉਸ ਜਾਨਵਰ ਨੂੰ ਵਾਪਸ ਨਹੀਂ ਖਰੀਦਦਾ, ਜਾਜਕ ਉਸ ਜਾਨਵਰ ਨੂੰ ਉਸਦੀ ਨਿਰਧਾਇਰ ਕੀਮਤ ਤੇ ਵੇਚ ਸੱਕੇਗਾ।

ਖਾਸ ਸੁਗਾਤਾਂ

28 “ਇੱਕ ਖਾਸ ਕਿਸਮ ਦੀ ਸੁਗਾਤ ਹੈ ਜਿਹੜੀ ਲੋਕ ਪੂਰੀ ਤਰ੍ਹਾਂ ਯਹੋਵਾਹ ਨੂੰ ਦਿੰਦੇ ਹਨ। ਇਸ ਸੁਗਾਤ ਨੂੰ ਵਾਪਸ ਖਰੀਦਿਆ ਜਾਂ ਵੇਚਿਆ ਨਹੀਂ ਜਾ ਸੱਕਦਾ। ਇਸ ਤਰ੍ਹਾਂ ਦੀ ਸੁਗਾਤ ਯਹੋਵਾਹ ਦੀ ਹੈ। ਇਹ ਅੱਤ ਪਵਿੱਤਰ ਹੈ। ਇਸ ਤਰ੍ਹਾਂ ਦੀ ਸੁਗਾਤ ਵਿੱਚ ਲੋਕੀ,ਜਾਨਵਰ ਅਤੇ ਪਰਿਵਾਰਿਕ ਜੈਦਾਦ ਦੇ ਖੇਤ ਸ਼ਾਮਿਲ ਹਨ। 29 ਜੇ ਯਹੋਵਾਹ ਲਈ ਉਸ ਖਾਸ ਕਿਸਮ ਦੀ ਸੁਗਾਤ ਕੋਈ ਬੰਦਾ ਹੈ ਤਾਂ ਉਸ ਬੰਦੇ ਨੂੰ ਵਾਪਸ ਨਹੀਂ ਖਰੀਦਿਆ ਜਾ ਸੱਕਦਾ। ਉਸ ਬੰਦੇ ਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ।

30 “ਸਾਰੀਆਂ ਫ਼ਸਲਾਂ ਦਾ ਅਤੇ ਰੁੱਖਾਂ ਦੇ ਫ਼ਲਾਂ ਦਾ ਦਸਵਾਂ ਹਿੱਸਾ ਯਹੋਵਾਹ ਦਾ ਹੈ। ਇਹ ਯਹੋਵਾਹ ਲਈ ਪਵਿੱਤਰ ਹੈ। 31 ਇਸ ਲਈ ਜੇ ਕੋਈ ਬੰਦਾ ਆਪਣਾ ਦਸਵੰਧ ਵਾਪਸ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਇਸਦੀ ਕੀਮਤ ਵਿੱਚ ਪੰਜਵਾਂ ਹਿੱਸਾ ਹੋਰ ਜੋੜਨਾ ਚਾਹੀਦਾ ਹੈ। ਅਤੇ ਫ਼ੇਰ ਇਸ ਨੂੰ ਵਾਪਸ ਖਰੀਦਣਾ ਚਾਹੀਦਾ ਹੈ।

32 “ਵੱਗ ਅਤੇ ਇੱਜੜ ਦਾ ਦਸਵੰਧ, ਅਯਾਲੀ ਦੁਆਰਾ ਰੱਖਿਆ ਹੋਇਆ ਕੋਈ ਜਾਨਵਰ ਯਹੋਵਾਹ ਲਈ ਪਵਿੱਤਰ ਹੋਵੇਗਾ। 33 ਮਾਲਕ ਨੂੰ ਚਿੰਤਾ ਨਹੀਂ ਕਰਨੀ ਚਾਹੀਦੀ ਕਿ ਚੁਣਿਆ ਹੋਇਆ ਜਾਨਵਰ ਚੰਗਾ ਹੈ ਜਾਂ ਮਾੜਾ। ਉਸ ਨੂੰ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਨਹੀਂ ਬਦਲਣਾ ਚਾਹੀਦਾ। ਜੇ ਉਹ ਇਸ ਨੂੰ ਕਿਸੇ ਹੋਰ ਜਾਨਵਰ ਨਾਲ ਬਦਲਣ ਦਾ ਨਿਆਂ ਕਰਦਾ ਹੈ ਤਾਂ ਦੋਵੇਂ ਜਾਨਵਰ ਪਵਿੱਤਰ ਹੋਣਗੇ। ਉਹ ਜਾਨਵਰ ਵਾਪਸ ਨਹੀਂ ਖਰੀਦਿਆ ਜਾ ਸੱਕਦਾ।”

34 ਇਹ ਉਹ ਹੁਕਮ ਹਨ ਜਿਹੜੇ ਯਹੋਵਾਹ ਨੇ ਮੂਸਾ ਨੂੰ ਸੀਨਾ ਪਰਬਤ ਉੱਤੇ ਇਸਰਾਏਲ ਦੇ ਲੋਕਾਂ ਲਈ ਦਿੱਤੇ।

Punjabi Bible: Easy-to-Read Version (ERV-PA)

2010 by World Bible Translation Center