Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
ਬਿਵਸਥਾ ਸਾਰ 24-27

24 “ਹੋ ਸੱਕਦਾ ਹੈ ਕੋਈ ਬੰਦਾ ਕਿਸੇ ਔਰਤ ਨਾਲ ਸ਼ਾਦੀ ਕਰੇ ਅਤੇ ਬਾਦ ਵਿੱਚ ਉਸ ਨੂੰ ਉਸ ਦੇ ਬਾਰੇ ਕਿਸੇ ਅਜਿਹੀ ਗੁਪਤ ਗੱਲ ਦਾ ਪਤਾ ਲੱਗੇ ਜਿਸ ਨੂੰ ਉਹ ਪਸੰਦ ਨਹੀਂ ਕਰਦਾ। ਜੇ ਉਹ ਬੰਦਾ ਉਸ ਨਾਲ ਪ੍ਰਸੰਨ ਨਹੀਂ ਹੈ ਤਾਂ ਉਸ ਨੂੰ ਤਲਾਕ ਦੇ ਕਾਗਜ਼ ਤਿਆਰ ਕਰਕੇ ਉਸ ਨੂੰ ਦੇਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਘਰ ਤੋਂ ਬਾਹਰ ਭੇਜ ਦੇਣਾ ਚਾਹੀਦਾ ਹੈ। ਜਦੋਂ ਉਹ ਉਸਦਾ ਘਰ ਛੱਡ ਜਾਵੇ, ਉਹ ਜਾਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਸੱਕਦੀ ਹੈ। ਪਰ ਫ਼ਰਜ਼ ਕਰੋ, ਅਗਲਾ ਪਤੀ ਵੀ ਉਸ ਨੂੰ ਪਸੰਦ ਨਹੀਂ ਕਰਦਾ, ਉਸ ਨੂੰ ਤਲਾਕ ਦੇ ਕਾਗਜ਼ਾਤ ਤਿਆਰ ਕਰਕੇ ਉਸ ਨੂੰ ਦੇ ਦੇਣੇ ਚਾਹੀਦੇ ਹਨ। ਫ਼ੇਰ ਬੰਦੇ ਨੂੰ ਉਸ ਨੂੰ ਆਪਣੇ ਘਰੋਂ ਬਾਹਰ ਭੇਜ ਦੇਣਾ ਚਾਹੀਦਾ ਹੈ। ਜੇ ਉਹ ਆਦਮੀ ਉਸ ਨੂੰ ਤਲਾਕ ਦੇ ਦਿੰਦਾ, ਤਾਂ ਹੋ ਸੱਕਦਾ ਹੈ ਕਿ ਉਸਦਾ ਪਹਿਲਾ ਪਤੀ ਉਸ ਨੂੰ ਫ਼ਿਰ ਤੋਂ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਜਾਂ ਜੇ ਨਵਾਂ ਪਤੀ ਮਰ ਜਾਵੇ, ਤਾਂ ਹੋ ਸੱਕਦਾ ਹੈ ਕਿ ਪਹਿਲਾ ਪਤੀ ਉਸ ਨੂੰ ਦੋਬਾਰਾ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਉਹ ਪਲੀਤ ਹੋ ਚੁੱਕੀ ਹੈ, ਅਤੇ ਜੇ ਉਸ ਨੇ ਉਸ ਨਾਲ ਫ਼ੇਰ ਵਿਆਹ ਕੀਤਾ, ਉਹ ਕੁਝ ਅਜਿਹਾ ਕਰ ਰਿਹਾ ਹੋਵੇਗਾ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਤੁਹਾਨੂੰ ਉਸ ਧਰਤੀ ਨੂੰ ਪਾਪ ਦੀ ਦੋਸ਼ੀ ਨਹੀਂ ਬਨਾਉਣਾ ਚਾਹੀਦਾ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।

“ਜਦੋਂ ਕਿਸੇ ਬੰਦੇ ਨੇ ਨਵਾਂ-ਨਵਾਂ ਵਿਆਹ ਕਰਵਾਇਆ ਹੋਵੇ ਤਾਂ ਉਸ ਨੂੰ ਫ਼ੌਜ ਵਿੱਚ ਨਹੀਂ ਭੇਜਣਾ ਚਾਹੀਦਾ। ਉਸ ਨੂੰ ਕੋਈ ਹੋਰ ਖਾਸ ਕੰਮ ਨਹੀਂ ਦੇਣਾ ਚਾਹੀਦਾ। ਇੱਕ ਸਾਲ ਤੱਕ ਉਸ ਨੂੰ ਆਜ਼ਾਦੀ ਨਾਲ ਘਰ ਰਹਿਣ ਦੇਣਾ ਚਾਹੀਦਾ ਹੈ ਅਤੇ ਨਵੀਂ ਵਿਆਹੀ ਪਤਨੀ ਨੂੰ ਪ੍ਰਸੰਨ ਕਰਨ ਦੇਣਾ ਚਾਹੀਦਾ ਹੈ।

“ਜਦੋਂ ਤੁਸੀਂ ਕਿਸੇ ਬੰਦੇ ਨੂੰ ਕਰਜ਼ਾ ਦਿਉ, ਤਾਂ ਤੁਹਾਨੂੰ ਉਸਦੀ ਆਟੇ ਦੀ ਚੱਕੀ ਦੇ ਕਿਸੇ ਹਿੱਸੇ ਨੂੰ ਜ਼ਮਾਨਤ ਵਜੋਂ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਗੱਲ ਉਸ ਪਾਸੋਂ ਭੋਜਨ ਖੋਹਣ ਵਰਗੀ ਹੋਵੇਗੀ।

“ਜੇ ਕੋਈ ਬੰਦਾ ਕਿਸੇ ਦੂਸਰੇ ਇਸਰਾਏਲੀ ਨੂੰ ਅਗਵਾ ਕਰ ਲਵੇ-ਆਪਣੇ ਹੀ ਬੰਦਿਆਂ ਵਿੱਚੋਂ ਕਿਸੇ ਨੂੰ ਅਤੇ ਉਹ ਅਗਵਾਕਾਰ ਉਸ ਬੰਦੇ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ ਜੇ ਅਜਿਹਾ ਹੋਵੇ, ਤਾਂ ਉਸ ਅਗਵਾਕਾਰ ਨੂੰ ਜ਼ਰੂਰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਮੂਹ ਵਿੱਚੋਂ ਇਹ ਬਦੀ ਦੂਰ ਕਰ ਦੇਣੀ ਚਾਹੀਦੀ ਹੈ।

“ਜੇਕਰ ਤੁਹਾਨੂੰ ਕੋਈ ਭਿਆਨਕ ਚਮੜੀ ਦਾ ਰੋਗ ਹੈ, ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਣ ਵਿੱਚ ਹੁਸ਼ਿਆਰ ਰਹਿਣਾ ਚਾਹੀਦਾ ਜਿਹੜੀਆਂ ਲੇਵੀ ਜਾਜਕ ਆਖਦੇ ਹਨ। ਉਹੀ ਕਰੋ ਜਿਸਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ। ਚੇਤੇ ਰੱਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀ ਸਲੂਕ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਸੀ।

10 “ਜਦੋਂ ਤੁਸੀਂ ਕਿਸੇ ਬੰਦੇ ਨੂੰ ਕੁਝ ਉਧਾਰ ਦੇਵੋ, ਤੁਹਾਨੂੰ ਜ਼ਮਾਨਤ ਵਜੋਂ ਕੁਝ ਲੈਣ ਲਈ ਉਸ ਦੇ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ। 11 ਤੁਹਾਨੂੰ ਬਾਹਰ ਖਲੋਣਾ ਚਾਹੀਦਾ ਹੈ। ਫ਼ੇਰ ਉਹ ਬੰਦਾ ਜਿਸ ਨੂੰ ਤੁਸੀਂ ਕਰਜ਼ਾ ਦਿੱਤਾ ਹੈ ਤੁਹਾਡੇ ਲਈ ਜ਼ਮਾਨਤ ਲੈ ਕੇ ਬਾਹਰ ਆ ਜਾਵੇਗਾ। 12 ਜੇ ਉਹ ਗਰੀਬ ਆਦਮੀ ਹੈ, ਤਾਂ ਹੋ ਸੱਕਦਾ ਹੈ ਕਿ ਉਹ ਆਪਣੇ ਕੱਪੜੇ ਹੀ ਦੇ ਦੇਵੇ ਜਿਹੜੇ ਉਸ ਨੂੰ ਨਿਘ ਦਿੰਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਉਸ ਜ਼ਮਾਨਤ ਨੂੰ ਰਾਤ ਵੇਲੇ ਨਹੀਂ ਰੱਖਣਾ। 13 ਤੁਹਾਨੂੰ ਉਹ ਜ਼ਮਾਨਤ, ਸ਼ਾਮ ਵੇਲੇ ਉਸ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਫ਼ੇਰ ਉਸ ਕੋਲ ਪਹਿਨਣ ਲਈ ਕੱਪੜੇ ਹੋਣਗੇ। ਉਹ ਤੁਹਾਡਾ ਧੰਨਵਾਦ ਕਰੇਗਾ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਸ ਨੂੰ ਧਰਮੀ ਅਮਲ ਸਮਝੇਗਾ।

14 “ਤੁਹਾਨੂੰ ਕਿਸੇ ਗਰੀਬ ਅਤੇ ਲੋੜਵੰਦ ਨੌਕਰ ਨੂੰ ਉਸਦਾ ਭਾੜਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੋਈ ਇਸਰਾਏਲੀ ਹੈ ਜਾਂ ਤੁਹਾਡੇ ਸ਼ਹਿਰ ਵਿੱਚ ਰਹਿਣ ਵਾਲਾ ਕੋਈ ਵਿਦੇਸ਼ੀ। 15 ਉਸ ਨੂੰ ਹਰ ਰੋਜ਼ ਸੂਰਜ ਛੁਪਣ ਵੇਲੇ ਉਸਦੀ ਤਨਖਾਹ ਦਿਉ। ਕਿਉਂਕਿ ਉਹ ਗਰੀਬ ਹੈ ਅਤੇ ਉਸ ਪੈਸੇ ਉੱਤੇ ਨਿਰਭਰ ਕਰਦਾ ਹੈ। ਜੇ ਤੁਸੀਂ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਯਹੋਵਾਹ ਅੱਗੇ ਤੁਹਾਡੀ ਸ਼ਿਕਾਇਤ ਕਰੇਗਾ। ਅਤੇ ਤੁਸੀਂ ਗੁਨਾਹ ਦੇ ਭਾਗੀ ਹੋਵੋਂਗੇ।

16 “ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦ੍ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਬੰਦੇ ਨੂੰ ਸਿਰਫ਼ ਉਸਦੀ ਮੰਦੀ ਕਰਨੀ ਕਾਰਣ ਹੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

17 “ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਦੇਸ਼ੀਆਂ ਅਤੇ ਯਤੀਮਾਂ ਨਾਲ ਨਿਰਪੱਖ ਸਲੂਕ ਹੋਵੇ। ਅਤੇ ਤੁਹਾਨੂੰ ਕਿਸੇ ਵਿਧਵਾ ਕੋਲੋਂ ਕਦੇ ਵੀ ਕੱਪੜਿਆਂ ਦੀ ਜ਼ਮਾਨਤ ਨਹੀਂ ਰੱਖਣੀ ਚਾਹੀਦੀ। 18 ਯਾਦ ਰੱਖੋ, ਤੁਸੀਂ ਵੀ ਮਿਸਰ ਵਿੱਚ ਗਰੀਬ ਗੁਲਾਮ ਸੀ। ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਉਸ ਥਾਂ ਤੋਂ ਕੱਢ ਕੇ ਆਜ਼ਾਦ ਕੀਤਾ ਸੀ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।

19 “ਹੋ ਸੱਕਦਾ ਹੈ ਤੁਸੀਂ ਆਪਣੇ ਖੇਤ ਦੀ ਫ਼ਸਲ ਇਕੱਠੀ ਕਰ ਰਹੇ ਹੋਵੋ ਅਤੇ ਤੁਸੀਂ ਭੁੱਲ ਭੁਲੇਖੇ ਉੱਥੇ ਕੁਝ ਅਨਾਜ ਛੱਡ ਆਵੋ। ਤੁਹਾਨੂੰ ਇਸ ਨੂੰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਇਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। ਜੇ ਤੁਸੀਂ ਉਨ੍ਹਾਂ ਲਈ ਕੁਝ ਅਨਾਜ ਛੱਡ ਦਿਉਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। 20 ਜਦੋਂ ਤੁਸੀਂ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੋ, ਤੁਹਾਨੂੰ ਟਹਿਣੀਆਂ ਦਾ ਨਿਰੀਖਣ ਕਰਨ ਲਈ ਵਾਪਸ ਨਹੀਂ ਜਾਣਾ ਚਾਹੀਦਾ। ਜਿਹੜੇ ਜ਼ੈਤੂਨ ਤੁਸੀਂ ਛੱਡ ਆਵੋਂਗੇ ਉਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। 21 ਜਦੋਂ ਤੁਸੀਂ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਤੋਂ ਅੰਗੂਰ ਇਕੱਠੇ ਕਰੋ, ਤੁਹਾਨੂੰ ਵੇਲਾਂ ਉੱਤੇ ਬਚੇ ਹੋਏ ਅੰਗੂਰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਉਹ ਅੰਗੂਰ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹਨ। 22 ਯਾਦ ਰੱਖੋ, ਤੁਸੀਂ ਮਿਸਰ ਵਿੱਚ ਗੁਲਾਮ ਸੀ। ਇਸੇ ਲਈ, ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।

25 “ਜੇਕਰ ਦੋ ਬੰਦਿਆਂ ਵਿੱਚ ਕੋਈ ਦਲੀਲਬਾਜ਼ੀ ਹੋਵੇ, ਉਨ੍ਹਾਂ ਨੂੰ ਕਚਿਹਰੀ ਵਿੱਚ ਜਾਣਾ ਚਾਹੀਦਾ ਹੈ। ਨਿਆਂਕਾਰ ਫ਼ੈਸਲਾ ਕਰਨਗੇ ਕਿ ਕੌਣ ਸਹੀ ਹੈ ਅਤੇ ਕੌਣ ਗਲਤ ਹੈ। ਜੇ ਕੋਈ ਜੱਜ ਇਹ ਨਿਆਂ ਕਰੇ ਕਿ ਕਿਸੇ ਬੰਦੇ ਨੂੰ ਕੋੜਿਆ ਦੀ ਸਜ਼ਾ ਦੇਣੀ ਚਾਹੀਦੀ ਹੈ ਤਾਂ ਉਸ ਬੰਦੇ ਨੂੰ ਪੁੱਠਾ ਲਿਟਾ ਦੇਣਾ ਚਾਹੀਦਾ ਹੈ। ਕੋਈ ਜਣਾ ਮੁਜਰਿਮ ਨੂੰ ਜੱਜ ਦੀਆਂ ਨਜ਼ਰਾ ਸਾਹਮਣੇ ਸਜ਼ਾ ਦੇਵੇਗਾ। ਉਸ ਨੂੰ ਕਿੰਨੀ ਵਾਰੀ ਸਜ਼ਾ ਦੇਣੀ ਹੈ ਇਸਦਾ ਨਿਆਂ ਉਸ ਦੇ ਜ਼ੁਰਮ ਉੱਤੇ ਨਿਰਭਰ ਕਰੇਗਾ। ਕਿਸੇ ਨੂੰ ਵੀ ਚਾਲ੍ਹੀਆਂ ਤੋਂ ਵੱਧ ਕੋੜੇ ਨਹੀਂ ਮਾਰੇ ਜਾਣੇ ਚਾਹੀਦੇ। ਜੇ ਤੁਸੀਂ ਕਿਸੇ ਨੂੰ ਚਾਲ੍ਹੀਆਂ ਤੋਂ ਵੱਧ ਕੋੜੇ ਮਾਰਦੇ ਹੋ, ਇਸਦਾ ਮਤਲਬ ਹੈ ਕਿ ਤੁਹਾਡੇ ਲਈ, ਤੁਹਾਡੇ ਗੁਆਂਢੀ ਦਾ ਜੀਵਨ ਕੋਈ ਅਰਥ ਨਹੀਂ ਰੱਖਦਾ।

“ਜਦੋਂ ਕਿਸੇ ਬਲਦ ਨੂੰ ਅਨਾਜ ਗਹੁਣ ਲਈ ਵਰਤਿਆ ਜਾਂਦਾ, ਉਸ ਨੂੰ ਅਨਾਜ ਖਾਣ ਤੋਂ ਰੋਕਣ ਲਈ ਉਸਦਾ ਮੂੰਹ ਨਹੀਂ ਬੰਨ੍ਹਿਆ ਜਾਣਾ ਚਾਹੀਦਾ।

“ਜੇ ਦੋ ਭਰਾ ਇਕੱਠੇ ਰਹਿੰਦੇ ਹੋਣ ਅਤੇ ਉਨ੍ਹਾਂ ਵਿੱਚੋਂ ਇੱਕ ਜਣਾ ਬੇਔਲਾਦਾ ਮਰ ਜਾਵੇ, ਤਾਂ ਮਰੇ ਹੋਏ ਭਰਾ ਦੀ ਪਤਨੀ ਪਰਿਵਾਰ ਤੋਂ ਬਾਹਰ ਕਿਸੇ ਅਜਨਬੀ ਨਾਲ ਨਹੀਂ ਵਿਆਹੀ ਜਾਣੀ ਚਾਹੀਦੀ। ਉਸ ਦੇ ਪਤੀ ਦੇ ਭਰਾ ਨੂੰ ਉਸ ਨਾਲ ਸ਼ਾਦੀ ਕਰਕੇ ਉਸ ਨਾਲ ਜਿਨਸੀ ਸੰਬੰਧ ਬਨਾਉਣੇ ਚਾਹੀਦੇ ਹਨ। ਉਸਦੀ ਉਸ ਵੱਲ ਇੱਕ ਦਿਉਰ ਦੀ ਜੁੰਮੇਵਾਰੀ ਹੋਣੀ ਚਾਹੀਦੀ ਹੈ। ਫ਼ੇਰ ਜਦੋਂ ਉਹ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ, ਉਹ ਬੱਚਾ ਮਰੇ ਹੋਏ ਆਦਮੀ ਦਾ ਨਾਮ ਉਚੇਰਾ ਕਰੇਗਾ। ਫ਼ੇਰ ਮਰੇ ਹੋਏ ਭਰਾ ਦਾ ਨਾਮ ਇਸਰਾਏਲ ਵਿੱਚੋਂ ਮਿਟਾਇਆ ਨਹੀਂ ਜਾਵੇਗਾ। ਜੇ ਕੋਈ ਬੰਦਾ ਆਪਣੇ ਭਰਾ ਦੀ ਵਿਧਵਾ ਨਾਲ ਸ਼ਾਦੀ ਨਾ ਕਰਾਉਣਾ ਚਾਹੇ ਤਾਂ ਭਰਾ ਦੀ ਪਤਨੀ ਨੂੰ ਕਸਬੇ ਦੀ ਸਭਾ ਵਾਲੀ ਥਾਂ ਉੱਤੇ ਆਗੂਆਂ ਕੋਲ ਜਾਣਾ ਚਾਹੀਦਾ ਹੈ। ਉਸ ਦੇ ਭਰਾ ਦੀ ਪਤਨੀ ਨੂੰ ਆਗੂਆਂ ਨੂੰ ਇਹ ਆਖਣਾ ਚਾਹੀਦਾ ਹੈ, ‘ਮੇਰੇ ਪਤੀ ਦਾ ਭਰਾ ਇਸਰਾਏਲ ਵਿੱਚ ਆਪਣੇ ਭਰਾ ਦਾ ਨਾਮ ਜਿਉਂਦਾ ਨਹੀਂ ਰੱਖਣਾ ਚਾਹੁੰਦਾ। ਉਹ ਮੇਰੇ ਪ੍ਰਤੀ ਆਪਣੇ ਪਤੀ ਦੇ ਭਰਾ ਵਾਲੇ ਫ਼ਰਜ਼ ਨਹੀਂ ਨਿਭਾਉਣਾ ਚਾਹੁੰਦਾ।’ ਤਾਂ ਫ਼ੇਰ ਸ਼ਹਿਰ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਉਸ ਬੰਦੇ ਨੂੰ ਬੁਲਾਉਣ ਅਤੇ ਉਸ ਨਾਲ ਗੱਲ ਕਰਨ। ਜੇ ਉਹ ਬੰਦਾ ਜ਼ਿੱਦੀ ਹੈ ਅਤੇ ਆਖਦਾ ਹੈ, ‘ਮੈਂ ਉਸ ਨਾਲ ਸ਼ਾਦੀ ਨਹੀਂ ਕਰਨਾ ਚਾਹੁੰਦਾ,’ ਤਾਂ ਉਸ ਦੇ ਭਰਾ ਦੀ ਪਤਨੀ ਨੂੰ ਆਗੂਆਂ ਦੇ ਸਾਹਮਣੇ ਉਸ ਦੇ ਕੋਲ ਆਉਣਾ ਚਾਹੀਦਾ ਹੈ। ਉਸ ਨੂੰ ਉਸ ਦੇ ਪੈਰੋਂ ਜੁੱਤੀ ਲਾਹ ਦੇਣੀ ਚਾਹੀਦੀ ਹੈ। ਫ਼ੇਰ ਉਸ ਨੂੰ ਚਾਹੀਦਾ ਹੈ ਕਿ ਉਸ ਦੇ ਮੂੰਹ ਉੱਤੇ ਥੁੱਕ ਦੇਵੇ। ਉਸ ਨੂੰ ਇਹ ਆਖਣਾ ਚਾਹੀਦਾ ਹੈ, ‘ਇਹ ਸਲੂਕ ਉਸ ਬੰਦੇ ਨਾਲ ਕੀਤਾ ਜਾ ਰਿਹਾ ਹੈ ਜਿਹੜਾ ਆਪਣੇ ਭਰਾ ਦੇ ਪਰਿਵਾਰ ਵਿੱਚ ਵਾਧਾ ਨਹੀਂ ਕਰਨਾ ਚਾਹੁੰਦਾ!’ 10 ਫ਼ੇਰ ਉਸ ਭਰਾ ਦਾ ਪਰਿਵਾਰ ਇਸਰਾਏਲ ਦੇ ਅਜਿਹੇ ਪਰਿਵਾਰ ਵਜੋਂ ਜਾਣਿਆ ਜਾਵੇਗਾ ‘ਜਿਸ ਪਰਿਵਾਰ ਦੇ ਬੰਦੇ ਦੀ ਜੁੱਤੀ ਉਤਰ ਗਈ ਸੀ।’

11 “ਹੋ ਸੱਕਦਾ ਹੈ ਕਿ ਦੋ ਬੰਦੇ ਆਪਸ ਵਿੱਚ ਲੜ-ਝਗੜ ਰਹੇ ਹੋਣ। ਸ਼ਾਇਦ ਇੱਕ ਆਦਮੀ ਦੀ ਪਤਨੀ ਆਪਣੇ ਪਤੀ ਦੀ ਸਹਾਇਤਾ ਕਰਨ ਲਈ ਆ ਜਾਵੇ। ਪਰ ਉਸ ਨੂੰ ਦੂਸਰੇ ਆਦਮੀ ਦੇ ਗੁਪਤ ਅੰਗਾਂ ਨੂੰ ਹੱਥ ਨਹੀਂ ਪਾਉਣਾ ਚਾਹੀਦਾ। 12 ਜੇ ਉਹ ਅਜਿਹਾ ਕਰੇ ਤਾਂ ਉਸਦਾ ਹੱਥ ਕੱਟ ਦੇਣਾ ਚਾਹੀਦਾ ਹੈ। ਉਸ ਲਈ ਅਫ਼ਸੋਸ ਕਰਨ ਦੀ ਲੋੜ ਨਹੀਂ।

13 “ਅਜਿਹੇ ਵੱਟੇ ਨਾ ਰੱਖੋ ਜਿਹੜੇ ਜਾਂ ਤਾਂ ਬਹੁਤੇ ਹਲਕੇ ਹੋਣ ਜਾਂ ਬਹੁਤੇ ਭਾਰੇ ਹੋਣ। 14 ਆਪਣੇ ਘਰ ਵਿੱਚ ਅਜਿਹੇ ਵੱਟੇ ਵੀ ਨਾ ਰੱਖੋ ਜਿਹੜੇ ਜਾਂ ਤਾਂ ਬਹੁਤ ਵੱਡੇ ਹੋਣ ਜਾਂ ਬਹੁਤ ਛੋਟੇ ਹੋਣ। 15 ਤੁਹਾਨੂੰ ਉਹੀ ਨਾਪ-ਤੋਂਲ ਇਸਤੇਮਾਲ ਕਰਨੇ ਚਾਹੀਦੇ ਹਨ ਜਿਹੜੇ ਸੱਚੇ ਅਤੇ ਸਹੀ ਹਨ। ਫ਼ੇਰ ਤੁਸੀਂ ਉਸ ਧਰਤੀ ਉੱਤੇ ਲੰਮਾ ਸਮਾ ਜੀਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। 16 ਯਹੋਵਾਹ, ਤੁਹਾਡਾ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਨਾਪ-ਤੋਲ ਵਿੱਚ ਧੋਖਾ ਕਰਦੇ ਹਨ। ਹਾਂ, ਉਹ ਉਨ੍ਹਾਂ ਸਾਰਿਆਂ ਨੂੰ ਨਫ਼ਰਤ ਕਰਦਾ ਹੈ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ।

ਅਮਾਲੇਕੀਆਂ ਦਾ ਨਾਸ਼ ਜ਼ਰੂਰੀ ਹੈ

17 “ਉਸ ਸਲੂਕ ਨੂੰ ਚੇਤੇ ਰੱਖੋ ਜਿਹੜਾ ਅਮਾਲੇਕ ਦੇ ਲੋਕਾਂ ਨੇ ਤੁਹਾਡੇ ਨਾਲ ਉਦੋਂ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਆ ਰਹੇ ਸੀ। 18 ਅਮਾਲੇਕੀ ਪਰਮੇਸ਼ੁਰ ਦਾ ਆਦਰ ਨਹੀਂ ਕਰਦੇ ਸਨ। ਉਨ੍ਹਾਂ ਨੇ ਤੁਹਾਡੇ ਉੱਤੇ ਉਦੋਂ ਹਮਲਾ ਕੀਤਾ ਜਦੋਂ ਤੁਸੀਂ ਕਮਜ਼ੋਰ ਅਤੇ ਥੱਕੇ ਹੋਏ ਸੀ। ਉਨ੍ਹਾਂ ਨੇ ਤੁਹਾਡੇ ਉਨ੍ਹਾਂ ਸਮੂਹ ਲੋਕਾਂ ਨੂੰ ਮਾਰ ਦਿੱਤਾ ਜਿਹੜੇ ਸੁਸਤ ਸਨ ਅਤੇ ਸਭ ਦੇ ਪਿੱਛੇ ਤੁਰ ਰਹੇ ਸਨ। 19 ਇਹੀ ਕਾਰਣ ਹੈ ਕਿ ਤੁਹਾਨੂੰ ਚਾਹੀਦਾ ਹੈ ਕਿ ਦੁਨੀਆਂ ਤੋਂ ਅਮਾਲੇਕੀਆਂ ਦਾ ਨਾਮੋ-ਨਿਸ਼ਾਨ ਮਿਟਾ ਦੇਵੋ। ਤੁਹਾਨੂੰ ਇਹ ਗੱਲ ਉਦੋਂ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਉਸ ਧਰਤੀ ਵਿੱਚ ਦਾਖਲ ਹੋ ਰਹੇ ਹੋਵੋ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਹ ਤੁਹਾਨੂੰ ਉੱਥੇ ਤੁਹਾਡੇ ਆਲੇ-ਦੁਆਲੇ ਦੇ ਸਾਰੇ ਦੁਸ਼ਮਣਾ ਤੋਂ ਰਾਹਤ ਦੇਵੇਗਾ। ਪਰ ਅਮਾਲੇਕੀਆਂ ਦਾ ਨਾਸ਼ ਕਰਨਾ ਨਾ ਭੁੱਲਿਉ।

ਪਹਿਲੀ ਫ਼ਸਲ

26 “ਤੁਸੀਂ ਛੇਤੀ ਹੀ ਉਸ ਧਰਤੀ ਵਿੱਚ ਦਾਖਲ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਤੁਸੀਂ ਉਸ ਧਰਤੀ ਉੱਤੇ ਕਬਜ਼ਾ ਕਰੋਂਗੇ ਅਤੇ ਉੱਥੇ ਰਹੋਂਗੇ। ਤੁਸੀਂ ਉਹ ਫ਼ਸਲਾਂ ਇਕੱਠੀਆਂ ਕਰੋਂਗੇ ਜਿਹੜੀਆਂ ਉਸ ਧਰਤੀ ਉੱਤੇ ਉੱਗਦੀਆਂ ਹਨ ਜਿਹੜੀ ਯਹੋਵਾਹ ਤੁਹਾਨੂੰ ਦੇ ਰਿਹਾ ਹੈ ਤੁਹਾਨੂੰ ਚਾਹੀਦਾ ਹੈ ਕਿ ਪਹਿਲੀ ਫ਼ਸਲ ਨੂੰ ਟੋਕਰਿਆਂ ਵਿੱਚ ਇਕੱਠੀ ਕਰ ਲਵੋ। ਫ਼ੇਰ ਆਪਣੀ ਫ਼ਸਲ ਦਾ ਪਹਿਲਾ ਹਿੱਸਾ ਉਸ ਥਾਂ ਲੈ ਜਾਵੋ ਜਿਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਪਣੇ ਨਾਮ ਦੀ ਰਿਹਾਇਸ਼ ਲਈ ਚੁਣਿਆ ਹੈ। ਉਸ ਜਾਜਕ ਕੋਲ ਜਾਵੋ ਜਿਹੜਾ ਉਸ ਵੇਲੇ ਸੇਵਾ ਕਰ ਰਿਹਾ ਹੋਵੇ। ਉਸ ਨੂੰ ਆਖੋ, ‘ਯਹੋਵਾਹ ਨੇ ਸਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਸਾਨੂੰ ਕੁਝ ਧਰਤੀ ਦੇਵੇਗਾ। ਅੱਜ ਮੈਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਸਾਹਮਣੇ ਇਹ ਐਲਾਨ ਕਰਨ ਲਈ ਆਇਆ ਹਾਂ ਕਿ ਮੈਂ ਉਸ ਧਰਤੀ ਉੱਤੇ ਆ ਗਿਆ ਹਾਂ!’

“ਫ਼ੇਰ ਜਾਜਕ ਤੁਹਾਡੇ ਪਾਸੋਂ ਟੋਕਰੀ ਲੈ ਲਵੇਗਾ। ਉਹ ਇਸ ਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੀ ਜਗਵੇਦੀ ਦੇ ਸਾਹਮਣੇ ਰੱਖ ਦੇਵੇਗਾ। ਫ਼ੇਰ ਉੱਥੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਸਨਮੁੱਖ ਇਹ ਆਖੋਂਗੇ: ‘ਮੇਰਾ ਪੁਰਖਾ ਇੱਕ ਖਾਣਾਬਦੋਸ਼ ਅਰਾਮੀ ਸੀ। ਉਹ ਮਿਸਰ ਵਿੱਚ ਗਿਆ ਅਤੇ ਉੱਥੇ ਰਹਿ ਪਿਆ। ਜਦੋਂ ਉਹ ਉੱਥੇ ਗਿਆ ਸੀ ਤਾਂ ਉਸਦਾ ਪਰਿਵਾਰ ਛੋਟਾ ਸੀ। ਪਰ ਮਿਸਰ ਵਿੱਚ ਉਹ ਇੱਕ ਮਹਾਨ ਕੌਮ ਬਣ ਗਿਆ-ਬਹੁਤ ਸਾਰੇ ਲੋਕਾਂ ਦੀ ਤਾਕਤਵਰ ਕੌਮ ਮਿਸਰੀਆਂ ਨੇ ਸਾਡੇ ਨਾਲ ਬੁਰਾ ਵਿਹਾਰ ਕੀਤਾ। ਉਨ੍ਹਾਂ ਨੇ ਸਾਨੂੰ ਗੁਲਾਮ ਬਣਾਇਆ। ਉਨ੍ਹਾਂ ਨੇ ਸਾਨੂੰ ਦੁੱਖ ਦਿੱਤੇ ਅਤੇ ਸਾਡੇ ਕੋਲੋਂ ਬਹੁਤ ਮੁਸ਼ੱਕਤ ਕਰਵਾਈ। ਫ਼ੇਰ ਅਸੀਂ ਯਹੋਵਾਹ, ਸਾਡੇ ਪੁਰਖਿਆਂ ਦੇ ਪਰਮੇਸ਼ੁਰ ਅੱਗੇ ਪੁਕਾਰ ਕੀਤੀ ਅਤੇ ਉਨ੍ਹਾਂ ਵਿਰੁੱਧ ਸ਼ਿਕਾਇਤ ਕੀਤੀ। ਯਹੋਵਾਹ ਨੇ ਸਾਡੀ ਗੱਲ ਸੁਣੀ, ਸਾਡੀਆਂ ਸਮੱਸਿਆਵਾਂ, ਸਾਡੀ ਸਖ਼ਤ ਮਿਹਨਤ ਅਤੇ ਸਾਡੀਆਂ ਮੁਸੀਬਤਾਂ ਵੇਖ ਲਈਆਂ। ਫ਼ੇਰ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਅਤੇ ਤਾਕਤ ਨਾਲ ਮਿਸਰ ਵਿੱਚੋਂ ਕੱਢ ਲਿਆਇਆ। ਉਸ ਨੇ ਵੱਡੇ ਕਰਿਸ਼ਮੇ ਦਿਖਾਏ। ਉਸ ਨੇ ਹੈਰਾਨੀ ਭਰੀਆਂ ਗੱਲਾਂ ਕੀਤੀਆਂ। ਇਸ ਤਰ੍ਹਾਂ ਉਹ ਸਾਨੂੰ ਇਸ ਥਾਂ ਉੱਤੇ ਲੈ ਆਇਆ। ਉਸ ਨੇ ਸਾਨੂੰ ਇਹ ਧਰਤੀ ਦੇ ਦਿੱਤੀ-ਬਹੁਤ ਸਾਰੀਆਂ ਨਿਆਮਤਾ ਨਾਲ ਭਰੀ ਹੋਈ ਧਰਤੀ। 10 ਹੁਣ ਯਹੋਵਾਹ, ਮੈਂ ਤੁਹਾਡੇ ਲਈ, ਤੁਹਾਡੀ ਦਿੱਤੀ ਹੋਈ ਧਰਤੀ ਦੀ ਪਹਿਲੀ ਫ਼ਸਲ ਲੈ ਕੇ ਆਇਆ ਹਾਂ।’

“ਫ਼ੇਰ ਤੁਹਾਨੂੰ ਪਹਿਲੇ ਫ਼ਲਾਂ ਦੀ ਟੋਕਰੀ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਰੱਖ ਦੇਣੀ ਚਾਹੀਦੀ ਹੈ ਅਤੇ ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਝੁਕ ਜਾਣਾ ਚਾਹੀਦਾ ਹੈ। 11 ਫ਼ੇਰ ਤੁਹਾਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਮਾਨਣਾ ਚਾਹੀਦਾ ਹੈ ਜਿਹੜੀਆਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਦਿੱਤੀਆਂ ਹਨ। ਤੁਹਾਨੂੰ ਉਹ ਚੀਜ਼ਾਂ ਲੇਵੀਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਨਾਲ ਵੀ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।

12 “ਹਰ ਤੀਸਰਾ ਵਰ੍ਹਾ ਦਸਵੰਧ ਦਾ ਵਰ੍ਹਾ ਹੈ। ਇਸ ਵਰ੍ਹੇ, ਤੁਹਾਨੂੰ ਆਪਣੀਆਂ ਫ਼ਸਲਾਂ ਦਾ ਦਸਵੰਧ ਲੇਵੀਆਂ, ਆਪਣੀ ਧਰਤੀ ਉੱਤੇ ਰਹਿੰਦੇ ਵਿਦੇਸ਼ੀਆਂ, ਵਿਧਵਾਵਾਂ ਅਤੇ ਯਤੀਮਾਂ ਨੂੰ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਲੋਕਾਂ ਕੋਲ ਤੁਹਾਡੇ ਸ਼ਹਿਰ ਵਿੱਚ ਕਾਫ਼ੀ ਭੋਜਨ ਹੋਵੇਗਾ। 13 ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਆਖਣਾ ਚਾਹੀਦਾ ਹੈ, ‘ਮੈਂ ਆਪਣੇ ਘਰ ਵਿੱਚੋਂ ਆਪਣੀ ਫ਼ਸਲ ਦਾ ਪਵਿੱਤਰ ਹਿੱਸਾ ਕੱਢ ਲਿਆ ਹੈ। ਮੈਂ ਇਹ ਲੇਵੀਆਂ ਨੂੰ, ਵਿਦੇਸ਼ੀਆਂ ਨੂੰ, ਵਿਧਵਾਵਾਂ ਅਤੇ ਬੱਚਿਆਂ ਨੂੰ ਦੇ ਦਿੱਤਾ ਹੈ। ਮੈਂ ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕੀਤੀ ਹੈ ਜਿਹੜੇ ਤੁਸੀਂ ਮੈਨੂੰ ਦਿੱਤੇ ਹਨ। ਮੈਂ ਤੁਹਾਡੇ ਕਿਸੇ ਵੀ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਨਹੀਂ ਕੀਤਾ। ਮੈਂ ਉਨ੍ਹਾਂ ਨੂੰ ਭੁਲਿਆ ਨਹੀਂ ਹਾਂ। 14 ਮੈਂ ਇਹ ਭੋਜਨ ਸੋਗ ਸਮੇਂ ਨਹੀਂ ਖਾਧਾ। [a] ਜਦੋਂ ਮੈਂ ਭੋਜਨ ਇੱਕਤਰ ਕੀਤਾ ਸੀ, ਮੈਂ ਪਲੀਤ ਨਹੀਂ ਸਾਂ। ਮੈਂ ਇਸ ਭੋਜਨ ਦਾ ਕੋਈ ਵੀ ਹਿੱਸਾ ਮੁਰਦਿਆਂ ਨੂੰ ਭੇਟ ਨਹੀਂ ਕੀਤਾ। ਮੈਂ ਯਹੋਵਾਹ ਮੇਰੇ ਪਰਮੇਸ਼ੁਰ ਨੂੰ ਮੰਨਿਆ ਹੈ। ਮੈਂ ਉਹ ਸਾਰੀਆਂ ਗੱਲਾਂ ਕੀਤੀਆਂ ਹਨ ਜਿਨ੍ਹਾਂ ਦਾ ਤੁਸੀਂ ਮੈਨੂੰ ਹੁਕਮ ਦਿੱਤਾ ਸੀ। 15 ਆਪਣੇ ਪਵਿੱਤਰ ਘਰ, ਅਕਾਸ਼ ਵਿੱਚੋਂ ਹੇਠਾਂ ਤੱਕੋ ਅਤੇ ਆਪਣੇ ਇਸਰਾਏਲੀ ਲੋਕਾਂ ਨੂੰ ਅਸੀਸ ਦਿਉ ਅਤੇ ਸਾਨੂੰ ਦਿੱਤੀ ਹੋਈ ਧਰਤੀ ਨੂੰ ਅਸੀਸ ਦੇਵੋ। ਤੁਸੀਂ ਸਾਡੇ ਪੁਰਖਿਆਂ ਨਾਲ, ਸਾਨੂੰ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।’

ਯਹੋਵਾਹ ਦੇ ਹੁਕਮਾਂ ਦਾ ਪਾਲਨ ਕਰੋ

16 “ਅੱਜ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਨ੍ਹਾਂ ਸਾਰੇ ਕਾਨੂੰਨਾ ਅਤੇ ਬਿਧੀਆਂ ਨੂੰ ਮੰਨਣ ਦਾ ਹੁਕਮ ਦਿੰਦਾ ਹੈ। ਇਨ੍ਹਾਂ ਨੂੰ ਆਪਣੇ ਤਹੇ-ਦਿਲੋਂ ਅਤੇ ਆਪਣੀ ਪੂਰੀ ਰੂਹ ਨਾਲ ਮੰਨਣਾ ਚੇਤੇ ਰੱਖੋ। 17 ਅੱਜ ਤੁਸੀਂ ਆਖਿਆ ਹੈ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਹੈ। ਤੁਸੀਂ ਉਸਦੀ ਰਜ਼ਾ ਅਨੁਸਾਰ ਜਿਉਣ ਦਾ ਇਕਰਾਰ ਕੀਤਾ ਹੈ। ਤੁਸੀਂ ਉਸ ਦੀਆਂ ਸਿੱਖਿਆਵਾਂ ਅਤੇ ਚੱਲਣ, ਅਤੇ ਉਸ ਦੇ ਨੇਮਾਂ ਅਤੇ ਆਦੇਸ਼ਾ ਦੀ ਪਾਲਣਾ ਕਰਨ ਦਾ ਇਕਰਾਰ ਕੀਤਾ ਹੈ। ਤੁਸੀਂ ਆਖਿਆ ਸੀ ਕਿ ਤੁਸੀਂ ਹਰ ਉਸ ਗੱਲ ਕਰੋਂਗੇ ਜਿਹੜੀ ਉਹ ਤੁਹਾਨੂੰ ਕਰਨ ਲਈ ਆਖਦਾ ਹੈ। 18 ਇਸ ਲਈ ਅੱਜ ਯਹੋਵਾਹ ਨੇ ਤੁਹਾਨੂੰ ਆਪਣੇ ਬਹੁਮੁੱਲੇ ਲੋਕਾਂ ਵਜੋਂ ਪ੍ਰਵਾਨ ਕੀਤਾ ਹੈ। ਉਸ ਨੇ ਤੁਹਾਡੇ ਨਾਲ ਇਹ ਇਕਰਾਰ ਕੀਤਾ ਸੀ। ਯਹੋਵਾਹ ਨੇ ਇਹ ਵੀ ਆਖਿਆ ਹੈ ਕਿ ਤੁਹਾਨੂੰ ਉਸ ਦੇ ਸਾਰੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। 19 ਯਹੋਵਾਹ ਤੁਹਾਨੂੰ ਆਪਣੀਆਂ ਸਾਜੀਆਂ ਹੋਈਆਂ ਸਮੂਹ ਕੌਮਾਂ ਵਿੱਚੋਂ ਸਭ ਤੋਂ ਮਹਾਨ ਬਣਾਵੇਗਾ। ਉਹ ਤੁਹਾਨੂੰ ਇੱਜ਼ਤ, ਸ਼ੁਹਰਤ ਅਤੇ ਮਹਾਨਤਾ ਬਖਸ਼ੇਗਾ। ਅਤੇ ਤੁਸੀਂ ਉਸ ਦੇ ਖਾਸ ਲੋਕ ਹੋਵੋਂਗੇ, ਜਿਵੇਂ ਕਿ ਉਸ ਨੇ ਇਕਰਾਰ ਕੀਤਾ ਸੀ।”

ਲੋਕਾਂ ਲਈ ਯਾਦਗਾਰੀ ਪੱਥਰ

27 ਮੂਸਾ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਉਨ੍ਹਾਂ ਸਾਰੇ ਆਦੇਸ਼ਾ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ। ਤੁਸੀਂ ਛੇਤੀ ਹੀ ਯਰਦਨ ਨਦੀ ਪਾਰ ਕਰਕੇ ਉਸ ਧਰਤੀ ਉੱਤੇ ਜਾਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਉਸ ਦਿਨ, ਤੁਹਾਨੂੰ ਵੱਡੇ-ਵੱਡੇ ਪੱਥਰ ਸਥਾਪਿਤ ਕਰਕੇ ਉਨ੍ਹਾਂ ਪੱਥਰਾਂ ਨੂੰ ਪਲਸਤਰ ਨਾਲ ਢੱਕ ਦੇਣਾ ਚਾਹੀਦਾ ਹੈ। ਫ਼ੇਰ ਉਨ੍ਹਾਂ ਪੱਥਰਾਂ ਉੱਤੇ ਇਸ ਬਿਵਸਥਾ ਦੇ ਸਾਰੇ ਸ਼ਬਦ ਲਿਖ ਦੇਣਾ। ਤੁਹਾਨੂੰ ਇਹ ਉਦੋਂ ਕਰਨਾ ਚਾਹੀਦਾ ਜਦੋਂ ਤੁਸੀਂ ਚੰਗੀਆਂ ਚੀਜ਼ਾਂ ਨਾਲ ਭਰੀ ਉਸ ਧਰਤੀ ਵਿੱਚ ਦਾਖਿਲ ਹੋਵੋ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ। ਯਹੋਵਾਹ ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਧਰਤੀ ਦੇਣ ਦਾ ਇਕਰਾਰ ਕੀਤਾ ਸੀ।

“ਜਦੋਂ ਤੁਸੀਂ ਯਰਦਨ ਨਦੀ ਪਾਰ ਕਰੋ ਤਾਂ ਤੁਹਾਨੂੰ ਇਹ ਸਾਰੀਆਂ ਗੱਲਾਂ ਕਰਨੀਆਂ ਚਾਹੀਦੀਆਂ ਹਨ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਆਦੇਸ਼ ਦਿੰਦਾ ਹਾਂ। ਤੁਹਾਨੂੰ ਏਬਾਲ ਪਰਬਤ ਉੱਤੇ ਪੱਥਰ ਟਿਕਾਉਣੇ ਚਾਹੀਦੇ ਹਨ। ਇਨ੍ਹਾਂ ਪੱਥਰਾਂ ਉੱਤੇ ਤੁਹਾਨੂੰ ਪਲਸਤਰ ਕਰਨਾ ਚਾਹੀਦਾ ਹੈ। ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਲਈ ਪੱਥਰਾਂ ਦੀ ਇੱਕ ਜਗਵੇਦੀ ਉਸਾਰਨੀ ਚਾਹੀਦੀ ਹੈ। ਤੁਹਾਨੂੰ ਪੱਥਰ ਤਰਾਸ਼ਣ ਲਈ ਲੋਹੇ ਦੇ ਔਜ਼ਾਰ ਨਹੀਂ ਵਰਤਨੇ ਚਾਹੀਦੇ। ਯਹੋਵਾਹ, ਆਪਣੇ ਪਰਮੇਸ਼ੁਰ, ਦੀ ਜਗਵੇਦੀ ਉਸਾਰਨ ਲਈ ਤਰਾਸ਼ੇ ਹੋਏ ਪੱਥਰ ਨਹੀਂ ਵਰਤਨੇ। ਯਹੋਵਾਹ, ਆਪਣੇ ਪਰਮੇਸ਼ੁਰ, ਲਈ ਇਸ ਜਗਵੇਦੀ ਉੱਤੇ ਹੋਮ ਦੀ ਭੇਟ ਚੜ੍ਹਾਵੋ। ਅਤੇ ਇੱਥੇ ਤੁਹਾਨੂੰ ਬਲੀਆਂ ਚੜ੍ਹਾਉਣੀਆਂ ਚਾਹੀਦੀਆਂ ਹਨ ਅਤੇ ਸੁੱਖ-ਸਾਂਦ ਦੀਆਂ ਭੇਟਾ ਦਾ ਭੋਜਨ ਕਰਨਾ ਚਾਹੀਦਾ ਹੈ। ਉੱਥੇ ਯਹੋਵਾਹ, ਆਪਣੇ ਪਰਮੇਸ਼ੁਰ, ਸੰਗ ਮਿਲਜੁਲ ਕੇ ਆਨੰਦ ਮਾਣੋ। ਇਸ ਸਾਰੀ ਬਿਵਸਥਾ ਨੂੰ ਤੁਹਾਡੇ ਦੁਆਰਾ ਸਥਾਪਿਤ ਕੀਤੇ ਹੋਏ ਪੱਥਰਾਂ ਉੱਤੇ ਸਾਫ਼-ਸਾਫ਼ ਲਿਖੋ।”

ਲੋਕ ਕਾਨੂੰਨ ਦੇ ਸਰਾਪਾਂ ਨੂੰ ਪ੍ਰਵਾਨ ਕਰਦੇ ਸਨ

ਮੂਸਾ ਅਤੇ ਲੇਵੀ ਜਾਜਕਾ ਨੇ ਇਸਰਾਏਲ ਦੇ ਸਮੂਹ ਲੋਕਾਂ ਨਾਲ ਗੱਲ ਕੀਤੀ। ਮੂਸਾ ਨੇ ਆਖਿਆ, “ਸ਼ਾਂਤ ਹੋ ਜਾਵੋ ਅਤੇ ਸੁਣੋ ਇਸਰਾਏਲੀਓ! ਅੱਜ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਲੋਕੀਂ ਬਣ ਗਏ ਹੋ। 10 ਇਸ ਲਈ ਤੁਹਾਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਆਖਦਾ ਹੈ। ਤੁਹਾਨੂੰ ਉਸ ਦੇ ਆਦੇਸ਼ਾ ਅਤੇ ਉਸ ਦੇ ਕਾਨੂੰਨਾ ਦੀ ਪਾਲਣਾ ਕਰਨੀ ਚਾਹੀਦੀ ਹੈ ਜੋ ਮੈਂ ਅੱਜ ਤੁਹਾਨੂੰ ਪ੍ਰਦਾਨ ਕਰ ਰਿਹਾ ਹਾਂ।”

11 ਉਸੇ ਦਿਨ ਮੂਸਾ ਨੇ ਲੋਕਾਂ ਨੂੰ ਇਹ ਵੀ ਆਖਿਆ, 12 “ਜਦੋਂ ਤੁਸੀਂ ਯਰਦਨ ਨਦੀ ਪਾਰ ਕਰ ਜਾਉ, ਇਹ ਪਰਿਵਾਰ-ਸਮੂਹ ਗਰਿੱਜ਼ੀਮ ਪਰਬਤ ਉੱਤੇ ਖਲੋ ਕੇ ਲੋਕਾਂ ਨੂੰ ਅਸੀਂਸਾ ਪੜ੍ਹਕੇ ਸੁਣਾਉਣਗੇ: ਸਿਮਿਓਨ, ਲੇਵੀ, ਯੂਡਾ, ਯਿੱਸਾਕਾਰ, ਯੂਸੁਫ਼ ਅਤੇ ਬਿਨਯਾਮੀਨ। 13 ਅਤੇ ਇਹ ਪਰਿਵਾਰ-ਸਮੂਹ ਏਬਾਲ ਪਰਬਤ ਉੱਤੇ ਖਲੋਕੇ ਸਰਾਪ ਪੜ੍ਹਨਗੇ: ਰਊਬੇਨ, ਗਾਦ, ਆਸ਼ੇਰ, ਜ਼ਬੁਲੂਨ, ਦਾਨ ਅਤੇ ਨਫ਼ਤਾਲੀ।

14 “ਲੇਵੀ ਇਸਰਾਏਲ ਦੇ ਸਮੂਹ ਲੋਕਾਂ ਨੂੰ ਉੱਚੀ ਆਵਾਜ਼ ਵਿੱਚ ਆਖਣਗੇ:

15 “‘ਕੋਈ ਵੀ ਵਿਅਕਤੀ ਜੋ ਝੂਠਾ ਦੇਵਤਾ ਬਣਾਉਂਦਾ ਹੈ, ਅਤੇ ਉਸ ਨੂੰ ਗੁਪਤ ਸਥਾਨ ਉੱਤੇ ਰੱਖਦਾ ਹੈ ਸਰਾਪਿਆ ਹੋਇਆ ਹੈ। ਇਹ ਝੂਠੇ ਦੇਵਤੇ ਕਾਰੀਗਰ ਦੁਆਰਾ ਬਣਾਈਆਂ ਗਈਆਂ ਸਿਰਫ਼ ਮੂਰਤੀਆਂ ਹੀ ਹਨ। ਯਹੋਵਾਹ ਇਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਦਾ ਹੈ!’

“ਤਾਂ ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

16 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਹੋ ਜਿਹੀਆਂ ਗੱਲਾਂ ਕਰਦਾ ਹੈ ਜੋ ਇਹ ਦਰਸਾਂਉਂਦੀਆਂ ਹਨ ਕਿ ਉਹ ਆਪਣੇ ਮਾਂ-ਬਾਪ ਦੀ ਇਜੱਤ ਨਹੀਂ ਕਰਦਾ।’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

17 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਗੁਆਂਢੀ ਦੀ ਜ਼ਮੀਨ ਦੇ ਵਲਗਣ ਦੇ ਪੱਥਰ ਹਟਾਉਂਦਾ ਹੈ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

18 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਅੰਨ੍ਹੇ ਆਦਮੀ ਨੂੰ ਰਾਹ ਤੋਂ ਭਟਕਾਉਂਦਾ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

19 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਵਿਦੇਸ਼ੀਆਂ, ਯਤੀਮਾ ਅਤੇ ਵਿਧਵਾਵਾਂ ਨਾਲ ਇਨਸਾਫ਼ ਨਹੀਂ ਕਰਦਾ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

20 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੇ ਪਿਤਾ ਦੀ ਪਤਨੀ ਨਾਲ ਜਿਨਸੀ ਸੰਬੰਧ ਰੱਖਦਾ ਹੈ, ਕਿਉਂ ਕਿ ਉਸ ਨੇ ਉਹੋ ਕੁਝ ਲਿਆ ਜੋ ਸਿਰਫ਼ ਉਸ ਦੇ ਪਿਤਾ ਦਾ ਸੀ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

21 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਵੀ ਜਾਨਵਰ ਨਾਲ ਜਿਨਸੀ ਸੰਬੰਧ ਰੱਖਦਾ ਹੈ।”

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

22 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਕੀ ਜਾਂ ਮਤ੍ਰੇਈ ਭੈਣ ਨਾਲ ਜਿਨਸੀ ਸੰਬੰਧ ਰੱਖਦਾ ਹੈ।”

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

23 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਆਪਣੀ ਸੱਸ ਨਾਲ ਜਿਨਸੀ ਸੰਬੰਧ ਰੱਖਦਾ ਹੈ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

24 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਹੋਰ ਬੰਦੇ ਨੂੰ ਮਾਰ ਦਿੰਦਾ ਹੈ, ਭਾਵੇਂ ਉਹ ਫ਼ੜਿਆ ਨਾ ਜਾਵੇ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

25 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਕਿਸੇ ਦੂਸਰੇ ਬੰਦੇ ਦਾ ਕਤਲ ਕਰਨ ਲਈ ਪੈਸੇ ਲੈਂਦਾ ਹੈ!’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

26 “ਲੇਵੀ ਆਖਣਗੇ, ‘ਸਰਾਪਿਆ ਹੋਇਆ ਹੈ ਉਹ ਬੰਦਾ ਜਿਹੜਾ ਇਸ ਕਾਨੂੰਨ ਉੱਤੇ ਅਟੱਲ ਨਹੀਂ ਰਹਿੰਦਾ ਅਤੇ ਇਸ ਉੱਪਰ ਨਹੀਂ ਚੱਲਦਾ ਸਰਾਪਿਆ ਹੋਇਆ ਹੈ।’

“ਫ਼ੇਰ ਸਾਰੇ ਲੋਕ ਆਖਣਗੇ, ‘ਆਮੀਨ!’

Punjabi Bible: Easy-to-Read Version (ERV-PA)

2010 by World Bible Translation Center