Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
1 ਇਤਹਾਸ 16-17

16 ਲੇਵੀਆਂ ਨੇ ਨੇਮ ਦੇ ਸੰਦੂਕ ਨੂੰ ਲਿਆ ਕੇ ਡੇਰੇ ਦੇ ਅੰਦਰ ਰੱਖਿਆ, ਜਿਹੜਾ ਕਿ ਦਾਊਦ ਨੇ ਸੰਦੂਕ ਰੱਖਣ ਲਈ ਬਣਾਇਆ ਸੀ। ਉਪਰੰਤ ਉਨ੍ਹਾਂ ਨੇ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਪਰਮੇਸ਼ੁਰ ਅੱਗੇ ਚੜ੍ਹਾਈਆਂ। ਜਦੋਂ ਦਾਊਦ ਹੋਮ ਦੀਆਂ ਭੇਟਾਂ ਅਤੇ ਸੁੱਖ ਸਾਂਦ ਦੀਆਂ ਭੇਟਾਂ ਚੜ੍ਹਾ ਚੁੱਕਿਆ ਤਾਂ ਉਸ ਨੇ ਯਹੋਵਾਹ ਦਾ ਨਾਂ ਲੈ ਕੇ ਲੋਕਾਂ ਨੂੰ ਅਸੀਸਾਂ ਦਿੱਤੀਆਂ। ਇਸਤੋਂ ਬਾਅਦ ਉਸ ਨੇ ਸਾਰੇ ਇਸਰਾਏਲੀਆਂ ਨੂੰ ਜਿਨ੍ਹਾਂ ਵਿੱਚ ਔਰਤ-ਮਰਦ ਸਭ ਮੌਜੂਦ ਸਨ ਰੋਟੀ, ਖਜ਼ੂਰਾਂ ਅਤੇ ਕਿਸ਼ਮਿਸ਼ ਵੰਡੀ।

ਫ਼ਿਰ ਦਾਊਦ ਨੇ ਲੇਵੀਆਂ ਵਿੱਚੋਂ ਕੁਝ ਲੋਕਾਂ ਨੂੰ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਸੇਵਾ ਕਰਨ ਲਈ ਚੁਣਿਆ। ਉਨ੍ਹਾਂ ਦਾ ਕੰਮ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦਾ ਧੰਨਵਾਦ ਕਰਨਾ ਅਤੇ ਉਸ ਨੂੰ ਉਸਤਤਾਂ ਗਾਉਣਾ ਸੀ। ਆਸਾਫ਼ ਲੇਵੀਆਂ ਦੇ ਪਹਿਲੇ ਦਲ ਦਾ ਆਗੂ ਸੀ ਅਤੇ ਉਸਦੀ ਟੋਲੀ ਦਾ ਕੰਮ ਖੜਤਾਲਾਂ ਵਜਾਉਣਾ ਸੀ। ਜ਼ਕਰਯਾਹ ਦੂਜੇ ਦਲ ਦਾ ਆਗੂ ਸੀ। ਦੂਜੇ ਲੇਵੀ ਜੋ ਉਨ੍ਹਾਂ ’ਚ ਸਨ ਉਨ੍ਹਾਂ ਦੇ ਨਾਉਂ: ਯਈਏਲ, ਸ਼ਮੀਰਾਮੋਥ, ਯਿਹੀਏਲ, ਮਤਿੱਥਯਾਹ, ਅਲੀਆਬ, ਬਨਾਯਾਹ, ਓਬੇਦ-ਅਦੋਮ ਅਤੇ ਯਿਈੇਏਲ ਸਨ। ਇਹ ਮਨੁੱਖ ਦਿਲਰੁਬਾ ਤੇ ਸਾਰੰਗੀਆਂ ਵਜਾਉਂਦੇ ਸਨ। ਬਨਾਯਾਹ ਅਤੇ ਯਹਜ਼ੀਏਲ ਜਾਜਕ ਸਨ ਜੋ ਕਿ ਹਮੇਸ਼ਾ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਅੱਗੇ ਤੁਰ੍ਹੀਆਂ ਵਜਾਉਂਦੇ ਸਨ। ਇਹ ਉਸ ਵਕਤ ਦੀ ਗੱਲ ਹੈ ਜਦੋਂ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਦੇ ਹੱਥ ਵਿੱਚ ਯਹੋਵਾਹ ਦੀ ਉਸਤਤਿ ਦਾ ਗਾਨ ਕਰਨ ਦਾ ਕਾਰਜ ਸੌਂਪਿਆ।

ਦਾਊਦ ਦਾ ਧੰਨਵਾਦ ਦਾ ਗੀਤ

ਯਹੋਵਾਹ ਦੀ ਉਸਤਤ ਕਰੋ ਉਸ ਦੇ ਨਾਮ ਦੀ ਜੈਕਾਰ ਕਰੋ
    ਲੋਕਾਈ ਵਿੱਚ ਉਸ ਦੇ ਕਾਰਜਾਂ ਦਾ ਯਸ਼ਗਾਨ ਕਰੋ।
ਯਹੋਵਾਹ ਦਾ ਗੁਨਗਾਨ ਕਰੋ ਉਸਦੀ ਮਹਿਮਾ ਦਾ ਗਾਨ ਕਰੋ
    ਲੋਕਾਈ ਵਿੱਚ ਉਸ ਦੀਆਂ ਕਰਾਮਾਤਾਂ ਦਾ ਯਸ਼ਗਾਨ ਕਰੋ।
10 ਯਹੋਵਾਹ ਦੇ ਪਵਿੱਤਰ ਨਾਂ ਤੇ ਫ਼ਖਰ ਕਰੋ,
    ਤੁਸੀਂ ਸਾਰੇ ਲੋਕ ਜੋ ਉਸ ਕੋਲ ਆਉਂਦੇ ਹੋ-ਖੁਸ਼ ਹੋਵੋ।
11 ਬਲਸ਼ਾਲੀ ਯਹੋਵਾਹ ਵੱਲ ਵੇਖੋ,
    ਸਦਾ ਮਦਦ ਲਈ ਉਸਦਾ ਦਾਮਨ ਪਕੜੋ।
12 ਹਮੇਸ਼ਾ ਉਸ ਦੇ ਕਰਿਸ਼ਮਿਆਂ ਨੂੰ, ਉਸ ਦੇ ਫ਼ੈਸਲਿਆਂ
    ਅਤੇ ਉਸਦੀਆਂ ਕੀਤੀਆਂ ਸ਼ਕਤੀਸ਼ਾਲੀ ਗੱਲਾਂ ਨੂੰ ਯਾਦ ਰੱਖੋ।
13 ਇਸਰਾਏਲ ਦੇ ਲੋਕ ਯਹੋਵਾਹ ਦੇ ਸੇਵਕ ਹਨ।
    ਯਾਕੂਬ ਦੇ ਉੱਤਰਾਧਿਕਾਰੀ ਯਹੋਵਾਹ ਦੇ ਚੁਣੇ ਹੋਏ ਲੋਕ ਹਨ।
14 ਯਹੋਵਾਹ ਸਾਡਾ ਪਰਮੇਸ਼ੁਰ ਹੈ
    ਅਤੇ ਉਸਦੀ ਸ਼ਕਤੀ ਹਰ ਪਾਸੇ ਹੈ।
15 ਉਸ ਦੇ ਇਕਰਾਰਨਾਮੇ ਨੂੰ ਸਦਾ ਚੇਤੇ ਰੱਖੋ,
    ਉਸ ਨੇ ਉਹ ਹੁਕਮਨਾਮੇ ਹਜ਼ਾਰਾਂ ਪੀੜੀਆਂ ਲਈ ਦਿੱਤੇ।
16 ਉਸ ਨੇਮ ਨੂੰ ਚੇਤੇ ਰੱਖੋ ਜਿਹੜਾ ਯਹੋਵਾਹ ਨੇ ਅਬਰਾਹਾਮ ਨਾਲ ਬੰਨ੍ਹਿਆ।
    ਚੇਤੇ ਰੱਖੋ ਇਸਹਾਕ ਨਾਲ ਉਸ ਜੋ ਸੌਂਹ ਖਾਧੀ।
17 ਯਹੋਵਾਹ ਨੇ ਇਸ ਨੂੰ ਯਾਕੂਬ ਲਈ ਇੱਕ ਸ਼ਰ੍ਹਾ ਬਣਾ ਦਿੱਤੀ
    ਅਤੇ ਇਹ ਇਸਰਾਏਲ ਨਾਲ ਇੱਕ ਇਕਰਾਰਨਾਮਾ ਹੈ।
    ਜੋ ਹਮੇਸ਼ਾ ਲਈ ਜਾਰੀ ਰਹੇਗਾ

18 ਯਹੋਵਾਹ ਨੇ ਇਸਰਾਏਲ ਨੂੰ ਕਿਹਾ, “ਮੈਂ ਕਨਾਨ ਦੀ ਧਰਤੀ ਤੁਹਾਨੂੰ ਦੇਵਾਂਗਾ,
    ਉਹ ਤੁਹਾਡੇ ਵਿਰਸੇ ਦੀ ਜ਼ਮੀਨ ਹੋਵੇਗੀ।”
19 ਉੱਥੇ ਗਿਣਤੀ ਵਿੱਚ ਥੋੜੇ ਕੁ ਮਨੁੱਖ ਸਨ ਪਰਦੇਸ ਵਿੱਚ
    ਸਿਰਫ਼ ਕੁਝ ਅਜਨਬੀ।
20 ਉਹ ਇੱਕ ਕੌਮ ਤੋਂ ਦੂਜੀ,
    ਇੱਕ ਰਾਜ ਤੋਂ ਦੂਜੇ ਰਾਜ ਤੀਕ ਗਏ।
21 ਯਹੋਵਾਹ ਨੇ ਕਿਸੇ ਨੂੰ ਵੀ ਉਨ੍ਹਾਂ ਨੂੰ ਨੁਕਸਾਨ ਨਾ ਪਹੁੰਚਾਣ ਦਿੱਤਾ।
    ਉਸ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਨਾ ਪਹੁਚਾਉਣ ਦੀ ਚਿਤਾਵਨੀ ਦਿੱਤੀ।
22 ਸਗੋਂ ਯਹੋਵਾਹ ਨੇ ਉਨ੍ਹਾਂ ਰਾਜਿਆਂ ਨੂੰ ਕਿਹਾ,
    “ਮੇਰੇ ਮਸਹ ਕੀਤਿਆਂ ਨੂੰ ਦੁੱਖ ਨਾ ਦੇਵੋ ਨਾ ਹੀ ਮੇਰੇ ਨਬੀਆਂ ਦਾ ਜੀਅ ਦੁੱਖਾਓ।”
23 ਸਾਰੇ ਲੋਕੋ: ਯਹੋਵਾਹ ਦੀ ਉਸਤਤ ਕਰੋ,
    ਯਹੋਵਾਹ ਦੀ ਸਾਨੂੰ ਬਚਾਉਣ ਦੀ ਖੁਸ਼ਖਬਰੀ ਨੂੰ ਹਰ ਰੋਜ਼ ਦੱਸੋ।
24 ਹੋਰਨਾਂ ਕੌਮਾਂ ਦੇ ਲੋਕਾਂ ਨੂੰ ਯਹੋਵਾਹ ਦੀ ਮਹਿਮਾ ਬਾਰੇ ਦੱਸੋ।
    ਸਾਰੀਆਂ ਕੌਮਾਂ ਨੂੰ ਉਸ ਦੇ ਕਰਿਸ਼ਮਿਆਂ ਬਾਰੇ ਦੱਸੋ।
25 ਯਹੋਵਾਹ ਮਹਾਨ ਹੈ, ਉਸਦੀ ਉਸਤਤਿ ਲਾਜ਼ਮੀ ਹੈ!
    ਯਹੋਵਾਹ ਬਾਕੀ ਸਾਰੇ ਦੇਵਤਿਆਂ ਤੋਂ ਵੱਧੀਕ ਭੈ ਦਾਇੱਕ ਹੈ।
26 ਕਿਉਂਕਿ ਬਾਕੀ ਸਾਰੀਆਂ ਕੌਮਾਂ ਦੇ ਬਾਕੀ ਸਾਰੇ ਦੇਵਤੇ ਕੇਵਲ ਪੱਥਰ ਦੇ ਬੁੱਤ ਹਨ,
    ਪਰ ਯਹੋਵਾਹ ਆਕਾਸ਼ਾਂ ਦਾ ਕਰਤਾ ਹੈ।
27 ਪਰਤਾਪ ਅਤੇ ਸ਼ਾਨ ਉਸ ਦੇ ਅੱਗੇ ਹਨ।
    ਤਾਕਤ ਤੇ ਪ੍ਰਸੰਨਤਾ ਉਸਦੀ ਰਿਹਾਇਸ ਦੀ ਥਾਂ ਵਿੱਚ ਕਾਇਮ ਹਨ।
28 ਪਰਿਵਾਰੋ ਅਤੇ ਲੋਕੋ, ਯਹੋਵਾਹ ਦੇ ਪਰਤਾਪ
    ਅਤੇ ਉਸ ਦੀ ਤਾਕਤ ਦੀ ਉਸਤਤ ਕਰੋ।
29 ਯਹੋਵਾਹ ਦੇ ਪਰਤਾਪ ਦੀ ਉਸਤਤ ਕਰੋ,
    ਉਸ ਦੇ ਨਾਂ ਨੂੰ ਆਦਰ ਦਰਸਾਵੋ। ਆਪਣੇ ਚੜ੍ਹਾਵੇ ਯਹੋਵਾਹ ਕੋਲ ਲਿਆਵੋ
    ਅਤੇ ਉਸਦੀ ਪਵਿੱਤਰ ਸੁੰਦਰਤਾ ਦੀ ਉਪਾਸਨਾ ਕਰੋ।
30 ਸਾਰੀ ਦੁਨੀਆ ਨੂੰ ਯਹੋਵਾਹ ਦੇ ਅੱਗੇ ਭੈਅ ਨਾਲ ਕੰਬਣਾ ਚਾਹੀਦਾ ਹੈ!
    ਉਸ ਨੇ ਧਰਤੀ ਨੂੰ ਦ੍ਰਿੜ ਬਣਾਇਆ, ਤਾਂ ਜੋ ਦੁਨੀਆਂ ਹਿੱਲੇ ਨਾ।
31 ਸਾਰੀ ਧਰਤੀ ਅਤੇ ਆਕਾਸ਼ ਖੁਸ਼ ਹੋਣ, ਅਤੇ ਹਰ ਜਗ੍ਹਾ ਲੋਕ ਇਹ ਆਖਣ,
    “ਯਹੋਵਾਹ ਹੀ ਇੱਕਲਾ ਪਾਤਸ਼ਾਹ ਹੈ।”
32 ਸਮੁੰਦਰ ਅਤੇ ਉਸ ਅੰਦਰ ਵੱਸਦੀ ਸ਼੍ਰਿਸ਼ਟੀ ਗਰਜੇ ਖੇਤ
    ਅਤੇ ਸਾਰੀ ਵਨਸਪਤੀ ਮੌਲਦੀ ਆਪਣੀ ਖੁਸ਼ੀ ਪ੍ਰਗਟਾਵੇ।
33 ਜੰਗਲਾਂ ਵਿੱਚਲੇ ਸਾਰੇ ਦ੍ਰੱਖਤ ਯਹੋਵਾਹ ਦੇ ਅੱਗੇ ਗਉਣਗੇ,
    ਕਿਉਂ ਕਿ ਯਹੋਵਾਹ ਦੁਨੀਆਂ ਦਾ ਨਿਆਂ ਕਰਨ ਲਈ ਆ ਰਿਹਾ ਹੈ।
34 ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਭਲਾ ਹੈ।
    ਉਸਦਾ ਪਿਆਰ ਸਦਾ ਲਈ ਸਥਿਰ ਹੈ।
35 ਯਹੋਵਾਹ ਨੂੰ ਕਹੋ,
    “ਹੇ ਸਾਡੀ ਮੁਕਤੀ ਦੇ ਪਰਮੇਸ਼ੁਰ
ਸਾਨੂੰ ਬਚਾਅ ਸਾਨੂੰ ਇਕੱਠਿਆਂ ਕਰ
    ਅਤੇ ਸਾਨੂੰ ਦੂਜੀਆਂ ਕੌਮਾਂ ਤੋਂ ਬਚਾਅ ਤਾਂ
ਜੋ ਅਸੀਂ ਤੇਰੇ ਪਾਕ ਨਾਂ ਦਾ ਗੁਨਗਾਨ ਕਰ ਸੱਕੀਏ ਫਿਰ
    ਅਸੀਂ ਤੇਰੀ ਮਹਿਮਾ ਦਾ ਗੁਨਗਾਨ ਕਰ ਸੱਕੀਏ।”
36 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਸਤਤ ਹਮੇਸ਼ਾ ਲਈ ਹੋਵੇ,
    ਜਿਵੇਂ ਕਿ ਹਮੇਸ਼ਾ ਹੀ ਉਸਦੀ ਉਸਤਤ ਹੋਈ ਹੈ!

ਸਭ ਲੋਕਾਂ ਨੇ ਯਹੋਵਾਹ ਨੂੰ ਉਸਤਤਾਂ ਗਾਈਆਂ ਅਤੇ ਆਖਿਆ, “ਆਮੀਨ।”

37 ਫ਼ਿਰ ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨੂੰ ਨੇਮ ਦੇ ਸੰਦੂਕ ਕੋਲ ਛੱਡ ਦਿੱਤਾ ਤਾਂ ਜੋ ਉਹ ਹਰ ਰੋਜ਼ ਉਸ ਦੇ ਸਾਹਮਣੇ ਸੇਵਾ ਕਰ ਸੱਕਣ। 38 ਦਾਊਦ ਨੇ ਆਸਾਫ਼ ਅਤੇ ਉਸ ਦੇ ਭਰਾਵਾਂ ਨਾਲ 68 ਹੋਰ ਲੇਵੀਆਂ ਨੂੰ ਵੀ ਉਨ੍ਹਾਂ ਨਾਲ ਸੇਵਾ ਸੰਭਾਲ ਕਰਨ ਲਈ ਰਹਿਣ ਦਿੱਤਾ। ਓਬੇਦ-ਅਦੋਮ ਯਦੀਥੂਨ ਦਾ ਪੁੱਤਰ ਅਤੇ ਹੋਸਾਹ ਨੂੰ ਦਰਬਾਨ ਦੇ ਕਾਰਜ ਲਈ ਉੱਥੇ ਰਹਿਣ ਦਿੱਤਾ।

39 ਦਾਊਦ ਨੇ ਸਾਦੋਕ ਜਾਜਕ ਅਤੇ ਉਸ ਦੇ ਭਰਾਵਾਂ ਜਾਜਕਾਂ ਨੂੰ ਉੱਥੇ ਰਹਿਣ ਦਿੱਤਾ ਜਿਹੜੇ ਗਿਬਓਨ ਦੇ ਉੱਚੇ ਥਾਂ ਤੇ ਯਹੋਵਾਹ ਦੇ ਤੰਬੂ ਦੇ ਸਾਹਮਣੇ ਉਸਦੀ ਸੇਵਾ ਕਰਦੇ ਸਨ। 40 ਹਰ ਸਵੇਰ ਅਤੇ ਸ਼ਾਮ, ਸਾਦੋਕ ਅਤੇ ਬਾਕੀ ਦੇ ਜਾਜਕ ਹੋਮ ਦੀਆਂ ਭੇਟਾਂ ਦੀ ਜਗਵੇਦੀ ਤੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ। ਉਹ ਇਹ ਸਭ ਯਹੋਵਾਹ ਦੀਆਂ ਬਿਧੀਆਂ ਮੁਤਾਬਕ ਕਰਦੇ ਸਨ ਜੋ ਯਹੋਵਾਹ ਨੇ ਇਸਰਾਏਲ ਨੂੰ ਦਿੱਤੀਆਂ ਸਨ, ਅਤੇ ਜੋ ਬਿਵਸਬਾ ਦੀ ਪੋਥੀ ਵਿੱਚ ਲਿਖੀਆਂ ਸਨ। 41 ਹੇਮਾਨ, ਯਦੁਥੂਨ ਅਤੇ ਹੋਰ ਦੂਜੇ ਲੇਵੀਆਂ ਨੂੰ ਉਨ੍ਹਾਂ ਦੇ ਨਾਲ ਨਾਮਾਂ ਦੁਆਰਾ ਚੁਣਿਆ ਗਿਆ ਸੀ ਤਾਂ ਜੋ ਉਹ ਯਹੋਵਾਹ ਨੂੰ ਉਸਤਤਿ ਗਾਉਣ, ਕਿਉਂ ਕਿ ਉਸਦਾ ਪਿਆਰ ਸਦਾ ਲਈ ਸਥਿਰ ਹੈ। 42 ਹੇਮਾਨ ਅਤੇ ਯਦੂਥੂਨ ਉਨ੍ਹਾਂ ਦੇ ਸੰਗ ਸਨ। ਉਨ੍ਹਾਂ ਦਾ ਕੰਮ ਤੁਰ੍ਹੀਆਂ ਅਤੇ ਸਾਰੰਗੀਆਂ ਵਜਾਉਣਾ ਸੀ। ਇਸਦੇ ਇਲਾਵਾ ਉਹ ਹੋਰ ਵੀ ਸਾਜ਼ ਵਜਾਉਂਦੇ। ਜਦੋਂ ਪਰਮੇਸ਼ੁਰ ਦਾ ਗੁਣਗਾਨ ਹੁੰਦਾ ਤਾਂ ਉਹ ਕਈ ਤਰ੍ਹਾਂ ਦੇ ਸੰਗੀਤਕ ਸਾਜ਼ ਵਜਾਉਂਦੇ। ਯਦੁਥੂਨ ਦੇ ਪੁੱਤਰ ਫ਼ਾਟਕਾਂ ਦੀ ਰੱਖਵਾਲੀ ਕਰਦੇ।

43 ਇਸ ਜਸ਼ਨ ਉਪਰੰਤ ਸਭ ਲੋਕ ਆਪੋ-ਆਪਣੇ ਘਰਾਂ ਨੂੰ ਮੁੜ ਪਏ। ਦਾਊਦ ਵੀ ਆਪਣੇ ਪਰਿਵਾਰ ਨੂੰ ਅਸੀਸ ਦੇਣ ਲਈ ਘਰ ਨੂੰ ਪਰਤਿਆ।

ਪਰਮੇਸ਼ੁਰ ਦਾ ਦਾਊਦ ਨੂੰ ਇਕਰਾਰ

17 ਜਦੋਂ ਦਾਊਦ ਆਪਣੇ ਘਰ ਨੂੰ ਪਰਤਿਆ ਤਾਂ ਉਸ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ! ਮੈਂ ਤਾਂ ਦਿਆਰ ਦੀ ਲੱਕੜ ਦੇ ਬਣੇ ਹੋਏ ਘਰ ਵਿੱਚ ਰਹਿੰਦਾ ਹਾਂ, ਪਰ ਨੇਮ ਦਾ ਸੰਦੂਕ ਕੇਵਲ ਤੰਬੂ ਹੇਠ ਪਿਆ ਹੈ। ਇਸ ਲਈ ਮੈਂ ਪਰਮੇਸ਼ੁਰ ਲਈ ਇੱਕ ਮੰਦਰ ਬਨਾਉਣਾ ਚਾਹੁੰਦਾ ਹਾਂ।”

ਨਾਥਾਨ ਨੇ ਦਾਊਦ ਨੂੰ ਕਿਹਾ, “ਤੂੰ ਜੋ ਤੇਰੇ ਜੀਅ ਆਏ ਸੋ ਕਰ ਕਿਉਂ ਕਿ ਪਰਮੇਸ਼ੁਰ ਤੇਰੇ ਅੰਗ-ਸੰਗ ਹੈ।”

ਪਰ ਉਸ ਰਾਤ ਨਾਥਾਨ ਨੂੰ ਪਰਮੇਸ਼ੁਰ ਦੀ ਬਾਣੀ ਹੋਈ। ਪਰਮੇਸ਼ੁਰ ਨੇ ਆਖਿਆ,

“ਜਾਹ! ਅਤੇ ਜਾ ਕੇ ਮੇਰੇ ਸੇਵਕ ਨੂੰ ਇਹ ਗੱਲਾਂ ਦੱਸ: ਯਹੋਵਾਹ ਆਖਦਾ ਹੈ, ‘ਦਾਊਦ, ਤੂੰ ਮੇਰੇ ਰਹਿਣ ਲਈ ਕੋਈ ਸਥਾਨ ਬਨਾਉਣ ਵਾਲਾ ਵਿਅਕਤੀ ਨਹੀਂ ਹੈਂ। 5-6 ਕਿਉਂ ਕਿ ਮੈਂ ਜਦੋਂ ਦਾ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਕੇ ਲਿਆਇਆ ਹਾਂ, ਉਦੋਂ ਦਾ ਮੈਂ ਘਰ ਵਿੱਚ ਨਿਵਾਸ ਨਹੀਂ ਕੀਤਾ। ਪਰ ਮੈਂ ਇੱਕ ਤੰਬੂ ਵਿੱਚ ਆਲੇ-ਦੁਆਲੇ ਘੁੰਮਦਾ ਰਿਹਾ ਹਾਂ। ਮੈਂ ਕੁਝ ਇਸਰਾਏਲੀ ਆਗੂਆਂ ਨੂੰ ਮੇਰੇ ਲੋਕਾਂ ਦੇ ਆਜੜੀ ਹੋਣ ਲਈ ਚੁਣਿਆ ਹੈ ਜਦੋਂ ਮੈਂ ਇਸਰਾਏਲ ਵਿੱਚ ਵੱਖ-ਵੱਖ ਥਾਵਾਂ ਤੇ ਜਾ ਰਿਹਾ ਸੀ, ਮੈਂ ਉਨ੍ਹਾਂ ਵਿੱਚੋਂ ਕਿਸੇ ਵੀ ਆਗੂ ਨੂੰ ਨਹੀਂ ਆਖਿਆ, ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ?’

“ਹੁਣ, ਮੇਰੇ ਸੇਵਕ ਦਾਊਦ ਨੂੰ ਜਾ ਕੇ ਆਖ: ਸਰਬ ਸ਼ਕਤੀਮਾਨ ਯਹੋਵਾਹ ਦਾ ਕਹਿਣਾ ਹੈ, ‘ਮੈਂ ਤੈਨੂੰ ਚਰਾਂਦਾ ਵਿੱਚੋਂ ਜਿੱਥੇ ਤੂੰ ਭੇਡਾਂ ਚਰਾਉਂਦਾ ਹੁੰਦਾ ਸੀ, ਕੱਢ ਕੇ ਲਿਆਂਦਾ ਅਤੇ ਮੈਂ ਤੈਨੂੰ ਆਪਣੀ ਪਰਜਾ ਇਸਰਾਏਲ ਦਾ ਪਾਤਸ਼ਾਹ ਥਾਪਿਆ। ਹਰ ਥਾਵੇਂ ਮੈਂ ਤੇਰੇ ਅੰਗ-ਸੰਗ ਰਿਹਾ। ਮੈਂ ਤੇਰੇ ਡੇਰੇ ਤੋਂ ਅਗਾਂਹ ਜਾਕੇ ਤੇਰੇ ਵੈਰੀਆਂ ਨੂੰ ਮਾਰਿਆ। ਹੁਣ ਮੈਂ ਤੈਨੂੰ ਦੁਨੀਆਂ ਦੇ ਪ੍ਰਸਿੱਧ ਆਦਮੀਆਂ ਵਿੱਚੋਂ ਇੱਕ ਬਣਾਵਾਂਗਾ। ਇਸ ਲਈ ਮੈਂ ਇਹ ਜਗ੍ਹਾ ਆਪਣੇ ਲੋਕਾਂ, ਇਸਰਾਏਲੀਆਂ ਲਈ ਦੇ ਰਿਹਾ ਹਾਂ, ਤਾਂ ਜੋ ਉਹ ਇੱਥੇ ਰੁੱਖ ਉਗਾਉਣ ਅਤੇ ਉਨ੍ਹਾਂ ਰੁੱਖਾਂ ਹੇਠਾਂ ਸ਼ਾਂਤੀ ਨਾਲ ਬੈਠ ਸੱਕਣ। ਉਨ੍ਹਾਂ ਨੂੰ ਹੋਰ ਤੰਗ ਨਹੀਂ ਕੀਤਾ ਜਾਵੇਗਾ। ਬਦ ਲੋਕ ਉਨ੍ਹਾਂ ਨੂੰ ਕਸ਼ਟ ਨਹੀਂ ਦੇਣਗੇ ਜਿਵੇਂ ਉਨ੍ਹਾਂ ਨੇ ਪਹਿਲਾਂ ਕੀਤਾ ਸੀ। 10 ਉਹ ਮੰਦੀਆਂ ਗੱਲਾਂ ਵਾਪਰੀਆਂ ਪਰ ਮੈਂ ਆਪਣੇ ਲੋਕਾਂ, ਇਸਰਾਏਲੀਆਂ ਤੇ ਹੋਣ ਲਈ ਆਗੂਆਂ ਨੂੰ ਚੁਣਿਆ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਹਰਾਵਾਂਗਾ।

“‘ਮੈਂ ਤੈਨੂੰ ਦੱਸਦਾ ਹਾਂ ਕਿ ਯਹੋਵਾਹ ਤੇਰੇ ਲਈ ਇੱਕ ਭਵਨ ਬਣਾਵੇਗਾ। [a] 11 ਜਦ ਤੂੰ ਮਰ ਜਾਵੇਂਗਾ ਅਤੇ ਮਰ ਕੇ ਆਪਣੇ ਪੁਰਖਿਆਂ ਨਾਲ ਮਿਲ ਜਾਵੇਂਗਾ ਤਦ ਮੈਂ ਤੇਰੇ ਬਾਅਦ ਤੇਰੇ ਪੁੱਤਰ ਨੂੰ ਨਵਾਂ ਪਾਤਸ਼ਾਹ ਬਣਾਵਾਂਗਾ। ਇਹ ਨਵਾਂ ਪਾਤਸ਼ਾਹ ਤੇਰੇ ਆਪਣੇ ਪੁੱਤਰਾਂ ਵਿੱਚੋਂ ਇੱਕ ਹੋਵੇਗਾ। ਅਤੇ ਮੈਂ ਉਸਦਾ ਰਾਜ ਮਜ਼ਬੂਤ ਬਣਾਵਾਂਗਾ। 12 ਤੇਰਾ ਪੁੱਤਰ ਮੇਰੇ ਲਈ ਭਵਨ ਨਿਰਮਾਣ ਕਰੇਗਾ ਅਤੇ ਮੈਂ ਤੇਰੇ ਪੁੱਤਰ ਦੀ ਗੱਦੀ ਸਦੀਵ ਤੀਕ ਅਚੱਲ ਰੱਖਾਂਗਾ। 13 ਮੈਂ ਉਸਦਾ ਪਿਤਾ ਹੋਵਾਂਗਾ, ਤੇ ਉਹ ਮੇਰਾ ਪੁੱਤਰ ਹੋਵੇਗਾ। ਤੇਰੇ ਤੋਂ ਪਹਿਲਾਂ, ਇੱਥੋਂ ਦਾ ਪਾਤਸ਼ਾਹ ਸ਼ਾਊਲ ਸੀ, ਅਤੇ ਮੈਂ ਆਪਣਾ ਪਿਆਰ ਅਤੇ ਆਪਣੀ ਮਿਹਰ ਉਸ ਤੋਂ ਹਟਾਅ ਲਈ, ਪਰ ਮੈਂ ਤੇਰੇ ਪੁੱਤਰ ਨੂੰ ਸਦੀਵ ਪਿਆਰ ਕਰਾਂਗਾ। 14 ਉਸ ਨੂੰ ਮੈਂ ਆਪਣੇ ਭਵਨ ਵਿੱਚ ਅਤੇ ਆਪਣੇ ਰਾਜ ਵਿੱਚ ਸਦਾ ਲਈ ਮੁਖੀਆਂ ਰੱਖਾਂਗਾ ਅਤੇ ਉਸਦਾ ਰਾਜ ਹਮੇਸ਼ਾ-ਹਮੇਸ਼ਾ ਲਈ ਅਚੱਲ ਰਹੇਗਾ।’”

15 ਨਾਥਾਨ ਨੇ ਦਾਊਦ ਨੂੰ ਇਸ ਸਾਰੇ ਦਰਸ਼ਨ ਬਾਰੇ ਦੱਸਿਆ ਅਤੇ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦੱਸਿਆ ਜੋ ਪਰਮੇਸ਼ੁਰ ਨੇ ਬਚਨ ਕੀਤੇ ਸਨ।

ਦਾਊਦ ਦੀ ਪ੍ਰਾਰਥਨਾ

16 ਤਦ ਦਾਊਦ ਪਾਤਸ਼ਾਹ ਪਵਿੱਤਰ ਤੰਬੂ ਵੱਲ ਗਿਆ ਅਤੇ ਯਹੋਵਾਹ ਦੇ ਸਾਹਮਣੇ ਬੈਠ ਕੇ ਆਖਣ ਲੱਗਾ,

“ਹੇ ਯਹੋਵਾਹ ਪਰਮੇਸ਼ੁਰ! ਤੂੰ ਮੇਰੇ ਅਤੇ ਮੇਰੇ ਘਰਾਣੇ ਤੇ ਅਪਾਰ ਰਹਿਮਤ ਕੀਤੀ ਹੈ। ਮੈਂ ਨਹੀਂ ਜਾਣਦਾ ਇਸ ਨਾਚੀਜ਼ ਤੇ ਕਿਰਪਾ ਦਾ ਕਾਰਣ। 17 ਅਤੇ ਹੇ ਪਰਮੇਸ਼ੁਰ, ਜਿਵੇਂ ਕਿ ਇਹ ਕਾਫ਼ੀ ਨਾ ਹੋਣ, ਤੂੰ ਮੈਨੂੰ ਮੇਰੇ ਪਰਿਵਾਰ ਦਾ ਭਵਿੱਖ ਦੱਸਿਆ, ਅਤੇ ਤੂੰ ਮੈਨੂੰ ਇੰਝ ਦਰਸਾਇਆ ਜਿਵੇਂ ਕਿ ਮੈਂ ਸਾਰੇ ਆਦਮੀਆਂ ਤੋਂ ਵੱਧੇਰੇ ਮਹੱਤਵਪੂਰਣ ਹੋਵਾਂ। 18 ਮੈਂ ਕੌਣ ਹਾਂ ਜੋ ਕੁਝ ਆਖਾਂ ਤੇ ਹੋਰ ਇਸ ਤੋਂ ਵੱਧ ਮੈਂ ਕੀ ਆਖ ਸੱਕਦਾ ਹਾਂ? ਤੂੰ ਤਾਂ ਪਹਿਲਾਂ ਹੀ ਮੇਰੇ ਤੇ ਅਪਾਰ ਦਰਿਸ਼ਟੀ ਕੀਤੀ ਹੈ ਤੇ ਤੂੰ ਜਾਣਦਾ ਹੈਂ ਕਿ ਮੈਂ ਤਾਂ ਸਿਰਫ਼ ਤੇਰਾ ਸੇਵਕ ਹਾਂ! 19 ਹੇ ਯਹੋਵਾਹ, ਤੂੰ ਆਪਣੀ ਇੱਛਾ ਅਨੁਸਾਰ ਮੇਰੀ ਖਾਤਿਰ ਇਹ ਅਚਰਜ ਕਾਰਜ ਕੀਤਾ। ਤੂੰ ਮੈਨੂੰ ਇਨ੍ਹਾਂ ਸਾਰੀਆਂ ਮਹਾਨ ਗੱਲਾਂ ਦਾ ਪਤਾ ਲਗਾਉਣ ਦੀ ਇੱਛਾ ਕੀਤੀ! 20 ਹੇ ਯਹੋਵਾਹ! ਤੈਥੋਂ ਸਿਵਾ ਹੋਰ ਕੋਈ ਪਰਮੇਸ਼ੁਰ ਨਹੀਂ। ਅਸੀਂ ਹੋਰ ਕਿਸੇ ਵੀ ਦੇਵਤੇ ਬਾਰੇ ਅਜਿਹੇ ਕਰਿਸ਼ਮੇ ਦਿਖਾਉਣ ਬਾਰੇ ਨਹੀਂ ਸੁਣਿਆ ਜਿਵੇਂ ਤੂੰ ਕਰਦਾ ਹੈਂ! 21 ਕੀ ਦੁਨੀਆਂ ਵਿੱਚ ਕੋਈ ਅਜਿਹੀ ਕੌਮ ਹੈ ਜਿਹੜੀ ਤੇਰੇ ਲੋਕਾਂ, ਇਸਰਾਏਲ ਦੇ ਤੁਲਨਾਯੋਗ ਹੋਵੇ। ਨਹੀਂ! ਧਰਤੀ ਤੇ ਅਜਿਹੀ ਕੌਮ ਸਿਰਫ਼ ਇਸਰਾਏਲ ਹੀ ਹੈ ਜਿਸ ਲਈ ਤੂੰ ਅਜਿਹੇ ਅਚਰਜ ਕਾਰਜ ਕੀਤੇ ਹਨ। ਤੂੰ ਸਾਨੂੰ ਮਿਸਰ ਵਿੱਚੋਂ ਕੱਢ ਕੇ ਅਜਾਦ ਕੀਤਾ। ਤੂੰ ਆਪਣਾ ਨਾਉਂ ਜੱਸ ਆਪੇ ਕੀਤਾ। ਤੂੰ ਆਪ ਹੀ ਆਪਣੇ ਲੋਕਾਂ ਦੇ ਸਾਹਵੇਂ ਹੋਇਆ ਤੇ ਸਾਡੇ ਲਈ ਦੂਜੇ ਲੋਕਾਂ ਤੋਂ ਜ਼ਬਰਦਸਤੀ ਉਨ੍ਹਾਂ ਦੀ ਭੂਮੀ ਹਥਿਆ ਕੇ ਸਾਨੂੰ ਦਿੱਤੀ! 22 ਤੂੰ ਇਸਰਾਏਲ ਨੂੰ ਹਮੇਸ਼ਾ ਲਈ ਆਪਣੇ ਲੋਕ ਬਣਾਇਆ। ਅਤੇ ਹੇ ਯਹੋਵਾਹ ਤੂੰ ਉਨ੍ਹਾਂ ਦਾ ਪਰਮੇਸ਼ੁਰ ਹੋ ਗਿਆ।

23 “ਹੇ ਯਹੋਵਾਹ! ਜਿਹੜਾ ਵਚਨ ਤੂੰ ਆਪਣੇ ਸੇਵਕ ਅਤੇ ਉਸਦੀ ਕੁਲ ਲਈ ਆਖਿਆ ਸੀ, ਉਹ ਹਮੇਸ਼ਾ ਲਈ ਸਥਿਰ ਰਹੇ ਅਤੇ ਤੂੰ ਉਸ ਵਚਨ ਨੂੰ ਜਿਵੇਂ ਆਖਿਆ ਸੀ ਪੂਰਾ ਕਰੇਂ! 24 ਤੂੰ ਆਪਣੇ ਇਕਰਾਰਾਂ ਨੂੰ ਪੂਰਾ ਕਰੀਂ ਤਾਂ ਜੋ ਲੋਕ ਹਮੇਸ਼ਾ ਤੇਰੇ ਨਾਂ ਦੀ ਉਸਤਤ ਕਰਦੇ ਰਹਿਣ। ਤਦ ਲੋਕ ਕਹਿਣਗੇ, ‘ਸਰਬ ਸ਼ਕਤੀਮਾਨ ਯਹੋਵਾਹ ਹੀ ਇਸਰਾਏਲ ਦਾ ਪਰਮੇਸ਼ੁਰ ਹੈ।’ ਮੈਂ ਤੇਰਾ ਸੇਵਕ ਹਾਂ। ਹੇ ਯਹੋਵਾਹ ਮੇਰੇ ਤੇ ਆਓ ਮੇਰੇ ਪਰਿਵਾਰ ਤੇ ਆਪਣੀ ਕਿਰਪਾ ਕਰ ਤਾਂ ਜੋ ਸਦੀਵ ਤੇਰੀ ਸੇਵਾ ਕਰਦੇ ਰਹਿਣ।

25 “ਹੇ ਮੇਰੇ ਪਰਮੇਸ਼ੁਰ, ਤੂੰ ਮੇਰੇ, ਆਪਣੇ ਸੇਵਕ ਨਾਲ ਗੱਲ ਕੀਤੀ। ਤੂੰ ਇਹ ਸਪੱਸ਼ਟ ਕਰ ਦਿੱਤਾ ਕਿ ਤੂੰ ਮੇਰੇ ਉਪਰੰਤ, ਮੇਰੇ ਪਰਿਵਾਰ ਨੂੰ ਹੀ ਸ਼ਾਸਨ ਦੇਵੇਂਗਾ। ਇਸੇ ਕਾਰਣ, ਮੈਂ ਇਨ੍ਹਾਂ ਸਭ ਗੱਲਾਂ ਦੀ ਬੇਨਤੀ ਕਰਨ ਲਈ ਤੇਰੇ ਅੱਗੇ ਪ੍ਰਾਰਥਨਾ ਕਰਨ ਦਾ ਹੌਂਸਲਾ ਕਰ ਸੱਕਿਆ ਹਾਂ। 26 ਹੇ ਯਹੋਵਾਹ! ਤੂੰ ਹੀ ਪਰਮੇਸ਼ੁਰ ਹੈਂ ਅਤੇ ਹੇ ਸੱਚੇ ਯਹੋਵਾਹ! ਤੂੰ ਖੁਦ ਹੀ ਆਪਣੇ ਸੇਵਕ ਲਈ ਇਹ ਚੰਗੀਆਂ ਗੱਲਾਂ ਕਰਨ ਦਾ ਇਕਰਾਰ ਕੀਤਾ। 27 ਹੇ ਯਹੋਵਾਹ! ਤੂੰ ਮੇਰੇ ਪਰਿਵਾਰ ਨੂੰ ਅਸੀਸ ਦੇਣ ਦੀ ਕਿਰਪਾਲਤਾ ਕੀਤੀ, ਅਤੇ ਤੂੰ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਇਕਰਾਰ ਕੀਤਾ ਕਿ ਉਹ ਸਦੀਵ ਤੇਰੇ ਅੱਗੇ ਸੇਵਾ ਕਰ ਸੱਕਣਗੇ। ਹੇ ਯਹੋਵਾਹ! ਤੂੰ ਆਪ ਮੇਰੇ ਪਰਿਵਾਰ ਨੂੰ ਅਸੀਸ ਦਿੱਤੀ ਹੈ ਤਾਂ ਸੱਚਮੁੱਚ ਉਹ ਸਦਾ ਤੀਕ ਤੇਰੀ ਅਸੀਸ ਦੀ ਮਿਹਰ ਵਿੱਚ ਰਹੇ।”

Punjabi Bible: Easy-to-Read Version (ERV-PA)

2010 by World Bible Translation Center