Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
1 ਇਤਹਾਸ 28-29

ਦਾਊਦ ਦੀ ਮੰਦਰ ਲਈ ਵਿਉਂਤ

28 ਦਾਊਦ ਨੇ ਸਾਰੇ ਇਸਰਾਏਲ ਦੇ ਲੋਕਾਂ ਨੂੰ ਇਕੱਠਿਆਂ ਕੀਤਾ। ਉਸ ਨੇ ਉਨ੍ਹਾਂ ਸਾਰੇ ਆਗੂਆਂ ਨੂੰ ਯਰੂਸ਼ਲਮ ਵਿੱਚ ਇਕੱਠਿਆਂ ਹੋਣ ਦਾ ਹੁਕਮ ਦਿੱਤਾ। ਦਾਊਦ ਨੇ ਇਸਰਾਏਲ ਵਿੱਚਲੇ ਪਰਿਵਾਰ-ਸਮੂਹਾਂ ਦੇ ਸਾਰੇ ਆਗੂਆਂ, ਸੈਨਾ-ਸਮੂਹਾਂ ਦੇ ਕਮਾਂਡਰਾਂ ਨੂੰ ਜੋ ਰਾਜੇ ਦੀ ਸੇਵਾ ਕਰਦੇ ਸਨ, ਸਰਦਾਰਾਂ, ਮੁਖੀਆਂ, ਉਸ ਦੇ ਪੁੱਤਰਾਂ ਅਤੇ ਉਸ ਦੀ ਸੰਪੱਤੀ ਅਤੇ ਪਸ਼ੂਆਂ ਦੀ ਦੇਖ-ਰੇਖ ਕਰਨ ਵਾਲੇ ਕਰਮਚਾਰੀਆਂ ਅਤੇ ਉਸ ਦੇ ਖਾਸ ਮੰਤਰੀਆਂ, ਸ਼ਕਤੀਸ਼ਾਲੀ ਸੂਰਮਿਆਂ ਅਤੇ ਬਹਾਦੁਰ ਸਿਪਾਹੀਆਂ ਨੂੰ ਇਕੱਠਿਆਂ ਕੀਤਾ।

ਦਾਊਦ ਪਾਤਸ਼ਾਹ ਨੇ ਖੜ੍ਹੇ ਹੋ ਕੇ ਆਖਿਆ, “ਹੇ ਮੇਰੇ ਭਾਈਓ ਅਤੇ ਮੇਰੇ ਲੋਕੋ! ਮੇਰੀ ਗੱਲ ਧਿਆਨ ਨਾਲ ਸੁਣੋ! ਮੈਂ ਦਿਲੋਂ ਯਹੋਵਾਹ ਦੇ ਨੇਮ ਦੇ ਸੰਦੂਕ ਲਈ ਅਸਥਾਨ ਬਨਵਾਉਣਾ ਚਾਹੁੰਦਾ ਸੀ, ਮੈਂ ਅਜਿਹਾ ਅਸਥਾਨ ਬਨਾਉਣਾ ਚਾਹੁੰਦਾ ਸੀ ਜੋ ਪਰਮੇਸ਼ੁਰ ਦੇ ਪੈਰ ਰੱਖਣ ਲਈ ਚੌਂਕੀ ਦਾ ਅਸਥਾਨ ਵੀ ਉੱਥੇ ਬਣਾਉਂਦਾ ਅਤੇ ਮੈਂ ਅਜਿਹਾ ਪਰਮੇਸ਼ੁਰ ਲਈ ਭਵਨ ਨਿਰਮਾਣ ਕਰਨ ਦੀ ਵਿਉਂਤ ਬਣਾਈ। ਪਰ ਪਰਮੇਸ਼ੁਰ ਨੇ ਮੈਨੂੰ ਆਖਿਆ, ‘ਨਹੀਂ ਦਾਊਦ! ਤੂੰ ਮੇਰੇ ਨਾਉਂ ਲਈ ਘਰ ਨਹੀਂ ਬਣਾਵੇਂਗਾ। ਤੂੰ ਅਜਿਹਾ ਨਹੀਂ ਕਰ ਸੱਕਦਾ ਕਿਉਂ ਕਿ ਤੂੰ ਇੱਕ ਸਿਪਾਹੀ ਹੈਂ ਅਤੇ ਤੂੰ ਕਈ ਆਦਮੀਆਂ ਦੀ ਹਤਿਆ ਕੀਤੀ ਹੈ।’

“ਪਰਮੇਸ਼ੁਰ ਨੇ ਯਹੂਦਾਹ ਪਰਿਵਾਰ-ਸਮੂਹ ਨੂੰ ਹੋਰਨਾਂ ਪਰਿਵਾਰ-ਸਮੂਹਾਂ ਤੇ ਆਗੂ ਹੋਣ ਵਜੋਂ ਚੁਣਿਆ, ਅਤੇ ਯਹੂਦਾਹ ਵਿੱਚੋਂ ਉਸ ਨੇ ਮੇਰੇ ਪਿਤਾ ਦੇ ਪਰਿਵਾਰ ਨੂੰ ਚੁਣਿਆ ਅਤੇ ਮੇਰੇ ਪਰਿਵਾਰ ਵਿੱਚੋਂ ਉਸ ਨੇ ਮੈਨੂੰ ਇਸਰਾਏਲ ਦਾ ਰਾਜਾ ਹੋਣ ਲਈ ਚੁਣਿਆ। ਯਹੋਵਾਹ ਨੇ ਮੈਨੂੰ ਬਹੁਤ ਸਾਰੇ ਪੁੱਤਰਾਂ ਦੀ ਦਾਤ ਬਖਸ਼ੀ ਹੈ। ਅਤੇ ਉਨ੍ਹਾਂ ਸਾਰੇ ਪੁੱਤਰਾਂ ਵਿੱਚੋਂ ਯਹੋਵਾਹ ਨੇ ਸੁਲੇਮਾਨ ਨੂੰ ਇਸਰਾਏਲ ਦਾ ਨਵਾਂ ਪਾਤਸ਼ਾਹ ਚੁਣਿਆ ਹੈ। ਪਰ ਸੱਚਮੁੱਚ ਹੀ ਇਸਰਾਏਲ ਯਹੋਵਾਹ ਦਾ ਰਾਜ ਹੈ। ਯਹੋਵਾਹ ਨੇ ਮੈਨੂੰ ਆਖਿਆ, ‘ਦਾਊਦ! ਤੇਰਾ ਪੁੱਤਰ ਸੁਲੇਮਾਨ ਮੇਰੇ ਲਈ ਮੰਦਰ ਦਾ ਨਿਰਮਾਣ ਕਰੇਗਾ ਅਤੇ ਉਸ ਦੇ ਆਸ-ਪਾਸ ਦਾ ਖੇਤਰ ਉਸਾਰੇਗਾ। ਕਿਉਂ ਕਿ ਸੁਲੇਮਾਨ ਨੂੰ ਮੈਂ ਆਪਣਾ ਪੁੱਤਰ ਚੁਣਿਆ ਹੈ ਅਤੇ ਮੈਂ ਹੀ ਉਸਦਾ ਪਿਤਾ ਹਾਂ। ਹੁਣ ਸੁਲੇਮਾਨ ਮੇਰੀਆਂ ਬਿਧੀਆਂ ਅਤੇ ਨਿਆਵਾਂ ਨੂੰ ਦਿਰੜਤਾ ਨਾਲ ਮੰਨੇਗਾ। ਜੇਕਰ ਉਸ ਨੇ ਅਜਿਹਾ ਕਰਨਾ ਜਾਰੀ ਰੱਖਿਆ, ਤਾਂ ਮੈਂ ਉਸ ਦੇ ਰਾਜ ਨੂੰ ਸਦਾ ਲਈ ਤਾਕਤਵਰ ਬਣਾ ਦਿਆਂਗਾ।’”

ਦਾਊਦ ਨੇ ਕਿਹਾ, “ਹੁਣ, ਸਾਰੇ ਇਸਰਾਏਲ ਦੀ ਹਾਜਰੀ ਵਿੱਚ, ਅਤੇ ਜਦ ਕਿ ਯਹੋਵਾਹ ਇਹ ਸੁਣ ਰਿਹਾ ਹੈ, ਮੈਂ ਤੁਹਾਨੂੰ ਦੱਸਦਾ ਹਾਂ ਕਿ ਤੁਸੀਂ ਸਾਰੇ ਯਹੋਵਾਹ ਦੀਆਂ ਹਿਦਾਇਤਾਂ ਅਤੇ ਹੁਕਮਾਂ ਨੂੰ ਰੱਖਣ ਵਿੱਚ ਸਾਵਧਾਨ ਰਹਿਣਾ। ਫ਼ੇਰ ਤੁਹਾਡੇ ਕੋਲ ਇਸ ਚੰਗੀ ਜ਼ਮੀਨ ਨੂੰ ਰੱਖਣ ਅਤੇ ਫ਼ੇਰ ਅਗਾਂਹ ਇਸ ਨੂੰ ਤੁਹਾਡੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਹੱਕ ਹੋਵੇਗਾ।

“ਅਤੇ ਸੁਲੇਮਾਨ ਤੂੰ, ਮੇਰੇ ਪੁੱਤਰ ਆਪਣੇ ਪਿਤਾ ਦੇ ਪਰਮੇਸ਼ੁਰ ਨੂੰ ਜਾਣ। ਤਹਿ ਦਿਲੋਂ ਅਤੇ ਇਛਿੱਤ ਮਨ ਨਾਲ ਉਸਦੀ ਸੇਵਾ ਕਰ, ਕਿਉਂ ਕਿ ਯਹੋਵਾਹ ਸਾਰਿਆਂ ਦੇ ਹਿਰਦਿਆਂ ਦੀ ਮਨਾਂ ਦੀ ਪਰੀਖਿਆ ਲੈਂਦਾ ਹੈ ਅਤੇ ਉਹ ਸਭ ਦੇ ਮਨਾਂ ਦਾ ਜਾਣੀ ਜਾਣ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਮਦਦ ਮੰਗੋਂਗੇ ਤਾਂ ਤੁਸੀਂ ਜਵਾਬ ਪਾਵੋਗੇ ਪਰ ਜੇਕਰ ਤੁਸੀਂ ਉਸਤੋਂ ਬੇਮੁਖ ਹੋਵੋਂਗੇ ਉਹ ਸਦਾ ਲਈ ਤੁਹਾਨੂੰ ਤਿਲਾਂਜਲੀ ਦੇਵੇਗਾ। 10 ਸੁਲੇਮਾਨ! ਤੂੰ ਇਹ ਯਾਦ ਰੱਖੀਂ ਹਮੇਸ਼ਾ ਵਾਸਤੇ ਕਿ ਯਹੋਵਾਹ ਨੇ ਤੈਨੂੰ ਚੁਣਿਆ ਹੈ ਤਾਂ ਜੋ ਤੂੰ ਪਵਿੱਤਰ ਅਸਥਾਨ ਦੇ ਲਈ ਇੱਕ ਮੰਦਰ ਬਣਾਵੇਂ ਸੋ ਇਸ ਲਈ ਤੂੰ ਹੁਣ ਉੱਠ, ਹਿੰਮਤ ਕਰ ਅਤੇ ਉਸ ਨੂੰ ਬਣਾ।”

11 ਉਪਰੰਤ ਦਾਊਦ ਨੇ ਸੁਲੇਮਾਨ ਨੂੰ ਮੰਦਰ ਦੇ ਨਕਸ਼ੇ ਦਿੱਤੇ। ਉਹ ਨਕਸ਼ੇ ਮੰਦਰ ਦੇ ਆਲੇ-ਦੁਆਲੇ ਦੇ ਦਾਲਾਨ, ਇਸ ਦੀਆਂ ਇਮਾਰਤਾਂ, ਇਸ ਦੇ ਕਮਰਿਆਂ, ਇਸਦੇ ਉੱਪਰ ਕਮਰਿਆਂ, ਅੰਦਰਲੇ ਕਮਰਿਆਂ, ਅੰਦਰਲੇ ਕਮਰਿਆਂ ਅਤੇ ਦਇਆ ਦੇ ਸਥਾਨ ਲਈ ਵੀ ਸਨ। 12 ਦਾਊਦ ਨੇ ਮੰਦਰ ਦੇ ਸਾਰੇ ਹਿਸਿਆਂ ਦਾ ਨਕਸ਼ੇ ਤਿਆਰ ਕੀਤੇ। ਉਸ ਨੇ ਉਹ ਨਕਸ਼ੇ ਸੁਲੇਮਾਨ ਨੂੰ ਯਹੋਵਾਹ ਦੇ ਮੰਦਰ ਦੇ ਇਰਦ-ਗਿਰਦ ਦੇ ਦਲਾਨ ਅਤੇ ਉਸ ਦੇ ਆਸ-ਪਾਸ ਦੇ ਕਮਰਿਆਂ, ਮੰਦਰ ਦੇ ਗੋਦਾਮਾਂ ਅਤੇ ਉਨ੍ਹਾਂ ਗੋਦਾਮਾਂ ਦੇ ਨਕਸ਼ੇ ਵੀ ਦਿੱਤੇ ਜਿੱਥੇ ਮੰਦਰ ਦੀਆਂ ਪਵਿੱਤਰ ਵਸਤਾਂ ਰੱਖੀਆਂ ਜਾਣੀਆਂ ਸਨ। 13 ਦਾਊਦ ਨੇ ਸੁਲੇਮਾਨ ਨੂੰ ਜਾਜਕਾਂ ਅਤੇ ਲੇਵੀਆਂ ਦੇ ਸਮੂਹਾਂ ਬਾਰੇ ਸਮਝਾਇਆ। ਦਾਊਦ ਨੇ ਉਸ ਨੂੰ ਯਹੋਵਾਹ ਦੇ ਮੰਦਰ ਵਿੱਚਲੇ ਸੇਵਾ ਕਰਨ ਦੇ ਸਾਰੇ ਕੰਮਾਂ ਬਾਰੇ ਅਤੇ ਮੰਦਰ ਦੀ ਸੇਵਾ ਕਰਨ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਬਾਰੇ ਵੀ ਦੱਸਿਆ। 14 ਦਾਊਦ ਨੇ ਸੁਲੇਮਾਨ ਨੂੰ ਇਹ ਵੀ ਦੱਸਿਆ ਕਿ ਮੰਦਰ ਵਿੱਚ ਵਸਤਾਂ ਬਨਾਉਣ ਵਾਸਤੇ ਕਿੰਨੇ ਕੁ ਸੋਨੇ ਅਤੇ ਚਾਂਦੀ ਦੀ ਖਪਤ ਹੋਵੇਗੀ। 15 ਸੁਨਿਹਰੀ ਦੀਵਟ ਅਤੇ ਸੁਨਿਹਰੀ ਦੀਵਿਆਂ ਦੇ ਲਈ ਅਤੇ ਚਾਂਦੀ ਦੇ ਦੀਵੇ ਅਤੇ ਦੀਵਟਾਂ ਲਈ ਵੀ ਦਾਊਦ ਨੇ ਸੁਲੇਮਾਨ ਨੂੰ ਸਮਝਾਇਆ ਕਿ ਹਰ ਇੱਕ ਦੀਵੇ ਅਤੇ ਦੀਵਟ ਲਈ ਕਿੰਨਾ-ਕਿੰਨਾ ਸੋਨਾ ਅਤੇ ਚਾਂਦੀ ਵਰਤੋਂ ਵਿੱਚ ਆਵੇਗੀ। ਅਲਗ-ਅਲਗ ਜਗ੍ਹਾ ਉੱਤੇ ਲੋੜ ਮੁਤਾਬਕ ਕਿੱਥੇ ਕਿਹੜਾ ਦੀਵਾ ਵਰਤੋਂ ਵਿੱਚ ਆਵੇਗਾ ਇਸ ਬਾਬਤ ਵੀ ਸਮਝਾਇਆ। 16 ਦਾਊਦ ਨੇ ਪਵਿੱਤਰ ਰੋਟੀ ਲਈ ਮੇਜ਼ਾਂ ਦੀ ਬਣਤਰ ਵਿੱਚ ਕਿੰਨਾ ਸੋਨਾ ਖਪਤ ਹੋਵੇਗਾ ਉਸ ਬਾਬਤ ਵੀ ਦੱਸਿਆ ਅਤੇ ਚਾਂਦੀ ਦੀਆਂ ਮੇਜ਼ਾਂ ਉੱਪਰ ਕਿੰਨੀ ਚਾਂਦੀ ਦੀ ਵਰਤੋਂ ਹੋਵੇਗੀ ਉਸ ਬਾਰੇ ਵੀ ਦੱਸਿਆ। 17 ਦਾਊਦ ਨੇ ਉਸ ਨੂੰ ਦੱਸਿਆ ਕਿ ਬਾਟਿਆਂ, ਕਟੋਰਿਆਂ, ਚਮਚਿਆਂ ਅਤੇ ਕਾਟਿਆਂ ਲਈ ਕਿੰਨਾ ਸ਼ੁੱਧ ਸੋਨਾ ਲੱਗੇਗਾ ਅਤੇ ਇਹ ਵੀ ਕਿ ਹਰ ਭਾਂਡੇ ਨੂੰ ਕਿੰਨਾ ਸੋਨਾ ਅਤੇ ਚਾਂਦੀ ਲੱਗੇਗੀ। 18 ਉਸ ਨੇ ਸੁਲੇਮਾਨ ਨੂੰ ਦੱਸਿਆ ਕਿ ਧੂਫ਼ ਦੀ ਜਗਵੇਦੀ ਲਈ ਕਿੰਨਾ ਸ਼ੁੱਧ ਸੋਨਾ ਇਸਤੇਮਾਲ ਹੋਵੇਗਾ। ਉਸ ਨੇ ਸੁਲੇਮਾਨ ਨੂੰ ਰੱਥਾਂ ਲਈ, ਪਰਮੇਸ਼ੁਰ ਦੇ ਨੇਮ ਦੇ ਸੰਦੂਕ ਤੇ ਕਰੂਬੀ ਫ਼ਰਿਸ਼ਤਿਆਂ ਦੇ ਫੈਲਾਏ ਹੋਏ ਖੰਭਾਂ ਨਾਲ ਢੱਕੇ ਹੋਏ ਦਇਆ ਦੇ ਸਥਾਨ ਦੇ ਨਕਸ਼ੇ ਬਾਰੇ ਵੀ ਦੱਸਿਆ। ਇਹ ਕਰੂਬੀ ਸੋਨੇ ਦੇ ਬਣਾਏ ਜਾਣੇ ਚਾਹੀਦੇ ਸਨ।

19 ਦਾਊਦ ਨੇ ਕਿਹਾ, “ਇਨ੍ਹਾਂ ਸਾਰੇ ਨਕਸ਼ਿਆਂ ਨੂੰ ਬਨਾਉਣ ਵਿੱਚ ਯਹੋਵਾਹ ਨੇ ਹੀ ਮੇਰੀ ਅਗਵਾਈ ਕੀਤੀ ਹੈ ਅਤੇ ਉਸ ਨੇ ਇਨ੍ਹਾਂ ਸਾਰੇ ਨਕਸ਼ਿਆਂ ਵਿੱਚਲੇ ਸਭ ਕਾਸੇ ਨੂੰ ਸਮਝਣ ਵਿੱਚ ਮੇਰੀ ਮਦਦ ਕੀਤੀ।”

20 ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਇਹ ਵੀ ਕਿਹਾ, “ਬਹਾਦੁਰ ਹੋਕੇ ਅਤੇ ਸ਼ਕਤੀਸ਼ਾਲੀ ਹੋਕੇ ਇਸ ਕਾਰਜ ਨੂੰ ਪੂਰਾ ਕਰ। ਤੂੰ ਕਿਸੇ ਗੱਲੋ ਘਬਰਾਈ ਨਾ, ਕਿਉਂ ਕਿ ਯਹੋਵਾਹ ਪਰਮੇਸ਼ੁਰ ਮੇਰਾ ਪ੍ਰਭੂ ਤੇਰੇ ਅੰਗ-ਸੰਗ ਹੈ। ਉਹ ਕਾਰਜ ਦੇ ਪੂਰਾ ਮੁਕੰਮਲ ਹੋਣ ਤੀਕ ਤੇਰੀ ਮਦਦ ਕਰੇਗਾ। ਉਹ ਤੈਨੂੰ ਛੱਡੇਗਾ ਨਹੀਂ ਅਤੇ ਜਦ ਤੀਕ ਉਸਦਾ ਮੰਦਰ ਮੁਕੰਮਲ ਨਾ ਹੋਵੇਗਾ ਉਹ ਤੇਰੇ ਸੰਗ ਰਹੇਗਾ। 21 ਜਾਜਕਾਂ ਅਤੇ ਲੇਵੀਆਂ ਦੇ ਸਮੂਹ ਯਹੋਵਾਹ ਦੇ ਮੰਦਰ ਦੇ ਸਾਰੇ ਕਾਰਜ ਲਈ ਤਿਆਰ ਹਨ। ਹਰ ਕੁਸ਼ਲ ਵਿਅਕਤੀ ਤੇਰੀ ਮਦਦ ਲਈ ਤਿਆਰ ਹੈ ਅਤੇ ਸਾਰੇ ਅਧਿਕਾਰੀ ਅਤੇ ਸਾਰੇ ਲੋਕ ਤੈਨੂੰ ਮੰਨਣ ਲਈ ਤਿਆਰ ਹਨ।”

ਮੰਦਰ ਦੇ ਨਿਰਮਾਣ ਲਈ ਸੁਗਾਤਾਂ

29 ਸਾਰੇ ਇਸਰਾਏਲ ਦੇ ਲੋਕ ਜੋ ਇਕੱਠੇ ਹੋਏ ਸਨ ਦਾਊਦ ਪਾਤਸ਼ਾਹ ਨੇ ਉਨ੍ਹਾਂ ਦੇ ਸਾਰੇ ਇਕੱਠ ਨੂੰ ਕਿਹਾ, “ਪਰਮੇਸ਼ੁਰ ਨੇ ਮੇਰੇ ਪੁੱਤਰ ਸੁਲੇਮਾਨ ਨੂੰ ਚੁਣਿਆ ਹੈ। ਸੁਲੇਮਾਨ ਅਜੇ ਮਸੂਮ ਅਤੇ ਨਾ-ਤਜ਼ਰਬੇਕਾਰ ਹੈ ਅਤੇ ਇਹ ਕੰਮ ਬਹੁਤ ਮਹੱਤਵਪੂਰਣ ਹੈ ਅਤੇ ਉਹ ਸਭ ਕਾਸੇ ਬਾਰੇ ਨਹੀਂ ਜਾਣਦਾ ਜਿਸ ਦੀ ਇਸ ਨੂੰ ਕਰਨ ਲਈ ਜ਼ਰੂਰਤ ਹੈ। ਇਹ ਕੋਈ ਆਮ ਆਦਮੀ ਦਾ ਘਰ ਨਹੀਂ ਸਗੋਂ ਇਹ ਘਰ ਯਹੋਵਾਹ ਪਰਮੇਸ਼ੁਰ ਲਈ ਬਣਾਇਆ ਜਾਣਾ ਹੈ। ਮੈਂ ਪਰਮੇਸ਼ੁਰ ਦੇ ਮੰਦਰ ਦੀ ਉਸਾਰੀ ਲਈ ਸਾਮਾਨ ਦੇਣ ਲਈ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਸੋਨੇ ਦੀਆਂ ਵਸਤਾਂ ਲਈ ਸੋਨਾ ਵੀ ਦੇ ਦਿੱਤਾ ਹੈ ਅਤੇ ਚਾਂਦੀ ਦੀਆਂ ਜੋ ਵਸਤਾਂ ਬਨਾਉਣੀਆਂ ਹਨ, ਉਸ ਲਈ ਚਾਂਦੀ ਵੀ ਦੇ ਦਿੱਤੀ ਹੈ। ਤਾਂਬੇ ਦੀਆਂ ਵਸਤਾਂ ਲਈ ਤਾਂਬਾ ਅਤੇ ਲੋਹੇ ਦੀਆਂ ਵਸਤਾਂ ਲਈ ਲੋਹਾ ਵੀ ਦੇ ਦਿੱਤਾ ਹੈ। ਲੱਕੜ ਦੇ ਸਮਾਨ ਲਈ ਲੱਕੜ ਦੇ ਦਿੱਤੀ ਹੈ। ਇਸਦੇ ਇਲਾਵਾ ਬਲੌਰੀ ਪੱਥਰ, ਜੜਤ ਤੇ ਘੜਤ ਲਈ ਭਾਂਤ-ਭਾਂਤ ਦੇ ਰੰਗੀਲੇ ਪੱਥਰ, ਸਫ਼ੇਦ ਸੰਗਮਰਮਰੀ ਪੱਥਰ ਵੀ ਦੇ ਦਿੱਤੇ ਹਨ। ਮੈਂ ਅਜਿਹੀ ਬਹੁਤ ਸਾਰੀ ਸਮਗ੍ਰੀ ਯਹੋਵਾਹ ਦੇ ਮੰਦਰ ਦੀ ਉਸਾਰੀ ਲਈ ਦਿੱਤੀ ਹੈ। ਮੈਂ ਪਰਮੇਸ਼ੁਰ ਦੇ ਮੰਦਰ ਵੱਲ ਆਪਣੀ ਸ਼ਰਧਾ ਕਾਰਣ ਆਪਣੇ ਖਜ਼ਾਨੇ ਵਿੱਚੋਂ ਸੋਨੇ ਅਤੇ ਚਾਂਦੀ ਦੀ ਇੱਕ ਖਾਸ ਸੁਗਾਤ ਦੇ ਰਿਹਾ ਹਾਂ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਕਿਉਂ ਕਿ ਮੈਂ ਸੱਚਮੁੱਚ ਚਾਹੁੰਦਾ ਹਾਂ ਕਿ ਮੇਰੇ ਪਰਮੇਸ਼ੁਰ ਲਈ ਪਵਿੱਤਰ ਮੰਦਰ ਉਸਾਰਿਆ ਜਾਵੇ। ਇਸ ਵਾਸਤੇ ਮੈਂ 110 ਟੱਨ ਸੋਨਾ ਮੰਗਵਾਇਆ ਅਤੇ ਸ਼ੁੱਧ ਚਾਂਦੀ ਦੇ 260 ਟੱਨ ਦਿੱਤੇ। ਇਹ ਚਾਂਦੀ ਮੰਦਰ ਦੀਆਂ ਕੰਧਾਂ ਨੂੰ ਢੱਕਣ ਲਈ ਸੀ। ਇਹ ਸੋਨਾ ਚਾਂਦੀ ਮੈਂ ਮੰਦਰ ਵਿੱਚ ਸੋਨੇ-ਚਾਂਦੀ ਦੀਆਂ ਵਸਤਾਂ ਦੀ ਨਿਰਮਾਣਤਾ ਵਾਸਤੇ ਦਿੱਤੀ ਹੈ। ਇਹ ਸੋਨਾ ਚਾਂਦੀ ਮੈਂ ਇਸ ਲਈ ਵੀ ਦਿੱਤਾ ਹੈ ਤਾਂ ਜੋ ਇਸ ਕੰਮ ਵਿੱਚ ਪ੍ਰਵੀਨ ਕਾਰੀਗਰ ਇਸਤੋਂ ਭਾਂਤ-ਭਾਂਤ ਦੀਆਂ ਵਸਤਾਂ ਮੰਦਰ ਲਈ ਤਿਆਰ ਕਰ ਸੱਕਣ। ਸੋ ਉਹ ਕਿਹੜੇ ਲੋਕ ਹਨ ਜਿਹੜੇ ਅੱਜ ਸੱਚੇ ਦਿਲੋਂ ਆਪਣੇ-ਆਪ ਨੂੰ ਯਹੋਵਾਹ ਨੂੰ ਦੇਣ ਦੇ ਇਛਿੱਤ ਹਨ?”

ਘਰਾਣਿਆਂ ਦੇ ਸਰਦਾਰ, ਇਸਰਾਏਲ ਦੇ ਪਰਿਵਾਰ-ਸਮੂਹਾਂ ਦੇ ਸਰਦਾਰ, ਮੰਤਰੀ, ਮੁਖੀਏ, ਸੈਨਾਪਤੀ ਅਤੇ ਪ੍ਰਧਾਨ ਪਾਤਸ਼ਾਹ ਦੇ ਰਾਜ-ਕਾਜ ਲਈ ਜੋ ਜਿੰਮੇਵਾਰ ਸਨ ਉਹ ਸਭ ਆਪਣੀਆਂ ਕੀਮਤੀ ਵਸਤਾਂ ਭੇਟਾ ਕਰਨ ਲਈ ਤਿਆਰ ਹੋ ਗਏ। ਪਰਮੇਸ਼ੁਰ ਦੇ ਭਵਨ ਲਈ ਜੋ ਉਨ੍ਹਾਂ ਨੇ ਆਪਣੀਆਂ ਕੀਮਤੀ ਵਸਤਾਂ ਦਿੱਤੀਆਂ ਉਹ ਇਸ ਪ੍ਰਕਾਰ ਹਨ: 190 ਟੱਨ ਸੋਨਾ, 375 ਟੱਨ ਚਾਂਦੀ, 675 ਟੱਨ ਕਾਂਸਾ ਅਤੇ 3,750 ਟੱਨ ਲੋਹਾ। ਲੋਕਾਂ ਵਿੱਚੋਂ ਜਿਨ੍ਹਾਂ ਕੋਲ ਕੀਮਤੀ ਪੱਥਰ ਪਏ ਸਨ, ਉਨ੍ਹਾਂ ਨੇ ਯਹੋਵਾਹ ਦੇ ਮੰਦਰ ਲਈ ਭੇਟ ਕੀਤੇ। ਇਨ੍ਹਾਂ ਵੱਡਮੁੱਲੇ ਪੱਥਰ ਦੀ ਸੰਭਾਲ ਯਹੀਏਲ ਜੋ ਕਿ ਗੇਰਸ਼ੋਨ ਘਰਾਣੇ ਤੋਂ ਸੀ ਨੇ ਕੀਤੀ। ਲੋਕ ਬੇਹੱਦ ਖੁਸ਼ ਸਨ ਕਿਉਂ ਕਿ ਉਨ੍ਹਾਂ ਦੇ ਆਗੂ ਵੀ ਖੁਸ਼ੀ-ਖੁਸ਼ੀ ਦੇ ਰਹੇ ਸਨ ਅਤੇ ਆਗੂ ਵੀ ਸੱਚੇ ਦਿਲੋਂ ਦੇ ਕੇ ਖੁਸ਼ ਹੋ ਰਹੇ ਸਨ। ਦਾਊਦ ਪਾਤਸ਼ਾਹ ਵੀ ਬੇਅੰਤ ਖੁਸ਼ ਸੀ।

ਦਾਊਦ ਦੀ ਖੂਬਸੂਰਤ ਪ੍ਰਾਰਥਨਾ

10 ਤਦ ਦਾਊਦ ਨੇ ਹਾਜ਼ਿਰ ਲੋਕਾਂ ਦੇ ਸਾਹਮਣੇ ਯਹੋਵਾਹ ਦੀ ਉਸਤਤਿ ਵਿੱਚ ਆਖਿਆ:

“ਹੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ
    ਤੇਰੀ ਸਦਾ ਲਈ ਉਸਤਤ ਹੋਵੇ!
11 ਹੇ ਯਹੋਵਾਹ, ਪਰਮੇਸ਼ੁਰ, ਮਹਾਨਤਾ, ਸ਼ਕਤੀ, ਪਰਤਾਪ, ਜਿੱਤ ਅਤੇ ਆਦਰ ਤੇਰੇ ਹੀ ਹਨ!
    ਕਿਉਂ ਕਿ ਧਰਤੀ ਅਤੇ ਆਕਾਸ਼ ਵਿੱਚਲਾ ਸਭ ਕੁਝ ਤੇਰਾ, ਇੱਕਲੇ ਦਾ ਹੀ ਹੈ: ਹੇ ਯਹੋਵਾਹ!
ਇਹ ਰਾਜ ਤੇਰਾ ਹੈ
    ਤੂੰ ਹੀ ਹਰ ਸ਼ੈਅ ਦਾ ਸਰਤਾਜ ਹੈਂ।
12 ਅਮੀਰੀ ਅਤੇ ਆਦਰ ਤੈਥੋਂ ਆਉਂਦਾ ਹੈ।
    ਤੂੰ ਹਰ ਜਗ੍ਹਾ ਰਾਜ ਕਰਦਾ।
ਸ਼ਕਤੀ ਅਤੇ ਜ਼ੋਰ ਸਭ ਤੇਰੇ ਹੱਥੀਂ ਹੈ।
    ਕਿਸੇ ਨੂੰ ਓੁੱਚਾ ਕਰਨਾ ਜਾਂ ਵਡਿਆਉਣਾ ਤੇਰੇ ਹੀ ਹੱਥ ਹੈ!
13 ਇਸ ਲਈ ਹੁਣ ਹੇ ਸਾਡੇ ਪਰਮੇਸੁਰ ਅਸੀਂ ਤੇਰਾ ਧੰਨਵਾਦ ਕਰਦੇ ਹਾਂ
    ਅਤੇ ਤੇਰੇ ਪ੍ਰਤਾਪੀ ਨਾਮ ਦੀ ਮਹਿਮਾ ਕਰਦੇ ਹਾਂ।
14 ਸੱਚਮੁੱਚ, ਇਹ ਸਭ ਸੁਗਾਤਾਂ ਮੇਰੇ ਜਾਂ ਮੇਰੇ ਲੋਕਾਂ ਦੁਆਰਾ ਨਹੀਂ ਦਿੱਤੀਆਂ ਗਈਆਂ ਸਨ।
    ਇਹ ਤਾਂ ਤੇਰੀਆਂ ਦਾਤਾਂ ਤੈਨੂੰ ਹੀ ਸੌਂਪੀਆਂ ਹਨ ਜਿਨ੍ਹਾਂ ਨੂੰ ਦੇਣ ਵਾਲਾ ਵੀ ਤੂੰ ਹੀ ਹੈਂ।
15 ਅਸੀਂ ਤਾਂ ਆਪਣੇ ਪੁਰਖਿਆਂ ਵਾਂਗ ਪਰਦੇਸੀ ਅਤੇ ਅਜਨਬੀ ਇਸ ਧਰਤੀ
    ਤੇ ਆਏ ਹਾਂ ਜਿਨ੍ਹਾਂ ਦੀ ਹੋਂਦ ਧਰਤੀ ਤੇ ਛਾਯਾ ਦੇ ਤੁੱਲ ਹੈ।
ਜਿਸ ਨੂੰ ਅਸੀਂ ਫੜ ਕੇ ਨਹੀਂ ਰੱਖ ਸੱਕਦੇ।
16 ਹੇ ਯਹੋਵਾਹ ਸਾਡੇ ਪਰਮੇਸ਼ੁਰ ਅਸੀਂ ਇਹ ਸਭ ਵਸਤਾਂ ਤੇਰੇ ਮੰਦਰ ਲਈ ਇਕੱਠੀਆਂ ਕੀਤੀਆਂ।
    ਅਸੀਂ ਇਹ ਸਭ ਤੇਰੇ ਪਵਿੱਤਰ ਨਾਮ ਦਾ ਆਦਰ ਕਰਨ ਲਈ ਮੰਦਰ ਨੂੰ ਉਸਾਰਣ ਲਈ ਇੱਕਤ੍ਰ ਕੀਤਾ ਹੈ।
ਪਰ ਅਸਲ ’ਚ ਇਹ ਸਭ ਤੇਰਾ ਖਜ਼ਾਨਾ ਹੈ
    ਤੇ ਤੂੰ ਹੀ ਦੇਵਣਹਾਰ ਹੈਂ।
17 ਮੇਰੇ ਪਰਮੇਸ਼ੁਰ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਲੋਕਾਂ ਦੀ ਪਰੀਖਿਆ ਲੈਂਦਾ ਹੈਂ
    ਜਦੋਂ ਲੋਕ ਚੰਗੇ ਕੰਮ ਕਰਨ ਤਾਂ ਤੂੰ ਖੁਸ਼ ਹੁੰਦਾ ਹੈਂ
ਮੈਂ ਸੱਚੇ ਦਿਲੋਂ, ਸੱਚੇ ਮਨੋ ਇਹ ਖਜ਼ਾਨਾ ਤੈਨੂੰ ਅਰਪਣ ਕਰਦਾ ਹਾਂ
    ਅਤੇ ਮੈਂ ਵੇਖ ਰਿਹਾਂ ਕਿ ਕਿਵੇਂ ਤੇਰੇ ਲੋਕ ਪ੍ਰਸੰਨਤਾ ਨਾਲ ਇਹ ਸਾਰੀਆਂ ਚੀਜ਼ਾਂ ਤੈਨੂੰ ਅਰਪਣ ਕਰਦੇ ਹੋਏ ਇੱਥੇ ਇੱਕਤ੍ਰ ਹੋ ਰਹੇ ਹਨ।
18 ਹੇ ਯਹੋਵਾਹ, ਤੂੰ ਸਾਡੇ ਪੁਰਖਿਆਂ ਦਾ ਪਰਮੇਸ਼ੁਰ,
    ਅਬਰਾਹਾਮ, ਇਸਹਾਕ ਤੇ ਇਸਰਾਏਲ ਦਾ ਪਰਮੇਸ਼ੁਰ ਹੈਂ
ਆਪਣੇ ਲੋਕਾਂ ਨੂੰ ਸਹੀ ਗੱਲਾਂ ਵਿਉਂਤਣ ’ਚ ਮਦਦ ਕਰ,
    ਅਤੇ ਉਨ੍ਹਾਂ ਨੂੰ ਤੇਰੇ ਨਾਲ ਸੱਚਾ ਸੁੱਚਾ ਹੋਣ ਦਾ ਬਲ ਬਖਸ਼।
19 ਮੇਰੇ ਪੁੱਤਰ ਸੁਲੇਮਾਨ ਨੂੰ ਆਪਣੇ ਨਾਲ ਵਫ਼ਾਦਾਰ ਬਣਾਵੀ,
    ਤਾਂ ਜੋ ਉਹ ਤੇਰੇ ਹੁਕਮਾਂ ਬਿਧੀਆਂ ਅਤੇ ਬਿਵਸਥਾ ਦਾ ਪਾਲਣ ਕਰੇ।
ਉਸ ਨੂੰ ਇਹ ਸਾਰੇ ਕਾਰਜ ਸੰਪੂਰਨ ਕਰਨ ‘ਚ
    ਅਤੇ ਇਸ ਸ਼ਹਿਰ ਨੂੰ ਰਾਜਧਾਨੀ ਵਜੋਂ ਮੇਰੇ ਨਕਸ਼ੇ ਮੁਤਾਬਕ ਉਸਾਰਨ ’ਚ ਮਦਦ ਕਰੀਂ।”

20 ਉਪਰੰਤ ਦਾਊਦ ਨੇ ਸਾਰੇ ਇਕੱਠੇ ਹੋਏ ਲੋਕਾਂ ਨੂੰ ਉਸ ਭੀੜ ਨੂੰ ਆਖਿਆ, “ਹੁਣ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰੋ।” ਤਾਂ ਸਭ ਲੋਕਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਉਸਤਤਿ ਕੀਤੀ। ਅਤੇ ਆਪਣੇ ਸਿਰ ਝੁਕਾਅ ਕੇ ਯਹੋਵਾਹ ਅਤੇ ਪਾਤਸ਼ਾਹ ਨੂੰ ਆਪਣਾ ਆਦਰ ਦਰਸਾਇਆ।

ਸੁਲੇਮਾਨ ਦਾ ਪਾਤਸ਼ਾਹ ਬਣਨਾ

21 ਅਗਲੇ ਦਿਨ ਲੋਕਾਂ ਨੇ ਯਹੋਵਾਹ ਲਈ ਬਲੀਆਂ ਭੇਟ ਕੀਤੀਆਂ। ਉਨ੍ਹਾਂ ਯਹੋਵਾਹ ਲਈ ਹੋਮ ਦੀਆਂ ਭੇਟਾਂ ਚੜ੍ਹਾਈਆਂ। ਉਨ੍ਹਾਂ ਨੇ 1,000 ਬਲਦ, 1,000 ਛੱਤਰੇ, 1,000 ਲੇਲੇ ਚੜ੍ਹਾਏ। ਉਨ੍ਹਾਂ ਨੇ ਇਸਰਾਏਲ ਦੇ ਸਾਰੇ ਲੋਕਾਂ ਲਈ ਹੋਰ ਵੀ ਬਹੁਤ ਸਾਰੀਆਂ ਬਲੀਆਂ ਅਤੇ ਪੀਣ ਦੀਆਂ ਭੇਟਾਂ ਚੜ੍ਹਾਈਆਂ। 22 ਉਸ ਦਿਨ ਲੋਕ ਬੜੇ ਆਨੰਦ ਵਿੱਚ ਸਨ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਦੇ ਸੰਗ ਇਕੱਠਿਆਂ ਖਾਧਾ-ਪੀਤਾ।

ਅਤੇ ਉਨ੍ਹਾਂ ਨੇ ਸੁਲੇਮਾਨ, ਦਾਊਦ ਦੇ ਪੁੱਤਰ ਨੂੰ ਦੂਸਰੀ ਵਾਰ ਰਾਜਾ ਬਣਾਇਆ। ਉਨ੍ਹਾਂ ਨੇ ਸੁਲੇਮਾਨ ਨੂੰ ਰਾਜੇ ਵਜੋਂ ਮਸਹ ਕੀਤਾ, ਅਤੇ ਉਨ੍ਹਾਂ ਨੇ ਸਾਦੋਕ ਨੂੰ ਜਾਜਕ ਵਜੋਂ ਮਸਹ ਕੀਤਾ। ਉਨ੍ਹਾਂ ਨੇ ਇਹ ਉਸੇ ਜਗ੍ਹਾ ਕੀਤਾ ਜਿੱਥੇ ਯਹੋਵਾਹ ਹਾਜ਼ਰ ਸੀ।

23 ਇਸ ਉਪਰੰਤ ਸੁਲੇਮਾਨ ਯਹੋਵਾਹ ਦੇ ਸਿੰਘਾਸਣ ਤੇ ਬੈਠਾ ਅਤੇ ਆਪਣੇ ਪਿਤਾ ਦਾਊਦ ਦੀ ਥਾਵੇਂ ਰਾਜਾ ਬਣਿਆ। ਸੁਲੇਮਾਨ ਆਪਣੇ ਕਾਰਜ ਵਿੱਚ ਬੜਾ ਸਫ਼ਲ ਸੀ ਅਤੇ ਸਾਰੇ ਇਸਰਾਏਲ ਦੇ ਲੋਕ ਉਸਦਾ ਹੁਕਮ ਮੰਨਦੇ ਸਨ। 24 ਸਾਰੇ ਆਗੂ, ਸਿਪਾਹੀ ਅਤੇ ਦਾਊਦ ਪਾਤਸ਼ਾਹ ਦੇ ਸਾਰੇ ਪੁੱਤਰਾਂ ਨੇ ਸੁਲੇਮਾਨ ਨੂੰ ਪਾਤਸ਼ਾਹ ਵਜੋਂ ਸਵੀਕਾਰ ਕੀਤਾ ਅਤੇ ਉਸਦਾ ਹੁਕਮ ਮੰਨਿਆ। 25 ਯਹੋਵਾਹ ਨੇ ਸੁਲੇਮਾਨ ਨੂੰ ਬਹੁਤ ਉੱਚਾ ਚੁੱਕਿਆ ਅਤੇ ਉਸ ਨੂੰ ਸ਼ਾਹੀ ਪਰਤਾਪ ਪ੍ਰਦਾਨ ਕੀਤਾ ਜਿਹਾ ਕਿ ਪਹਿਲਾਂ ਇਸਰਾਏਲ ਵਿੱਚ ਕਿਸੇ ਵੀ ਰਾਜੇ ਕੋਲ ਨਹੀਂ ਸੀ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਇਹ ਮਹਿਸੂਸ ਕੀਤਾ।

ਦਾਊਦ ਦੀ ਮੌਤ

26-27 ਯੱਸੀ ਦਾ ਪੁੱਤਰ ਦਾਊਦ 40 ਵਰ੍ਹੇ ਇਸਰਾਏਲ ਉੱਪਰ ਪਾਤਸ਼ਾਹ ਰਿਹਾ। 7 ਸਾਲ ਦਾਊਦ ਨੇ ਹਬਰੋਨ ਵਿੱਚ ਰਾਜ ਕੀਤਾ। ਉਪਰੰਤ 33 ਸਾਲ ਦਾਊਦ ਨੇ ਯਰੂਸ਼ਲਮ ਵਿੱਚ ਰਾਜ ਕੀਤਾ। 28 ਦਾਊਦ ਦੀ ਮੌਤ ਉਸ ਵਕਤ ਹੋਈ ਜਦੋਂ ਉਹ ਬਹੁਤ ਬਿਰਧ ਹੋ ਗਿਆ ਸੀ। ਦਾਊਦ ਨੇ ਲੰਮੀ ਸੁਖੀ ਉਮਰ ਗੁਜ਼ਾਰੀ ਅਤੇ ਉਸ ਨੂੰ ਆਪਣੇ ਜੀਵਨ ਕਾਲ ਵਿੱਚ ਬਹੁਤ ਅਮੀਰੀ, ਸ਼ਾਨ ਅਤੇ ਇੱਜ਼ਤ ਹਾਸਿਲ ਹੋਈ। ਦਾਊਦ ਉਪਰੰਤ, ਉਸ ਦਾ ਪੁੱਤਰ ਸੁਲੇਮਾਨ ਨਵਾਂ ਪਾਤਸ਼ਾਹ ਬਣਿਆ।

29 ਦਾਊਦ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਦੇ ਕਾਰਨਾਮਿਆਂ ਦਾ ਬਿਰਤਾਂਤ, ਨਬੀ ਸਮੂਏਲ ਦੀ ਪੋਥੀ ਵਿੱਚ, ਨਾਥਾਨ ਨਬੀ ਦੀ ਪੋਥੀ ਵਿੱਚ ਅਤੇ ਨਬੀ ਗਦ ਦੀ ਪੋਥੀ ਵਿੱਚ ਲਿਖਿਆ ਹੋਇਆ ਹੈ। 30 ਇਹ ਸਾਰੀਆਂ ਲਿਖਤਾਂ ਸਾਨੂੰ ਦਾਊਦ ਦੀਆਂ ਕਰਨੀਆਂ ਬਾਰੇ, ਜਦੋਂ ਉਹ ਇਸਰਾਏਲ ਦਾ ਰਾਜਾ ਸੀ, ਉਸਦੀ ਸ਼ਕਤੀ ਬਾਰੇ ਅਤੇ ਉਨ੍ਹਾਂ ਘਟਨਾਵਾਂ ਬਾਰੇ ਦੱਸਦੀਆਂ ਹਨ, ਜੋ ਉਸ ਨਾਲ ਵਾਪਰੀਆਂ। ਇਹ ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਵੀ ਦੱਸਦੀਆਂ ਹਨ ਜੋ ਇਸਰਾਏਲ ਅਤੇ ਇਸਦੇ ਆਲੇ-ਦੁਆਲੇ ਦੀਆਂ ਕੌਮਾਂ ਨਾਲ ਵਾਪਰੀਆਂ।

Punjabi Bible: Easy-to-Read Version (ERV-PA)

2010 by World Bible Translation Center