Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
2 ਇਤਹਾਸ 8-10

ਸੁਲੇਮਾਨ ਨੇ ਜਿਹੜੇ ਸ਼ਹਿਰ ਉਸਾਰੇ

ਸੁਲੇਮਾਨ ਨੂੰ ਯਹੋਵਾਹ ਦਾ ਮੰਦਰ ਅਤੇ ਆਪਣਾ ਮਹਿਲ ਉਸਾਰਣ ਵਿੱਚ ਵੀਹ ਵਰ੍ਹੇ ਲੱਗੇ। ਜਿਹੜੇ ਸ਼ਹਿਰ ਹੂਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ, ਸੁਲੇਮਾਨ ਉਨ੍ਹਾਂ ਸ਼ਹਿਰਾਂ ਨੂੰ ਦੁਬਾਰਾ ਬਨਾਉਣ ਲੱਗਾ ਅਤੇ ਸੁਲੇਮਾਨ ਨੇ ਇਸਰਾਏਲ ਦੇ ਕੁਝ ਲੋਕਾਂ ਨੂੰ ਉੱਥੇ ਵੱਸਣ ਦੀ ਆਗਿਆ ਦਿੱਤੀ। ਇਸ ਤੋਂ ਬਾਅਦ ਸੁਲੇਮਾਨ ਹਮਾਥ-ਸੋਬਾਹ ਨੂੰ ਗਿਆ ਅਤੇ ਉਸ ਨੂੰ ਵੀ ਜਿੱਤ ਲਿਆ। ਸੁਲੇਮਾਨ ਨੇ ਉਜਾੜ ਵਿੱਚ ਵੀ ਤਦਮੋਰ ਸ਼ਹਿਰ ਉਸਾਰਿਆ ਅਤੇ ਹਮਾਥ ਵਿੱਚ ਸਾਰੀਆਂ ਵਸਤਾਂ ਸੰਭਾਲਣ ਲਈ ਭੰਡਾਰ ਦੇ ਸ਼ਹਿਰ ਬਣਵਾਏ। ਉਸ ਨੇ ਉਤਲੇ ਬੈਤ-ਹੋਰੋਨ ਅਤੇ ਨੀਵੇਂ ਬੈਤ-ਹੋਰੋਨ ਨੂੰ ਬਣਵਾਇਆ। ਇਹ ਸ਼ਹਿਰ ਮਜ਼ਬੂਤ ਦੀਵਾਰਾਂ, ਫ਼ਾਟਕ ਅਤੇ ਫ਼ਾਟਕਾਂ ਤੇ ਅਰਲ ਲਗਾ ਕੇ ਪੱਕੇ ਕੀਤੇ ਗਏ। ਸੁਲੇਮਾਨ ਨੇ ਬਆਲਾਥ ਅਤੇ ਭੰਡਾਰ ਦੇ ਗੋਦਾਮ ਦੇ ਸਾਰੇ ਸ਼ਹਿਰ ਦੁਬਾਰਾ ਬਣਵਾਏ। ਉਸ ਨੇ ਉਹ ਸਾਰੇ ਸ਼ਹਿਰ ਜਿੱਥੇ ਰੱਥ ਰੱਖੇ ਜਾਂਦੇ ਸਨ ਅਤੇ ਘੁੜਸਵਾਰ ਰਹਿੰਦੇ ਸਨ ਉਹ ਵੀ ਬਣਵਾਏ। ਜੋ ਕੁਝ ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਚਾਹੁੰਦਾ ਸੀ ਉਹ ਕੁਝ ਉਸ ਨੇ ਬਣਵਾਇਆ।

7-8 ਜਿੱਥੇ ਇਸਰਾਏਲੀ ਰਹਿ ਰਹੇ ਸਨ, ਉੱਥੇ ਬਹੁਤ ਸਾਰੇ ਵਿਦੇਸ਼ੀ ਬਾਕੀ ਰਹਿ ਗਏ ਸਨ। ਉਹ ਹਿੱਤੀ, ਅਮੋਰੀ, ਫ਼ਰਿੱਜ਼ੀ, ਹਿੱਵੀ ਅਤੇ ਯਬੂਸੀ ਸਨ। ਸੁਲੇਮਾਨ ਨੇ ਉਨ੍ਹਾਂ ਸਾਰੇ ਵਿਦੇਸੀਆਂ ਨੂੰ ਜਬਰਦਸਤੀ ਗੁਲਾਮ ਬਣਾਲਿਆ। ਇਹ ਲੋਕ ਇਸਰਾਏਲੀ ਨਹੀਂ ਸਨ। ਉਹ ਉਨ੍ਹਾਂ ਲੋਕਾਂ ਦੇ ਉੱਤਰਾਧਿਕਾਰੀ ਸਨ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਇਕਰਾਰ ਵਾਲੀ ਧਰਤੀ ਵਿੱਚ ਦਾਖਲ ਹੋਣ ਵੇਲੇ ਨਹੀਂ ਮਾਰਿਆ ਸੀ। ਇਹ ਅੱਜ ਤੀਕ ਇੰਝ ਹੀ ਜਾਰੀ ਹੈ। ਸੁਲੇਮਾਨ ਨੇ ਆਪਣੇ ਕੰਮ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਵੀ ਬੇਗਾਰੀ ਨਾ ਬਣਾਇਆ। ਸਗੋਂ ਇਸਰਾਏਲੀ ਲੋਕ ਉਸ ਦੇ ਯੋਧੇ ਸਨ ਅਤੇ ਉਸਦੀ ਫ਼ੌਜ ਦੇ ਅਫ਼ਸਰ ਸਨ। ਇਸਰਾਏਲੀ ਲੋਕ ਸੁਲੇਮਾਨ ਦੇ ਰੱਥਾਂ ਦੇ ਸਰਦਾਰ ਅਤੇ ਰੱਥੀ ਸਨ। 10 ਅਤੇ ਕੁਝ ਇਸਰਾਏਲੀ ਸੁਲੇਮਾਨ ਦੇ ਖਾਸ ਦਫ਼ਤਰੀ ਕੰਮ ਦੇ ਆਗੂ ਸਨ। ਅਜਿਹੇ ਨੇਤਾ 250 ਸਨ।

11 ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਲੈ ਆਇਆ ਜੋ ਉਸ ਨੇ ਉਸ ਲਈ ਬਣਵਾਇਆ ਸੀ ਕਿਉਂ ਕਿ ਸੁਲੇਮਾਨ ਨੇ ਆਖਿਆ ਸੀ, “ਮੇਰੀ ਪਤਨੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਕਿ ਉਹ ਅਸਥਾਨ ਪਵਿੱਤਰ ਹੈ ਜਿੱਥੇ ਯਹੋਵਾਹ ਦੇ ਨੇਮ ਦਾ ਸੰਦੂਕ ਆ ਗਿਆ ਹੈ।”

12 ਤਦ ਸੁਲੇਮਾਨ ਨੇ ਯਹੋਵਾਹ ਦੀ ਜਗਵੇਦੀ ਦੇ ਅੱਗੇ ਯਹੋਵਾਹ ਨੂੰ ਹੋਮ ਦੀਆਂ ਭੇਟਾਂ ਚੜ੍ਹਾਈਆਂ। ਸੁਲੇਮਾਨ ਨੇ ਇਹ ਜਗਵੇਦੀ ਮੰਦਰ ਦੇ ਵਿਹੜੇ ਦੇ ਸਾਹਮਣੇ ਬਣਵਾਈ ਸੀ। 13 ਸੁਲੇਮਾਨ ਹਰ ਰੋਜ਼ ਦੇ ਕਰਤੱਵ ਮੁਤਾਬਕ ਜਿਵੇਂ ਕਿ ਮੂਸਾ ਨੇ ਹੁਕਮ ਦਿੱਤਾ ਸੀ ਕਿ ਸਬਤ ਦੇ ਦਿਨ, ਅਮਸਿਆ ਨੂੰ, ਅਤੇ ਸਾਲ ਵਿੱਚ ਤਿੰਨ ਮੁਕੱਰਰ ਪਰਬਾਂ ਉੱਤੇ ਭਾਵ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਪਰ ਬਲੀ ਚੜ੍ਹਾਉਂਦਾ ਸੀ। 14 ਸੁਲੇਮਾਨ ਨੇ ਆਪਣੇ ਪਿਤਾ ਦਾਊਦ ਦੀਆਂ ਹਿਦਾਇਤਾਂ ਨੂੰ ਮੰਨਿਆ। ਉਸ ਨੇ ਜਾਜਕਾਂ ਦੇ ਸਮੂਹ ਉਨ੍ਹਾਂ ਦੀ ਸੇਵਾ ਅਨੁਸਾਰ ਅਤੇ ਲੇਵੀਆਂ ਦੇ ਸਮੂਹ ਉਨ੍ਹਾਂ ਦੀਆਂ ਜੁੰਮੇਵਾਰੀਆਂ ਅਨੁਸਾਰ ਚੁਣੇ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਹਰ ਰੋਜ਼ ਉਸਤਤ ਅਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਮੁਤਾਬਕ ਹਰ ਫ਼ਾਟਕ ਉੱਪਰ ਰੱਖਵਾਲੀ ਲਈ ਲਾਇਆ ਕਿਉਂ ਕਿ ਇਸੇ ਢੰਗ ਨਾਲ ਪਰਮੇਸ਼ੁਰ ਦੇ ਮਨੁੱਖ ਦਾਊਦ ਨੇ ਹਿਦਾਇਤ ਕੀਤੀ ਸੀ। 15 ਇਸਰਾਏਲ ਦੇ ਲੋਕਾਂ ਨੇ ਸੁਲੇਮਾਨ ਦੀਆਂ ਹਿਦਾਇਤਾਂ ਨੂੰ ਮੰਨਿਆ। ਜਾਜਕਾਂ ਅਤੇ ਲੇਵੀਆਂ ਨੂੰ ਜੋ ਹਿਦਾਇਤਾਂ ਉਸ ਨੇ ਦਿੱਤੀਆਂ ਉਨ੍ਹਾਂ ਉਹ ਸਿਰੇ ਚੜ੍ਹਾਈਆਂ। ਉਨ੍ਹਾਂ ਨੇ ਕੋਈ ਹੁਕਮ ਦੇ ਖਿਲਾਫ਼ ਕਾਰਜ ਨਾ ਕੀਤਾ। ਜੋ ਹੁਕਮ ਉਸ ਨੇ ਲੇਵੀਆਂ ਨੂੰ ਖਜ਼ਾਨਿਆਂ ਬਾਰੇ ਦਿੱਤਾ ਉਹ ਉਸ ਤੋਂ ਵੀ ਬਾਹਰੇ ਨਾ ਹੋਏ।

16 ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਮੰਦਰ ਦੀ ਨੀਂਹ ਰੱਖਣ ਤੋਂ ਲੈ ਕੇ ਉਸ ਦੇ ਤਿਆਰ ਹੋਣ ਤੱਕ ਸੁਚੱਜੀ ਵਿਉਂਤ ਨਾਲ ਤੇ ਸਹੀ ਢੰਗ ਨਾਲ ਮੁਕੰਮਲ ਹੋਇਆ ਤੇ ਹੁਣ ਯਹੋਵਾਹ ਦਾ ਮੰਦਰ ਤਿਆਰ ਸੀ।

17 ਫ਼ਿਰ ਸੁਲੇਮਾਨ ਅਸਯੋਨ-ਗ਼ਬਰ ਅਤੇ ਏਲੋਥ ਸ਼ਹਿਰਾਂ ਨੂੰ ਗਿਆ। ਇਹ ਸ਼ਹਿਰ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਸਨ। 18 ਹੂਰਾਮ ਨੇ ਆਪਣੇ ਬੰਦਿਆਂ ਦੇ ਹੱਥ ਜਹਾਜ਼ ਅਤੇ ਉਹ ਮੱਲਾਹ ਜੋ ਸਮੁੰਦਰ ਤੋਂ ਵਾਕਫ਼ ਸਨ ਉਸ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫ਼ੀਰ ਵਿੱਚ ਆਏ ਅਤੇ ਉੱਥੇ 15,300 ਕਿੱਲੋ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਕੋਲ ਆਏ।

ਸ਼ਬਾ ਦੀ ਰਾਣੀ ਦਾ ਸੁਲੇਮਾਨ ਨੂੰ ਮਿਲਣਾ

ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਕੀਰਤੀ ਬਾਰੇ ਸੁਣਿਆ ਤਾਂ ਉਹ ਯਰੂਸ਼ਲਮ ਵਿੱਚ ਉਸ ਨੂੰ ਬੁਝਾਰਤਾਂ ਨਾਲ ਪਰੱਖਣ ਲਈ ਆਈ। ਸ਼ਬਾ ਦੀ ਰਾਣੀ ਦੇ ਨਾਲ ਲੋਕਾਂ ਦਾ ਇੱਕ ਵੱਡਾ ਸਮੂਹ ਵੀ ਸੀ। ਉਹ ਊਠਾਂ ਉੱਪਰ ਢੇਰ ਸਾਰੇ ਮਸਾਲੇ, ਬੜੀ ਤਾਦਾਤ ਵਿੱਚ ਸੋਨਾ ਅਤੇ ਹੋਰ ਕੀਮਤੀ ਪੱਥਰ ਆਪਣੇ ਨਾਲ ਲੈ ਕੇ ਆਈ ਸੀ ਉਸ ਨੇ ਆਕੇ ਸੁਲੇਮਾਨ ਨਾਲ ਉਸ ਸਭ ਕਾਸੇ ਬਾਰੇ ਗੱਲ ਕੀਤੀ ਜੋ ਉਸ ਦੇ ਮਨ ਤੇ ਸਨ। ਸੁਲੇਮਾਨ ਨੇ ਉਸ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਸੁਲੇਮਾਨ ਲਈ ਕਿਸੇ ਵੀ ਗੱਲ ਦਾ ਜਵਾਬ ਦੇਣ ’ਚ ਔਖ ਨਾ ਆਈ। ਜਦੋਂ ਸ਼ਬਾ ਦੀ ਰਾਣੀ ਨੇ ਸੁਲੇਮਾਨ ਦੀ ਸਿਆਣਪ ਅਤੇ ਉਸ ਮਹਿਲ ਨੂੰ ਵੇਖਿਆ ਜੋ ਉਸ ਨੇ ਬਣਾਇਆ ਸੀ, ਉਸ ਨੇ ਮੇਜ਼ ਤੇ ਸਜੇ ਭੋਜਨ ਨੂੰ ਵੇਖਿਆ ਉਸ ਦੇ ਕਾਰਜ ਅਧਿਕਾਰੀਆਂ ਦੀ ਆਓ-ਭਗਤ ਹੁੰਦੀ ਵੇਖੀ। ਉਸ ਨੇ ਇਹ ਵੀ ਵੇਖਿਆ ਕਿ ਉਸ ਦੇ ਨੌਕਰ ਕਿਵੇਂ ਦੀ ਪੋਸ਼ਾਕ ਪਾਂਦੇ ਅਤੇ ਕਿਹੋ ਜਿਹਾ ਕੰਮ ਕਰਦੇ ਹਨ। ਉਸ ਨੇ ਸੁਲੇਮਾਨ ਦੇ ਸਾਕੀ ਅਤੇ ਉਨ੍ਹਾਂ ਦੀ ਪੋਸ਼ਾਕ ਨੂੰ ਵੀ ਵੇਖਿਆ। ਜਦ ਉਸ ਨੇ ਪਰਮੇਸੁਰ ਦੇ ਮੰਦਰ ਵੱਲ ਉਸ ਦੇ ਰਾਹ ਤੇ ਜਲੂਸ ਵੇਖਿਆ ਉਹ ਹੈਰਾਨ ਰਹਿ ਗਈ।

ਤਦ ਉਸ ਨੇ ਸੁਲੇਮਾਨ ਪਾਤਸ਼ਾਹ ਨੂੰ ਆਖਿਆ, “ਜੋ ਗੱਲਾਂ ਮੈਂ ਆਪਣੇ ਦੇਸ ਵਿੱਚ ਤੇਰੀ ਬੁੱਧੀ ਅਤੇ ਤੇਰੇ ਮਹਾਨ ਕੰਮਾਂ ਬਾਰੇ ਸੁਣੀਆਂ ਸਨ ਉਹ ਸੱਚ ਨਿਕਲੀਆਂ। ਜਦ ਤੀਕ ਮੈਂ ਉਨ੍ਹਾਂ ਕਹਾਣੀਆਂ ਨੂੰ ਆਪਣੀ ਅੱਖੀਂ ਨਹੀਂ ਡਿੱਠਾ ਮੈਨੂੰ ਯਕੀਨ ਨਹੀਂ ਆਇਆ। ਅਤੇ ਵੇਖ! ਜਿੰਨੀ ਤੇਰੀ ਸਿਆਣਪ ਹੈ ਉਸ ਮੁਤਾਬਕ ਤਾਂ ਮੈਨੂੰ ਤੇਰੇ ਬਾਬਤ ਅੱਧਾ ਵੀ ਨਹੀਂ ਦੱਸਿਆ ਗਿਆ ਸੀ। ਉਨ੍ਹਾਂ ਦੱਸੀਆਂ ਗਈਆਂ ਕਹਾਣੀਆਂ ਤੋਂ ਤੂੰ ਕਿਤੇ ਉੱਚਾ ਹੈਂ। ਤੇਰੇ ਸਾਰੇ ਆਦਮੀ ਅਤੇ ਸੇਵਕ ਸੱਚਮੁੱਚ ਕਿਸਮਤ ਵਾਲੇ ਹਨ। ਉਹ ਤੇਰੀ ਸੇਵਾ ਕਰਨ ’ਚ ਅਤੇ ਤੇਰੀਆਂ ਸਿਆਣਪ ਦੀਆਂ ਗੱਲਾਂ ਸੁਣਨ ’ਚ ਬੜੇ ਕਿਸਮਤ ਵਾਲੇ ਹਨ। ਯਹੋਵਾਹ ਆਪਣੇ ਪਰਮੇਸ਼ੁਰ ਦੀ ਉਸਤਤ ਕਰ, ਜੋ ਤੇਰੇ ਉੱਤੇ ਪ੍ਰਸੰਨ ਹੈ ਤੇ ਜਿਸਨੇ ਤੈਨੂੰ ਆਪਣੇ ਸਿੰਘਾਸਣ ਉੱਪਰ ਬਿਠਾਇਆ ਹੈ, ਤਾਂ ਜੋ ਤੂੰ ਉਸ ਵੱਲੋਂ ਨਿਯੁਕਤ ਕੀਤਾ ਪਾਤਸ਼ਾਹ ਹੋਵੇਂ। ਤੇਰਾ ਪਰਮੇਸ਼ੁਰ ਇਸਰਾਏਲ ਨੂੰ ਪਿਆਰ ਕਰਦਾ ਅਤੇ ਹਮੇਸ਼ਾ ਇਸ ਦਾ ਪੱਖ ਲੈਂਦਾ ਹੈ। ਇਸੇ ਲਈ ਉਸ ਨੇ ਤੈਨੂੰ ਇਸਰਾਏਲ ਉੱਤੇ ਪਾਤਸ਼ਾਹ ਠਹਿਰਾਇਆ।”

ਤਦ ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ 4,080 ਕਿੱਲੋ ਸੋਨਾ, ਢੇਰ ਸਾਰੇ ਮਸਾਲੇ ਅਤੇ ਕੀਮਤੀ ਪੱਥਰ ਦਿੱਤੇ। ਅਜਿਹੇ ਮਸਾਲੇ ਇਸਰਾਏਲ ਵਿੱਚ ਨਹੀਂ ਸਨ ਜੋ ਸ਼ਬਾ ਦੀ ਰਾਣੀ ਨੇ ਸੁਲੇਮਾਨ ਨੂੰ ਦਿੱਤੇ ਸਨ।

10 ਹੂਰਾਮ ਅਤੇ ਸੁਲੇਮਾਨ ਦੇ ਸੇਵਕ ਓਫ਼ੀਰ ਤੋਂ ਸੋਨਾ ਲੈ ਆਏ। ਇਹੀ ਨਹੀਂ, ਉਹ ਚੰਦਨ ਦੀ ਲੱਕੜ ਅਤੇ ਕੀਮਤੀ ਨਗਾਂ ਦੇ ਪੱਥਰ ਵੀ ਲੈ ਕੇ ਆਏ। 11 ਸੁਲੇਮਾਨ ਪਾਤਸ਼ਾਹ ਨੇ ਯਹੋਵਾਹ ਦੇ ਮੰਦਰ ਤੇ ਪਾਤਸ਼ਾਹ ਦੇ ਮਹਿਲ ਦੀਆਂ ਪੌੜੀਆਂ ਬਨਾਉਣ ਲਈ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਉਸ ਨੇ ਸੰਗੀਤਕਾਰਾਂ ਦੇ ਸਾਜ਼ ਬਰਬਤਾਂ ਅਤੇ ਰਬਾਬਾਂ ਲਈ ਵੀ ਚੰਦਨ ਦੀ ਲੱਕੜ ਦੀ ਵਰਤੋਂ ਕੀਤੀ। ਇਸਤੋਂ ਪਹਿਲਾਂ ਯਹੂਦਾਹ ਦੇ ਦੇਸ਼ ਵਿੱਚ ਚੰਦਨ ਦੀ ਲੱਕੜ ਤੋਂ ਬਣਿਆ ਅਜਿਹਾ ਖੂਬਸੂਰਤ ਸਮਾਨ ਕਿਸੇ ਨੇ ਨਹੀਂ ਸੀ ਵੇਖਿਆ।

12 ਸੁਲੇਮਾਨ ਪਾਤਸ਼ਾਹ ਨੇ ਸ਼ਬਾ ਦੀ ਰਾਣੀ ਨੇ ਜਿਸ ਵਸਤ ਤੇ ਹੱਥ ਧਰਿਆ, ਉਸ ਨੂੰ ਮੂੰਹ ਮੰਗੀ ਸ਼ੈਅ ਦਿੱਤੀ। ਉਸ ਨੇ ਸ਼ਬਾ ਦੀ ਰਾਣੀ ਜੋ ਸੌਗਾਤਾਂ ਆਪਣੇ ਨਾਲ ਲਿਆਈ ਸੀ ਉਸ ਤੋਂ ਕਿਤੇ ਵੱਧ ਪਾਤਸ਼ਾਹ ਨੇ ਉਸ ਨੂੰ ਭੇਟ ਕੀਤੀਆਂ ਤਦ ਰਾਣੀ ਅਤੇ ਉਸਦਾ ਕਾਫ਼ਲਾ ਆਪਣੇ ਦੇਸ ਨੂੰ ਵਾਪਸ ਚੱਲੇ ਗਏ।

ਸੁਲੇਮਾਨ ਦਾ ਖਜ਼ਾਨਾ

13 ਜਿੰਨਾ ਸੋਨਾ ਸੁਲੇਮਾਨ ਕੋਲ ਇੱਕ ਸਾਲ ਵਿੱਚ ਆਉਂਦਾ ਸੀ, ਉਸਦਾ ਭਾਰ 22,644 ਕਿੱਲੋ ਦੇ ਕਰੀਬ ਹੁੰਦਾ ਸੀ। 14 ਇਸ ਤੋਂ ਇਲਾਵਾ ਵਪਾਰੀ ਅਤੇ ਸੌਦਾਗਰ ਵੀ ਸੁਲੇਮਾਨ ਲਈ ਸੋਨਾ ਲੈ ਕੇ ਆਉਂਦੇ ਸਨ। ਅਰਬ ਦੇ ਸਾਰੇ ਰਾਜੇ ਅਤੇ ਉਸ ਰਾਜ ਦੇ ਸ਼ਾਸਕ ਸੁਲੇਮਾਨ ਕੋਲ ਸੋਨਾ-ਚਾਂਦੀ ਲੈ ਕੇ ਆਉਂਦੇ ਸਨ।

15 ਸੁਲੇਮਾਨ ਨੇ ਕੁੱਟੇ ਹੋਏ ਸੋਨੇ ਦੀਆਂ ਦੋ ਸੌ ਵੱਡੀਆਂ ਢਾਲਾਂ ਬਣਵਾਈਆਂ! ਹਰ ਢਾਲ ਸਾਢੇ ਸੱਤ ਪੌਂਡ ਸੋਨੇ ਤੋਂ ਬਣੀ ਹੋਈ ਸੀ। 16 ਉਸ ਨੇ ਕੁੱਟੇ ਹੋਏ ਸੋਨੇ ਦੀਆਂ ਤਿੰਨ ਸੌ ਛੋਟੀਆਂ ਢਾਲਾਂ ਵੀ ਬਣਵਾਈਆਂ। ਇਨ੍ਹਾਂ ਚੋ ਹਰ ਇੱਕ ਢਾਲ ਨੂੰ ਪੌਣੇ ਚਾਰ ਪੌਂਡ ਸੋਨਾ ਲੱਗਿਆ ਹੋਇਆ ਸੀ। ਸੁਲੇਮਾਨ ਨੇ ਇਨ੍ਹਾਂ ਢਾਲਾਂ ਨੂੰ “ਲਬਾਨੋਨ ਦੇ ਜੰਗਲ ਦੇ ਮਹਿਲ” ਵਿੱਚ ਰੱਖਿਆ।

17 ਪਾਤਸ਼ਾਹ ਨੇ ਹਾਥੀ ਦੇ ਦੰਦ ਦਾ ਇੱਕ ਵੱਡਾ ਸਿੰਘਾਸਣ ਬਣਵਾਇਆ ਅਤੇ ਉਸ ਉੱਪਰ ਕੁੰਦਨੀ ਸੋਨਾ ਮੜ੍ਹਵਾਇਆ। 18 ਸਿੰਘਾਸਣ ਦੀਆਂ ਛੇ ਪੌੜੀਆਂ ਸਨ ਅਤੇ ਇੱਕ ਸੋਨੇ ਦਾ ਪਾਇਦਾਨ। ਇਹ ਸਾਰੇ ਸਿੰਘਾਸਣ ਦੇ ਨਾਲ ਜੁੜੇ ਹੋਏ ਸਨ। ਸਿੰਘਾਸਣ ਤੇ ਬੈਠਣ ਦੇ ਦੋਨੋ ਪਾਸਿਆਂ ਵੱਲ ਢਾਸਣੇ ਸਨ ਅਤੇ ਢਾਸਣਿਆਂ ਦੇ ਕੋਲ ਦੋ ਬੱਬਰ ਸ਼ੇਰਾਂ ਦੇ ਬੁੱਤ ਬਣੇ ਸਨ। 19 ਉਨ੍ਹਾਂ ਛੇ ਪੌੜੀਆਂ ਦੇ ਸੱਜੇ ਖੱਬੇ ਪਾਸੇ ਕੁੱਲ ਬਾਰ੍ਹਾਂ ਬੱਬਰ ਸ਼ੇਰ ਖੜ੍ਹੇ ਸਨ ਕਿਸੇ ਵੀ ਰਾਜ ਵਿੱਚ ਕਿਸੇ ਵੀ ਪਾਤਸ਼ਾਹ ਦਾ ਅਜਿਹਾ ਸਿੰਘਾਸਣ ਕਦੇ ਨਹੀਂ ਸੀ ਬਣਿਆ।

20 ਪਾਤਸ਼ਾਹ ਦੇ ਸਾਰੇ ਪੀਣ ਵਾਲੇ ਪਿਆਲੇ ਸੋਨੇ ਦੇ ਬਣੇ ਹੋਏ ਸਨ। ਲਬਾਨੋਨ ਦੇ ਜੰਗਲ ਮਹਿਲ ਵਿੱਚ ਘਰ ਦੀਆਂ ਜਿੰਨੀਆਂ ਵੀ ਵਸਤਾਂ ਸਨ ਸਭ ਸੋਨੇ ਦੀਆਂ ਬਣੀਆਂ ਹੋਈਆਂ ਸਨ। ਸੁਲੇਮਾਨ ਦੇ ਰਾਜ ਵਿੱਚ ਉਸਦਾ ਖਜ਼ਾਨਾ ਇੰਨਾ ਭਰਪੂਰ ਸੀ ਕਿ ਚਾਂਦੀ ਨੂੰ ਉਸ ਦੇ ਸਮੇਂ ਵਿੱਚ ਕੋਈ ਵੱਡਮੁੱਲੀ ਧਾਤ ਨਹੀਂ ਸੀ ਜਾਣਿਆਂ ਜਾਂਦਾ।

21 ਕਿਉਂ ਕਿ ਪਾਤਸ਼ਾਹ ਕੋਲ ਜਹਾਜ਼ ਸਨ ਜੋ ਹੂਰਾਮ ਦੇ ਨੌਕਰਾਂ ਨਾਲ ਤਰਸ਼ੀਸ਼ ਨੂੰ ਜਾਂਦੇ ਸਨ। ਤਰਸ਼ੀਸ਼ ਦੇ ਇਹ ਜਹਾਜ਼ ਤਿੰਨ ਸਾਲਾਂ ਬਾਅਦ ਇੱਕ ਵਾਰ ਸੋਨਾ, ਚਾਂਦੀ, ਹਾਥੀ ਦੰਦ, ਬਾਂਦਰ ਅਤੇ ਮੋਰ ਉੱਥੋਂ ਲੱਦ ਕੇ ਲਿਆਉਂਦੇ ਹੁੰਦੇ ਸਨ।

22 ਸੁਲੇਮਾਨ ਪਾਤਸ਼ਾਹ ਧਰਤੀ ਉੱਪਰ ਸਾਰੇ ਪਾਤਸ਼ਾਹਾਂ ਨਾਲੋਂ ਧਨ ਅਤੇ ਬੁੱਧੀ ਵਿੱਚ ਅਮੀਰ ਸੀ। 23 ਦੁਨੀਆਂ ਦੇ ਤਮਾਮ ਪਾਤਸ਼ਾਹ ਸੁਲੇਮਾਨ ਨੂੰ ਅਤੇ ਉਸ ਦੇ ਗਿਆਨ ਨੂੰ ਸੁਨਣ ਦੇ ਚਾਹਵਾਨ ਹੋਕੇ ਮਿਲਣ ਆਉਂਦੇ। ਜਿਹੜੀ ਬੁੱਧੀ ਪਰਮੇਸ਼ੁਰ ਨੇ ਉਸ ਨੂੰ ਬਖਸ਼ੀ ਸੀ, ਉਸਦੀ ਮਤ ਲੈਣ ਲਈ ਸਾਰੇ ਪਾਤਸ਼ਾਹ ਸੁਲੇਮਾਨ ਕੋਲ ਆਉਂਦੇ ਸਨ। 24 ਹਰ ਸਾਲ ਇਹ ਪਾਤਸ਼ਾਹ ਸੁਲੇਮਾਨ ਲਈ ਸੌਗਾਤਾਂ ਲਿਆਉਂਦੇ। ਉਹ ਉਸ ਲਈ ਸੋਨੇ-ਚਾਂਦੀ ਦੀਆਂ ਬਣੀਆਂ ਵਸਤਾਂ, ਵਸਤਰ-ਸ਼ਸਤਰ, ਗਰਮ ਮਸਾਲੇ ਘੋੜੇ ਤੇ ਖੱਚਰਾਂ ਆਦਿ ਲਿਆਉਂਦੇ।

25 ਸੁਲੇਮਾਨ ਕੋਲ ਆਪਣੇ ਘੋੜਿਆਂ ਅਤੇ ਰੱਥਾਂ ਨੂੰ ਰੱਖਣ ਲਈ 4,000 ਤਬੇਲੇ ਸਨ ਅਤੇ ਉਸ ਕੋਲ 12,000 ਰੱਥਵਾਨ ਸਨ। ਉਸ ਨੇ ਇਨ੍ਹਾਂ ਨੂੰ ਆਪਣੇ ਰੱਥਾਂ ਦੇ ਸ਼ਹਿਰਾਂ ਵਿੱਚ ਅਤੇ ਕੁਝ ਇੱਕਨਾਂ ਨੂੰ ਯਰੂਸ਼ਲਮ ਵਿੱਚ ਆਪਣੇ ਕੋਲ ਰੱਖਿਆ। 26 ਸੁਲੇਮਾਨ ਫ਼ਰਾਤ ਦਰਿਆ ਤੋਂ ਲੈ ਕੇ ਸਾਰਾ ਰਾਹ ਜਿਹੜਾ ਫ਼ਲਿਸਤੀਆਂ ਦੇ ਦੇਸ ਤੀਕ ਅਤੇ ਮਿਸਰ ਦੀ ਹੱਦ ਤੀਕ ਜਾਂਦਾ ਸੀ ਉੱਥੋਂ ਤੀਕ ਸਭ ਪਾਤਸ਼ਾਹਾਂ ਦਾ ਪਾਤਸ਼ਾਹ ਸੀ। 27 ਉਸ ਕੋਲ ਇੰਨੀ ਚਾਂਦੀ ਸੀ ਕਿ ਉਹ ਯਰੂਸ਼ਲਮ ਵਿੱਚ ਚੱਟਾਨਾਂ ਜਿੰਨੀ ਹੀ ਆਮ ਸੀ। ਉਸ ਕੋਲ ਇੰਨੀ ਦਿਆਰ ਦੀ ਲੱਕੜ ਸੀ ਕਿ ਇਹ ਪਹਾੜੀ ਦੇਸ਼ ਵਿੱਚਲੇ ਗੁੱਲਰ ਦੇ ਰੁੱਖਾਂ ਜਿੰਨੀ ਵੱਧੇਰੇ ਹੋਵੇ। 28 ਲੋਕ ਮਿਸਰ ਤੋਂ ਅਤੇ ਸਾਰੇ ਹੋਰ ਦੇਸ਼ਾਂ ਵਿੱਚੋਂ ਸੁਲੇਮਾਨ ਲਈ ਘੋੜੇ ਲਿਆਇਆ ਕਰਦੇ ਸਨ।

ਸੁਲੇਮਾਨ ਦੀ ਮੌਤ

29 ਸੁਲੇਮਾਨ ਦੇ ਬਾਕੀ ਕੰਮ ਜੋ ਉਸ ਨੇ ਕੀਤੇ ਸਨ ਉਹ ਨਾਥਾਨ ਨਬੀ ਦੀਆਂ ਲਿਖਤਾਂ ਵਿੱਚ ਅਤੇ ਸ਼ੀਲੋਨੀ ਅਹੀਯਾਹ ਦੇ ਅਗੰਮ ਵਾਕਾਂ ਵਿੱਚ ਅਤੇ ਇੱਦੋ ਨਬੀ ਦੇ ਦਰਸ਼ਨਾਂ ਵਿੱਚ ਦਰਜ ਹਨ। ਇੱਦੋ ਉਹ ਨਬੀ ਸੀ ਜਿਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਬਾਰੇ ਭਵਿੱਖ ਬਾਣੀ ਕੀਤੀ ਸੀ। 30 ਸੁਲੇਮਾਨ ਨੇ ਯਰੂਸ਼ਲਮ ਵਿੱਚ ਸਾਰੇ ਇਸਰਾਏਲ ਉੱਪਰ 40 ਵਰ੍ਹੇ ਰਾਜ ਕੀਤਾ। 31 ਉਪਰੰਤ ਸੁਲੇਮਾਨ ਆਪਣੇ ਪੁਰਖਿਆਂ ਕੋਲ ਚਲਾਣਾ ਕਰ ਗਿਆ। ਤਾਂ ਲੋਕਾਂ ਨੇ ਉਸ ਨੂੰ ਉਸ ਦੇ ਪਿਤਾ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਸੁਲੇਮਾਨ ਦੀ ਥਾਵੇਂ ਹੁਣ ਉਸਦਾ ਪੁੱਤਰ ਰਹਬੁਆਮ ਰਾਜ ਕਰਨ ਲੱਗਾ।

ਰਹਬੁਆਮ ਦੀ ਨਾਸਮਝੀ ਦੇ ਕਾਰਨਾਮੇ

10 ਰਹਬੁਆਮ ਸ਼ਕਮ ਦੇਸ ਨੂੰ ਗਿਆ ਕਿਉਂ ਕਿ ਸਾਰਾ ਇਸਰਾਏਲ ਉਸ ਨੂੰ ਪਾਤਸ਼ਾਹ ਬਨਾਉਣ ਲਈ ਸ਼ਕਮ ਵਿੱਚ ਆਇਆ ਹੋਇਆ ਸੀ। ਨਬਾਟ ਦਾ ਪੁੱਤਰ ਯਾਰਾਬੁਆਮ ਮਿਸਰ ਵਿੱਚ ਸੀ ਕਿਉਂ ਕਿ ਉਹ ਸੁਲੇਮਾਨ ਤੋਂ ਡਰਦਾ ਸੀ। ਪਰ ਜਦੋਂ ਉਸ ਨੇ ਸੁਣਿਆ ਕਿ ਸੁਲੇਮਾਨ ਮਰ ਚੁੱਕਿਆ ਸੀ ਅਤੇ ਰਹਬੁਆਮ ਨੂੰ ਜਲਦੀ ਹੀ ਰਾਜੇ ਦਾ ਤਾਜ ਪਹਿਨਾਇਆ ਜਾਣਾ ਸੀ, ਉਹ ਇਸਰਾਏਲ ਨੂੰ ਵਾਪਸ ਮੁੜ ਆਇਆ।

ਇਸਰਾਏਲ ਦੇ ਲੋਕਾਂ ਨੇ ਯਾਰਾਬੁਆਮ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਤਦ ਯਾਰਾਬੁਆਮ ਅਤੇ ਸਾਰੇ ਇਸਰਾਏਲੀ ਰਹਬੁਆਮ ਕੋਲ ਗਏ ਅਤੇ ਜਾ ਕੇ ਉਸ ਨੂੰ ਕਿਹਾ, “ਰਹਬੁਆਮ, ਤੇਰੇ ਪਿਤਾ ਨੇ ਸਾਡਾ ਜਿਉਣਾ ਮੁਸ਼ਕਿਲ ਕੀਤਾ ਹੋਇਆ ਸੀ, ਉਸ ਦੇ ਹੁੰਦੇ ਜ਼ਿੰਦਗੀ ਬੋਝਾ ਢੋਣ ਦੇ ਬਰਾਬਰ ਸੀ ਇਸ ਲਈ ਪਹਿਲਾਂ ਸਾਡਾ ਭਾਰ ਹੌਲਾ ਕਰ ਫ਼ਿਰ ਅਸੀਂ ਤੇਰੀ ਸੇਵਾ ਕਰਾਂਗੇ।”

ਰਹਬੁਆਮ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਮੇਰੇ ਕੋਲ ਤਿੰਨ ਦਿਨ ਬਾਅਦ ਆਉਣਾ।” ਤਾਂ ਲੋਕ ਵਾਪਸ ਚੱਲੇ ਗਏ।

ਤਦ ਰਹਬੁਆਮ ਪਾਤਸ਼ਾਹ ਨੇ ਆਪਣੇ ਬਜ਼ੁਰਗ ਮਨੁੱਖਾਂ ਜਿਨ੍ਹਾਂ ਨੇ ਉਸ ਦੇ ਪਿਤਾ ਸੁਲੇਮਾਨ ਦੀ ਸੇਵਾ ਕੀਤੀ ਸੀ ਉਸ ਨਾਲ ਸਲਾਹ ਕੀਤੀ, “ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਤੁਹਾਡੀ ਕੀ ਰਾਇ ਹੈ ਕਿ ਮੈਂ ਉਨ੍ਹਾਂ ਨਾਲ ਕੀ ਗੱਲ ਕਰਾਂ?”

ਬਜ਼ੁਰਗ ਆਦਮੀਆਂ ਨੇ ਰਹਬੁਆਮ ਨੂੰ ਕਿਹਾ, “ਜੇਕਰ ਤੂੰ ਉਨ੍ਹਾਂ ਲੋਕਾਂ ਨਾਲ ਹਿੱਤ ਕਰੇਂਗਾ ਅਤੇ ਉਨ੍ਹਾਂ ਨੂੰ ਖੁਸ਼ ਕਰੇਂਗਾ ਤਦ ਉਹ ਹਮੇਸ਼ਾ ਤੇਰੀ ਚਾਕਰੀ ਕਰਦੇ ਰਹਿਣਗੇ।”

ਪਰ ਰਹਬੁਆਮ ਨੇ ਬਜ਼ੁਰਗਾਂ ਦੀ ਮਤ ਨੂੰ ਸਵੀਕਾਰ ਨਾ ਕੀਤਾ। ਫ਼ਿਰ ਉਸ ਨੇ ਆਪਣੀ ਉਮਰ ਦੇ ਜੁਆਨਾਂ ਨਾਲ ਮਸ਼ਵਰਾ ਕੀਤਾ ਜਿਹੜੇ ਕਿ ਉਸ ਦੇ ਨਾਲ ਹੀ ਵੱਡੇ ਹੋਏ ਸਨ ਅਤੇ ਉਸਦੀ ਚਾਕਰੀ ਕਰ ਰਹੇ ਸਨ। ਰਹਬੁਆਮ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਮੈਨੂੰ ਕੀ ਰਾਇ ਦਿੰਦੇ ਹੋ? ਸਾਨੂੰ ਉਨ੍ਹਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਹੈ? ਉਹ ਮੈਨੂੰ ਆਪਣਾ ਬੋਝ ਹਲਕਾ ਕਰਨ ਨੂੰ ਆਖ ਰਹੇ ਹਨ ਅਤੇ ਉਹ ਇਹ ਵੀ ਆਖਦੇ ਹਨ ਕਿ ਜਿੰਨਾ ਕੰਮ ਦਾ ਭਾਰ ਤੇਰੇ ਪਿਤਾ ਨੇ ਸਾਡੇ ਉੱਪਰ ਪਾਇਆ ਹੋਇਆ ਸੀ, ਪਹਿਲਾਂ ਤੂੰ ਉਹ ਭਾਰ ਸਾਡੇ ਤੋਂ ਹਲਕਾ ਕਰ।”

10 ਤਾਂ ਉਹ ਜੁਆਨ ਜਿਹੜੇ ਉਸ ਦੇ ਹਮਜੋਲੀ ਸਨ ਉਸ ਨੂੰ ਆਖਿਆ ਕਿ ਤੂੰ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੇ ਤੈਨੂੰ ਆਖਿਆ ਕਿ ਤੇਰੇ ਪਿਤਾ ਨੇ ਸਾਡਾ ਕੰਮ ਦਾ ਬੋਝ ਵੱਧਾਇਆ ਪਰ ਤੂੰ ਸਾਡੇ ਲਈ ਉਸ ਨੂੰ ਹਲਕਾ ਕਰ ਤਾਂ ਤੂੰ ਉਨ੍ਹਾਂ ਨੂੰ ਇਹ ਜਵਾਬ ਦੇ ਕਿ ਮੇਰੀ ਉਂਗਲ ਮੇਰੇ ਪਿਤਾ ਦੇ ਕਮਰ ਨਾਲੋਂ ਵੀ ਤਕੜੀ ਹੈ। 11 ਮੇਰੇ ਪਿਤਾ ਨੇ ਤਾਂ ਭਾਰਾ ਬੋਝ ਤੁਹਾਡੇ ਤੇ ਪਾਇਆ ਸੀ, ਪਰ ਮੈਂ ਉਸ ਭਾਰ ਨੂੰ ਹੋਰ ਵੀ ਵੱਧੀਕ ਕਰਾਂਗਾ। ਮੇਰੇ ਪਿਤਾ ਨੇ ਤਾਂ ਸਿਰਫ਼ ਤੁਹਾਨੂੰ ਕੋਟਲਿਆਂ ਨਾਲ ਮਾਰਿਆ ਸੀ ਪਰ ਮੈਂ ਤੁਹਾਨੂੰ ਲੋਹੇ ਦੇ ਸਿਰੇ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ।

12 ਤਿੰਨਾਂ ਦਿਨਾਂ ਉਪਰੰਤ, ਯਾਰਾਬੁਆਮ ਅਤੇ ਬਾਕੀ ਦੇ ਸਾਰੇ ਲੋਕ ਰਹਬੁਆਮ ਕੋਲ ਆਏ, ਬਿਲਕੁਲ ਜਿਵੇਂ ਕਿ ਉਸ ਨੇ ਉਨ੍ਹਾਂ ਨੂੰ ਕਿਹਾ ਸੀ। “ਮੇਰੇ ਕੋਲ ਤਿੰਨਾਂ ਦਿਨਾਂ ਵਿੱਚ ਵਾਪਸ ਆ ਜਾਵੋ।” 13 ਤਦ ਰਹਬੁਆਮ ਪਾਤਸ਼ਾਹ ਨੇ ਉਨ੍ਹਾਂ ਨਾਲ ਬੜੇ ਕਮੀਨੇਪਨ ਨਾਲ ਗੱਲ ਕੀਤੀ। ਉਸ ਨੇ ਬਜ਼ੁਰਗਾਂ ਦੀ ਗੱਲ ਦਾ ਕਹਿਣਾ ਨਾ ਮੰਨਿਆ। 14 ਸਗੋਂ ਉਸ ਨੇ ਆਪਣੇ ਹਮਜੋਲੀ ਨੌਜੁਆਨਾਂ ਦੇ ਮਗਰ ਲੱਗਕੇ ਲੋਕਾਂ ਨਾਲ ਉਸੇ ਲਹਿਜੇ ਵਿੱਚ ਗੱਲ ਕੀਤੀ ਜਿਵੇਂ ਉਨ੍ਹਾਂ ਨੇ ਪਾਤਸ਼ਾਹ ਨੂੰ ਸਿੱਖਾਇਆ ਸੀ। ਉਸ ਨੇ ਕਿਹਾ, “ਮੇਰੇ ਪਿਤਾ ਨੇ ਤੁਹਾਡਾ ਬੋਝ ਵੱਧਾਇਆ ਸੀ ਪਰ ਮੈਂ ਤੁਹਾਡਾ ਬੋਝ ਉਸਤੋਂ ਵੀ ਵੱਧੀਕ ਕਰਾਂਗਾ। ਮੇਰੇ ਪਿਤਾ ਨੇ ਤੁਹਾਨੂੰ ਕੋਟਲਿਆਂ ਨਾਲ ਫ਼ੰਡਿਆ ਪਰ ਮੈਂ ਤੁਹਾਨੂੰ ਧਾਤ ਜੜੀਆਂ ਸਿਰੀਆਂ ਵਾਲੇ ਕੋਟਲਿਆਂ ਨਾਲ ਫ਼ੰਡਾਂਗਾ।” 15 ਸੋ ਪਾਤਸ਼ਾਹ ਨੇ ਲੋਕਾਂ ਦੀ ਨਾ ਸੁਣੀ, ਕਿਉਂ ਕਿ ਗੱਲਾਂ ਦਾ ਇਹ ਫੇਰ-ਬਦਲ ਪਰਮੇਸ਼ੁਰ ਵੱਲੋਂ ਹੀ ਸੀ। ਇਹ ਵਾਪਰਿਆ ਤਾਂ ਜੋ ਯਹੋਵਾਹ ਸ਼ੀਲੋਨੀ ਅਹੀਯਾਹ ਦੇ ਰਾਹੀਂ ਨਬਾਟ ਦੇ ਪੁੱਤਰ ਯਾਰਾਬੁਆਮ ਬਾਰੇ ਬੋਲਿਆ ਸੀ, ਸੱਚ ਹੋ ਸੱਕੇ।

16 ਜਦ ਸਾਰੇ ਇਸਰਾਏਲ ਨੇ ਵੇਖਿਆ ਕਿ ਪਾਤਸ਼ਾਹ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ ਤਾਂ ਲੋਕਾਂ ਨੇ ਪਾਤਸ਼ਾਹ ਨੂੰ ਜਵਾਬ ਦਿੱਤਾ ਕਿ,

“ਦਾਊਦ ਦੇ ਨਾਲ ਸਾਡਾ ਕੀ ਰਿਸ਼ਤਾ ਅਤੇ
    ਯੱਸੀ ਦੇ ਪੁੱਤਰ ਨਾਲ ਸਾਡੀ ਕੋਈ ਵੰਡ-ਵਿਹਾਰ ਨਹੀਂ ਹੈ।
ਹੇ ਇਸਰਾਏਲ, ਆਪੋ-ਆਪਣੇ ਤੰਬੂਆਂ ਵਿੱਚ ਚਲੋ!
    ਹੁਣ ਹੇ ਦਾਊਦ! ਤੂੰ ਆਪਣੇ ਹੀ ਘਰਾਣੇ ਨੂੰ ਸੰਭਾਲ।”

ਤਦ ਇਸਰਾਏਲ ਦੇ ਸਾਰੇ ਲੋਕ ਆਪੋ-ਆਪਣੇ ਘਰਾਂ ਨੂੰ ਪਰਤ ਗਏ। 17 ਪਰ ਉੱਥੇ ਕੁਝ ਇਸਰਾਏਲੀ ਅਜਿਹੇ ਸਨ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਵਸੇ ਹੋਏ ਸਨ ਅਤੇ ਰਹਬੁਆਮ ਉਨ੍ਹਾਂ ਦਾ ਪਾਤਸ਼ਾਹ ਸੀ।

18 ਫ਼ੇਰ ਰਹਬੁਆਮ ਨੇ ਹਦੋਰਾਮ ਨੂੰ, ਜੋ ਕਿ ਮਜਬੂਰ ਮਜਦੂਰਾਂ ਦਾ ਇੰਚਾਰਜ ਸੀ, ਇਸਰਾਏਲ ਦੇ ਲੋਕਾਂ ਕੋਲ ਭੇਜਿਆ, ਪਰ ਉਨ੍ਹਾਂ ਨੇ ਉਸ ਉੱਪਰ ਪਥਰਾਵ ਕਰਕੇ ਉਸ ਨੂੰ ਮਾਰ ਸੁੱਟਿਆ। 19 ਉੱਸ ਦਿਨ ਤੋਂ ਲੈ ਕੇ ਅੱਜ ਤੀਕ ਇਸਰਾਏਲੀ ਦਾਊਦ ਦੇ ਘਰਾਣੇ ਦੇ ਵਿਰੋਧੀ ਹਨ।

Punjabi Bible: Easy-to-Read Version (ERV-PA)

2010 by World Bible Translation Center