Historical
11 ਜਦ ਰਹਬੁਆਮ ਯਰੂਸ਼ਲਮ ਵਿੱਚ ਆਇਆ ਤਾਂ ਉਸ ਨੇ ਇਸਰਾਏਲ ਨਾਲ ਲੜਨ ਲਈ ਯਹੂਦਾਹ ਅਤੇ ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਵਿੱਚੋਂ 1,80,000 ਸਿਪਾਹੀ ਇਕੱਠੇ ਕੀਤੇ ਤਾਂ ਜੋ ਉਹ ਰਹਬੁਆਮ ਦੇ ਲਈ ਉਹ ਰਾਜ ਮੋੜ ਲਿਆਉਣ। 2 ਪਰ ਯਹੋਵਾਹ ਤੋਂ ਸ਼ਮਆਯਾਹ ਨੂੰ ਬਚਨ ਹੋਇਆ। ਸ਼ਮਾਆਯਾਹ ਪਰਮੇਸ਼ੁਰ ਦਾ ਮਨੁੱਖ ਸੀ ਤੇ ਯਹੋਵਾਹ ਨੇ ਆਖਿਆ, 3 ਸਮਾਆਯਾਹ, ਰਹਬੁਆਮ ਸੁਲੇਮਾਨ ਦੇ ਪੁੱਤਰ ਨੂੰ ਅਤੇ ਯਹੂਦਾਹ ਦੇ ਪਾਤਸ਼ਾਹ ਅਤੇ ਸਾਰੇ ਇਸਰਾਏਲੀਆਂ ਨੂੰ, ਜੋ ਕਿ ਯਹੂਦਾਹ ਅਤੇ ਬਿਨਯਾਮੀਨ ਵਿੱਚ ਰਹਿੰਦੇ ਹਨ, ਆਖ: 4 ਯਹੋਵਾਹ ਇਉਂ ਆਖਦਾ ਹੈ, “ਤੁਸੀਂ ਆਪਣੇ ਭਰਾਵਾਂ ਨਾਲ ਲੜਾਈ ਨਾ ਕਰਨਾ। ਤੁਸੀਂ ਸਭ ਆਪੋ-ਆਪਣੇ ਘਰਾਂ ਨੂੰ ਮੁੜ ਜਾਵੋ। ਕਿਉਂ ਕਿ ਇਹ ਗੱਲ ਮੇਰੇ ਹੀ ਵੱਲੋਂ ਹੈ।” ਤਦ ਰਹਬੁਆਮ ਪਾਤਸ਼ਾਹ ਅਤੇ ਉਸਦੀ ਫ਼ੌਜ ਨੇ ਯਹੋਵਾਹ ਦੇ ਸੰਦੇਸ਼ ਨੂੰ ਮੰਨ ਲਿਆ ਤੇ ਉਨ੍ਹਾਂ ਨੇ ਯਾਰਾਬੁਆਮ ਤੇ ਚੜ੍ਹਾਈ ਨਾ ਕੀਤੀ ਸਗੋਂ ਵਾਪਸ ਮੁੜ ਗਏ।
ਰਹਬੁਆਮ ਦਾ ਯਹੂਦਾਹ ਨੂੰ ਮਜ਼ਬੂਤ ਕਰਨਾ
5 ਰਹਬੁਆਮ ਯਰੂਸ਼ਲਮ ਵਿੱਚ ਰਹਿਣ ਲੱਗ ਪਿਆ। ਉਸ ਨੇ ਯਹੂਦਾਹ ਸ਼ਹਿਰ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਆਪਣੇ ਸ਼ਹਿਰਾਂ ਨੂੰ ਮਜ਼ਬੂਤ ਕੀਤਾ। 6 ਉਸ ਨੇ ਬੈਤਲਹਮ, ਏਟਾਮ, ਤਕੋਆ, 7 ਬੈਤਸੂਰ, ਸੋਕੋ, ਅਦੂੱਲਾਮ, 8 ਗਥ, ਮਾਰੇਸ਼ਾਹ, ਜ਼ੀਫ਼, 9 ਅਦੋਰਇਮ, ਲਕੀਸ਼, ਅਜ਼ੇਕਾਹ, 10 ਸਾਰਆਹ, ਅੱਯਾਲੋਨ ਅਤੇ ਹਬਰੋਨ ਨੂੰ ਜੋ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਨ, ਉਨ੍ਹਾਂ ਨੂੰ ਗੜ੍ਹਾਂ ਵਾਲੇ ਸ਼ਹਿਰ ਬਣਾਇਆ। 11 ਜਦੋਂ ਉਸ ਨੇ ਇਨ੍ਹਾਂ ਸ਼ਹਿਰਾਂ ਨੂੰ ਪੱਕਾ ਕੀਤਾ ਤਾਂ ਉਨ੍ਹਾਂ ਵਿੱਚ ਸਰਦਾਰ ਮੁਕੱਰਰ ਕੀਤੇ ਅਤੇ ਉੱਥੇ ਰਸਦ, ਤੇਲ ਅਤੇ ਸ਼ਰਾਬ ਦੇ ਭੰਡਾਰ ਰੱਖੇ। 12 ਅਤੇ ਰਹਬੁਆਮ ਨੇ ਹਰ ਸ਼ਹਿਰ ਵਿੱਚ ਢਾਲਾਂ ਅਤੇ ਭਾਲੇ ਵੀ ਰੱਖਵਾ ਕੇ ਸ਼ਹਿਰ ਨੂੰ ਪੱਕਿਆਂ ਕੀਤਾ ਅਤੇ ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕਾਂ ਨੂੰ ਅਤੇ ਸ਼ਹਿਰਾਂ ਨੂੰ ਆਪਣੇ ਨਿਯੰਤ੍ਰਣ ਵਿੱਚ ਰੱਖਿਆ।
13 ਸਾਰੇ ਇਸਰਾਏਲ ਵਿੱਚੋਂ ਜਾਜਕ ਅਤੇ ਲੇਵੀ ਆਪੋ-ਆਪਣੀ ਸਰਹੱਦ ਤੋਂ ਉੱਠ ਕੇ ਰਹਬੁਆਮ ਨਾਲ ਮਿਲ ਗਏ। 14 ਲੇਵੀ ਆਪਣੀ ਜ਼ਮੀਨ ਅਤੇ ਖੇਤ ਮਲਕੀਅਤਾਂ ਛੱਡ ਕੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆ ਗਏ। ਲੇਵੀਆਂ ਨੇ ਇੰਝ ਇਸ ਲਈ ਕੀਤਾ ਕਿਉਂ ਕਿ ਯਾਰਾਬੁਆਮ ਅਤੇ ਉਸ ਦੇ ਪੁੱਤਰਾਂ ਨੇ ਉਨ੍ਹਾਂ ਨੂੰ ਯਹੋਵਾਹ ਦੇ ਜਾਜਕ ਬਣਨ ਤੋਂ ਵਰਜਿਆ ਸੀ।
15 ਯਾਰਾਬੁਆਮ ਨੇ ਉੱਚੀਆਂ ਥਾਵਾਂ ਤੇ ਆਪਣੇ ਚੁਣੇ ਹੋਏ ਜਾਜਕਾਂ ਨੂੰ ਸੇਵਾ ਲਈ ਰੱਖਿਆ ਅਤੇ ਉਨ੍ਹਾਂ ਉੱਚੇ ਥਾਵਾਂ ਤੇ ਬੱਕਰਿਆਂ ਅਤੇ ਆਪਣੇ ਬਣਾਏ ਹੋਏ ਵੱਛਿਆਂ ਦੇ ਬੁੱਤਾਂ ਨੂੰ ਥਾਪਿਆ। 16 ਜਦੋਂ ਲੇਵੀਆਂ ਨੇ ਇਸਰਾਏਲ ਨੂੰ ਛੱਡਿਆ, ਉੱਨ੍ਹਾਂ ਦੇ ਪਿੱਛੇ ਇਸਰਾਏਲ ਦੇ ਸਾਰੇ ਘਰਾਣਿਆਂ ਵਿੱਚੋਂ ਅਜਿਹੇ ਲੋਕੀ ਜਿਨ੍ਹਾਂ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਖੋਜ ਵਿੱਚ ਆਪਣਾ ਜੀਅ-ਜਾਨ ਲਗਾਇਆ ਸੀ, ਯਰੂਸ਼ਲਮ ਵਿੱਚ ਆਏ ਤਾਂ ਜੋ ਉਹ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਅੱਗੇ ਭੇਟ ਚੜ੍ਹਾਉਣ। 17 ਉਨ੍ਹਾਂ ਲੋਕਾਂ ਨੇ ਯਹੂਦਾਹ ਦੇ ਰਾਜ ਨੂੰ ਮਜ਼ਬੂਤ ਕੀਤਾ ਅਤੇ ਉਨ੍ਹਾਂ ਨੇ ਸੁਲੇਮਾਨ ਦੇ ਪੁੱਤਰ ਰਹਬੁਆਮ ਦੀ ਤਿੰਨ ਵਰ੍ਹੇ ਤੀਕ ਹਿਮਾਇਤ ਕੀਤੀ। ਇੰਝ ਉਨ੍ਹਾਂ ਨੇ ਇਸ ਲਈ ਕੀਤਾ ਕਿਉਂ ਕਿ ਉਸ ਵੇਲੇ ਤੀਕ ਉਹ ਦਾਊਦ ਅਤੇ ਸੁਲੇਮਾਨ ਦੇ ਜੀਵਨ ਢੰਗ ਮੁਤਾਬਕ ਚਲਦੇ ਰਹੇ।
ਰਹਬੁਆਮ ਦਾ ਪਰਿਵਾਰ
18 ਰਹਬੁਆਮ ਨੇ ਮਹਲਥ ਨਾਲ ਵਿਆਹ ਕਰਵਾ ਲਿਆ। ਅਹਾਲਥ ਦੇ ਪਿਤਾ ਯਰੀਮੋਥ ਅਤੇ ਮਾਂ ਦਾ ਨਾਂ ਅਬੀਹਇਲ ਸੀ। ਯਰੀਮੋਥ ਦਾਊਦ ਦਾ ਪੁੱਤਰ ਸੀ ਅਤੇ ਅਬੀਹਇਲ ਅਲੀਆਬ ਦੀ ਧੀ ਸੀ ਅਤੇ ਅਲੀਆਬ ਯੱਸੀ ਦਾ ਪੁੱਤਰ ਸੀ। 19 ਮਹਲਥ ਨੇ ਤਿੰਨ ਪੁੱਤਰ ਜੰਮੇ ਜਿਨ੍ਹਾਂ ਦੇ ਨਾਉਂ ਯਊਸ਼, ਸ਼ਮਰਯਾਹ ਅਤੇ ਜ਼ਾਹਮ ਸਨ। 20 ਉਸਤੋਂ ਬਾਅਦ ਰਹਬੁਆਮ ਨੇ ਅਬਸ਼ਾਲੋਮ ਦੀ ਧੀ ਮਆਕਾਹ ਨਾਲ ਵਿਆਹ ਕਰਵਾ ਲਿਆ ਜਿਸ ਵਿੱਚੋਂ ਉਸ ਦੇ ਅਬੀਯਾਹ, ਅੱਤਈ, ਜ਼ੀਜ਼ਾ ਅਤੇ ਸ਼ਲੋਮੀਥ ਪੈਦਾ ਹੋਏ। 21 ਰਹਬੁਆਮ ਅਬਸ਼ਾਲੋਮ ਦੀ ਪੋਤਰੀ ਮਆਕਾਹ ਨੂੰ ਆਪਣੀਆਂ ਸਾਰੀਆਂ ਰਾਣੀਆਂ ਅਤੇ ਦਾਸੀਆਂ ਨਾਲੋਂ ਬਹੁਤਾ ਪਿਆਰ ਕਰਦਾ ਸੀ। ਰਹਬੁਆਮ ਦੀਆਂ 18 ਪਤਨੀਆਂ ਅਤੇ 60 ਦਾਸੀਆਂ ਸਨ ਅਤੇ ਉਹ 28 ਪੁੱਤਰਾਂ ਅਤੇ 60 ਧੀਆਂ ਦਾ ਪਿਤਾ ਸੀ।
22 ਰਹਬੁਆਮ ਨੇ ਅਮਕਾਹ ਦੇ ਪੁੱਤਰ ਅਬੀਯਾਹ ਨੂੰ ਉਸ ਦੇ ਭਰਾਵਾਂ ਵਿੱਚੋਂ ਮੁਖੀਆ ਚੁਣਿਆ। ਕਿਉਂ ਜੋ ਉਹ ਅਬੀਯਾਹ ਨੂੰ ਪਾਤਸ਼ਾਹ ਬਨਾਉਣ ਦੀ ਵਿਉਂਤ ਕਰ ਰਿਹਾ ਸੀ। 23 ਰਹਬੁਆਮ ਨੇ ਬੜੀ ਬੁੱਧੀਮਤਾ ਨਾਲ ਆਪਣੇ ਸਾਰੇ ਪੁੱਤਰਾਂ ਨੂੰ ਯਹੂਦਾਹ ਅਤੇ ਬਿਨਯਾਮੀਨ ਦੇ ਹਰ ਸ਼ਹਿਰ ਵਿੱਚ ਫ਼ੈਲਾਅ ਦਿੱਤਾ ਤੇ ਇਉਂ ਆਪਣੇ ਰਾਜ ਨੂੰ ਪੱਕਿਆਂ ਕੀਤਾ। ਆਪਣੇ ਸਾਰੇ ਪੁੱਤਰਾਂ ਸਾਰੇ ਰਾਜ ਵਿੱਚ ਵੱਖ-ਵੱਖ ਕਰਕੇ ਉਨ੍ਹਾਂ ਨੂੰ ਬਹੁਤ ਸਾਰੀ ਰਸਦ ਦਿੱਤੀ ਅਤੇ ਉਨ੍ਹਾਂ ਲਈ ਵਹੁਟੀਆਂ ਵੀ ਵੇਖੀਆਂ।
ਸ਼ੀਸ਼ਕ ਰਾਜੇ ਦੀ ਯਹੂਦਾਹ ਉੱਤੇ ਚੜ੍ਹਾਈ
12 ਇਉਂ ਰਹਬੁਆਮ ਸ਼ਕਤੀਸ਼ਾਲੀ ਰਾਜਾ ਬਣਿਆ ਅਤੇ ਉਸ ਨੇ ਆਪਣੇ ਰਾਜ ਨੂੰ ਵੀ ਸ਼ਕਤੀਸ਼ਾਲੀ ਬਣਾਇਆ। ਫ਼ਿਰ ਰਹਬੁਆਮ ਅਤੇ ਯਹੂਦਾਹ ਦੇ ਪਰਿਵਾਰ-ਸਮੂਹ ਨੇ ਯਹੋਵਾਹ ਨੇ ਨੇਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
2 ਫ਼ਿਰ ਰਹਬੁਆਮ ਦੇ ਸ਼ਾਸਨ ਦੇ ਪੰਜਵੇਂ ਵਰ੍ਹੇ ਵਿੱਚ ਮਿਸਰ ਦੇ ਰਾਜੇ ਸ਼ੀਸ਼ਕ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂ ਕਿ ਰਹਬੁਆਮ ਅਤੇ ਯਹੂਦਾਹ ਦੇ ਲੋਕ ਯਹੋਵਾਹ ਨਾਲ ਵਫ਼ਾਦਾਰ ਨਹੀਂ ਸਨ। 3 ਸ਼ੀਸ਼ਕ ਦੇ ਨਾਲ 12,000 ਰੱਥ ਅਤੇ 60,000 ਅਸਵਾਰ ਸਨ ਅਤੇ ਉਸ ਨਾਲ ਮਿਸਰ ਤੋਂ ਆਏ ਲੂਬੀ, ਸੂਕੀ ਅਤੇ ਕੂਸ਼ੀ ਅਣਗਿਣਤ ਲੋਕ ਸਨ। 4 ਸ਼ੀਸ਼ਕ ਯਹੂਦਾਹ ਦੇ ਮਜ਼ਬੂਤ ਸ਼ਹਿਰਾਂ ਨੂੰ ਹਰਾਕੇ ਆਪਣੀ ਫ਼ੌਜ ਨੂੰ ਯਰੂਸ਼ਲਮ ਵਿੱਚ ਲੈ ਆਇਆ।
5 ਤਦ ਸ਼ਮਆਯਾਹ ਨਬੀ ਰਹਬੁਆਮ ਅਤੇ ਯਹੂਦਾਹ ਦੇ ਸਰਦਾਰਾਂ ਦੇ ਕੋਲ ਜਿਹੜੇ ਸ਼ੀਸ਼ਕ ਦੇ ਅੱਗੋਂ ਯਰੂਸ਼ਲਮ ਵਿੱਚ ਇਕੱਠੇ ਹੋ ਗਏ ਸਨ ਆਇਆ ਅਤੇ ਉਨ੍ਹਾਂ ਨੂੰ ਆਖਿਆ ਕਿ ਯਹੋਵਾਹ ਇਵੇਂ ਫ਼ਰਮਾਉਂਦਾ ਹੈ: “ਤੁਸੀਂ ਮੈਨੂੰ ਛੱਡ ਦਿੱਤਾ, ਇਸੇ ਲਈ ਮੈਂ ਵੀ ਤੁਹਾਨੂੰ ਸ਼ੀਸ਼ਕ ਦੇ ਹੱਥ ਵਿੱਚ ਦੇ ਦਿੱਤਾ ਹੈ।”
6 ਤਦ ਯਹੂਦਾਹ ਦੇ ਆਗੂਆਂ ਅਤੇ ਰਹਬੁਆਮ ਪਾਤਸ਼ਾਹ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਤੇ ਉਨ੍ਹਾਂ ਨੇ ਆਪਣੇ-ਆਪ ਨੂੰ ਨਿਮਾਣਾ ਬਣਾਕੇ ਤੇ ਆਖਿਆ, “ਯਹੋਵਾਹ ਧਰਮੀ ਹੈ।”
7 ਯਹੋਵਾਹ ਨੇ ਵੇਖਿਆ ਕਿ ਯਹੂਦਾਹ ਦੇ ਲੋਕਾਂ ਅਤੇ ਪਾਤਸ਼ਾਹ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤਦ ਯਹੋਵਾਹ ਵੱਲੋਂ ਸ਼ਮਆਯਾਹ ਨੂੰ ਬਚਨ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਕਿਹਾ, “ਪਾਤਸ਼ਾਹ ਅਤੇ ਉਸ ਦੇ ਲੋਕਾਂ ਨੂੰ ਸੋਝੀ ਆ ਗਈ ਹੈ, ਇਸ ਲਈ ਮੈਂ ਹੁਣ ਉਨ੍ਹਾਂ ਨੂੰ ਤਬਾਹ ਨਹੀਂ ਕਰਾਂਗਾ ਪਰ ਉਨ੍ਹਾਂ ਨੂੰ ਜਲਦੀ ਹੀ ਬਚਾਵਾਂਗਾ ਅਤੇ ਯਰੂਸ਼ਲਮ ਉੱਪਰ ਆਪਣਾ ਕਰੋਧ ਵਰਸਾਉਣ ਲਈ ਸ਼ੀਸ਼ਕ ਦਾ ਪ੍ਰਯੋਗ ਨਹੀਂ ਕਰਾਂਗਾ। 8 ਪਰ ਯਰੂਸ਼ਲਮ ਦੇ ਲੋਕ ਸ਼ੀਸ਼ਕ ਦੇ ਗੁਲਾਮ ਹੋਣਗੇ ਤਾਂ ਜੋ ਉਹ ਮੇਰੀ ਸੇਵਾ ਅਤੇ ਦੇਸ ਦੇ ਰਾਜਿਆਂ ਦੀ ਸੇਵਾ ਦਾ ਫ਼ਰਕ ਜਾਣ ਲੈਣ।”
9 ਸੋ ਸ਼ੀਸਕ ਨੇ ਯਰੂਸ਼ਲਮ ਉੱਪਰ ਹਮਲਾ ਬੋਲਿਆ ਅਤੇ ਯਹੋਵਾਹ ਦੇ ਮੰਦਰ ਦਾ ਸਾਰਾ ਖਜ਼ਾਨਾ ਲੁੱਟ ਲਿਆ। ਸ਼ੀਸਕ ਮਿਸਰ ਦਾ ਰਾਜਾ ਸੀ। ਉਸ ਨੇ ਪਾਤਸ਼ਾਹ ਦੇ ਮਹਿਲ ਦਾ ਵੀ ਸਾਰਾ ਖਜ਼ਾਨਾ ਲੁੱਟ ਲਿਆ। ਉਸ ਨੇ ਇਹ ਸਭ ਕੁਝ ਲੁੱਟ ਲਿਆ ਇਹੀ ਨਹੀਂ ਸਗੋਂ ਉਸ ਨੇ ਸੁਲੇਮਾਨ ਨੇ ਜੋ ਸੋਨੇ ਦੀਆਂ ਢਾਲਾਂ ਬਣਵਾਈਆਂ ਸੀ, ਉਹ ਵੀ ਲੈ ਲਈਆਂ। 10 ਤਦ ਰਹਬੁਆਮ ਪਾਤਸ਼ਾਹ ਨੇ ਸੋਨੇ ਦੀਆਂ ਢਾਲਾਂ ਦੇ ਬਦਲੇ ਪਿੱਤਲ ਦੀਆਂ ਢਾਲਾਂ ਬਣਾਈਆਂ ਅਤੇ ਉਨ੍ਹਾਂ ਨੂੰ ਉਨ੍ਹਾਂ ਪਾਤਸ਼ਾਹ ਦੇ ਮਹਿਲ ਦੇ ਦਰਬਾਨਾਂ ਨੂੰ ਦਿੱਤੀਆਂ ਜੋ ਪ੍ਰਵੇਸ਼ ਦੁਆਰ ਦੀ ਰਾਖੀ ਕਰਦੇ ਸਨ। 11 ਜਦੋਂ ਪਾਤਸ਼ਾਹ ਯਹੋਵਾਹ ਦੇ ਮੰਦਰ ਵਿੱਚ ਜਾਂਦਾ ਤਾਂ ਉਹ ਦਰਬਾਨ ਆਉਂਦੇ ਤਾਂ ਉਹ ਪਿੱਤਲ ਦੀਆਂ ਢਾਲਾਂ ਕੋਠੜੀ ਚੋ ਬਾਹਰ ਕੱਢ ਕੇ ਉਸ ਨਾਲ ਜਾਂਦੇ ਤੇ ਫ਼ਿਰ ਵਾਪਸੀ ਉੱਥੇ ਹੀ ਢਾਲਾਂ ਨੂੰ ਕੋਠੜੀ ਵਿੱਚ ਰੱਖ ਆਉਂਦੇ।
12 ਜਦੋਂ ਰਹਬੁਆਮ ਨੇ ਆਪਣੇ-ਆਪ ਨੂੰ ਨਿਮਾਣਾ ਬਣਾਇਆ, ਯਹੋਵਾਹ ਦਾ ਕਰੋਧ ਉਸਤੋਂ ਟਲ ਗਿਆ ਅਤੇ ਉਸ ਨੇ ਪਾਤਸ਼ਾਹ ਨੂੰ ਪੂਰੀ ਤਰ੍ਹਾਂ ਬਰਬਾਦ ਨਹੀਂ ਕੀਤਾ। ਯਹੂਦਾਹ ਵਿੱਚ ਕੁਝ ਚੰਗੀਆਂ ਚੀਜ਼ਾਂ ਸਨ।
13 ਰਹਬੁਆਮ ਨੇ ਯਰੂਸ਼ਲਮ ਵਿੱਚ ਸ਼ਾਸਨ ਕੀਤਾ ਅਤੇ ਆਪਣੇ ਰਾਜ ਨੂੰ ਮਜ਼ਬੂਤ ਬਣਾਇਆ। ਜਦੋਂ ਉਹ ਪਾਤਸ਼ਾਹ ਬਣਿਆ ਉਹ 41ਵਰ੍ਹਿਆਂ ਦਾ ਸੀ ਅਤੇ ਯਰੂਸ਼ਲਮ ਵਿੱਚ ਉਸ ਨੇ 17ਵਰ੍ਹੇ ਰਾਜ ਕੀਤਾ। ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਵਿੱਚੋਂ, ਯਹੋਵਾਹ ਨੇ ਆਪਣੇ ਨਾਂ ਦੀ ਸਥਾਪਨਾ ਲਈ ਯਰੂਸ਼ਲਮ ਨੂੰ ਹੀ ਚੁਣਿਆ। ਰਹਬੁਆਮ ਦੀ ਮਾਤਾ ਦਾ ਨਾਂ ਨਅਮਾਹ ਸੀ ਜੋ ਕਿ ਅੰਮੋਨੀਆਂ ਵਿੱਚੋਂ ਸੀ। 14 ਰਹਬੁਆਮ ਨੇ ਬੁਰਿਆਈ ਕੀਤੀ ਕਿਉਂ ਕਿ ਉਹ ਆਪਣੇ ਪੂਰੇ ਦਿਲੋਂ ਯਹੋਵਾਹ ਨੂੰ ਨਹੀਂ ਚਾਹਿਆ।
15 ਰਹਬੁਆਮ ਦੇ ਸਾਰੇ ਕੰਮ ਜਿਹੜੇ ਉਸ ਨੇ ਆਪਣੇ ਸ਼ਾਸਨ ਦੇ ਸ਼ੁਰੂ ਤੋਂ ਲੈ ਕੇ ਅਖੀਰ ਤੀਕ ਕੀਤੇ ਉਹ ਸ਼ਮਅਯਾਹ ਨਬੀ ਅਤੇ ਇੱਦੋ ਨਬੀ ਦੀਆਂ ਲਿਖਤਾਂ ਵਿੱਚ ਦਰਜ ਹਨ। ਉਨ੍ਹਾਂ ਨੇ ਘਰਾਣਿਆਂ ਦਾ ਇਤਹਾਸ ਲਿਖਿਆ। ਜਿੰਨੀ ਦੇਰ ਰਹਬੁਆਮ ਅਤੇ ਯਾਰਾਬੁਆਮ ਰਾਜ ਕਰਦੇ ਰਹੇ, ਉਹ ਇੱਕ ਦੂਜੇ ਦੇ ਵਿਰੁੱਧ ਲੜਦੇ ਰਹੇ। 16 ਅਖੀਰ ਰਹਬੁਆਮ ਪਿਉ-ਦਾਦਿਆਂ ਕੋਲ ਅਕਾਲ ਚਲਾਣਾ ਕਰ ਗਿਆ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਅਤੇ ਉਸ ਉਪਰੰਤ ਉਸਦਾ ਪੁੱਤਰ ਅਬੀਯਾਹ ਨਵਾਂ ਪਾਤਸ਼ਾਹ ਬਣਿਆ।
ਅਬੀਯਾਹ ਦਾ ਯਹੂਦਾਹ ਉੱਪਰ ਰਾਜ
13 ਜਦੋਂ ਯਾਰਾਬੁਆਮ ਪਾਤਸ਼ਾਹ ਦਾ ਇਸਰਾਏਲ ਉੱਪਰ ਰਾਜ ਦਾ 18ਵਰ੍ਹਾ ਸੀ ਤਦ ਅਬੀਯਾਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। 2 ਅਬੀਯਾਹ ਨੇ ਯਰੂਸ਼ਲਮ ਵਿੱਚ 3ਵਰ੍ਹੇ ਰਾਜ ਕੀਤਾ। ਉਸਦੀ ਮਾਂ ਦਾ ਨਾਂ ਮੀਕਾਯਾਹ ਸੀ ਜੋ ਊਰੀਏਲ ਦੀ ਧੀ ਸੀ ਅਤੇ ਊਰੀਏਲ ਗਬਈ ਸ਼ਹਿਰ ਤੋਂ ਸੀ ਅਤੇ ਅਬੀਯਾਹ ਅਤੇ ਯਾਰਾਬੁਆਮ ਦੇ ਦਰਮਿਆਨ ਵੀ ਜੰਗ ਚਲਦੀ ਰਹੀ। 3 ਅਬੀਯਾਹ ਦੀ ਫ਼ੌਜ ਵਿੱਚ 4,00,000 ਬਹਾਦੁਰ ਸਿਪਾਹੀ ਸਨ ਜਿਨ੍ਹਾਂ ਨੂੰ ਲੈ ਕੇ ਉਹ ਲੜਾਈ ਦੇ ਮੈਦਾਨ ਵਿੱਚ ਉਤਰਿਆ। ਯਾਰਾਬੁਆਮ ਦੀ ਫ਼ੌਜ ਵਿੱਚ 8,00,000 ਬਹਾਦੁਰ ਸਿਪਾਹੀ ਸਨ ਤੇ ਉਹ ਅਬੀਯਾਹ ਨਾਲ ਯੁੱਧ ਕਰਨ ਲਈ ਤਿਆਰ ਹੋ ਗਿਆ।
4 ਤਦ ਅਬੀਯਾਹ ਸਮਾਰੀਮ ਦੀ ਚੋਟੀ ਉੱਤੇ ਜੋ ਅਫ਼ਰਾਈਮ ਦੀ ਪਹਾੜੀ ਉੱਪਰ ਹੈ ਖੜ੍ਹਾ ਹੋਇਆ ਅਤੇ ਆਖਣ ਲੱਗਾ ਕਿ, “ਹੇ ਯਾਰਾਬੁਆਮ ਅਤੇ ਸਾਰੇ ਇਸਰਾਏਲ ਦੇ ਲੋਕੋ! ਮੇਰੀ ਸੁਣੋ! 5 ਕੀ ਤੁਹਾਨੂੰ ਪਤਾ ਨਹੀਂ ਕਿ ਇਸਰਾਏਲ ਦੇ ਪਰਮੇਸ਼ੁਰ ਨੇ ਇਸਰਾਏਲ ਉੱਪਰ ਰਾਜ ਦਾਊਦ ਨੂੰ ਅਤੇ ਉਸ ਦੇ ਵੰਸ਼ ਨੂੰ ਨੂਣ ਦੇ ਇਕਰਾਰਨਾਮਾ [a] ਨਾਲ ਸਦੀਵ ਲਈ ਦਿੱਤਾ ਹੈ? 6 ਪਰ ਨਬਾਟ ਦਾ ਪੁੱਤਰ ਯਾਰਾਬੁਆਮ ਜੋ ਦਾਊਦ ਦੇ ਪੁੱਤਰ ਸੁਲੇਮਾਨ ਦਾ ਸੇਵਾਦਾਰ ਸੀ ਉੱਠ ਕੇ ਆਪਣੇ ਮਾਲਕ ਤੋਂ ਆਕੀ ਹੋ ਗਿਆ। 7 ਫੇਰ ਯਾਰਾਬੁਆਮ ਬੇਕਾਰ ਅਤੇ ਲਫੰਗਿਆ ਨਾਲ ਜੁੜ ਗਿਆ। ਬਾਅਦ ਵਿੱਚ ਇਹ ਬਦ ਲੋਕ ਰਹਬੁਆਮ ਦੇ ਖਿਲਾਫ ਹੋ ਗਏ। ਕਿਉਂ ਜੋ ਉਹ ਛੋਟਾ ਅਤੇ ਬੇਤਜੁਰਬਾਕਾਰ ਸੀ, ਉਹ ਉਨ੍ਹਾਂ ਤੇ ਕਾਬੂ ਨਾ ਪਾ ਸੱਕਿਆ।
8 “ਹੁਣ, ਤੁਸੀਂ ਲੋਕਾਂ ਨੇ ਯਹੋਵਾਹ ਦੇ ਰਾਜ ਨੂੰ ਹਰਾਉਣ ਦਾ ਨਿਸ਼ਚਾ ਕਰ ਲਿਆ ਹੈ, ਜੋ ਕਿ ਦਾਊਦ ਦੇ ਉੱਤਰਾਧਿਕਾਰੀਆਂ ਦੁਆਰਾ ਸ਼ਾਸਿਤ ਹੋ ਰਿਹਾ। ਤੇਰੇ ਕੋਲ ਤੇਰੇ ਨਾਲ ਬਹੁਤ ਲੋਕ ਹਨ ਅਤੇ ਯਾਰਾਬੁਆਮ ਦੁਆਰਾ, ਤੇਰੇ ਦੇਵਤੇ ਹੋਣ ਲਈ ਬਣਾਏ ਹੋਏ ਸੋਨੇ ਦੇ ਵੱਛਿਆਂ ਦੇ ਬੁੱਤ ਵੀ ਤੇਰੇ ਕੋਲ ਹਨ। 9 ਤੁਸੀਂ ਹਾਰੂਨ ਦੇ ਪੁੱਤਰਾਂ ਅਤੇ ਲੇਵੀਆਂ ਨੂੰ ਜੋ ਯਹੋਵਾਹ ਦੇ ਜਾਜਕ ਸਨ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਅਤੇ ਉਸਦੀ ਥਾਵੇਂ ਆਪਣੇ ਜਾਜਕ ਰੱਖੇ ਜਿਵੇਂ ਕਿ ਦੁਨੀਆਂ ਦੇ ਦੂਜੇ ਰਾਜੇ ਕਰਦੇ ਹਨ। ਅਤੇ ਹੁਣ ਇਹ ਮੁਕੱਰਰ ਕਰ ਦਿੱਤਾ ਕਿ ਜਿਹੜਾ ਕੋਈ ਇੱਕ ਬਛੜਾ ਅਤੇ ਸੱਤ ਭੇਡੇ ਲੈ ਕੇ ਆਵੇ ਉਹ ਉਨ੍ਹਾਂ ਦੇਵਤਿਆਂ ਦਾ ਜੋ ਕਿ ਝੂਠੇ ਹਨ ਉਨ੍ਹਾਂ ਦਾ ਜਾਜਕ ਬਣ ਸੱਕਦਾ ਹੈ।
10 “ਪਰ ਸਾਡੇ ਲਈ ਤਾਂ ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ ਅਤੇ ਅਸੀਂ ਯਹੂਦਾਹ ਦੇ ਲੋਕ ਉਸ ਨੂੰ ਮੰਨਣ ਤੋਂ ਇਨਕਾਰੀ ਨਹੀਂ ਹਾਂ। ਅਸੀਂ ਉਸ ਨੂੰ ਛੱਡਿਆ ਨਹੀਂ। ਜਿਹੜੇ ਜਾਜਕ ਯਹੋਵਾਹ ਦੀ ਸੇਵਾ ਕਰਦੇ ਹਨ ਉਹ ਹਾਰੂਨ ਦੇ ਬੱਚੇ ਹਨ ਅਤੇ ਲੇਵੀ ਯਹੋਵਾਹ ਦੀ ਸੇਵਾ ਕਰਨ ਵਿੱਚ ਜਾਜਕਾਂ ਦੀ ਮਦਦ ਕਰਦੇ ਹਨ। 11 ਉਹ ਹਰ ਸਵੇਰ-ਸ਼ਾਮ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਹਨ ਅਤੇ ਧੂਫ ਧੁਖਾਉਂਦੇ ਹਨ। ਉਹ ਪਵਿੱਤਰ ਮੇਜ਼ ਉੱਪਰ ਚੜ੍ਹਤ ਦੀਆਂ ਰੋਟੀਆਂ ਰੱਖਦੇ ਹਨ ਅਤੇ ਹਰ ਸ਼ਾਮ ਸੁਨਿਹਰੇ ਸ਼ਮਾਦਾਨ ਉੱਪਰ ਦੀਵਿਆਂ ਨੂੰ ਜਗਾਉਂਦੇ ਹਨ। ਅਸੀਂ ਬੜੇ ਧਿਆਨ ਨਾਲ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰਦੇ ਹਾਂ ਪਰ ਤੁਸੀਂ ਲੋਕਾਂ ਨੇ ਉਸ ਨੂੰ ਛੱਡ ਦਿੱਤਾ ਹੈ। 12 ਪਰਮੇਸ਼ੁਰ ਆਪ ਸਾਡੇ ਨਾਲ ਹੈ! ਉਹੀ ਸਾਡਾ ਸ਼ਾਸਕ ਹੈ ਅਤੇ ਉਸ ਦੇ ਜਾਜਕ ਸਾਡੇ ਨਾਲ ਹਨ। ਪਰਮੇਸ਼ੁਰ ਦੇ ਜਾਜਕ ਆਪਣੇ ਆਉਣ ਦੀ ਸੂਚਨਾ ਦਿੰਦੇ ਤੇ ਤੁਹਾਨੂੰ ਜਗਾਉਣ ਵਾਸਤੇ ਜੋਰ ਦੀ ਤੁਰ੍ਹੀਆਂ ਵਜਾਉਂਦੇ ਹਨ ਤੇ ਆਖਦੇ ਹਨ! ਹੇ ਇਸਰਾਏਲੀਓ, ਤੁਸੀਂ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਨਾ ਲੜੋ! ਕਿਉਂ ਜੋ ਤੁਸੀਂ ਸਫ਼ਲ ਨਾ ਹੋ ਪਾਵੋਂਗੇ।”
13 ਪਰ ਯਾਰਾਬੁਆਮ ਨੇ ਅਬੀਯਾਹ ਦੀ ਫ਼ੌਜ ਦੇ ਪਿੱਛੇ ਚੋਰੀ-ਛੁੱਪੇ ਸਿਪਾਹੀਆਂ ਦਾ ਇੱਕ ਟੋਲਾ ਭੇਜ ਦਿੱਤਾ, ਸੋ ਉਸਦੀ ਫ਼ੌਜ ਅਬੀਯਾਹ ਦੀ ਫ਼ੌਜ ਦੇ ਸਾਹਮਣੇ ਸੀ ਅਤੇ ਯਾਰਾਬੁਆਮ ਦੇ ਛੁੱਪੇ ਹੋਏ ਸੈਨਿਕ ਅਬੀਯਾਹ ਦੀ ਫ਼ੌਜ ਦੇ ਪਿੱਛੇ ਸਨ। 14 ਜਦੋਂ ਯਹੂਦਾਹ ਤੋਂ ਅਬੀਯਾਹ ਦੀ ਫ਼ੌਜ ਨੇ ਆਪਣੇ ਆਸੇ ਪਾਸੇ ਵੇਖਿਆ ਤਾਂ ਉਨ੍ਹਾਂ ਵੇਖਿਆ ਕਿ ਯਾਰਾਬੁਆਮ ਦੀ ਫ਼ੌਜ ਅੱਗੋਂ ਤੇ ਪਿੱਛੋਂ ਦੋਨੋ ਪਾਸੀਂ ਉਨ੍ਹਾਂ ਤੇ ਹਮਲਾ ਕਰ ਰਹੀ ਹੈ। ਤਦ ਯਹੂਦਾਹ ਦੇ ਲੋਕਾਂ ਯਹੋਵਾਹ ਨੂੰ ਉੱਚੀ ਪੁਕਾਰਿਆ ਤੇ ਜਾਜਕਾਂ ਨੇ ਤੁਰ੍ਹੀਆਂ ਵਜਾਈਆਂ। 15 ਤਦ ਅਬੀਯਾਹ ਦੀ ਫ਼ੌਜ ਨੇ ਲਲਕਾਰਿਆ। ਜਦੋਂ ਯਹੂਦਾਹ ਦੀ ਫ਼ੌਜ ਨੇ ਲਲਕਾਰਿਆਂ ਤਾਂ ਪਰਮੇਸ਼ੁਰ ਨੇ ਯਾਰਾਬੁਆਮ ਦੀ ਫ਼ੌਜ ਨੂੰ ਹਾਰ ਦਿੱਤੀ। ਇਸਰਾਏਲ ਅਤੇ ਯਾਰਾਬੁਆਮ ਦੀ ਸਾਰੀ ਫ਼ੌਜ ਨੂੰ ਅਬੀਯਾਹ ਨੇ ਯਹੂਦਾਹ ਵਿੱਚ ਹਰਾ ਦਿੱਤਾ। 16 ਯਹੂਦਾਹ ਦੀ ਸੈਨਾ ਤੋਂ ਇਸਰਾਏਲੀ ਫ਼ੌਜ ਭੱਜ ਖਲੋਤੀ ਤੇ ਪਰਮੇਸ਼ੁਰ ਨੇ ਯਹੂਦਾਹ ਦੀ ਫੌਜ ਦਾ ਇਸਰਾਏਲੀ ਸੈਨਾ ਨੂੰ ਹਰਾਉਣ ਵਿੱਚ ਸਾਥ ਦਿੱਤਾ। 17 ਇਸ ਹਾਰ ਵਿੱਚ ਇਸਰਾਏਲ ਦੀ ਫੌਜ ਦਾ 5,00,000 ਸੈਨਿਕ ਬੰਦਾ ਮਾਰਿਆ ਗਿਆ। 18 ਉਸ ਵਕਤ ਯਹੂਦਾਹ ਦੀ ਫ਼ੌਜ ਦੀ ਜਿੱਤ ਅਤੇ ਇਸਰਾਏਲ ਦੀ ਹਾਰ ਹੋਈ। ਯਹੂਦਾਹ ਦੀ ਜਿੱਤ ਇਸ ਲਈ ਹੋਈ ਕਿਉਂ ਕਿ ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਤੇ ਅਧੀਨ ਹੋਕੇ ਲੜਾਈ ਕੀਤੀ।
19 ਅਬੀਯਾਹ ਨੇ ਯਾਰਾਬੁਆਮ ਦਾ ਪਿੱਛਾ ਅਤੇ ਇਨ੍ਹਾਂ ਸ਼ਹਿਰਾਂ ਬੈਤਏ0ਲ ਦੇ ਯਸ਼ਾਨਾਹ ਤੇ ਉਸ ਦੇ ਸ਼ਹਿਰ, ਅਫ਼ਰੋਨ ਅਤੇ ਉਸ ਦੇ ਸ਼ਹਿਰਾਂ ਨੂੰ ਉਸ ਕੋਲੋਂ ਖੋਹ ਲਿਆ।
20 ਜਦ ਤੀਕ ਅਬੀਯਾਹ ਦਾ ਰਾਜ ਰਿਹਾ ਯਾਰਾਬੁਆਮ ਮੁੜ ਤਾਕਤ ਵਿੱਚ ਨਾ ਆਇਆ। ਫ਼ੇਰ ਅਬੀਯਾਹ ਦੇ ਦਿਨਾਂ ਵਿੱਚ ਯਹੋਵਾਹ ਨੇ ਯਾਰਾਬੁਆਮ ਨੂੰ ਪਛਾੜਿਆ ਅਤੇ ਉਹ ਮਰ ਗਿਆ। 21 ਪਰ ਅਬੀਯਾਹ ਬੜੀ ਤਾਕਤ ਵਿੱਚ ਆ ਗਿਆ। ਉਸ ਨੇ 14 ਔਰਤਾਂ ਨਾਲ ਵਿਆਹ ਕੀਤਾ ਅਤੇ ਉਸ ਦੇ ਘਰ 22 ਪੁੱਤਰ ਅਤੇ 16 ਧੀਆਂ ਨੇ ਜਨਮ ਲਿਆ। 22 ਅਬੀਯਾਹ ਦੇ ਹੋਰ ਕਾਰਨਾਮੇ ਇੱਦੋ ਨਬੀ ਦੀ ਪੋਥੀ ਵਿੱਚ ਲਿਖੇ ਹੋਏ ਹਨ।
14 ਅਬੀਯਾਹ ਦੀ ਮੌਤ ਹੋ ਗਈ ਤਾਂ ਉਹ ਵੀ ਆਪਣੇ ਪੁਰਖਿਆਂ ’ਚ ਸ਼ਾਮਿਲ ਹੋ ਗਿਆ ਅਤੇ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਅ ਦਿੱਤਾ ਤੇ ਉਸਦੀ ਥਾਵੇਂ ਉਸਦਾ ਪੁੱਤਰ ਆਸਾ ਨਵਾਂ ਪਾਤਸ਼ਾਹ ਬਣਿਆ। ਆਸਾ ਦੇ ਰਾਜ ਵਿੱਚ ਦੇਸ ਵਿੱਚ 10 ਸਾਲ ਤੀਕ ਸ਼ਾਂਤੀ ਰਹੀ।
ਯਹੂਦਾਹ ਦਾ ਪਾਤਸ਼ਾਹ ਆਸਾ
2 ਆਸਾ ਪਾਤਸ਼ਾਹ ਨੇ ਉਹੀ ਕੀਤਾ ਜੋ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਸੀ। 3 ਉਸ ਨੇ ਓਪਰੇ ਦੇਵਤਿਆਂ ਦੀਆਂ ਜਗਵੇਦੀਆਂ ਨੂੰ ਅਤੇ ਉੱਚੇ ਆਸਥਾਨਾਂ ਨੂੰ ਢਾਹ ਦਿੱਤਾ ਅਤੇ ਯਾਦਗਾਰੀ ਪੱਥਰ ਨੂੰ ਭੰਨ ਸੁੱਟਿਆ ਅਤੇ ਯਾਦਗਾਰੀ ਪੱਥਰ ਨੂੰ ਚੂਰ-ਚੂਰ ਕਰ ਦਿੱਤਾ। 4 ਪਾਤਸ਼ਾਹ ਨੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਣ ਨੂੰ ਕਿਹਾ ਜਿਨ੍ਹਾਂ ਦੀ ਕਿ ਉਸ ਦੇ ਪੁਰਖਿਆਂ ਨੇ ਵੀ ਉਪਾਸਨਾ ਕੀਤੀ ਹੈ ਤੇ ਆਸਾ ਨੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਹੁਕਮ ਅਤੇ ਨੇਮਾਂ ਨੂੰ ਮੰਨਣ ਦਾ ਆਦੇਸ਼ ਦਿੱਤਾ। 5 ਆਸਾ ਨੇ ਸਾਰੇ ਯਹੂਦਾਹ ਸ਼ਹਿਰ ਵਿੱਚੋਂ ਉੱਚੀਆਂ ਥਾਵਾਂ, ਧੂਪਾਂ ਅਤੇ ਜਗਵੇਦੀਆਂ ਨੂੰ ਢਾਹ ਦਿੱਤਾ ਇਸ ਲਈ ਉਸ ਦੇ ਰਾਜ ਵਿੱਚ ਦੇਸ ਵਿੱਚ ਚਾਰੋਂ ਪਾਸੇ ਸ਼ਾਂਤੀ ਰਹੀ। 6 ਆਸਾ ਨੇ ਯਹੂਦਾਹ ਵਿੱਚ ਜਦੋਂ ਸ਼ਾਂਤੀ ਦਾ ਰਾਜ ਸੀ ਉਸ ਵੇਲੇ ਸ਼ਹਿਰਾਂ ਨੂੰ ਪੱਕਿਆਂ ਕੀਤਾ ਤੇ ਇਨ੍ਹਾਂ ਸਾਲਾਂ ਵਿੱਚ ਆਸਾ ਨੇ ਕੋਈ ਲੜਾਈ ਨਾ ਕੀਤੀ ਕਿਉਂ ਕਿ ਯਹੋਵਾਹ ਵੱਲੋਂ ਉਸ ਨੂੰ ਸ਼ਾਂਤੀ ਪ੍ਰਾਪਤ ਹੋਈ ਸੀ।
7 ਆਸਾ ਨੇ ਯਹੂਦਾਹ ਦੇ ਲੋਕਾਂ ਨੂੰ ਆਖਿਆ, “ਆਓ ਅਸੀਂ ਇਹ ਸ਼ਹਿਰ ਬਣਾਈੇਏ ਅਤੇ ਇਨ੍ਹਾਂ ਦੇ ਦੁਆਲੇ ਕੰਧਾਂ ਅਤੇ ਬੁਰਜ ਬਣਾਈੇਏ ਅਤੇ ਫ਼ਾਟਕ ਬਣਾ ਕੇ ਉਨ੍ਹਾਂ ਤੇ ਅਰਲ ਲਗਾਈੇਏ, ਜਦ ਤੱਕ ਇਹ ਦੇਸ ਸਾਡੇ ਕਬਜ਼ੇ ਵਿੱਚ ਹੈ। ਇਹ ਦੇਸ ਸਾਡੇ ਕਬਜ਼ੇ ਵਿੱਚ ਇਸ ਲਈ ਹੈ ਕਿਉਂ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਧਿਆਇਆ ਤੇ ਉਸ ਨੇ ਸਾਡੇ ਚਾਰੇ-ਪਾਸੇ ਸ਼ਾਂਤੀ ਵਰਤਾਈ ਹੈ।” ਇਉਂ ਉਨ੍ਹਾਂ ਨੇ ਇਸ ਰਾਜ ਨੂੰ ਬਣਾਇਆ ਅਤੇ ਸਫ਼ਲਤਾ ਪ੍ਰਾਪਤ ਕੀਤੀ।
8 ਆਸਾ ਪਾਤਸ਼ਾਹ ਕੋਲ ਯਹੂਦਾਹ ਘਰਾਣੇ ਵਿੱਚੋਂ 3,00,000 ਮਨੁੱਖਾਂ ਦੀ ਫ਼ੌਜ ਸੀ ਅਤੇ ਬਿਨਯਾਮੀਨ ਵਿੱਚੋਂ 2,80,000 ਯਹੂਦਾਹ ਦੇ ਸੈਨਿਕਾਂ ਦੇ ਹੱਥਾਂ ’ਚ ਢਾਲਾਂ ਅਤੇ ਬਰਛੇ ਹੁੰਦੇ ਸਨ ਅਤੇ ਬਿਨਯਾਮੀਨ ਦੇ ਸੈਨਿਕਾਂ ਦੇ ਹੱਥਾਂ ਵਿੱਚ ਛੋਟੀਆਂ ਢਾਲਾਂ ਹੁੰਦੀਆਂ ਅਤੇ ਤੀਰ ਚਲਾਉਂਦੇ ਸਨ। ਇਹ ਸਾਰੇ ਮਨੁੱਖ ਤਕੜੇ ਵੀਰ ਯੋਧੇ ਸਨ।
9 ਤਦ ਜ਼ਰਹ ਜੋ ਕੂਸ਼ੀ ਤੋਂ ਸੀ ਆਸਾ ਦੇ ਵਿਰੁੱਧ ਉੱਠਿਆ। ਉੱਸਦੀ ਫ਼ੌਜ ਵਿੱਚ ਉਸ ਕੋਲ 10,00,000 ਸੈਨਿਕ ਅਤੇ 300 ਰੱਥ ਸਨ ਅਤੇ ਉਸਦੀ ਫ਼ੌਜ ਦੂਰ ਤੱਕ ਮਾਰੇਸ਼ਾਹ ਦੇ ਸ਼ਹਿਰ ਤੀਕ ਗਈ। 10 ਆਸਾ ਵੀ ਉਸ ਦੇ ਵਿਰੁੱਧ ਲੜਿਆ ਅਤੇ ਆਸਾ ਦੀ ਫ਼ੌਜ ਨੇ ਮਾਰੇਸ਼ਾਹ ਵਿੱਚ ਸਫ਼ਾਥਾਹ ਦੀ ਵਾਦੀ ਵਿੱਚ ਲੜਾਈ ਲਈ ਤਿਆਰੀ ਕਸੀ।
11 ਆਸਾ ਨੇ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪੁਕਾਰਿਆ, “ਹੇ ਯਹੋਵਾਹ, ਸਿਰਫ਼ ਤੂੰ ਹੀ ਬਲਵਾਨ ਲੋਕਾਂ ਅੱਗੇ ਨਿਰਬਲ ਲੋਕਾਂ ਦੀ ਮਦਦ ਕਰ ਸੱਕਦਾ ਹੈਂ ਸੋ ਇਸ ਵਾਸਤੇ ਹੇ ਯਹੋਵਾਹ, ਸਾਡੇ ਪਰਮੇਸ਼ੁਰ ਅਸੀਂ ਤੇਰੇ ਅਧੀਨ ਹਾਂ ਸਾਡੀ ਮਦਦ ਕਰ। ਅਸੀਂ ਤੇਰਾ ਨਾਂ ਲੈ ਕੇ ਇੰਨੀ ਬਲਵਾਨ ਫ਼ੌਜ ਨਾਲ ਟਾਕਰਾ ਕਰਨ ਲੱਗੇ ਹਾਂ। ਹੇ ਯਹੋਵਾਹ ਪਰਮੇਸ਼ੁਰ ਤੂੰ ਆਪਣੇ ਨਾਂ ਦੀ ਲਾਜ ਰੱਖੀਂ ਤੇ ਕਿਸੇ ਨੂੰ ਆਪਣੇ ਵਿਰੁੱਧ ਨਾ ਉੱਠਣ ਦੇਵੀਂ।”
12 ਤਦ ਯਹੋਵਾਹ ਨੇ ਆਸਾ ਅਤੇ ਯਹੂਦਾਹ ਦੇ ਸਾਹਮਣੇ ਕੂਸ਼ੀਆਂ ਨੂੰ ਮਾਰਿਆ ਤਾਂ ਕੂਸ਼ੀ ਹਾਰ ਕੇ ਭੱਜ ਗਏ। 13 ਆਸਾ ਦੀ ਫ਼ੌਜ ਨੇ ਕੂਸ਼ੀਆਂ ਦਾ ਗਰਾਰ ਤੀਕ ਪਿੱਛਾ ਕੀਤਾ। ਕਿੰਨੇ ਸਾਰੇ ਕੂਸ਼ੀ ਮਾਰੇ ਗਏ ਤੇ ਉਹ ਮੁੜ ਫ਼ੌਜ ਦੇ ਰੂਪ ’ਚ ਇਕੱਠੇ ਹੋਕੇ ਲੜਨ ਦਾ ਹੌਂਸਲਾ ਨਾ ਕਰ ਸੱਕੇ। ਉਨ੍ਹਾਂ ਨੂੰ ਯਹੋਵਾਹ ਤੇ ਉਸਦੀ ਫ਼ੌਜ ਨੇ ਭੰਨ ਸੁੱਟਿਆ ਅਤੇ ਆਸਾ ਪਾਤਸ਼ਾਹ ਤੇ ਉਸਦੀ ਫ਼ੌਜ ਨੇ ਉਨ੍ਹਾਂ ਦੀ ਕਿੰਨਾ ਕੀਮਤੀ ਸਮਾਨ ਲੁੱਟ ਲਿਆ। 14 ਆਸਾ ਅਤੇ ਉਸਦੀ ਸੈਨਾ ਨੇ ਗਰਾਰ ਤੇ ਉਸ ਦੇ ਨੇੜੇ ਦੇ ਸ਼ਹਿਰਾਂ ਨੂੰ ਹਰਾਇਆ ਅਤੇ ਉੱਥੋਂ ਦੇ ਵਾਸੀ ਯਹੋਵਾਹ ਤੋਂ ਭੈਅ ਖਾਣ ਲੱਗੇ। ਉਨ੍ਹਾਂ ਸ਼ਹਿਰਾਂ ਵਿੱਚ ਕਾਫ਼ੀ ਵੱਡਮੁੱਲਾ ਸਮਾਨ ਸੀ ਤੇ ਆਸਾ ਦੀ ਫ਼ੌਜ ਨੇ ਉਹ ਸਾਰਾ ਸਮਾਨ ਲੁੱਟ ਲਿਆ ਤੇ ਆਪਣੇ ਸ਼ਹਿਰ ਲੈ ਆਏ। 15 ਆਸਾ ਦੀ ਸੈਨਾ ਨੇ ਉਨ੍ਹਾਂ ਡੇਰਿਆਂ ਤੇ ਵੀ ਹਮਲਾ ਬੋਲਿਆ ਜਿੱਥੇ ਆਜੜੀ ਸਨ ਤੇ ਉੱਥੋਂ ਉਹ ਕਿੰਨੇ ਹੀ ਊਠ ਅਤੇ ਭੇਡਾਂ ਯਰੂਸ਼ਲਮ ਵਿੱਚ ਲੈ ਆਏ।
2010 by World Bible Translation Center