Historical
ਆਸਾ ਦੇ ਬਦਲਾਵ
15 ਪਰਮੇਸ਼ੁਰ ਦਾ ਆਤਮਾ ਉਦੇਦ ਦੇ ਪੁੱਤਰ ਅਜ਼ਰਯਾਹ ਉੱਪਰ ਆਇਆ। 2 ਅਜ਼ਰਯਾਹ ਆਸਾ ਨੂੰ ਮਿਲਣ ਆਇਆ ਅਤੇ ਕਹਿਣ ਲੱਗਾ, “ਹੇ ਆਸਾ! ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ ਮੇਰੀ ਸੁਣੋ! ਜਦ ਤੀਕ ਤੁਸੀਂ ਯਹੋਵਾਹ ਦੇ ਨਾਲ ਹੋ ਉਹ ਤੁਹਾਡੇ ਨਾਲ ਹੈ। ਜੇਕਰ ਤੁਸੀਂ ਉਸ ਦੇ ਚਾਹਵਾਨ ਹੋ ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ ਪਰ ਜੇਕਰ ਤੁਸੀਂ ਉਸ ਨੂੰ ਛੱਡ ਜਾਵੋਂਗੇ ਤਾਂ ਉਹ ਤੁਹਾਨੂੰ ਛੱਡ ਦੇਵੇਗਾ। 3 ਬਹੁਤ ਸਮੇਂ ਤੀਕ ਇਸਰਾਏਲੀ ਬਿਨਾਂ ਸੱਚੇ ਪਰਮੇਸ਼ੁਰ ਅਤੇ ਬਿਨਾਂ ਜਾਜਕਾਂ ਅਤੇ ਉਸਦੀ ਬਿਵਸਥਾ ਤੋਂ ਬਿਨਾ ਜੀਵੇ ਹਨ। 4 ਪਰ ਜਦੋਂ ਉਹ ਆਪਣੇ ਦੁੱਖ ਦੀ ਘੜੀ ਵਿੱਚ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵੱਲ ਮੁੜੇ ਤੇ ਉਸ ਦੇ ਚਾਹਵਾਨ ਹੋਏ ਉਨ੍ਹਾਂ ਨੇ ਉਸ ਨੂੰ ਪਾ ਲਿਆ। 5 ਅਤੇ ਉਨ੍ਹਾਂ ਵੇਲਿਆਂ ਵਿੱਚ ਉਸ ਔਖੀ ਘੜੀ ਵਿੱਚ ਕੋਈ ਵੀ ਸੁਰੱਖਿਆ ਪੂਰਵਕ ਸਫ਼ਰ ਨਹੀਂ ਸੀ ਕਰ ਸੱਕਦਾ। ਸਾਰੇ ਹੀ ਰਾਜਾਂ ਵਿੱਚ ਬੜੀ ਮੁਸੀਬਤ ਪਈ ਹੋਈ ਸੀ। 6 ਹਰ ਕੌਮ ਦੂਸਰੀ ਕੌਮ ਦੇ ਖਿਲਾਫ ਸੀ, ਅਤੇ ਹਰ ਨਗਰ ਦੂਸਰੇ ਨਗਰਾਂ ਦੇ ਖਿਲਾਫ ਯੁੱਧ ਕਰ ਰਿਹਾ ਸੀ। ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਕਸ਼ਟ ਦੇ ਰਿਹਾ ਸੀ। 7 ਪਰ ਹੇ ਆਸਾ, ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ! ਤੁਸੀਂ ਤਕੜੇ ਹੋਵੋ। ਹਿੰਮਤ ਨਾ ਹਾਰੋ, ਕਮਜ਼ੋਰ ਨਾ ਪਵੋ ਕਿਉਂ ਕਿ ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ।”
8 ਜਦੋਂ ਆਸਾ ਨੇ ਇਨ੍ਹਾਂ ਗੱਲਾਂ ਬਾਰੇ ਅਤੇ ਉਦੇਦ ਨਬੀ ਦੇ ਬਚਨਾਂ ਬਾਰੇ ਸੁਣਿਆ, ਉਸ ਨੂੰ ਉਤਸਾਹ ਮਿਲਿਆ, ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਲਾਕਿਆ ਵਿੱਚੋਂ ਅਤੇ ਉਨ੍ਹਾਂ ਸਾਰੇ ਨਗਰਾਂ ਵਿੱਚੋਂ ਜਿਨ੍ਹਾਂ ਉੱਤੇ ਉਸ ਨੇ ਅਫ਼ਰਾਈਮ ਦੇ ਪਹਾੜੀ ਇਲਾਕਿਆ ਵਿੱਚੋਂ ਕਬਜਾ ਕੀਤਾ ਸੀ, ਸਾਰੇ ਘਿਰਣਾ ਯੋਗ ਬੁੱਤਾਂ ਨੂੰ ਹਟਾਇਆ ਉਸ ਨੇ ਯਹੋਵਾਹ ਦੀ ਜਗਵੇਦੀ ਦੀ ਫ਼ੇਰ ਤੋਂ ਮੁਰੰਮਤ ਕੀਤੀ, ਜੋ ਯਹੋਵਾਹ ਦੇ ਵਰਾਂਡੇ ਦੇ ਸਾਹਮਣੇ ਸੀ।
9 ਤਦ ਆਸਾ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਇਸਦੇ ਇਲਾਵਾ ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਅਤੇ ਸ਼ਿਮਓਨ ਦੇ ਲੋਕਾਂ ਨੂੰ ਵੀ ਇਕੱਠਿਆਂ ਕੀਤਾ ਕਿਉਂ ਕਿ ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਹੈ ਤਾਂ ਉਹ ਇਸਰਾਏਲ ਵਿੱਚੋਂ ਬਹੁਤ ਗਿਣਤੀ ਵਿੱਚ ਉਸ ਦੇ ਨਾਲ ਆਏ।
10 ਆਸਾ ਅਤੇ ਉਹ ਲੋਕ ਯਰੂਸ਼ਲਮ ਵਿੱਚ ਆਸਾ ਦੇ ਰਾਜ ਦੇ 15ਵਰ੍ਹੇ ਦੇ ਤੀਜੇ ਮਹੀਨੇ ਵਿੱਚ ਇਕੱਠੇ ਹੋਏ। 11 ਉਸ ਵੇਲੇ ਉਨ੍ਹਾਂ ਨੇ 700 ਬਲਦ ਅਤੇ 7,000 ਭੇਡਾਂ-ਬੱਕਰੀਆਂ ਯਹੋਵਾਹ ਦੇ ਅੱਗੇ ਚੜ੍ਹਾਈਆਂ। ਆਸਾ ਅਤੇ ਉਸਦੀ ਸੈਨਾ ਨੇ ਉਹ ਸਾਰੀ ਚੜ੍ਹਤ ਤੇ ਹੋਰ ਕੀਮਤੀ ਸਾਮਾਨ ਆਪਣਾ ਦੁਸ਼ਮਣਾਂ ਤੋਂ ਲੈ ਲਈਆਂ। 12 ਤਦ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਦਿਲੋ-ਜਾਨ ਨਾਲ ਸੇਵਾ ਕਰਨ ਦੀ ਸੌਂਹ ਖਾਧੀ। ਉਸ ਪਰਮੇਸ਼ੁਰ ਦੀ, ਜਿਸ ਦੀ ਉਨ੍ਹਾਂ ਦੇ ਪੁਰਖਿਆਂ ਨੇ ਸੇਵਾ ਕੀਤੀ ਸੀ। 13 ਜਿਹੜਾ ਕੋਈ ਵੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਤੋਂ ਇਨਕਾਰੀ ਹੋਵੇ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਭਾਵੇਂ ਉਹ ਖਾਸ ਆਦਮੀ ਹੋਵੇ ਭਾਵੇਂ ਆਮ, ਭਾਵੇਂ ਮਰਦ ਤੇ ਭਾਵੇਂ ਔਰਤ। 14 ਤਦ ਆਸਾ ਅਤੇ ਉਸ ਦੇ ਲੋਕਾਂ ਨੇ ਯਹੋਵਾਹ ਅੱਗੇ ਸੌਂਹ ਚੁੱਕੀ ਅਤੇ ਉਹ ਜ਼ੋਰ ਦੀ ਉੱਚੀ ਆਵਾਜ਼ ਵਿੱਚ ਨਰਸਿੰਗਿਆਂ ਅਤੇ ਤੁਰ੍ਹੀਆਂ ਨਾਲ ਲਲਕਾਰੇ। 15 ਸਾਰੇ ਯਹੂਦੀ ਇਸ ਸੌਂਹ ਚੁੱਕਣ ਤੇ ਖੁਸ਼ ਸਨ ਕਿਉਂ ਕਿ ਇਹ ਸੌਂਹ ਉਨ੍ਹਾਂ ਨੇ ਆਪਣੇ ਦਿਲੋਂ ਖਾਧੀ ਸੀ ਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਹੁਕਮ ਤਹਿ ਦਿਲੋਂ ਮੰਨਿਆ। ਉਨ੍ਹਾਂ ਨੇ ਪਰਮੇਸ਼ੁਰ ਨੂੰ ਵੇਖਣ ਦੀ ਰੀਝ ਕੀਤੀ ਤੇ ਉਨ੍ਹਾਂ ਪਾਇਆ ਤਾਂ ਇਉਂ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ ਵਿੱਚ ਸੁੱਖ-ਸ਼ਾਂਤੀ ਵਰਤਾਈ।
16 ਆਸਾ ਪਾਤਸ਼ਾਹ ਨੇ ਆਪਣੀ ਮਾਂ ਮਅਕਾਹ ਨੂੰ ਰਾਣੀ ਦੀ ਪਦਵੀ ਤੋਂ ਵੀ ਹਟਾਅ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਦੀ ਇੱਕ ਘਿਨਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਘਿਨਾਉਣੀ ਮੂਰਤ ਦੇ ਟੁਕੜੇ-ਟੁਕੜੇ ਕਰਕੇ ਚਕਨਾਚੂਰ ਕਰ ਦਿੱਤਾ। ਅਤੇ ਉਨ੍ਹਾਂ ਟੋਟਿਆਂ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ। 17 ਯਹੂਦਾਹ ਵਿੱਚੋਂ ਉਚਿਆਂ ਥਾਵਾਂ ਨੂੰ ਤਾਂ, ਨਾ ਹਟਾਇਆ ਗਿਆ ਪਰ ਆਸਾ ਸਾਰੀ ਉਮਰ ਯਹੋਵਾਹ ਵੱਲ ਵਫ਼ਾਦਾਰ ਰਿਹਾ।
18 ਪਰਮੇਸ਼ੁਰ ਦੇ ਮੰਦਰ ਵਿੱਚ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਅਤੇ ਉਹ ਵਸਤਾਂ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸੀ ਉਨ੍ਹਾਂ ਨੂੰ ਅੰਦਰ ਲਿਆਇਆ ਅਤੇ ਉਹ ਵਸਤਾਂ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 19 ਇਉਂ ਆਸਾ ਦੇ ਰਾਜ ਦੇ 35 ਸਾਲ ਤੀਕ ਕੋਈ ਲੜਾਈ ਨਾ ਹੋਈ।
ਆਸਾ ਦੇ ਅੰਤਿਮ ਵਰ੍ਹੇ
16 ਆਸਾ ਦੇ ਰਾਜ ਦੇ 36 ਵਰ੍ਹੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਕਿਲਾ ਬਣਾਇਆ। ਬਆਸ਼ਾ ਨੇ ਰਾਮਾਹ ਸ਼ਹਿਰ ਨੂੰ ਕਿਲਾ ਇਸ ਲਈ ਬਣਾਇਆ ਤਾਂ ਜੋ ਲੋਕ ਯਹੂਦਾਹ ਪਾਤਸ਼ਾਹ ਜੋ ਯਹੂਦਾਹ ਦਾ ਸੀ ਕੋਲ ਨਾ ਆ ਜਾ ਸੱਕਣ। 2 ਆਸਾ ਨੇ ਯਹੋਵਾਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਉਨ੍ਹਾਂ ਖਜ਼ਾਨਿਆਂ ਚੋ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਬਾਦਸ਼ਾਹ ਬਨ-ਹਦਦ ਕੋਲ ਜੋ ਕਿ ਦੰਮਿਸਕ ਵਿੱਚ ਸੀ ਇਹ ਆਖ ਕੇ ਭੇਜਿਆ: 3 “ਉਹ ਨੇਮ ਜੋ ਤੇਰੇ ਤੇ ਮੇਰੇ ਦਰਮਿਆਨ ਹੈ ਅਤੇ ਮੇਰੇ ਅਤੇ ਤੇਰੇ ਪਿਤਾ ਦੇ ਦਰਮਿਆਨ ਸੀ, ਵੇਖ, ਉਸ ਅਨੁਸਾਰ ਮੈਂ ਤੇਰੇ ਕੋਲ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਹੁਣ ਤੂੰ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਆਪਣਾ ਨੇਮ ਤੋੜ ਤਾਂ ਜੋ ਉਹ ਮੈਨੂੰ ਤੰਗ ਕਰਨਾ ਛੱਡੇ ਤੇ ਮੈਨੂੰ ਇੱਕਲਿਆਂ ਜਿਉੱਣ ਦੇਵੇ।”
4 ਬਨ-ਹਦਦ ਨੇ ਆਸਾ ਦੀ ਗੱਲ ਮੰਨ ਲਈ ਅਤੇ ਉਸ ਨੇ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਇਸਰਾਏਲ ਦੇ ਸ਼ਹਿਰਾਂ ਦੇ ਵਿਰੁੱਧ ਭੇਜਿਆ। ਉਨ੍ਹਾਂ ਨੇ ਈਯੋਨ, ਦਾਨ, ਅਬੇਲ-ਮਾਇਮ ਅਤੇ ਨਫ਼ਤਾਲੀ ਦੇ ਸ਼ਹਿਰਾਂ ਵਿੱਚ ਦੇ ਸਾਰੇ ਭੰਡਾਰਾਂ ਜਿੱਥੇ ਖਜ਼ਾਨੇ ਇੱਕਤਰ ਹੁੰਦੇ ਸਨ ਨੂੰ ਤਬਾਹ ਕਰ ਦਿੱਤਾ। 5 ਜਦੋਂ ਬਆਸ਼ਾ ਨੂੰ ਇਸਰਾਏਲ ਦੇ ਸ਼ਹਿਰਾਂ ਉੱਪਰ ਹਮਲੇ ਦੀ ਖਬਰ ਮਿਲੀ ਤਾਂ ਉਸ ਨੇ ਰਾਮਾਹ ਵਿੱਚ ਕਿਲਾ ਬਨਾਉਣਾ ਛੱਡ ਕੇ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੱਤਾ। 6 ਤਦ ਆਸਾ ਪਾਤਸ਼ਾਹ ਨੇ ਸਾਰੇ ਯਹੂਦੀਆਂ ਨੂੰ ਸੱਦਿਆ ਅਤੇ ਉਹ ਰਾਮਾਹ ਸ਼ਹਿਰ ਵਿੱਚ ਗਏ ਤੇ ਬਆਸ਼ਾ ਉੱਥੇ ਕਿਲਾ ਬਨਾਉਣ ਲਈ ਜੋ ਲੱਕੜ ਅਤੇ ਪੱਥਰ ਦੀ ਵਰਤੋਂ ਕਰ ਰਿਹਾ ਸੀ, ਉਹ ਸਭ ਚੁੱਕ ਲਿਆਏ। ਆਸਾ ਅਤੇ ਯਹੂਦਾਹ ਦੇ ਲੋਕਾਂ ਨੇ ਉਸ ਲੱਕੜ ਅਤੇ ਪੱਥਰ ਨਾਲ ਗ਼ਬਾ ਅਤੇ ਮਿਸਫ਼ਾਹ ਸ਼ਹਿਰ ਨੂੰ ਪੱਕਿਆ ਕੀਤਾ।
7 ਉਸ ਵਕਤ ਹਨਾਨੀ ਨਬੀ ਆਸਾ ਕੋਲ ਆਇਆ ਅਤੇ ਉਸ ਨੂੰ ਆਖਿਆ, “ਆਸਾ, ਤੂੰ ਅਰਾਮ ਦੇ ਪਾਤਸ਼ਾਹ ਉੱਪਰ ਨਿਰਭਰ ਹੋਇਆ ਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਰਭਰ ਨਹੀਂ ਹੋਇਆ, ਇਸੇ ਕਾਰਣ ਅਰਾਮ ਦੀ ਸੈਨਾ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ। 8 ਕੂਸ਼ੀਆਂ ਅਤੇ ਲੂਬੀਆਂ ਦੀ ਵੀ ਬੜੀ ਤਕੜੀ ਫ਼ੌਜ ਸੀ। ਉਨ੍ਹਾਂ ਕੋਲ ਕਈ ਰੱਥ ਅਤੇ ਰਥਵਾਨ ਸਨ। ਪਰ ਆਸਾ, ਤੂੰ ਯਹੋਵਾਹ ਉੱਪਰ ਭਰੋਸਾ ਰੱਖਿਆ ਕਿ ਉਹ ਭਾਰੀ ਫ਼ੌਜ ਨੂੰ ਹਾਰ ਦੇਵੇ ਸੋ ਯਹੋਵਾਹ ਨੇ ਉਨ੍ਹਾਂ ਨੂੰ ਤੇਰੇ ਹੱਥ ਕਰ ਦਿੱਤਾ। 9 ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਵੇਖਦੀਆਂ ਹਨ ਤਾਂ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਦਾ ਦਿਲ ਉਸ ਉੱਪਰ ਪੂਰਾ ਨਿਹਚਾ ਰੱਖਦਾ ਹੈ। ਆਸਾ, ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਅੱਗੇਰੇ ਜੀਵਨ ’ਚ ਲੜਾਈ ਹੀ ਲੜਾਈ ਹੈ।”
10 ਆਸਾ ਨੂੰ ਹਨਾਨੀ ਦੇ ਇਨ੍ਹਾਂ ਬਚਨਾ ਤੇ ਕਰੋਧ ਆਇਆ। ਉਹ ਇੰਨਾ ਕਰੋਧ ਵਿੱਚ ਆਇਆ ਕਿ ਉਸ ਨੇ ਹਨਾਨੀ ਨੂੰ ਕੈਦ ਕਰ ਦਿੱਤਾ ਇਉਂ ਆਸਾ ਨੇ ਕਈਆਂ ਲੋਕਾਂ ਨਾਲ ਵੇਲੇ ਬੜਾ ਰੁੱਖਾ ਵਿਵਹਾਰ ਵੀ ਕੀਤਾ।
11 ਆਸਾ ਦੇ ਸ਼ੁਰੂ ਤੋਂ ਲੈ ਕੇ ਅੰਤ ਤੀਕ ਦੇ ਕਾਰਨਾਮੇ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 12 ਆਸਾ ਦੀ ਪਾਤਸ਼ਾਹੀ ਦੇ 39 ਵਰ੍ਹੇ ਵਿੱਚ ਉਸ ਨੂੰ ਉਸ ਦੇ ਪੈਰ ਤੇ ਇੱਕ ਬਿਮਾਰੀ ਲੱਗ ਗਈ ਜੋ ਕਿ ਬਹੁਤ ਭਿਆਨਕ ਸੀ। ਉਸ ਨੇ ਵੈਦਾਂ ਤੋਂ ਖੁਦ ਦਾ ਇਲਾਜ ਕਰਵਾਇਆ ਅਤੇ ਯਹੋਵਾਹ ਵੱਲ ਨਾ ਪਰਤਿਆ। 13 ਆਸਾ ਆਪਣੇ ਰਾਜ ਦੇ 41ਵਰ੍ਹੇ ਮਰ ਗਿਆ ਅਤੇ ਆਪਣੇ ਪੁਰਖਿਆਂ ਵਿੱਚ ਜਾ ਮਿਲਿਆ, 14 ਤੇ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਆਸਾ ਦੇ ਆਪਣੇ ਬਣਾਏ ਮਕਬਰੇ ਵਿੱਚ ਉਸ ਨੂੰ ਦਫ਼ਨਾਅ ਦਿੱਤਾ। ਲੋਕਾਂ ਨੇ ਉਸ ਨੂੰ ਖੂਸ਼ਬੂਦਾਰ ਮਸਾਲਿਆਂ ਤੇ ਇਤਰ ਭਰੀ ਸੇਜਾਂ ਤੇ ਲਿਟਾਅ ਕੇ ਉਸ ਨੂੰ ਦਫ਼ਨਾਇਆ ਅਤੇ ਉਸ ਦੇ ਸੰਮਾਨ ਵਿੱਚ ਵੱਡੀ ਅੱਗ ਬਾਲੀ।
ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ
17 ਯਹੂਦਾਹ ਵਿੱਚ ਆਸਾ ਦੀ ਥਾਵੇਂ ਉਸਦਾ ਪੁੱਤਰ ਯਹੋਸ਼ਾਫ਼ਾਟ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਹੂਦਾਹ ਨੂੰ ਪੱਕਿਆਂ ਕੀਤਾ ਤਾਂ ਜੋ ਉਹ ਤਗੜਾ ਹੋ ਕੇ ਇਸਰਾਏਲ ਨੂੰ ਹਰਾ ਸੱਕੇ। 2 ਉਸ ਨੇ ਯਹੂਦਾਹ ਦੇ ਸਾਰੇ ਗੜ੍ਹਾਂ ਵਾਲੇ ਸ਼ਹਿਰਾਂ ਵਿੱਚ ਫ਼ੌਜਾਂ ਰੱਖੀਆਂ। ਉਸ ਨੇ ਯਹੂਦਾਹ ਦੇ ਦੇਸ ਵਿੱਚ ਅਤੇ ਅਫ਼ਰਾਈਮ ਦੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਉਸ ਦੇ ਪਿਤਾ ਆਸਾ ਨੇ ਕਬਜ਼ੇ ’ਚ ਕੀਤੇ ਸਨ ਉੱਥੇ ਗੜ੍ਹ ਬਣਾ ਦਿੱਤੇ।
3 ਯਹੋਵਾਹ ਯਹੋਸ਼ਾਫ਼ਾਟ ਦੇ ਨਾਲ ਸੀ ਕਿਉਂ ਕਿ ਉਸ ਨੇ ਆਪਣੀ ਜੁਆਨੀ ਵਿੱਚ ਆਪਣੇ ਪੁਰਖਿਆਂ ’ਚ ਜਿਵੇਂ ਦਾਊਦ ਨੇ ਚੰਗੇ ਕੰਮ ਕੀਤੇ ਸਨ ਇਸਨੇ ਵੀ ਕੀਤੇ। ਯਹੋਸ਼ਾਫ਼ਾਟ ਨੇ ਬਆਲਾਂ ਦੀ ਉਪਾਸਨਾ ਨਾ ਕੀਤੀ। 4 ਸਗੋਂ ਉਹ ਆਪਣੇ ਪਿਤਾ ਪਰਮੇਸ਼ੁਰ ਦਾ ਸ਼ਰਧਾਲੂ ਬਣਿਆ। ਅਤੇ ਉਸ ਦੇ ਹੁਕਮਾਂ ਉੱਪਰ ਚਲਦਾ ਰਿਹਾ ਅਤੇ ਉਸ ਨੇ ਇਸਰਾਏਲ ਵਰਗੇ ਕੰਮ ਨਾ ਕੀਤੇ। 5 ਯਹੋਵਾਹ ਨੇ ਉਸ ਨੂੰ ਯਹੂਦਾਹ ਦਾ ਸ਼ਕਤੀਵਾਨ ਪਾਤਸ਼ਾਹ ਬਣਾਇਆ। ਸਾਰੇ ਯਹੂਦਾਹ ਦੇ ਲੋਕ ਉਸ ਲਈ ਤੋਹਫ਼ੇ ਲਿਆਉਂਦੇ ਇਉਂ ਉਸਦੀ ਦੌਲਤ ਤੇ ਇਜ਼ਤ ਦਾ ਬਹੁਤ ਵਾਧਾ ਹੋ ਗਿਆ। 6 ਉਹ ਪ੍ਰਸੰਨਤਾ ਨਾਲ ਪਰਮੇਸ਼ੁਰ ਦੇ ਰਾਹਾਂ ਤੇ ਚੱਲਿਆ ਅਤੇ ਇਸ ਵਿੱਚ ਗਰਵ ਮਹਿਸੂਸ ਕੀਤਾ । ਉਸ ਨੇ ਦੇਸ ਵਿੱਚੋਂ ਉਚਿਆਂ ਥਾਵਾਂ ਅਤੇ ਅਸ਼ੇਰਾਹ ਦੇ ਥੰਮਾਂ ਨੂੰ ਬਾਹਰ ਕੱਢ ਸੁੱਟਿਆ।
7 ਉਸ ਨੇ ਆਪਣੇ ਆਗੂਆਂ ਨੂੰ ਯਹੂਦਾਹ ਦੇ ਸ਼ਹਿਰਾਂ ਵਿੱਚ ਸਿੱਖਿਆ ਦੇਣ ਲਈ ਭੇਜਿਆ ਇਉਂ ਉਸ ਨੇ ਆਪਣੇ ਰਾਜ ਦੇ ਤੀਜੇ ਵਰ੍ਹੇ ਕੀਤਾ। ਉਹ ਆਗੂ ਬਨਹਯਿਲ, ਓਬਦਯਾਹ, ਜ਼ਕਰਯਾਹ, ਨਥਾਨਏਲ ਅਤੇ ਮੀਕਾਯਾਹ ਸਨ। 8 ਯਹੋਸ਼ਾਫ਼ਾਟ ਨੇ ਆਗੂਆਂ ਦੇ ਨਾਲ਼ ਲੇਵੀਆਂ ਨੂੰ ਵੀ ਭੇਜਿਆ ਜਿਹੜੇ ਸ਼ਮਆਯਾਹ, ਨਥਨਯਾਹ, ਜ਼ਬਦਯਾਹ, ਅਸਾਹੇਲ, ਸ਼ਮੀਰਮੋਥ, ਯਹੋਨਾਥਾਨ, ਅਦੋਨੀਯਾਹ, ਟੋਬੀਯਾਹ ਅਤੇ ਟੋਬ-ਅਦੋਨੀਯਾਹ ਸਨ। ਇਨ੍ਹਾਂ ਦੇ ਨਾਲ ਉਸ ਨੇ ਅਲੀਸ਼ਾਮਾ ਅਤੇ ਯਹੋਰਾਮ ਜਾਜਕਾਂ ਨੂੰ ਵੀ ਭੇਜਿਆ। 9 ਉਨ੍ਹਾਂ ਆਗੂਆਂ, ਲੇਵੀਆਂ ਅਤੇ ਜਾਜਕਾਂ ਨੇ ਯਹੂਦਾਹ ਵਿੱਚ ਉਨ੍ਹਾਂ ਲੋਕਾਂ ਨੂੰ ਸਿੱਖਿਆ ਦਿੱਤੀ। ਪਰਮੇਸ਼ੁਰ ਦੇ ਨਿਆਂ ਦੀ ਪੋਥੀ ਉਨ੍ਹਾਂ ਦੇ ਕੋਲ ਹੁੰਦੀ ਤੇ ਇਉਂ ਯਹੂਦਾਹ ਦੇ ਨਗਰ-ਨਗਰ ਵਿੱਚ ਜਾਕੇ ਉਨ੍ਹਾਂ ਨੇ ਲੋਕਾਂ ਨੂੰ ਸਿੱਖਿਆ ਦਿੱਤੀ।
10 ਯਹੋਵਾਹ ਦਾ ਡਰ ਯਹੂਦਾਹ ਦੇ ਆਸ-ਪਾਸ ਦੇ ਸਾਰੇ ਰਾਜਾਂ ਵਿੱਚ ਛਾ ਗਿਆ। ਇਸ ਭੈਅ ਨਾਲ ਉਹ ਯਹੋਸ਼ਾਫ਼ਾਟ ਨਾਲ ਜੰਗ ਕਰਨ ਤੋਂ ਡਰਦੇ। 11 ਕੁਝ ਫ਼ਲਿਸਤੀ ਲੋਕ ਯਹੋਸ਼ਾਫ਼ਾਟ ਲਈ ਤੋਹਫ਼ੇ ਲਿਆਏ ਤੇ ਉਸਦੀ ਤਾਕਤ ਨੂੰ ਜਾਣਦੇ ਹੋਏ ਸਗੋਂ ਉਹ ਉਸ ਲਈ ਚਾਂਦੀ ਦੇ ਤੋਹਫ਼ੇ ਲੈ ਕੇ ਆਏ। ਅਰਬ ਦੇ ਲੋਕ ਉਸ ਕੋਲ ਨਜ਼ਰਾਨੇ ਵਿੱਚ ਇੱਜੜ ਲਿਆਏ ਜਿਸ ਵਿੱਚ 7,700 ਭੇਡਾਂ ਅਤੇ 7,700 ਬੱਕਰੀਆਂ ਸਨ।
12 ਇਉਂ ਯਹੋਸ਼ਾਫ਼ਾਟ ਦਿਨੋ-ਦਿਨ ਸ਼ਕਤੀਸ਼ਾਲੀ ਹੁੰਦਾ ਗਿਆ ਤੇ ਉਸ ਨੇ ਯਹੂਦਾਹ ਦੇਸ ਵਿੱਚ ਗੜ੍ਹ ਅਤੇ ਗੋਦਾਮ ਬਣਵਾਏ। 13 ਅਤੇ ਗੁਦਾਮਾਂ ਵਾਲੇ ਸ਼ਹਿਰਾਂ ਵਿੱਚ ਉਸ ਨੇ ਭੰਡਾਰ ਰੱਖੇ ਅਤੇ ਯਰੂਸ਼ਲਮ ਵਿੱਚ ਉਸ ਨੇ ਸੂਰਮੇ ਯੋਧੇ ਰੱਖੇ। 14 ਉਨ੍ਹਾਂ ਸਿਪਾਹੀਆਂ ਦੀ ਸੂਚੀ ਜਿਹੜੇ ਯਰੂਸ਼ਲਮ ਵਿੱਚ ਸਨ, ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਇਉਂ ਸੀ:
ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਸਰਦਾਰ ਸਨ, ਇਉਂ ਸਨ: ਅਦਨਾਹ 3,00,000ਸੂਰਬੀਰ ਸਿਪਾਹੀਆਂ ਦਾ ਸਰਦਾਰ ਸੀ।
15 ਦੂਜੇ ਦਰਜੇ ਤੇ ਯਹੋਹਾਨਾਨ 2,80,000 ਸਿਪਾਹੀਆਂ ਦਾ ਸਰਦਾਰ ਸੀ।
16 ਅਮਸਯਾਹ ਜੋ ਕਿ ਜ਼ਿਕਰੀ ਦਾ ਪੁੱਤਰ ਸੀ, ਉਸ ਹੇਠ 2,00,000 ਸਿਪਾਹੀ ਸਨ ਅਤੇ ਉਹ ਆਪਣੇ ਆਪ ਨੂੰ ਯਹੋਵਾਹ ਨੂੰ ਅਰਪਿਤ ਕਰਕੇ ਬੜਾ ਖੁਸ਼ ਸੀ।
17 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ ਜਿਹੜੇ ਆਗੂ ਸਰਦਾਰ ਸਨ: ਅਲਯਾਦਾ ਕੋਲ 2,00,000 ਸਿਪਾਹੀ ਸਨ ਜਿਹੜੇ ਧਨੁੱਖ, ਤੀਰ, ਅਤੇ ਢਾਲਾਂ ਵਰਤਦੇ ਸਨ। ਅਲਯਾਦਾ ਖੁਦ ਵੀ ਇੱਕ ਬਹਾਦੁਰ ਸਿਪਾਹੀ ਸੀ।
18 ਯਹੋਜ਼ਾਬਾਦ ਕੋਲ 1,80,000 ਸਿਪਾਹੀ ਸਨ ਜਿਹੜੇ ਹਮੇਸ਼ਾ ਯੁੱਧ ਲਈ ਤਿਆਰ ਹੁੰਦੇ ਸਨ।
19 ਇਹ ਸਾਰੇ ਯੋਧੇ ਯਹੋਸ਼ਾਫ਼ਾਟ ਪਾਤਸ਼ਾਹ ਦੇ ਸੇਵਾਦਾਰ ਸਨ ਅਤੇ ਪਾਤਸ਼ਾਹ ਕੋਲ ਹੋਰ ਵੀ ਅਜਿਹੇ ਆਦਮੀ ਸਨ ਜਿਨ੍ਹਾਂ ਨੂੰ ਉਸ ਨੇ ਗੜ੍ਹ ਵਾਲੇ ਸ਼ਹਿਰਾਂ ਵਿੱਚ ਰੱਖਿਆ ਹੋਇਆ ਸੀ।
ਮੀਕਾਯਾਹ ਦੀ ਅਹਾਬ ਨੂੰ ਚੇਤਾਵਨੀ
18 ਯਹੋਸ਼ਾਫ਼ਾਟ ਕੋਲ ਧਨ ਅਤੇ ਇੱਜ਼ਤ ਬਹੁਤ ਸੀ ਅਤੇ ਉਸ ਨੇ ਇਉਂ ਅਹਾਬ ਨਾਲ ਰਿਸ਼ਤਾ ਗੰਢਿਆ। 2 ਕੁਝ ਸਾਲਾਂ ਬਾਅਦ ਯਹੋਸ਼ਾਫ਼ਾਟ ਅਹਾਬ ਕੋਲ ਸਾਮਰਿਯਾ ਨੂੰ ਗਿਆ ਤੇ ਅਹਾਬ ਨੇ ਉਸ ਲਈ ਤੇ ਉਸ ਦੇ ਸਾਥੀਆਂ ਲਈ ਬਹੁਤ ਸਾਰੀਆਂ ਭੇਡਾਂ ਅਤੇ ਗਊਆਂ ਦੀ ਬਲੀ ਦਿੱਤੀ। ਅਹਾਬ ਨੇ ਯਹੋਸ਼ਾਫ਼ਾਟ ਨੂੰ ਰਾਮੋਥ ਗਿਲਆਦ ਤੇ ਹਮਲਾ ਕਰਨ ਲਈ ਪਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ। 3 ਅਹਾਬ ਨੇ ਉਸ ਨੂੰ ਕਿਹਾ, “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਤੇ ਲੜਾਈ ਕਰਨ ਲਈ ਚੱਲੇਂਗਾ?” ਅਹਾਬ ਉਸ ਵਕਤ ਇਸਰਾਏਲ ਦਾ ਪਾਤਸ਼ਾਹ ਸੀ ਅਤੇ ਯਹੋਸ਼ਾਫ਼ਾਟ ਯਹੂਦਾਹ ਦਾ। ਤਾਂ ਯਹੋਸ਼ਾਫ਼ਾਟ ਨੇ ਅਹਾਬ ਨੂੰ ਉੱਤਰ ਦਿੱਤਾ, “ਮੈਂ ਵੀ ਤਾਂ ਤੇਰੇ ਹੀ ਵਰਗਾ ਹਾਂ ਤੇ ਜਿਵੇਂ ਦੇ ਤੇਰੇ ਲੋਕ ਹਨ ਉਵੇਂ ਦੇ ਮੇਰੇ ਹਨ। ਸੋ ਅਸੀਂ ਲੜਾਈ ਵਿੱਚ ਤੇਰੇ ਨਾਲ ਹੋਵਾਂਗੇ।” 4 ਯਹੋਸ਼ਾਫ਼ਾਟ ਨੇ ਅਹਾਬ ਨੂੰ ਇਹ ਵੀ ਕਿਹਾ, “ਪਹਿਲਾਂ, ਸਾਨੂੰ ਯਹੋਵਾਹ ਪਾਸੋਂ ਬਚਨ ਪ੍ਰਾਪਤ ਕਰਨ ਦੇਹ।”
5 ਤਾਂ ਅਹਾਬ ਪਾਤਸ਼ਾਹ ਨੇ ਨਬੀਆਂ ਨੂੰ ਬੁਲਾਇਆ। 400 ਨਬੀ ਇੱਕਤਰ ਹੋਏ ਤਾਂ ਅਹਾਬ ਨੇ ਉਨ੍ਹਾਂ ਨੂੰ ਕਿਹਾ, “ਸਾਨੂੰ ਰਾਮੋਥ-ਗਿਲਆਦ ਦੇ ਵਿਰੁੱਧ ਯੁੱਧ ਕਰਨਾ ਚਾਹੀਦਾ ਹੈ ਕਿ ਨਹੀਂ?”
ਨਬੀਆਂ ਨੇ ਅਹਾਬ ਨੂੰ ਕਿਹਾ, “ਜਾਓ ਕਿਉਂ ਕਿ ਯਹੋਵਾਹ ਤੁਹਾਨੂੰ ਜਿੱਤ ਦੇਵੇਗਾ।”
6 ਪਰ ਯਹੋਸ਼ਾਫ਼ਾਟ ਨੇ ਆਖਿਆ, “ਇਨ੍ਹਾਂ ਨਬੀਆਂ ਤੋਂ ਇਲਾਵਾ, ਕੀ ਇੱਥੇ ਯਹੋਵਾਹ ਦਾ ਕੋਈ ਨਬੀ ਹੈ? ਅਸੀਂ ਯਹੋਵਾਹ ਪਾਸੋਂ ਉਸ ਦੇ ਕਿਸੇ ਨਬੀ ਦੁਆਰਾ ਪੁੱਛਣਾ ਚਾਹੁੰਦੇ ਹਾਂ।”
7 ਤਦ ਅਹਾਬ ਪਾਤਸ਼ਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਇੱਥੇ ਇੱਕ ਅਜਿਹਾ ਮਨੁੱਖ ਹੈ ਜਿਸ ਕੋਲੋਂ ਅਸੀਂ ਯਹੋਵਾਹ ਤੋਂ ਪੁੱਛੀਏ, ਪਰ ਮੈਂ ਉਸ ਆਦਮੀ ਨੂੰ ਨਫ਼ਰਤ ਕਰਦਾ ਹਾਂ ਕਿਉਂ ਕਿ ਉਹ ਹਮੇਸ਼ਾ ਮੇਰੇ ਲਈ ਯਹੋਵਾਹ ਵੱਲੋਂ ਬੁਰਿਆਈ ਦਾ ਅਗੰਮ ਵਾਚਦਾ ਹੈ। ਉਸ ਮਨੁੱਖ ਦਾ ਨਾਂ ਹੈ ਮੀਕਾਯਾਹ। ਉਹ ਯਿਮਲਾਹ ਦਾ ਪੁੱਤਰ ਹੈ।”
ਪਰ ਯਹੋਸ਼ਾਫ਼ਾਟ ਨੇ ਕਿਹਾ, “ਅਹਾਬ, ਇੰਝ ਨਾ ਕਹੋ!”
8 ਤਦ ਅਹਾਬ ਪਾਤਸ਼ਾਹ ਨੇ ਆਪਣੇ ਇੱਕ ਖੁਸਰੇ (ਕਰਮਚਾਰੀ) ਨੂੰ ਸੱਦ ਕੇ ਕਿਹਾ, “ਛੇਤੀ ਕਰ ਅਤੇ ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਲੈ ਕੇ ਆ।”
9 ਇਸਰਾਏਲ ਦਾ ਪਾਤਸ਼ਾਹ ਅਹਾਬ ਅਤੇ ਯਹੂਦਾਹ ਦਾ ਪਾਤਸ਼ਾਹ ਯਹੋਸ਼ਾਫ਼ਾਟ ਆਪੋ-ਆਪਣੀਆਂ ਰਾਜ-ਗੱਦੀਆਂ ਉੱਤੇ ਪਾਤਸ਼ਾਹੀ ਪੋਸ਼ਾਕ ਪਾ ਕੇ ਇੱਕ ਪਿੜ ਵਿੱਚ ਜੋ ਸਾਮਰਿਯਾ ਦੇ ਫ਼ਾਟਕ ਅੱਗੇ ਬੈਠੇ ਹੋਏ ਸਨ। ਅਤੇ 400 ਨਬੀ ਉਨ੍ਹਾਂ ਦੇ ਅੱਗੇ ਅਗੰਮ ਵਾਚ ਰਹੇ ਸਨ। 10 ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਕਿਹਾ, “ਯਹੋਵਾਹ ਆਖਦਾ ਹੈ, ‘ਤੂੰ ਇਨ੍ਹਾਂ ਲੋਹੇ ਦੇ ਸਿੰਗਾਂ ਨੂੰ ਅਰਾਮੀਆਂ ਨੂੰ ਮੌਤ ਦੇ ਘਾਟ ਉਤਾਰਨ ਲਈ ਵਰਤ ਸੱਕਦੇ ਹੋ।’” 11 ਸਾਰੇ ਨਬੀਆਂ ਨੇ ਇੱਕੋ ਜਿਹੀ ਹੀ ਗੱਲ ਆਖੀ। ਉਨ੍ਹਾਂ ਕਿਹਾ, “ਰਾਮੋਥ-ਗਿਲਆਦ ਦੇ ਸ਼ਹਿਰ ਜਾਵੋ ਅਤੇ ਤੁਹਾਨੂੰ ਉੱਥੇ ਜਿੱਤ ਪ੍ਰਾਪਤ ਹੋਵੇਗੀ। ਕਿਉਂ ਕਿ ਯਹੋਵਾਹ ਅਰਾਮੀ ਲੋਕਾਂ ਨੂੰ ਪਾਤਸ਼ਾਹ ਦੇ ਹੱਥ ਵਿੱਚ ਕਰ ਦੇਵੇਗਾ।”
12 ਉਹ ਹਲਕਾਰਾ ਜਿਹੜਾ ਮੀਕਾਯਾਹ ਨੂੰ ਸੱਦਣ ਗਿਆ ਸੀ, ਉਸ ਨੂੰ ਬੋਲਿਆ, “ਮੀਕਾਯਾਹ, ਸੁਣ, ਸਾਰੇ ਨਬੀ ਇੱਕ ਮੂੰਹ ਹੋਕੇ ਪਾਤਸ਼ਾਹ ਲਈ ਭਲਾਈ ਦੀਆਂ ਗੱਲਾਂ ਦੱਸਦੇ ਹਨ। ਉਹ ਆਖ ਰਹੇ ਹਨ ਕਿ ਪਾਤਸ਼ਾਹ ਨੂੰ ਜਿੱਤ ਪ੍ਰਾਪਤ ਹੋਵੇਗੀ ਤਾਂ ਤੂੰ ਵੀ ਅਜਿਹੀ ਗੱਲ ਹੀ ਕਰੀਂ। ਤੂੰ ਵੀ ਭਲਾਈ ਦੀ ਗੱਲ ਹੀ ਕਰੀਂ।”
13 ਪਰ ਮੀਕਾਯਾਹ ਨੇ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜੋ ਕੁਝ ਮੇਰਾ ਪਰਮੇਸ਼ੁਰ ਫ਼ਰਮਾਏਗਾ ਮੈਂ ਉਹੀ ਕੁਝ ਬੋਲਾਂਗਾ।”
14 ਤਦ ਮੀਕਾਯਾਹ ਪਾਤਸ਼ਾਹ ਕੋਲ ਆਇਆ। ਪਾਤਸ਼ਾਹ ਨੇ ਉਸ ਨੂੰ ਕਿਹਾ, “ਮੀਕਾਯਾਹ ਸਾਨੂੰ ਰਾਮੋਥ-ਗਿਲਆਦ ਵਿੱਚ ਲੜਾਈ ਕਰਨ ਜਾਣਾ ਚਾਹੀਦਾ ਹੈ ਜਾਂ ਨਹੀਂ?”
ਮੀਕਾਯਾਹ ਨੇ ਜਵਾਬ ਦਿੱਤਾ, “ਜਾਓ ਅਤੇ ਜਾ ਕੇ ਹਮਲਾ ਕਰੋ, ਤੁਸੀਂ ਜਿੱਤੋਂਗੇ ਅਤੇ ਉਨ੍ਹਾਂ ਨੂੰ ਹਾਰ ਪ੍ਰਾਪਤ ਹੋਵੇਗੀ।”
15 ਅਹਾਬ ਪਾਤਸ਼ਾਹ ਨੇ ਮੀਕਾਯਾਹ ਨੂੰ ਕਿਹਾ, “ਮੈਂ ਤੈਨੂੰ ਕਿੰਨੀ ਵਾਰ ਸੌਂਹ ਚੁਕਾਈ ਹੈ ਕਿ ਤੂੰ ਮੈਨੂੰ ਯਹੋਵਾਹ ਦੇ ਨਾਂ ਉੱਤੇ ਸੱਚਾਈ ਤੋਂ ਬਿਨਾ ਹੋਰ ਕੁਝ ਨਾ ਦੱਸੀਂ।”
16 ਤਦ ਮੀਕਾਯਾਹ ਨੇ ਕਿਹਾ, “ਮੈਂ ਇਸਰਾਏਲੀਆਂ ਨੂੰ ਉਨ੍ਹਾਂ ਭੇਡਾਂ ਵਾਂਗ ਸਾਰੇ ਪਹਾੜਾਂ ਉੱਤੇ ਖਿੰਡਿਆ ਹੋਇਆ ਵੇਖਿਆ ਜਿਨ੍ਹਾਂ ਦਾ ਕੋਈ ਅਯਾਲੀ ਨਾ ਹੋਵੇ ਅਤੇ ਯਹੋਵਾਹ ਨੇ ਆਖਿਆ, ‘ਇਨ੍ਹਾਂ ਦਾ ਕੋਈ ਮਾਲਿਕ ਨਹੀਂ। ਇਨ੍ਹਾਂ ਵਿੱਚੋਂ ਹਰ ਕੋਈ ਆਪਣੇ ਘਰ ਸ਼ਾਂਤੀ ਨਾਲ ਪਹੁੰਚ ਜਾਵੇ।’”
17 ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਯਹੋਸ਼ਾਫ਼ਾਟ ਨੂੰ ਕਿਹਾ, “ਮੈਂ ਤੈਨੂੰ ਪਹਿਲਾਂ ਹੀ ਆਖਿਆ ਸੀ ਕਿ ਮੀਕਾਯਾਹ ਮੇਰੀ ਭਲਾਈ ਨਹੀਂ ਸਗੋਂ ਬੁਰਾਈ ਦਾ ਹੀ ਸੰਦੇਸ਼ ਦੇਵੇਗਾ।”
18 ਮੀਕਾਯਾਹ ਨੇ ਕਿਹਾ, “ਤੁਸੀਂ ਯਹੋਵਾਹ ਦਾ ਬਚਨ ਸੁਣੋ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ਤੇ ਬੈਠਾ ਵੇਖਿਆ ਅਤੇ ਸੁਰਗ ਦੀ ਸਾਰੀ ਸੈਨਾ ਉਸ ਦੇ ਸੱਜੇ-ਖੱਬੇ ਖਲੋਤੀ ਸੀ। 19 ਯਹੋਵਾਹ ਨੇ ਆਖਿਆ, ‘ਕੌਣ ਆਹਾਬ ਨੂੰ ਭਰਮਾਏਗਾ ਤਾਂ ਜੋ ਉਹ ਰਾਮੋਥ-ਗਿਲਆਦ ਤੇ ਹਮਲਾ ਕਰਨ ਲਈ ਜਾਵੇ ਅਤੇ ਮਰ ਜਾਵੇ?’ ਯਹੋਵਾਹ ਦੇ ਦੁਆਲੇ ਖਲੋਤੀਆਂ ਹੋਈਆਂ ਹਸਤੀਆਂ ਨੇ ਕਈ ਵੱਖੋ- ਵੱਖ ਮਸ਼ਵਰੇ ਦਿੱਤੇ। 20 ਤਦ ਇੱਕ ਆਤਮਾ ਨਿਕਲ ਕੇ ਯਹੋਵਾਹ ਦੇ ਅੱਗੇ ਖਲੋ ਗਿਆ ਅਤੇ ਆਖਿਆ, ‘ਮੈਂ ਅਹਾਬ ਨੂੰ ਭਰਮਾਵਾਂਗਾ।’ ਯਹੋਵਾਹ ਨੇ ਉਸ ਆਤਮੇ ਨੂੰ ਪੁੱਛਿਆ, ‘ਕਿਵੇਂ?’ 21 ਤਾਂ ਉਸ ਆਤਮੇ ਨੇ ਜਵਾਬ ਦਿੱਤਾ, ‘ਮੈਂ ਬਾਹਰ ਜਾ ਕੇ ਇੱਕ ਝੂਠ ਬੋਲਦਾ ਆਤਮਾ ਬਣਕੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿੱਚ ਵੱਸ ਜਾਵਾਂਗਾ।’ ਤਾਂ ਯਹੋਵਾਹ ਨੇ ਆਖਿਆ, ‘ਤੂੰ ਆਹਾਬ ਨੂੰ ਭਰਮਾਉਣ ਵਿੱਚ ਕਾਮਯਾਬ ਹੋਵੇਂਗਾ। ਇਸ ਲਈ ਤੂੰ ਜਾਹ ਅਤੇ ਜਾ ਕੇ ਆਪਣਾ ਕਾਰਜ ਕਰ।’
22 “ਹੁਣ ਵੇਖ ਅਹਾਬ, ਯਹੋਵਾਹ ਨੇ ਤੇਰੇ ਇਨ੍ਹਾਂ ਨਬੀਆਂ ਦੇ ਮੂੰਹਾਂ ਵਿੱਚ ਤੇਰੇ ਲਈ ਇੱਕ ਝੂਠਾ ਆਤਮਾ ਪਾ ਦਿੱਤਾ ਹੈ। ਯਹੋਵਾਹ ਦਾ ਫੁਰਮਾਨ ਹੈ ਕਿ ਬਿਪਤਾ ਤੇਰੇ ਉੱਤੇ ਆਵੇਗੀ।”
23 ਤਦ ਸਿਦਕੀਯਾਹ ਮੀਕਾਯਾਹ ਦੇ ਕੋਲ ਗਿਆ ਅਤੇ ਉਸ ਦੇ ਮੂੰਹ ਤੇ ਮਾਰਿਆ। ਸਿਦਕੀਯਾਹ ਦਾ ਪਿਤਾ ਕਨਾਨਾਹ ਸੀ। ਸਿਦਕੀਯਾਹ ਨੇ ਕਿਹਾ, “ਯਹੋਵਾਹ ਦਾ ਆਤਮਾ ਕਿਸ ਰਸਤੇ ਮੀਕਾਯਾਹ, ਮੇਰੇ ਕੋਲੋਂ ਦੀ ਲੰਘ ਕੇ ਤੇਰੇ ਕੋਲ ਆਇਆ ਤੇ ਤੈਨੂੰ ਬੋਲਿਆ?”
24 ਮੀਕਾਯਾਹ ਨੇ ਆਖਿਆ, “ਸਿਦਕੀਯਾਹ ਉਸ ਦਿਨ, ਜਦੋਂ ਤੂੰ ਅੰਦਰਲੇ ਕਮਰੇ ਵਿੱਚ ਲੁਕਣ ਲਈ ਵੜੇਂਗਾ ਤਦ ਤੂੰ ਜਾਣ ਜਾਵੇਂਗਾ।”
25 ਤਦ ਅਹਾਬ ਪਾਤਸ਼ਾਹ ਨੇ ਕਿਹਾ, “ਮੀਕਾਯਾਹ ਨੂੰ ਲੈ ਕੇ ਸ਼ਹਿਰ ਦੇ ਗਵਰਨਰ ਆਮੋਨ ਕੋਲ ਅਤੇ ਪਾਤਸ਼ਾਹ ਦੇ ਪੁੱਤਰ ਯੋਆਸ਼ ਕੋਲ ਭੇਜ ਦੇ। 26 ਆਮੋਨ ਅਤੇ ਯੋਆਸ਼ ਨੂੰ ਕਹਿਣਾ, ‘ਕਿ ਪਾਤਸ਼ਾਹ ਇਉਂ ਫ਼ਰਮਾਉਂਦਾ ਹੈ ਕਿ ਮੀਕਾਯਾਹ ਨੂੰ ਕੈਦ ਕਰ ਲਵੋ ਅਤੇ ਜਦ ਤੀਕ ਮੈਂ ਲੜਾਈ ਤੋਂ ਮੁੜ ਨਾ ਆਵਾ ਇਸ ਨੂੰ ਰੋਟੀ-ਪਾਣੀ ਤੋਂ ਇਲਾਵਾ ਹੋਰ ਕੁਝ ਖਾਣ ਨੂੰ ਨਾ ਦੇਣਾ।’”
27 ਮੀਕਾਯਾਹ ਨੇ ਆਖਿਆ, “ਅਹਾਬ, ਜੇਕਰ ਤੂੰ। ਕਦੇ ਸੁੱਖ-ਸਾਂਦ ਨਾਲ ਮੁੜ ਆਵੇਂ ਤਾਂ ਜਾਣੀਂ ਯਹੋਵਾਹ ਮੇਰੇ ਮੂੰਹੋਂ ਨਹੀਂ ਬੋਲਿਆ। ਤੂੰ ਤੇ ਤੇਰੇ ਸਾਰੇ ਲੋਕ ਮੇਰੀ ਗੱਲ ਧਿਆਨ ਨਾਲ ਸੁਣ ਲਵੋ ਤੇ ਯਾਦ ਰੱਖਣਾ।”
ਅਹਾਬ ਦਾ ਰਾਮੋਥ-ਗਿਲਆਦ ਵਿਖੇ ਮਾਰਿਆ ਜਾਣਾ
28 ਤਦ ਇਸਰਾਏਲ ਦੇ ਪਾਤਸ਼ਾਹ ਅਹਾਬ ਅਤੇ ਯਹੂਦਾਹ ਦੇ ਪਾਤਸ਼ਾਹ ਯਹੋਸ਼ਾਫ਼ਾਟ ਨੇ ਰਾਮੋਥ-ਗਿਲਆਦ ਵਿੱਚ ਚੜ੍ਹਾਈ ਕਰ ਦਿੱਤੀ। 29 ਅਹਾਬ ਨੇ ਯਹੋਸ਼ਾਫ਼ਾਟ ਨੂੰ ਆਖਿਆ, “ਮੈਂ ਜੰਗ ਵਿੱਚ ਜਾਣ ਤੋਂ ਪਹਿਲਾਂ ਆਪਣਾ ਭੇਸ ਬਦਲ ਲਵਾਂਗਾ, ਪਰ ਤੂੰ ਆਪਣੀ ਪੋਸ਼ਾਕ ਪਾਈ ਰੱਖ।” ਤਾਂ ਇਸਰਾਏਲ ਦੇ ਪਾਤਸ਼ਾਹ ਅਹਾਬ ਨੇ ਆਪਣਾ ਭੇਸ ਵਟਾਅ ਲਿਆ ਅਤੇ ਦੋਨੋ ਲੜਾਈ ਲਈ ਚੱਲੇ ਗਏ।
30 ਪਰ ਅਰਾਮ ਦੇ ਪਾਤਸ਼ਾਹ ਨੇ ਰਥਾਂ ਦੇ ਸਰਦਾਰਾਂ ਨੂੰ, “ਜੋ ਉਸ ਦੇ ਨਾਲ ਸਨ, ਹੁਕਮ ਦਿੱਤਾ ਕਿ ਇਸਰਾਏਲ ਦੇ ਪਾਤਸ਼ਾਹ ਤੋਂ ਛੁੱਟ ਹੋਰ ਕਿਸੇ ਨਾਲ ਵੀ ਨਹੀਂ ਲੜਨਾ।” 31 ਜਦੋਂ ਰਥਾਂ ਦੇ ਸਰਦਾਰਾਂ ਨੇ ਯਹੋਸ਼ਾਫ਼ਾਟ ਨੂੰ ਵੇਖਿਆ ਤਾਂ ਉਨ੍ਹਾਂ ਨੇ ਸੋਚਿਆ, ਇਹ ਹੀ ਇਸਰਾਏਲ ਦਾ ਪਾਤਸ਼ਾਹ ਅਹਾਬ ਹੋਵੇਗਾ। ਤਾਂ ਉਹ ਯਹੋਸ਼ਾਫ਼ਾਟ ਵੱਲ ਲੜਨ ਲਈ ਮੁੜੇ ਪਰ ਯਹੋਸ਼ਾਫ਼ਾਟ ਨੇ ਯਹੋਵਾਹ ਨੂੰ ਪੁਕਾਰਿਆ ਤੇ ਯਹੋਵਾਹ ਨੇ ਉਸ ਨੂੰ ਬਚਾਅ ਲਿਆ। ਪਰਮੇਸ਼ੁਰ ਨੇ ਰੱਥਾਂ ਦੇ ਸਰਦਾਰਾਂ ਦਾ ਉਸ ਵੱਲੋਂ ਮੁਹਾਣਾ ਮੋੜ ਦਿੱਤਾ। 32 ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਸ਼ਾਫ਼ਾਟ ਇਸਰਾਏਲ ਦਾ ਪਾਤਸ਼ਾਹ ਨਹੀਂ ਹੈ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕਰਨਾ ਛੱਡ ਦਿੱਤਾ।
33 ਇੰਝ ਵਾਪਰਿਆ ਕਿ ਇੱਕ ਸਿਪਾਹੀ ਨੇ ਬਿਨਾਂ ਕਿਸੇ ਨਿਸ਼ਾਨੇ ਤੋਂ ਤੀਰ ਚੱਲਾ ਦਿੱਤਾ ਅਤੇ ਉਹ ਤੀਰ ਇਸਰਾਏਲ ਦੇ ਰਾਜੇ ਆਹਾਬ ਦੇ ਕਵਚ ਦੀ ਕਮਜ਼ੋਰ ਜਗ੍ਹਾ ਤੇ ਵਜਿਆ। ਤਦ ਆਹਾਬ ਨੇ ਆਪਣੇ ਸਾਰਥੀ ਨੂੰ ਆਖਿਆ, “ਵਾਪਸ ਮੁੜ ਮੈਨੂੰ ਇੱਥੋਂ ਬਾਹਰ ਕੱਢ ਕੇ ਲੈ ਜਾ, ਮੈਂ ਜ਼ਖਮੀ ਹਾਂ।”
34 ਉਸ ਦਿਨ ਦੀ ਲੜਾਈ ਹੋਰ ਖੌਫ਼ਨਾਕ ਹੋ ਗਈ ਇਸਰਾਏਲ ਦੇ ਪਾਤਸ਼ਾਹ ਨੇ ਆਪਣੇ-ਆਪ ਨੂੰ ਸ਼ਾਮ ਤੀਕ ਅਰਾਮੀਆਂ ਦੇ ਸਾਹਮਣੇ ਰੱਥ ਉੱਪਰ ਥੰਮੀ ਰੱਖਿਆ ਅਤੇ ਸੂਰਜ ਅਸਤ ਹੋਣ ਵੇਲੇ ਤੀਕ ਉਹ ਮਰ ਗਿਆ।
2010 by World Bible Translation Center