Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
2 ਇਤਹਾਸ 25-27

ਯਹੂਦਾਹ ਦਾ ਪਾਤਸ਼ਾਹ ਅਮਸਯਾਹ

25 ਅਮਸਯਾਹ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 29 ਵਰ੍ਹੇ ਰਾਜ ਕੀਤਾ। ਉਸਦੀ ਮਾਤਾ ਯਰੂਸ਼ਲਮ ਦੀ ਯਹੋਅੱਦਾਨ ਸੀ। ਅਮਸਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਚੰਗੇ ਸਨ। ਪਰ ਉਹ ਉਨ੍ਹਾਂ ਕੰਮਾਂ ਨੂੰ ਆਪਣੇ ਤਹਿ ਦਿਲੋਂ ਨਾ ਕਰ ਸੱਕਿਆ। ਜਦੋਂ ਅਮਸਯਾਹ ਸ਼ਕਤੀਵਰ ਪਾਤਸ਼ਾਹ ਬਣ ਗਿਆ ਤਾਂ ਉਸ ਨੇ ਆਪਣੇ ਉਨ੍ਹਾਂ ਅਧਿਕਾਰੀਆਂ ਨੂੰ, ਜਿਨ੍ਹਾਂ ਨੇ ਉਸ ਦੇ ਪਿਤਾ ਪਾਤਸ਼ਾਹ ਯੋਆਸ਼ ਨੂੰ ਮਾਰਿਆ ਸੀ, ਖਤਮ ਕਰ ਦਿੱਤਾ। ਪਰ ਅਮਸਯਾਹ ਨੇ ਉਨ੍ਹਾਂ ਦੇ ਬੱਚਿਆਂ ਨੂੰ ਨਾ ਮਾਰਿਆ, ਕਿਉਂ ਕਿ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਜਿਵੇਂ ਯਹੋਵਾਹ ਨੇ ਹੁਕਮ ਦਿੱਤਾ ਹੈ ਉਸ ਨੂੰ ਮੰਨਿਆ। ਯਹੋਵਾਹ ਨੇ ਹੁਕਮ ਦਿੱਤਾ ਹੈ, “ਪੁੱਤਰਾਂ ਦੇ ਬਦਲੇ ਪਿਉ ਨਾ ਮਾਰੇ ਜਾਣ ਅਤੇ ਨਾ ਹੀ ਪਿਉਆਂ ਦੇ ਬਦਲੇ ਪੁੱਤਰਾਂ ਨੂੰ ਮਾਰਿਆ ਜਾਵੇ ਹਰ ਮਨੁੱਖ ਨੂੰ ਉਸਦੀ ਭੈੜੀ ਕਰਨੀ ਦੇ ਕਾਰਣ ਹੀ ਉਸ ਦੇ ਆਪਣੇ ਪਾਪਾਂ ਕਾਰਣ ਹੀ ਮਾਰਿਆ ਜਾਵੇ।”

ਅਮਸਯਾਹ ਨੇ ਯਹੂਦਾਹ ਦੇ ਲੋਕਾਂ ਨੂੰ ਇਕੱਠਿਆਂ ਕੀਤਾ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਿੱਤਰਾਂ ਦੇ ਘਰਾਣਿਆਂ ਮੁਤਾਬਕ ਸਾਰੇ ਯਹੂਦਾਹ ਅਤੇ ਬਿਨਯਾਮੀਨ ਵਿੱਚ ਹਜ਼ਾਰ-ਹਜ਼ਾਰ ਤੇ ਸੌ-ਸੌ ਦੇ ਸਰਦਾਰਾਂ ਹੇਠਾਂ ਰੱਖਿਆ। ਉਹ ਸਾਰੇ ਆਦਮੀ ਜਿਹੜੇ ਸਿਪਾਹੀ ਚੁਣੇ ਉਨ੍ਹਾਂ ਦੀ ਉਮਰ 20 ਸਾਲ ਜਾਂ 20 ਸਾਲ ਤੋਂ ਉੱਪਰ ਸੀ। ਲੜਾਈ ਲਈ ਬਿਲਕੁਲ ਤਿਆਰ ਜਿਹੜੇ ਜੰਗ ਵਿੱਚ ਕਾਮਯਾਬੀ ਨਾਲ ਬਰਛੀ ਤੇ ਢਾਲ ਫ਼ੜ ਸੱਕਣ ਅਜਿਹੇ ਉੱਥੇ 3,00,000 ਸਿਪਾਹੀ ਸਨ। ਅਮਸਯਾਹ ਨੇ 1,00,000 ਸਿਪਾਹੀ ਇਸਰਾਏਲ ਕੋਲੋਂ ਲਏ। ਉਸ ਨੇ ਉਨ੍ਹਾਂ ਨੂੰ 3,400 ਕਿੱਲੋ ਚਾਂਦੀ ਦੇ ਕੇ ਭਾੜੇ ਤੇ ਖਰੀਦਿਆ। ਪਰ ਇੱਕ ਪਰਮੇਸ਼ੁਰ ਦਾ ਮਨੁੱਖ ਅਮਸਯਾਹ ਕੋਲ ਆਇਆ। ਉਸ ਨੇ ਕਿਹਾ, “ਹੇ ਪਾਤਸ਼ਾਹ, ਤੂੰ ਆਪਣੇ ਨਾਲ ਇਸਰਾਏਲੀ ਫ਼ੌਜ ਨਾ ਲੈ ਕੇ ਜਾ, ਕਿਉਂ ਕਿ ਯਹੋਵਾਹ ਇਸਰਾਏਲੀਆਂ ਦੀ ਸਾਰੀ ਇਫ਼ਰਾਈਮ ਵੰਸ਼ ਨਾਲ ਨਹੀਂ ਹੈ। ਜੇਕਰ ਤੁਸੀਂ ਜਾਣਾ ਹੀ ਚਾਹੁੰਦੇ ਹੋ ਤਾਂ ਜਾਵੋ ਅਤੇ ਲੜਾਈ ਲਈ ਤਕੜੇ ਹੋਵੋ, ਪਰ ਪਰਮੇਸ਼ੁਰ ਤੁਹਾਨੂੰ ਵੈਰੀਆਂ ਦੇ ਅੱਗੇ ਹਾਰ ਦੇਵੇਗਾ ਕਿਉਂ ਕਿ ਉਸ ਕੋਲ ਹਰਾਉਣ ਅਤੇ ਜਿਤਾਉਣ ਦੀ ਤਾਕਤ ਹੈ।” ਅਮਸਯਾਹ ਨੇ ਪਰਮੇਸ਼ੁਰ ਦੇ ਮਨੁੱਖ ਨੂੰ ਕਿਹਾ, “ਪਰ ਮੈਂ ਜਿਹੜਾ ਧਨ ਇਸਰਾਏਲੀ ਫ਼ੌਜ ਖਰੀਦਣ ਲਈ ਦਿੱਤਾ ਹੈ, ਉਸ ਦਾ ਕੀ ਕਰਾਂ?” ਤਾਂ ਪਰਮੇਸ਼ੁਰ ਦੇ ਮਨੁੱਖ ਨੇ ਜਵਾਬ ਦਿੱਤਾ, “ਯਹੋਵਾਹ ਦੇ ਘਰ ਕੋਈ ਕਮੀ ਨਹੀਂ, ਉਹ ਤੈਨੂੰ ਉਸਤੋਂ ਵੱਧ ਦੇਣ ਦੀ ਸਮਰੱਥਾ ਰੱਖਦਾ ਹੈ।”

10 ਤਦ ਅਮਸਯਾਹ ਨੇ ਇਸਰਾਏਲੀ ਸੈਨਾ ਨੂੰ ਇਫ਼ਰਾਈਮ ਵਿੱਚ ਵਾਪਸ ਭੇਜ ਦਿੱਤਾ। ਉਹ ਆਦਮੀ ਪਾਤਸ਼ਾਹ ਅਤੇ ਯਹੂਦਾਹ ਦੇ ਲੋਕਾਂ ਉੱਪਰ ਬੜੇ ਕ੍ਰੋਧਿਤ ਹੋਏ ਅਤੇ ਬੜੇ ਕਰੋਧ ਵਿੱਚ ਆਪਣੇ ਘਰਾਂ ਨੂੰ ਮੁੜੇ।

11 ਤਦ ਅਮਸਯਾਹ ਨੇ ਹੌਂਸਲਾ ਕੀਤਾ ਤੇ ਆਪਣੇ ਆਦਮੀਆਂ ਨੂੰ ਲੈ ਕੇ ਲੂਣ ਦੀ ਵਾਦੀ ਵੱਲ ਲੈ ਗਿਆ ਅਤੇ ਸੇਈਰ ਵੰਸ਼ ਵਿੱਚੋਂ 10,000 ਆਦਮੀਆਂ ਨੂੰ ਮਾਰ ਦਿੱਤਾ। 12 ਹੋਰ 10,000 ਆਦਮੀਆਂ ਜੋ ਸੇਈਰ ਦੇ ਸਨ ਯਹੂਦੀਆਂ ਨੇ ਉਨ੍ਹਾਂ ਨੂੰ ਜਿਉਂਦਾ ਫ਼ੜ ਕੇ ਇੱਕ ਚੱਟਾਨ ਦੀ ਚੋਟੀ ਤੇ ਚੜ੍ਹਾਇਆ ਅਤੇ ਫ਼ਿਰ ਉਸ ਚੋਟੀ ਤੋਂ ਉਨ੍ਹਾਂ ਨੂੰ ਇਵੇਂ ਥੱਲੇ ਸੁੱਟਿਆ ਕਿ ਸਾਰਿਆਂ ਦੇ ਟੋਟੇ-ਟੋਟੇ ਹੋ ਗਏ।

13 ਪਰ ਉਸ ਫ਼ੌਜ ਦੇ ਜੁਆਨ ਜਿਨ੍ਹਾਂ ਨੂੰ ਪਾਤਸ਼ਾਹ ਨੇ ਵਾਪਸ ਭੇਜ ਦਿੱਤਾ ਸੀ ਉਸੇ ਸਮੇਂ ਵਿੱਚ ਇਸਰਾਏਲੀ ਫ਼ੌਜ ਨੇ ਯਹੂਦਾਹ ਦੇ ਕੁਝ ਸ਼ਹਿਰਾਂ ਤੇ ਹਮਲਾ ਕੀਤਾ। ਉਨ੍ਹਾਂ ਨੇ ਬੈਤ-ਹੋਰੋਨ ਤੋਂ ਸਾਮਰਿਯਾ ਤੀਕ ਦੇ ਸ਼ਹਿਰਾਂ ਤੇ ਹਮਲਾ ਬੋਲਿਆ। ਉਨ੍ਹਾਂ ਨੇ 3,000 ਆਦਮੀਆਂ ਨੂੰ ਮਾਰ ਕੇ ਉਨ੍ਹਾਂ ਦਾ ਕੀਮਤੀ ਸਮਾਨ ਲੁੱਟ ਲਿਆ। ਉਹ ਲੋਕ ਇਸ ਲਈ ਭੜਕੇ ਹੋਏ ਸਨ ਕਿਉਂ ਕਿ ਅਮਸਯਾਹ ਨੇ ਉਨ੍ਹਾਂ ਨੂੰ ਲੜਾਈ ਵਿੱਚੋਂ ਵਾਪਸ ਭੇਜ ਦਿੱਤਾ ਸੀ।

14 ਜਦੋਂ ਅਮਸਯਾਹ ਅਦੋਮੀਆਂ ਨੂੰ ਮਾਰ ਕੇ ਮੁੜਿਆ ਤਾਂ ਸੇਈਰੀਆਂ ਦੇ ਦੇਵਤਿਆਂ ਨੂੰ ਨਾਲ ਲੈਂਦਾ ਆਇਆ ਅਤੇ ਉਨ੍ਹਾਂ ਦੇਵਤਿਆਂ ਦੀ ਉਸ ਨੇ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਉਨ੍ਹਾਂ ਅੱਗੇ ਸਿਰ ਝੁਕਾਉਂਦਾ ਅਤੇ ਉਨ੍ਹਾਂ ਅੱਗੇ ਧੂਪ ਅਗਰਬਤੀ ਜਗਾਉਂਦਾ। 15 ਯਹੋਵਾਹ ਅਮਸਯਾਹ ਤੇ ਬੜਾ ਕ੍ਰੋਧਿਤ ਹੋਇਆ। ਯਹੋਵਾਹ ਨੇ ਉਸ ਕੋਲ ਨਬੀ ਭੇਜਿਆ। ਨਬੀ ਨੇ ਉਸ ਨੂੰ ਕਿਹਾ, “ਤੂੰ ਉਨ੍ਹਾਂ ਲੋਕਾਂ ਦੇ ਦੇਵਤਿਆਂ ਦੀ ਉਪਾਸਨਾ ਕਰਨੀ ਕਿਉਂ ਸ਼ੁਰੂ ਕਰ ਦਿੱਤੀ ਜਦ ਕਿ ਉਨ੍ਹਾਂ ਲੋਕਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਵੀ ਤੈਥੋਂ ਬਚਾਅ ਨਹੀਂ ਸੱਕੇ?”

16 ਜਦੋਂ ਨਬੀ ਨੇ ਇਉਂ ਆਖਿਆ ਤਾਂ ਅਮਸਯਾਹ ਨੇ ਉਸ ਨੂੰ ਕਿਹਾ, “ਅਸੀਂ ਤੈਨੂੰ ਪਾਤਸ਼ਾਹ ਦਾ ਸਲਾਹਕਾਰ ਬਣਾਇਆ ਹੈ। ਚੁੱਪ ਰਹਿ! ਜੇਕਰ ਤੂੰ ਚੁੱਪ ਨਹੀਂ ਕਰੇਂਗਾ ਤਾਂ ਮਾਰਿਆ ਜਾਵੇਂਗਾ।” ਨਬੀ ਚੁੱਪ ਕਰ ਗਿਆ, ਪਰ ਫ਼ਿਰ ਆਖਣ ਲੱਗਾ, “ਪਰਮੇਸ਼ੁਰ ਨੇ ਤੁਹਾਨੂੰ ਨਾਸ ਕਰਨਾ ਠਾਣਿਆ ਹੈ ਕਿਉਂ ਕਿ ਤੁਸੀਂ ਉਹ ਬੁਰੇ ਕੰਮ ਕੀਤੇ ਹਨ ਅਤੇ ਮੇਰੀ ਸਲਾਹ ਨੂੰ ਨਕਾਰਿਆ ਹੈ।”

17 ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ। ਫ਼ਿਰ ਉਸ ਨੇ ਯੋਆਸ਼ ਨੂੰ ਸੁਨੇਹਾ ਭੇਜਿਆ ਜੋ ਕਿ ਇਸਰਾਏਲ ਦਾ ਪਾਤਸ਼ਾਹ ਸੀ ਕਿ ਤੂੰ ਮੈਨੂੰ ਆਮਣੇ-ਸਾਹਮਣੇ ਮਿਲ। ਯਹੋਆਸ਼ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ।

18 ਤਦ ਯਹੋਆਸ਼ ਨੇ ਅਮਸਯਾਹ ਨੂੰ ਆਪਣਾ ਸੁਨੇਹਾ ਭੇਜਿਆ। ਯਹੋਆਸ਼ ਇਸਰਾਏਲ ਦਾ ਅਤੇ ਅਮਸਯਾਹ ਯਹੂਦਾਹ ਦਾ ਪਾਤਸ਼ਾਹ ਸੀ। ਤਾਂ ਯਹੋਆਸ਼ ਨੇ ਇਹ ਕਥਾ ਕਹੀ: “ਲਬਾਨੋਨ ਦੀ ਝਾੜੀ ਨੇ ਲਬਾਨੋਨ ਦੇ ਦਿਆਰ ਨੂੰ ਸੁਨੇਹਾ ਭੇਜਿਆ ਕਿ ‘ਤੂੰ ਆਪਣੀ ਧੀ ਨੂੰ ਮੇਰੇ ਪੁੱਤਰ ਨਾਲ ਵਿਆਹ ਦੇ।’ ਪਰ ਇੰਨੇ ’ਚ ਇੱਕ ਜੰਗਲੀ ਜਾਨਵਰ ਆਇਆ ਉਸ ਝਾੜੀ ਵਿੱਚ ਚੱਲਿਆ ਤੇ ਉਸ ਝਾੜੀ ਨੂੰ ਮਿੱਧ ਕੇ ਨਾਸ ਕਰ ਦਿੱਤਾ। 19 ਤੂੰ ਆਪਣੇ-ਆਪ ਨੂੰ ਅਖਵਾਉਂਦਾ ਹੈਂ, ‘ਮੈਂ ਅਦੋਮ ਨੂੰ ਹਰਾਇਆ!’ ਤੂੰ ਘੁਮੰਡੀ ਹੈਂ ਇਸੇ ਲਈ ਡੀਂਗਾ ਮਾਰਦਾ ਹੈਂ। ਪਰ ਤੈਨੂੰ ਘਰੇ ਹੀ ਰਹਿਣਾ ਚਾਹੀਦਾ ਹੈ ਤੈਨੂੰ ਮੁਸੀਬਤ ਵਿੱਚ ਪੈਣ ਦੀ ਲੋੜ ਨਹੀਂ। ਜੇ ਤੂੰ ਮੇਰੇ ਨਾਲ ਮੱਥਾ ਲਾਇਆ ਤਾਂ ਤੂੰ ਅਤੇ ਯਹੂਦਾਹ ਸਭ ਨਸ਼ਟ ਹੋ ਜਾਵੋਂਗੇ।”

20 ਪਰ ਅਮਸਯਾਹ ਨੂੰ ਉਸਦੀ ਕੋਈ ਗੱਲ ਨਾ ਸੁਣੀ ਕਿਉਂ ਕਿ ਇਹ ਪਰਮੇਸ਼ੁਰ ਵੱਲੋਂ ਹੋਇਆ ਕਿ ਉਹ ਉਨ੍ਹਾਂ ਨੂੰ ਵੈਰੀਆਂ ਦੇ ਹੱਥ ਵਿੱਚ ਇਸ ਕਾਰਣ ਦੇਵੇ ਕਿਉਂ ਕਿ ਯਹੂਦੀਆਂ ਨੇ ਅਦੋਮ ਦੇ ਲੋਕ ਜਿਨ੍ਹਾਂ ਦੇਵਤਿਆਂ ਨੂੰ ਪੂਜਦੇ ਸਨ, ਉਨ੍ਹਾਂ ਮਗਰ ਲੱਗਣਾ ਸ਼ੁਰੂ ਕਰ ਦਿੱਤਾ ਸੀ। 21 ਤਾਂ ਇਸਰਾਏਲ ਦਾ ਪਾਤਸ਼ਾਹ ਯਹੋਆਸ਼ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੂੰ ਬੈਤ-ਸ਼ਮਸ਼ ਵਿੱਚ ਆਹਮੋ-ਸਾਹਮਣੇ ਮਿਲੇ। ਬੈਤ-ਸ਼ਮਸ਼ ਯਹੂਦਾਹ ਵਿੱਚ ਹੀ ਹੈ। 22 ਇਸਰਾਏਲ ਨੇ ਯਹੂਦਾਹ ਨੂੰ ਅਜਿਹੀ ਹਾਰ ਦਿੱਤੀ ਕਿ ਉਸਦਾ ਹਰ ਇੱਕ ਮਨੁੱਖ ਆਪਣੇ ਘਰਾਂ ਨੂੰ ਤੰਬੂ ’ਚ ਨੱਸ ਗਿਆ। 23 ਯਹੋਆਸ਼ ਨੇ ਅਮਸਯਾਹ ਨੂੰ ਬੈਤ-ਸ਼ਮਸ਼ ਵਿੱਚ ਫ਼ੜ ਲਿਆ ਅਤੇ ਉਸ ਨੂੰ ਯਰੂਸ਼ਲਮ ਲੈ ਗਿਆ। (ਅਮਸਯਾਹ ਜੋ ਅਹਜ਼ਯਾਹ ਦਾ ਪੋਤਾ ਅਤੇ ਯੋਆਸ਼ ਦਾ ਪੁੱਤਰ ਸੀ।) ਯਹੋਆਸ਼ ਨੇ ਯਰੂਸ਼ਲਮ ਦੀ ਦੀਵਾਰ ਇਫ਼ਰਾਈਮ ਦੇ ਫ਼ਾਟਕ ਤੋਂ ਲੈ ਕੇ ਖੂੰਜੇ ਵਾਲੇ ਫ਼ਾਟਕ ਤੀਕ 400 ਹੱਥ ਢਾਹ ਦਿੱਤੀ। 24 ਪਰਮੇਸ਼ੁਰ ਦੇ ਮੰਦਰ ਵਿੱਚ ਸੋਨਾ-ਚਾਂਦੀ ਅਤੇ ਅਨੇਕ ਵਸਤਾਂ ਦੀ ਭਰਮਾਰ ਸੀ। ਇਹ ਸਭ ਓਬੇਦ-ਅਦੋਮ ਕੋਲ ਸੀ ਪਰ ਯਹੋਆਸ਼ ਨੇ ਉਹ ਸਭ ਲੁੱਟ ਕੇ ਅਤੇ ਪਾਤਸ਼ਾਹ ਦੇ ਮਹਿਲ ਦਾ ਸਾਰਾ ਖਜ਼ਾਨਾ ਲੁੱਟ ਅਤੇ ਕੁਝ ਲੋਕਾਂ ਨੂੰ ਬੰਦੀ ਬਣਾਕੇ ਸਾਮਰਿਯਾ ਨੂੰ ਵਾਪਸ ਮੁੜਿਆ।

25 ਅਮਸਯਾਹ ਯੋਆਸ਼, ਯਹੋਆਹਾਜ਼ ਦੇ ਪੁੱਤਰ, ਇਸਰਾਏਲ ਦੇ ਪਾਤਸ਼ਾਹ ਦੇ ਮਰਨ ਉਪਰੰਤ ਵੀ 15 ਵਰ੍ਹੇ ਜਿਉਂਇਆ। ਉਸ ਦਾ ਪਿਤਾ ਯੋਆਸ਼ ਯਹੂਦਾਹ ਦਾ ਪਾਤਸ਼ਾਹ ਸੀ। 26 ਅਮਸਯਾਹ ਦੇ ਸ਼ੁਰੂ ਤੋਂ ਅੰਤ ਤੀਕ ਜੋ ਕਾਰਜ ਕੀਤੇ ਉਹ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 27 ਜਦੋਂ ਅਮਸਯਾਹ ਨੇ ਯਹੋਵਾਹ ਨੂੰ ਮੰਨਣਾ ਛੱਡਿਆ ਤਾਂ ਯਰੂਸ਼ਲਮ ਦੇ ਲੋਕਾਂ ਨੇ ਅਮਸਯਾਹ ਦੇ ਵਿਰੁੱਧ ਸਾਜਿਸ਼ਾਂ ਘੜੀਆਂ। ਤਾਂ ਉਹ ਲਾਕੀਸ਼ ਸ਼ਹਿਰ ਨੂੰ ਭੱਜ ਗਿਆ ਪਰ ਲੋਕਾਂ ਨੇ ਉਸ ਦੇ ਪਿੱਛੇ-ਪਿੱਛੇ ਕੁਲ ਮਨੁੱਖਾਂ ਨੂੰ ਭੇਜਿਆ ਜਿਨ੍ਹਾਂ ਉਸ ਨੂੰ ਲਾਕੀਸ਼ ਵਿੱਚ ਖਤਮ ਕਰ ਦਿੱਤਾ। 28 ਫ਼ੇਰ ਉਨ੍ਹਾਂ ਨੇ ਅਮਸਯਾਹ ਦੀ ਲੋਥ ਘੋੜਿਆਂ ਤੇ ਲੱਦੀ ਅਤੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਉਸ ਦੇ ਪੁਰਖਿਆਂ ਦੀ ਕਬਰ ਵਿੱਚ ਦਫ਼ਨ ਕਰ ਦਿੱਤਾ।

ਯਹੂਦਾਹ ਦਾ ਪਾਤਸ਼ਾਹ ਉਜ਼ੀਯਾਹ

26 ਤਦ ਅਮਸਯਾਹ ਦੀ ਜਗ੍ਹਾ ਯਹੂਦਾਹ ਦੇ ਲੋਕਾਂ ਨੇ ਉਜ਼ੀਯਾਹ ਨੂੰ ਆਪਣਾ ਨਵਾਂ ਪਾਤਸ਼ਾਹ ਚੁਣਿਆ। ਉਜ਼ੀਯਾਹ ਅਮਸਯਾਹ ਦਾ ਪੁੱਤਰ ਸੀ ਅਤੇ ਜਦੋਂ ਇਹ ਸਭ ਵਾਪਰਿਆ ਉਹ ਸਿਰਫ਼ ਸੋਲ੍ਹਾਂ ਸਾਲਾਂ ਦਾ ਸੀ। ਉਜ਼ੀਯਾਹ ਨੇ ਮੁੜ ਤੋਂ ਏਲੋਥ ਸ਼ਹਿਰ ਉਸਾਰਿਆ ਅਤੇ ਯਹੂਦਾਹ ਨੂੰ ਮੋੜ ਦਿੱਤਾ। ਇਹ ਉਸ ਨੇ ਅਮਸਯਾਹ ਦੇ ਦਫ਼ਨਾਏ ਜਾਣ ਤੋਂ ਬਾਅਦ ਕੀਤਾ।

ਉਜ਼ੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਸੋਲ੍ਹਾਂ ਵਰ੍ਹਿਆਂ ਦਾ ਸੀ। ਉਸ ਨੇ 52 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯਕਾਲਯਾਹ ਸੀ, ਜੋ ਕਿ ਯਰੂਸ਼ਲਮ ਦੀ ਸੀ। ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ। ਜਿਵੇਂ ਕਿ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ। ਉਸ ਨੇ ਜ਼ਕਰਯਾਹ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਰਾਹ ਫ਼ੜਿਆ ਅਤੇ ਜ਼ਕਰਯਾਹ ਨੇ ਉਜ਼ੀਯਾਹ ਨੂੰ ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨਾ ਸਿੱਖਾਇਆ। ਜਦ ਤੀਕ ਉਜ਼ੀਯਾਹ ਪਰਮੇਸ਼ੁਰ ਦਾ ਤਾਲਿਬ ਰਿਹਾ, ਪਰਮੇਸ਼ੁਰ ਨੇ ਉਸ ਨੂੰ ਖੂਬ ਸਫ਼ਲਤਾ ਦਿੱਤੀ।

ਉਜ਼ੀਯਾਹ ਨੇ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕੀਤੀ ਅਤੇ ਗਥ, ਯਬਨਹ ਅਤੇ ਅਸ਼ਦੋਦ ਸ਼ਹਿਰਾਂ ਦੀਆਂ ਕੰਧਾਂ ਢਾਹ ਦਿੱਤੀਆਂ। ਉਸ ਨੇ ਅਸ਼ਦੋਦ ਵਿੱਚ ਅਤੇ ਫ਼ਲਿਸਤੀਆਂ ਦਰਮਿਆਨ ਹੋਰਨਾਂ ਥਾਵਾਂ ਤੇ ਸ਼ਹਿਰ ਬਣਾਏ। ਪਰਮੇਸ਼ੁਰ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ ਬਆਲ ਸ਼ਹਿਰ ਵਿੱਚ ਵੱਸਦੇ ਸਨ ਅਤੇ ਮਊਨੀਮ ਵਿੱਚ ਉਨ੍ਹਾਂ ਦੇ ਵਿਰੁੱਧ ਉਜ਼ੀਯਾਹ ਦੀ ਮਦਦ ਕੀਤੀ। ਅੰਮੋਨੀਆਂ ਨੇ ਉਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਜ਼ੀਯਾਹ ਦਾ ਨਾਉਂ ਮਿਸਰ ਦੀ ਸੀਮਾਂ ਤੀਕ ਪ੍ਰਸਿੱਧ ਹੋ ਗਿਆ। ਉਹ ਆਪਣੀ ਸ਼ਕਤੀ ਸਦਕਾ ਬਹੁਤ ਮਸ਼ਹੂਰ ਹੋ ਗਿਆ।

ਉਸ ਨੇ ਯਰੂਸ਼ਲਮ ਵਿੱਚ ਨੁਕਰ ਦੇ ਫ਼ਾਟਕ ਤੇ, ਵਾਦੀ ਦੇ ਫ਼ਾਟਕ ਅਤੇ ਕੰਧ ਦੇ ਮੋੜ ਉੱਪਰ ਬੁਰਜ ਬਣਵਾਏ। ਉਸ ਨੇ ਉਹ ਬੁਰਜ ਬੜੇ ਮਜ਼ਬੂਤ ਬਣਵਾਏ। 10 ਉਸ ਨੇ ਉਜਾੜ ਵਿੱਚ ਵੀ ਬੁਰਜ ਬਣਵਾਏ। ਉਸ ਨੇ ਬਹੁਤ ਸਾਰੇ ਖੂਹ ਪੁਟਵਾਏ ਕਿਉਂ ਕਿ ਪਹਾੜੀਆਂ ਅਤੇ ਉਪਜਾਊ ਜ਼ਮੀਨਾਂ ਵਿੱਚ ਉਹ ਬਹੁਤ ਸਾਰੇ ਜਾਨਵਰਾਂ ਦਾ ਮਾਲਕ ਸੀ। ਅੰਗੂਰਾਂ ਦੇ ਬਾਗ਼ਾਂ ਦਾ ਧਿਆਨ ਰੱਖਣ ਲਈ ਉਸ ਕੋਲ ਬਹੁਤ ਸਾਰੇ ਕਾਮੇ ਸਨ ਅਤੇ ਉਹ ਖੁਦ ਖੇਤੀ-ਬਾੜੀ ਨੂੰ ਪਿਆਰ ਕਰਦਾ ਸੀ।

11 ਉਜ਼ੀਯਾਹ ਕੋਲ ਜੋਧਿਆਂ ਦੀ ਫ਼ੌਜ ਸੀ ਜੋ ਯੁੱਧ ਲਈ ਤਿਆਰ ਕੀਤੇ ਗਏ ਸਨ, ਉਹ ਇੱਕ ਦਲ ਵਜੋਂ ਗਿਣੇ ਗਏ ਸਨ, ਅਤੇ ਹਨਨਯਾਹ ਦੀ ਅਗਵਾਈ ਹੇਠਾਂ ਸਨ ਜੋ ਕਿ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਲੋਕ ਸਕੱਤਰ ਯਈੇਲ ਅਤੇ ਮਅਸੇਯਾਹ ਦੁਆਰਾ ਗਿਣੇ ਗਏ ਸਨ। ਵਿੱਚ ਵੀ ਸਨ। 12 ਸੂਰਵੀਰ ਸਿਪਾਹੀਆਂ ਦੇ ਆਗੂਆਂ ਦੀ ਗਿਣਤੀ 2,600 ਸੀ। 13 ਉਹ ਪਿਤਰੀ ਘਰਾਣਿਆਂ ਦੇ ਆਗੂ 3,07,500 ਆਦਮੀਆਂ ਜਿਹੜੇ ਬੜੀ ਸੂਰਬੀਰਤਾ ਨਾਲ ਲੜੇ ਸਨ, ਉਨ੍ਹਾਂ ਦੇ ਮੁਖੀਆ ਸਨ। ਇਹ ਸਿਪਾਹੀ ਪਾਤਸ਼ਾਹ ਦੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ। 14 ਉਜ਼ੀਯਾਹ ਨੇ ਸਾਰੀ ਸੈਨਾ ਲਈ ਬਰਛੇ, ਢਾਲਾਂ, ਟੋਪ, ਕਵਚ, ਧਨੁੱਖ, ਤੀਰ ਅਤੇ ਗੁਲੇਲਾਂ ਲਈ ਪੱਥਰ ਤਿਆਰ ਕਰਵਾਏ। 15 ਉਸ ਨੇ ਮਾਹਰ ਆਦਮੀਆਂ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਯਰੂਸ਼ਲਮ ਵਿੱਚ ਲਗਵਾਈਆਂ ਅਤੇ ਉਨ੍ਹਾਂ ਨੂੰ ਕੰਧਾਂ ਦੀਆਂ ਨੁਕਰਾਂ ਉੱਤੇ ਅਤੇ ਥੰਮਾਂ ਉੱਤੇ ਰੱਖਿਆ। ਇਹ ਮਸ਼ੀਨਾਂ ਵੱਡੇ-ਵੱਡੇ ਪੱਥਰ ਅਤੇ ਤੀਰ ਸੁੱਟਣ ਲਈ ਵਰਤੀਆਂ ਜਾਂਦੀਆਂ ਸਨ। ਉਜ਼ੀਯਾਹ ਬਹੁਤ ਮਸ਼ਹੂਰ ਹੋ ਗਿਆ। ਦੂਰ-ਦੂਰ ਤੀਕ ਉਸ ਦੇ ਨਾਂ ਦੀਆਂ ਧੂੰਮਾਂ ਪੈ ਗਈਆਂ ਕਿਉਂ ਜੋ ਉਸਦੀ ਬਹੁਤ ਸਹਾਇਤਾ ਹੋਈ, ਉਹ ਬਹੁਤ ਤਾਕਤਵਰ ਪਾਤਸ਼ਾਹ ਬਣ ਗਿਆ।

16 ਪਰ ਜਦੋਂ ਉਹ ਤਾਕਤਸ਼ਾਲੀ ਪਾਤਸ਼ਾਹ ਬਣ ਗਿਆ ਤਾਂ ਉਸਦਾ ਘੁਮੰਡ ਹੀ ਉਸ ਦੇ ਨਾਸ ਦਾ ਕਾਰਣ ਬਣ ਗਿਆ। ਕਿਉਂ ਕਿ ਉਹ ਫ਼ਿਰ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫਾਦਾਰ ਨਾ ਰਿਹਾ। ਉਹ ਯਹੋਵਾਹ ਦੇ ਮੰਦਰ ਵਿੱਚ ਜਾਕੇ ਧੂਪ ਦੀ ਜਗਵੇਦੀ ਉੱਪਰ ਧੂਪ ਧੁਖਾਉਣ ਲੱਗ ਪਿਆ। 17 ਤਦ ਅਜ਼ਰਯਾਹ ਜਾਜਕ ਉਸ ਦੇ ਪਿੱਛੇ ਗਿਆ ਅਤੇ ਉਸ ਨਾਲ ਯਹੋਵਾਹ ਦੇ 80 ਹੋਰ ਬਹਾਦੁਰ ਜਾਜਕ ਸਨ। 18 ਉਨ੍ਹਾਂ ਨੇ ਉਜ਼ੀਯਾਹ ਨੂੰ ਉਸ ਦੀ ਗ਼ਲਤੀ ਬਾਰੇ ਦੱਸਿਆ ਅਤੇ ਉਸ ਨੂੰ ਕਿਹਾ, “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਹੈ। ਤੇਰੇ ਲਈ ਇਉਂ ਕਰਨਾ ਠੀਕ ਨਹੀਂ ਹੈ। ਸਿਰਫ਼ ਜਾਜਕ ਅਤੇ ਹਾਰਨ ਦੇ ਉੱਤਰਾਧਿਕਾਰੀਆਂ ਦਾ ਇਹ ਕੰਮ ਹੈ ਜੋ ਯਹੋਵਾਹ ਅੱਗੇ ਧੂਫ਼ ਧੂਖਾਉਂਦੇ ਹਨ। ਅਤੇ ਇਨ੍ਹਾਂ ਜਾਜਕਾਂ ਨੂੰ ਪਵਿੱਤਰ ਸੇਵਾ ਲਈ ਧੂਪ ਧੁਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੂੰ ਵਫ਼ਾਦਾਰੀ ਨਹੀਂ ਕੀਤੀ ਇਸ ਲਈ ਤੂੰ ਸਭ ਤੋਂ ਪਵਿੱਤਰ ਅਸਥਾਨ ਤੋਂ ਬਾਹਰ ਨਿਕਲ ਜਾਹ। ਯਹੋਵਾਹ ਪਰਮੇਸ਼ੁਰ ਤੈਨੂੰ ਇਸ ਕਾਰਣ ਲਈ ਬਖਸ਼ੇਗਾ ਨਹੀਂ।”

19 ਪਰ ਉਜ਼ੀਯਾਹ ਨੂੰ ਕਰੋਧ ਆ ਗਿਆ ਤੇ ਉਸ ਵਕਤ ਉਸ ਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਧਾਨ ਸੀ। ਜਦੋਂ ਉਹ ਜਾਜਕਾਂ ਤੇ ਕਰੋਧ ਕਰ ਰਿਹਾ ਸੀ ਤਾਂ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਪਿਆ। ਇਹ ਸਭ ਕੁਝ ਜਾਜਕਾਂ ਦੇ ਸਾਹਮਣੇ ਯਹੋਵਾਹ ਦੇ ਮੰਦਰ ਵਿੱਚ ਜਗਵੇਦੀ ਦੇ ਕੋਲ ਜਿੱਥੇ ਧੂਪ ਧੁਖਾਉਂਦੇ ਸਨ, ਵਾਪਰਿਆ। 20 ਪਰਧਾਨ ਜਾਜਕ ਅਜ਼ਰਯਾਹ ਅਤੇ ਬਾਕੀ ਦੇ ਜਾਜਕਾਂ ਨੇ ਉਸ ਵੱਲ ਤੱਕਿਆ। ਉੱਨ੍ਹਾਂ ਨੇ ਉਸ ਦੇ ਮੱਥੇ ਤੇ ਕੋੜ੍ਹ ਵੇਖਿਆ ਤਾਂ ਉਨ੍ਹਾਂ ਨੇ ਉਜ਼ੀਯਾਹ ਨੂੰ ਝਟ ਮੰਦਰ ਵਿੱਚੋਂ ਕੱਢ ਦਿੱਤਾ। ਉਜ਼ੀਯਾਹ ਖੁਦ ਵੀ ਉੱਥੋਂ ਭਜਿਆ ਕਿਉਂ ਕਿ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ ਸੀ। 21 ਉਜ਼ੀਯਾਹ ਪਾਤਸ਼ਾਹ ਸਾਰੀ ਬਾਕੀ ਦੀ ਉਮਰ ਕੋੜ੍ਹੀ ਰਿਹਾ ਉਹ ਬਾਕੀ ਘਰਾਂ ਤੋਂ ਦੂਰ ਅਲੱਗ ਘਰ ਵਿੱਚ ਰਿਹਾ ਅਤੇ ਮੁੜ ਯਹੋਵਾਹ ਦੇ ਮੰਦਰ ਪ੍ਰਵੇਸ਼ ਨਾ ਕਰ ਸੱਕਿਆ। ਉਜ਼ੀਯਾਹ ਦੇ ਪੁੱਤਰ ਯੋਥਾਮ ਨੇ ਰਾਜ ਮਹਿਲ ਤੇ ਸ਼ਾਸਨ ਕੀਤਾ ਅਤੇ ਲੋਕਾਂ ਦਾ ਨਿਆਉਂ ਵੀ।

22 ਸ਼ੁਰੂ ਤੋਂ ਅਖੀਰ ਤੀਕ ਉਜ਼ੀਯਾਹ ਨੇ ਹੋਰ ਵੀ ਜੋ ਕੰਮ ਕੀਤੇ ਉਹ ਆਮੋਸ਼ ਦੇ ਪੁੱਤਰ ਯਸ਼ਾਯਾਹ ਨਬੀ ਨੇ ਲਿਖੇ। 23 ਜਦੋਂ ਉਜ਼ੀਯਾਹ ਦੀ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਨੂੰ ਸ਼ਾਹੀ ਕਬਰ ਉਸ ਦੇ ਪਿਉ ਦੀ ਕਬਰ ਵਾਲੇ ਖੇਤ ਦੇ ਕੋਲ ਦਫ਼ਨਾਇਆ ਗਿਆ ਕਿਉਂ ਕਿ ਲੋਕਾਂ ਨੇ ਕਿਹਾ, “ਉਜ਼ੀਯਾਹ ਕੋੜ੍ਹੀ ਹੈ।” ਫ਼ਿਰ ਉਜ਼ੀਯਾਹ ਦੀ ਥਾਵੇਂ ਉਸਦਾ ਪੁੱਤਰ ਯੋਥਾਮ ਰਾਜ ਕਰਨ ਲੱਗਾ।

ਯੋਥਾਮ ਦਾ ਰਾਜ

27 ਯੋਥਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 16 ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ। ਯੋਥਾਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸ ਨੇ ਆਪਣੇ ਪਿਤਾ ਉਜ਼ੀਯਾਹ ਵਾਂਗ ਹੀ ਪਰਮੇਸ਼ੁਰ ਨੂੰ ਮੰਨਿਆ ਪਰ ਉਸ ਨੇ ਆਪਣੇ ਪਿਤਾ ਵਾਂਗ ਯਹੋਵਾਹ ਦੇ ਮੰਦਰ ਵਿੱਚ ਧੂਫ਼ ਧੁਖਾਉਣ ਦੀ ਗ਼ਲਤੀ ਨਾ ਕੀਤੀ। ਪਰ ਲੋਕੀਂ ਬਦੀ ਕਰਦੇ ਰਹੇ। ਯੋਥਾਮ ਨੇ ਮੁੜ ਤੋਂ ਯਹੋਵਾਹ ਦੇ ਮੰਦਰ ਦਾ ਉਤਲਾ ਫ਼ਾਟਕ ਬਣਵਾਇਆ ਅਤੇ ਓਫ਼ਲ ਦੀ ਕੰਧ ਉੱਪਰ ਉਸ ਨੇ ਬਹੁਤ ਕੁਝ ਬਣਵਾਇਆ। ਯੋਥਾਮ ਨੇ ਯਹੂਦਾਹ ਵਿੱਚ ਪਹਾੜੀ ਇਲਾਕੇ ਵਿੱਚ ਸ਼ਹਿਰ ਵੀ ਬਣਵਾਏ ਅਤੇ ਜੰਗਲਾਂ ਵਿੱਚ ਉਸ ਨੇ ਕਿਲੇ ਅਤੇ ਬੁਰਜ ਵੀ ਬਣਵਾਏ। ਯੋਥਾਮ ਅੰਮੋਨੀਆਂ ਦੇ ਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿੱਤਿਆ ਵੀ ਤੇ ਫ਼ਿਰ ਹਰ ਵਰ੍ਹੇ ਅੰਮੋਨੀਆਂ ਨੇ 3,400 ਕਿੱਲੋ ਚਾਂਦੀ, 75,000 ਮਣ ਕਣਕ ਅਤੇ 75,000 ਮਣ ਜੌਁ ਉਸ ਨੂੰ ਦਿੱਤੇ।

ਯੋਥਾਮ ਬਹੁਤ ਬਲਵਾਨ ਹੋਇਆ ਕਿਉਂ ਕਿ ਉਸ ਨੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਪੂਰੀ ਵਫ਼ਾਦਾਰੀ ਨਾਲ ਮੰਨਿਆ। ਜੋ ਹੋਰ ਕੰਮ ਯੋਥਾਮ ਨੇ ਕੀਤੇ ਅਤੇ ਜਿਹੜੀਆਂ ਲੜਾਈਆਂ ਲੜੀਆਂ ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ। ਯੋਥਾਮ ਨੇ 25 ਸਾਲ ਦੀ ਉਮਰ ਤੋਂ 16ਵਰ੍ਹੇ ਤੀਕ ਰਾਜ ਕੀਤਾ। ਜਦੋਂ ਯੋਥਾਮ ਮਰਿਆ ਤਾਂ ਉਸ ਦੇ ਪੁਰਖਿਆਂ ਕੋਲ ਉਸ ਨੂੰ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਉਸਦੀ ਥਾਵੇਂ ਉਸਦਾ ਪੁੱਤਰ ਆਹਾਜ਼ ਨਵਾਂ ਪਾਤਸ਼ਾਹ ਬਣ ਕੇ ਰਾਜ ਕਰਨ ਲੱਗਾ।

Punjabi Bible: Easy-to-Read Version (ERV-PA)

2010 by World Bible Translation Center