Historical
ਹਿਜ਼ਕੀਯਾਹ ਪਸਹ ਮਨਾਉਂਦਾ ਹੈ
30 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਸੱਦਾ ਭੇਜਿਆ। ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਦੇ ਲੋਕਾਂ ਨੂੰ ਵੀ ਖਤ ਭੇਜੇ। ਹਿਜ਼ਕੀਯਾਹ ਨੇ ਯਹੋਵਾਹ ਦੇ ਮੰਦਰ ਲਈ ਯਰੂਸ਼ਲਮ ਵਿੱਚ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਭਨਾਂ ਨੂੰ ਸੱਦਾ ਭੇਜਿਆ। 2 ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਸਰਦਾਰਾਂ ਨੇ ਅਤੇ ਯਰੂਸ਼ਲਮ ਦੀ ਸਾਰੀ ਸਭਾ ਨੇ ਦੂਜੇ ਮਹੀਨੇ ਵਿੱਚ ਪਸਹ ਮਨਾਉਣ ਦੀ ਸਲਾਹ ਕੀਤੀ ਸੀ। 3 ਉਹ ਪਸਹ ਦਾ ਪਰਬ ਠੀਕ ਸਮੇਂ ਮੁਤਾਬਕ ਨਾ ਮਨਾ ਸੱਕੇ। ਕਿਉਂ ਕਿ ਇੱਕ ਤਾਂ ਜਾਜਕਾਂ ਨੇ ਕਾਫ਼ੀ ਗਿਣਤੀ ਵਿੱਚ ਸੇਵਾ ਲਈ ਆਪਣੇ-ਆਪ ਨੂੰ ਪਵਿੱਤਰ ਨਾ ਕੀਤਾ ਦੂਜਾ ਕਾਰਣ ਕਿ ਯਰੂਸ਼ਲਮ ਵਿੱਚ ਲੋਕੀਂ ਕਾਫ਼ੀ ਇਕੱਠੇ ਨਹੀਂ ਸੀ ਹੋਏ। 4 ਤਾਂ ਇਹ ਗੱਲ ਪਾਤਸ਼ਾਹ ਅਤੇ ਸਾਰੀ ਸਭਾ ਨੂੰ ਠੀਕ ਲਗੀ। 5 ਤਾਂ ਫ਼ਿਰ ਉਨ੍ਹਾਂ ਨੇ ਇਹ ਖਬਰ ਸਾਰੇ ਇਸਰਾਏਲ, ਬਏਰਸ਼ਬਾ ਤੋਂ ਦਾਨ ਤੀਕ ਕੀਤੀ। ਉਨ੍ਹਾਂ ਇਹ ਘੋਸ਼ਣਾ ਕੀਤੀ ਕਿ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਲਈ ਪਸਹ ਮਨਾਉਣ ਲਈ ਸਾਰੇ ਲੋਕ ਯਰੂਸ਼ਲਮ ਵਿੱਚ ਇਕੱਠੇ ਹੋ ਜਾਣ। ਇਸਰਾਏਲ ਦੇ ਬਹੁਤੇ ਲੋਕਾਂ ਨੇ ਪਸਹ ਕਾਫ਼ੀ ਦੇਰ ਤੋਂ ਨਹੀਂ ਸੀ ਮਨਾਇਆ। ਜਿਵੇਂ ਮੂਸਾ ਦੇ ਨੇਮ ਮੁਤਾਬਕ ਪਸਹ ਮਨਾਉਣਾ ਲਿਖਿਆ ਹੋਇਆ ਹੈ ਉਵੇਂ ਉਨ੍ਹਾਂ ਬੜੀ ਦੇਰ ਤੋਂ ਨਹੀਂ ਸੀ ਮਨਾਈ। 6 ਤਾਂ ਫ਼ਿਰ ਪਾਤਸ਼ਾਹ ਦੇ ਹਲਕਾਰਿਆਂ ਨੇ ਇਹ ਸੱਦੇ-ਪੱਤਰ ਸਾਰੇ ਇਸਰਾਏਲ ਅਤੇ ਯਹੂਦਾਹ ਵਿੱਚ ਵੰਡੇ। ਉਨ੍ਹਾਂ ਪੱਤਰਾਂ ਵਿੱਚ ਇਉਂ ਲਿਖਿਆ ਹੋਇਆ ਸੀ:
“ਹੇ ਇਸਰਾਏਲ ਦੇ ਲੋਕੋ, ਤੁਸੀਂ ਯਹੋਵਾਹ ਪਰਮੇਸ਼ੁਰ ਵੱਲ ਨੂੰ ਪਰਤ ਆਵੋ, ਜਿਹੜਾ ਅਬਰਾਹਾਮ, ਇਸਹਾਕ ਅਤੇ ਇਸਰਾਏਲ ਦਾ ਪਰਮੇਸ਼ੁਰ ਹੈ, ਇਨ੍ਹਾਂ ਨੇ ਯਹੋਵਾਹ ਨੂੰ ਮੰਨਿਆ। ਜਿਹੜੇ ਅੱਸ਼ੂਰ ਦੇ ਪਾਤਸ਼ਾਹ ਦੇ ਹੱਥੋਂ ਬਚ ਗਏ ਹਨ, ਤਾਂ ਪਰਮੇਸ਼ੁਰ ਫਿਰ ਤੁਹਾਡੇ ਵੱਲ ਮੁੜੇਗਾ। 7 ਤੁਸੀਂ ਆਪਣੇ ਪੁਰਖਿਆਂ ਅਤੇ ਭਰਾਵਾਂ ਵਰਗੇ ਨਾ ਬਣੋ। ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਸੀ, ਪਰ ਉਹ ਉਸਤੋਂ ਬੇਮੁਖ ਹੋ ਗਏ। ਤੁਸੀਂ ਆਪਣੀਆਂ ਅੱਖਾਂ ਨਾਲ ਇਸ ਸੱਚਾਈ ਨੂੰ ਵੇਖ ਰਹੇ ਹੋ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਿਪਤਾ ’ਚ ਪਾ ਦਿੱਤਾ ਹੈ ਤੇ ਲੋਕ ਉਨ੍ਹਾਂ ਨੂੰ ਬੁਰਾ-ਮੰਦਾ ਆਖਦੇ ਹਨ। 8 ਤੁਸੀਂ ਆਪਣੇ ਪੁਰਖਿਆਂ ਵਰਗੇ ਹੱਠੀ ਨਾ ਬਣੋ ਸਗੋਂ ਦਿਲੋਂ ਪਰਮੇਸ਼ੁਰ ਦਾ ਹੁਕਮ ਮੰਨੋ। ਤੁਸੀਂ ਅੱਤ ਪਵਿੱਤਰ ਅਸਥਾਨ ਤੇ ਆਓ ਕਿਉਂ ਕਿ ਯਹੋਵਾਹ ਨੇ ਇਸ ਨੂੰ ਸਦਾ ਲਈ ਪਵਿੱਤਰ ਕੀਤਾ ਹੈ, ਸੋ ਤੁਸੀਂ ਇੱਥੇ ਆ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਸੇਵਾ ਕਰੋ। ਜਦੋਂ ਤੁਸੀਂ ਇਵੇਂ ਕਰੋਂਗੇ ਤਾਂ ਯਹੋਵਾਹ ਦੀ ਕਰੋਪੀ ਤੁਹਾਡੇ ਤੋਂ ਦੂਰ ਹੋਵੇਗੀ। 9 ਜੇਕਰ ਤੁਸੀਂ ਪਰਤ ਕੇ ਯਹੋਵਾਹ ਵੱਲ ਮੁੜ ਆਵੋਂਗੇ, ਤਾਂ ਤੁਹਾਡੇ ਪੁੱਤਰਾਂ, ਤੁਹਾਡੇ ਭਰਾਵਾਂ, ਅਤੇ ਸੰਬੰਧੀਆਂ ਨਾਲ ਜਿਨ੍ਹਾਂ ਨੂੰ ਬੰਦੀ ਬਣਾ ਲਿਆ ਗਿਆ ਸੀ, ਉਨ੍ਹਾਂ ਨੂੰ ਬੰਦੀ ਬਨਾਉਣ ਵਾਲਿਆਂ ਦੁਆਰਾ ਨਿਮਰਤਾ ਦਾ ਵਿਹਾਰ ਹੋਵੇਗਾ, ਅਤੇ ਉਹ ਇਸ ਧਰਤੀ ਤੇ ਵਾਪਸ ਆ ਜਾਣਗੇ। ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਅਤੇ ਕਿਰਪਾਲੂ ਹੈ। ਜੇਕਰ ਤੁਸੀਂ ਉਸ ਵੱਲ ਪਰਤ ਆਵੋਂਗੇ ਤਾਂ ਉਹ ਆਪਣਾ ਮੂੰਹ ਤੁਹਾਡੇ ਵੱਲੋਂ ਕਦੇ ਨਹੀਂ ਮੋੜੇਗਾ।”
10 ਹਲਕਾਰੇ ਅਫ਼ਰਈਮ ਅਤੇ ਮਨੱਸ਼ਹ ਦੇ ਹਰ ਸ਼ਹਿਰ ਵਿੱਚ ਗਏ। ਉਹ ਸਾਰਾ ਘੁੰਮਦੇ-ਘੁਮਾਉਂਦੇ ਜ਼ਬੂਲੁਨ ਤੀਕ ਪਹੁੰਚੇ। ਪਰ ਉੱਥੇ ਲੋਕਾਂ ਨੇ ਹਲਕਾਰਿਆਂ ਦਾ ਮਜ਼ਾਕ ਉਡਾਇਆ ਅਤੇ ਉਨ੍ਹਾਂ ਨੂੰ ਠਿੱਠ ਕੀਤੇ। 11 ਪਰ ਉਨ੍ਹਾਂ ਵਿੱਚੋਂ ਅੱਸ਼ੂਰ, ਮਨੱਸ਼ਹ ਅਤੇ ਜ਼ਬੂਲੁਨ ਇਲਾਕਿਆਂ ਦੇ ਕੁਝ ਲੋਕ ਨਿਮਰਤਾ ਪੂਰਵਕ ਯਰੂਸ਼ਲਮ ਨੂੰ ਗਏ। 12 ਯਹੂਦਾਹ ਵਿੱਚ ਵੀ ਪਰਮੇਸ਼ੁਰ ਦੀ ਸ਼ਕਤੀ ਨੇ ਲੋਕਾਂ ਨੂੰ ਇਕੱਠਿਆਂ ਕੀਤਾ ਤਾਂ ਜੋ ਉਹ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦਾ ਹੁਕਮ ਮੰਨਣ। ਇਉਂ ਇਸ ਵਿਧੀ ਉਨ੍ਹਾਂ ਯਹੋਵਾਹ ਦੇ ਬਚਨਾਂ ਹੁਕਮ ਮੰਨਿਆ।
13 ਬਹੁਤ ਸਾਰੇ ਲੋਕ ਯਰੂਸਲਮ ਵਿੱਚ ਦੂਜੇ ਮਹੀਨੇ ਵਿੱਚ ਪਤੀਰੀ ਰੋਟੀ ਦਾ ਪਰਬ ਮਨਾਉਣ ਲਈ ਇਕੱਠੇ ਹੋਏ। ਉੱਥੇ ਬਹੁਤ ਵੱਡੀ ਸਭਾ ਇੱਕਤਰ ਹੋਈ। 14 ਉਹ ਲੋਕ ਉੱਠੇ ਅਤੇ ਉਨ੍ਹਾਂ ਨੇ ਜਗਵੇਦੀਆਂ ਨੂੰ ਜੋ ਝੂਠੇ-ਦੇਵਤਿਆਂ ਦੀਆਂ ਯਰੂਸ਼ਲਮ ਵਿੱਚ ਸਨ, ਅਤੇ ਧੂਪ ਦੀਆਂ ਸਾਰੀਆਂ ਜਗਵੇਦੀਆਂ ਬਾਹਰ ਕੱਢਿਆ ਅਤੇ ਕਿਦਰੋਨ ਦੀ ਵਾਦੀ ’ਚ ਸੁੱਟ ਦਿੱਤਾ। 15 ਫ਼ਿਰ ਉਨ੍ਹਾਂ ਨੇ ਦੂਜੇ ਮਹੀਨੇ ਦੀ 14ਤਾਰੀਖ ਨੂੰ ਪਸਹ ਦੇ ਲੇਲੇ ਨੂੰ ਕਟਿਆ। ਤਾਂ ਲੇਵੀਆਂ ਅਤੇ ਜਾਜਕਾਂ ਨੇ ਸ਼ਰਮਿੰਦਿਆਂ ਹੋ ਕੇ ਆਪਣੇ ਆਪ ਨੂੰ ਪਵਿੱਤਰ ਕੀਤਾ ਅਤੇ ਫ਼ਿਰ ਉਹ ਯਹੋਵਾਹ ਦੇ ਮੰਦਰ ਲਈ ਹੋਮ ਦੀਆਂ ਭੇਟਾਂ ਲੈ ਕੇ ਆਏ। 16 ਫ਼ਿਰ ਉਨ੍ਹਾਂ ਨੇ ਜਿਵੇਂ ਪਰਮੇਸ਼ੁਰ ਦੇ ਮਨੁੱਖ, ਮੂਸਾ ਦੀ ਬਿਵਸਥਾ ਵਿੱਚ ਜਿਵੇਂ ਹਿਦਾਇਤ ਸੀ ਉਵੇਂ ਯਹੋਵਾਹ ਦੇ ਮੰਦਰ ਵਿੱਚ ਆਪੋ-ਆਪਣੇ ਥਾਂ ਨੂੰ ਪ੍ਰਾਪਤ ਕੀਤਾ ਅਤੇ ਜਾਜਕਾਂ ਨੇ ਲੇਵੀਆਂ ਦੇ ਹੱਥੋਂ ਲਹੂ ਲੈ ਕੇ ਜਗਵੇਦੀ ਉੱਪਰ ਛਿੜਕਿਆ। 17 ਸਮੂਹ ਵਿੱਚ ਅਜੇ ਵੀ ਕਾਫ਼ੀ ਲੋਕ ਅਜਿਹੇ ਸਨ, ਜਿਨ੍ਹਾਂ ਨੇ ਆਪਣੇ-ਆਪ ਨੂੰ ਪਵਿੱਤਰ ਨਹੀਂ ਕੀਤਾ ਸੀ। ਇਸ ਲਈ ਇਹ ਕੰਮ ਲੇਵੀਆਂ ਦੇ ਜੁੰਮੇ ਲੱਗਾ ਕਿ ਉਹ ਸਾਰੇ ਅਪਵਿੱਤਰ ਲੋਕਾਂ ਲਈ ਪਸਹ ਦੀਆਂ ਬਲੀਆਂ ਵੱਢਣ ਤਾਂ ਜੋ ਉਹ ਯਹੋਵਾਹ ਲਈ ਪਵਿੱਤਰ ਹੋ ਸੱਕਣ।
18-19 ਅਫ਼ਰਈਮ, ਮਨੱਸ਼ਹ, ਯਿਸਾਕਾਰ ਅਤੇ ਜ਼ਬੂਲੁਨ ਵਿੱਚੋਂ ਬਹੁਤ ਸਾਰੇ ਲੋਕ ਅਜਿਹੇ ਸਨ, ਜਿਨ੍ਹਾਂ ਨੇ ਪਸਹ ਦੇ ਪਰਬ ਲਈ ਆਪਣੇ-ਆਪ ਨੂੰ ਸਹੀ ਤਰੀਕੇ ਨਾਲ ਸਾਫ਼ ਨਹੀਂ ਸੀ ਕੀਤਾ। ਉਨ੍ਹਾਂ ਨੇ ਪਸਹ ਦੇ ਲੇਲੇ ਨੂੰ ਸਹੀ ਢੰਗ ਨਾਲ, ਮੂਸਾ ਦੀ ਬਿਵਸਥਾ ਅਨੁਸਾਰ ਨਹੀਂ ਖਾਧਾ। ਪਰ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਅਤੇ ਪ੍ਰਾਰਥਨਾ ਵਿੱਚ ਆਖਿਆ, “ਹੇ ਯਹੋਵਾਹ ਪਰਮੇਸ਼ੁਰ! ਤੂੰ ਨੇਕ ਹੈਂ! ਇਹ ਲੋਕ ਨੇਮ ਅਨੁਸਾਰ ਜਿਵੇਂ ਹਿਦਾਇਤ ਹੈ, ਉਸੇ ਸਹੀ ਤਰੀਕੇ ਨਾਲ ਤੇਰੀ ਸੇਵਾ ਕਰਨਾ ਚਾਹੁੰਦੇ ਸਨ, ਪਰ ਇਹ ਆਪਣੇ-ਆਪ ਨੂੰ ਉਸ ਸਹੀ ਢੰਗ ਨਾਲ ਸਾਫ਼ ਨਹੀਂ ਕਰ ਸੱਕੇ, ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਹੇ ਪਰਮੇਸ਼ੁਰ ਖਿਮਾ ਕਰੀਂ। ਤੂੰ ਉਹ ਪਰਮੇਸ਼ੁਰ ਹੈਂ ਜਿਸ ਨੂੰ ਸਾਡੇ ਪੁਰਖਿਆਂ ਨੇ ਮੰਨਿਆ ਸੀ। ਜੇਕਰ ਕੋਈ ਆਪਣੇ ਆਪ ਨੂੰ ਉਸ ਤਰੀਕੇ ਨਾਲ ਸਾਫ਼ ਨਹੀਂ ਕਰ ਸੱਕਿਆ ਜਿਵੇਂ ਅੱਤ ਪਵਿੱਤਰ ਅਸਥਾਨ ਦਾ ਨਿਯਮ ਆਖਦਾ ਹੈ, ਤੂੰ ਉਨ੍ਹਾਂ ਨੂੰ ਵੀ ਖਿਮਾ ਕਰੀਂ।” 20 ਯਹੋਵਾਹ ਨੇ ਹਿਜ਼ਕੀਯਾਹ ਪਾਤਸ਼ਾਹ ਦੀ ਪ੍ਰਾਰਥਨਾ ਸੁਣ ਲਈ ਅਤੇ ਉਨ੍ਹਾਂ ਲੋਕਾਂ ਨੂੰ ਖਿਮਾਂ ਕਰ ਦਿੱਤਾ। 21 ਇਸਰਾਏਲ ਦੇ ਬਾਲਕ ਜਿਹੜੇ ਯਰੂਸ਼ਲਮ ਵਿੱਚ ਮੌਜੂਦ ਸਨ, ਉਨ੍ਹਾਂ ਨੇ ਵੱਡੀ ਖੁਸ਼ੀ ਨਾਲ ਸੱਤ ਦਿਨ ਪਤੀਰੀ ਰੋਟੀ ਦਾ ਪਰਬ ਮਨਾਇਆ। ਲੇਵੀ ਅਤੇ ਜਾਜਕ ਉੱਚੇ ਸੁਰ ਵਿੱਚ ਵਾਜਿਆਂ ਦੇ ਨਾਲ ਯਹੋਵਾਹ ਦੇ ਦਰਬਾਰ ਵਿੱਚ ਹਰ ਰੋਜ਼ ਗਾ-ਗਾ ਕੇ ਉਸਦੀ ਉਸਤਤ ਕਰਦੇ ਰਹੇ। 22 ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਲੇਵੀਆਂ ਨੂੰ ਬੜਾ ਉਤਸਾਹ ਦਿੱਤਾ ਕਿਉਂ ਕਿ ਉਹ ਯਹੋਵਾਹ ਦੀ ਸੇਵਾ ਕਰਨੀ ਖੂਬ ਜਾਣਦੇ ਸਨ ਕਿ ਕਿਵੇਂ ਕਰਨੀ ਚਾਹੀਦੀ ਹੈ। ਲੋਕਾਂ ਨੇ ਸੱਤ ਦਿਨ ਇਹ ਪਰਬ ਮਨਾਇਆ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਲਈ ਧੰਨਵਾਦ ਕਰਦੇ ਰਹੇ।
23 ਸਾਰੇ ਲੋਕੀਂ ਸੱਤ ਦਿਨ ਹੋਰ ਉੱਥੇ ਰਹਿਣ ਲਈ ਤਿਆਰ ਹੋ ਗਏ। ਸੱਤ ਦਿਨ ਹੋਰ ਪਸਹ ਦਾ ਪਰਬ ਮਣਾਕੇ ਉਨ੍ਹਾਂ ਖੂਬ ਆਨੰਦ ਮਾਣਿਆ। 24 ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੇ 1,000 ਬਲਦ, ਤੇ 7,000 ਭੇਡਾਂ ਸਭਾ ਨੂੰ ਮਾਰਨ ਤੇ ਖਾਣ ਲਈ ਦਿੱਤੀਆਂ ਅਤੇ ਸਰਦਾਰਾਂ ਨੇ ਵੀ 1,000 ਬਲਦ ਅਤੇ 10,000 ਭੇਡਾਂ ਸਭਾ ਨੂੰ ਦਿੱਤੀਆਂ। ਬਹੁਤ ਸਾਰੇ ਜਾਜਕ ਵੀ ਪਵਿੱਤਰ ਸੇਵਾ ਲਈ ਤਿਆਰ ਹੋ ਗਏ। 25 ਯਹੂਦਾਹ ਦੀ ਸਾਰੀ ਸਭਾ, ਜਾਜਕ, ਲੇਵੀ ਅਤੇ ਉਹ ਸਾਰੀ ਸਭਾ ਜੋ ਇਸਰਾਏਲ ਤੋਂ ਆਈ ਅਤੇ ਉਹ ਸਾਰੇ ਯਾਤਰੀ ਜੋ ਇਸਰਾਏਲ ਤੋਂ ਆਏ ਅਤੇ ਜਿਹੜੇ ਯਹੂਦਾਹ ’ਚ ਰਹਿੰਦੇ ਸਨ ਇਹ ਸਾਰੇ ਹੀ ਲੋਕ ਬੜੇ ਖੁਸ਼ ਸਨ। 26 ਯਰੂਸ਼ਲਮ ਵਿੱਚ ਖੁਸ਼ੀ ਛਾਈ ਹੋਈ ਸੀ ਕਿਉਂ ਕਿ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਪੁੱਤਰ ਸੁਲੇਮਾਨ ਦੇ ਦਿਨਾਂ ਤੋਂ ਯਰੂਸ਼ਲਮ ਵਿੱਚ ਅਜਿਹੀ ਖੁਸ਼ੀ ਕਦੇ ਨਹੀਂ ਮਨਾਈ ਗਈ ਸੀ। 27 ਜਾਜਕ ਅਤੇ ਲੇਵੀ ਖੜ੍ਹੇ ਹੋਏ ਅਤੇ ਯਹੋਵਾਹ ਨੂੰ ਲੋਕਾਂ ਨੂੰ ਅਸੀਸ ਦੇਣ ਲਈ ਹੁਕਮ ਲਿਆ ਤਾਂ ਪਰਮੇਸ਼ੁਰ ਨੇ ਉਨ੍ਹਾਂ ਦੀ ਸੁਣੀ ਅਤੇ ਉਨ੍ਹਾਂ ਦੀ ਪ੍ਰਾਰਥਨਾ ਯਹੋਵਾਹ ਦੇ ਪਵਿੱਤਰ ਗ੍ਰਹਿ ਵਿੱਚ ਸੁਰਗਾਂ ਤੀਕ ਸੁਣੀ ਗਈ।
ਪਾਤਸ਼ਾਹ ਹਿਜ਼ਕੀਯਾਹ ਸੁਧਾਰ ਕਰਦਾ ਹੈ
31 ਜਦੋਂ ਪਸਹ ਦਾ ਪਰਬ ਸਮਾਪਤ ਹੋਇਆ ਤਾਂ ਸਾਰੇ ਇਸਰਾਏਲੀ ਜੋ ਹਾਜ਼ਰ ਸਨ, ਯਹੂਦਾਹ ਦੇ ਸ਼ਹਿਰਾਂ ਵਿੱਚ ਗਏ। ਅਤੇ ਉਨ੍ਹਾਂ ਸ਼ਹਿਰਾਂ ਵਿੱਚ ਜਿਹੜੇ ਪੱਥਰ ਦੇ ਬੁੱਤ ਦੇਵਤਿਆਂ ਦੇ ਬਣੇ ਹੋਏ ਸਨ ਉਨ੍ਹਾਂ ਨੇ ਚੂਰਾ-ਚੂਰਾ ਕਰ ਦਿੱਤੇ। ਉਨ੍ਹਾਂ ਲੋਕਾਂ ਨੇ ਅਸ਼ੀਰਾ ਦੇ ਥੰਮਾਂ ਨੂੰ ਵੀ ਢਾਹ ਸੁੱਟਿਆ। ਉੱਨ੍ਹਾਂ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸ਼ਹਿਰਾਂ ਵਿੱਚੋਂ ਉਚਿਆਂ ਥਾਵਾਂ ਅਤੇ ਜਗਵੇਦੀਆਂ ਨੂੰ ਵੀ ਢਾਹ ਸੁੱਟਿਆ। ਲੋਕਾਂ ਨੇ ਅਫ਼ਰਈਮ ਅਤੇ ਮਨੱਸ਼ਹ ਦੇ ਸ਼ਹਿਰਾਂ ਵਿੱਚ ਵੀ ਅਜਿਹਾ ਹੀ ਕੀਤਾ। ਉਹ ਲੋਕ ਇਹ ਢਾਹਾ-ਢੁਹਾਈ ਤਦ ਤੀਕ ਕਰਦੇ ਰਹੇ ਜਦ ਤੀਕ ਸ਼ਹਿਰਾਂ ਵਿੱਚੋਂ ਝੂਠੇ ਦੇਵਤਿਆਂ ਦੀ ਉਪਾਸਨਾ ਦੇ ਥਾਵਾਂ ਨੂੰ ਉਨ੍ਹਾਂ ਖਤਮ ਨਾ ਕਰ ਦਿੱਤਾ। ਉਪਰੰਤ ਸਾਰੇ ਇਸਰਾਏਲੀ ਆਪਣੇ-ਆਪਣੇ ਸ਼ਹਿਰਾਂ ਵਿੱਚ ਆਪਣੇ ਘਰਾਂ ਨੂੰ ਪਰਤ ਗਏ।
2 ਜਾਜਕਾਂ ਅਤੇ ਲੇਵੀਆਂ ਨੂੰ ਦਲਾਂ ਵਿੱਚ ਵੰਡਿਆਂ ਗਿਆ ਅਤੇ ਹਰ ਦਲ ਦਾ ਆਪੋ-ਆਪਣਾ ਕੰਮ ਸੀ ਜਿਹੜਾ ਉਨ੍ਹਾਂ ਨੂੰ ਸੌਂਪਿਆ ਗਿਆ। ਤਾਂ ਪਾਤਸ਼ਾਹ ਨੇ ਇਨ੍ਹਾਂ ਦਲਾਂ ਨੂੰ ਮੁੜ ਤੋਂ ਆਪੋ-ਆਪਣਾ ਕਾਰਜ ਸ਼ੁਰੂ ਕਰਨ ਨੂੰ ਕਿਹਾ। ਤਾਂ ਜਾਜਕਾਂ ਅਤੇ ਲੇਵੀਆਂ ਨੇ ਮੁੜ ਤੋਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਦਾ ਕਾਰਜ ਸ਼ੁਰੂ ਕੀਤਾ। ਅਤੇ ਲੇਵੀਆਂ ਨੇ ਮੰਦਰ ਵਿੱਚਲੀ ਸੇਵਾ, ਗਾਉਣ-ਵਜਾਉਣ ਅਤੇ ਪਰਮੇਸ਼ੁਰ ਦੇ ਜਸ ਦਾ ਗਾਨ ਯਹੋਵਾਹ ਦੇ ਭਵਨ ਤੋਂ ਫਾਟਕਾਂ ਤੀਕ ਦਾ ਕਾਰਜ ਸ਼ੁਰੂ ਕੀਤਾ। 3 ਹਿਜ਼ਕੀਯਾਹ ਨੇ ਹੋਮ ਦੀਆਂ ਭੇਟਾਂ ਲਈ ਕੁਝ ਆਪਣੇ ਜਾਨਵਰ ਵੀ ਭੇਟ ਕੀਤੇ। ਇਹ ਜਾਨਵਰ ਸਵੇਰ ਅਤੇ ਸ਼ਾਮ ਦੀਆਂ ਹੋਮ ਭੇਟਾਂ ਲਈ ਵਰਤੇ ਜਾਂਦੇ ਸਨ। ਇਹ ਜਾਨਵਰ ਸਬਤ ਦੇ ਦਿਨ, ਅਮਸਿਆ ਦੇ ਪਰਬ ਅਤੇ ਹੋਰ ਖਾਸ ਪਰਬਾਂ ਤੇ ਭੇਟ ਕੀਤੇ ਜਾਂਦੇ ਸਨ। ਇਹ ਸਭ ਕੁਝ ਉਵੇਂ ਹੁੰਦਾ ਜਿਵੇਂ ਯਹੋਵਾਹ ਦੀ ਬਿਵਸਥਾ ਵਿੱਚ ਲਿਖਿਆ ਹੈ।
4 ਲੋਕਾਂ ਨੂੰ ਆਪਣੀਆਂ ਫ਼ਸਲਾਂ ਅਤੇ ਹੋਰ ਵਸਤਾਂ ਵਿੱਚੋਂ ਕੁਝ ਹਿੱਸਾ ਜਾਜਕਾਂ ਅਤੇ ਲੇਵੀਆਂ ਨੂੰ ਵੀ ਦੇਣਾ ਪੈਂਦਾ ਸੀ। ਹਿਜ਼ਕੀਯਾਹ ਦਾ ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਨੂੰ ਇਹ ਹੁਕਮ ਸੀ ਕਿ ਉਹ ਆਪਣੇ ਹਿੱਸੇ ਵਿੱਚੋਂ ਉਨ੍ਹਾਂ ਨੂੰ ਵੀ ਦੇਣ। ਇਸ ਤਰ੍ਹਾਂ ਜਾਜਕ ਅਤੇ ਲੇਵੀ ਯਹੋਵਾਹ ਦੀ ਬਿਵਸਥਾ ਵਿੱਚ ਸਾਰਾ ਦਿਨ ਉਸ ਬਿਵਸਥਾ ਅਨੁਸਾਰ ਕੰਮ ਕਰਦੇ ਸਨ। 5 ਸਾਰੇ ਦੇਸ਼ ਵਿੱਚ ਇਸ ਹੁਕਮ ਦੀ ਖਬਰ ਫ਼ੈਲ ਗਈ। ਤਦ ਇਸਰਾਏਲ ਦੇ ਲੋਕਾਂ ਨੇ ਅਨਾਜ ਦੀ ਫ਼ਸਲ ਦਾ ਪਹਿਲਾ ਹਿੱਸਾ, ਅੰਗਰੂ, ਤੇਲ, ਸ਼ਹਿਦ ਅਤੇ ਹੋਰ ਜੋ ਕੁਝ ਵੀ ਉਹ ਆਪਣੇ ਖੇਤਾਂ ਵਿੱਚ ਪੈਦਾ ਕਰਦੇ ਸਨ ਦੇਣਾ ਸ਼ੁਰੂ ਕੀਤਾ। ਉਹ ਇਨ੍ਹਾਂ ਸਭਨਾਂ ਵਸਤਾਂ ਦਾ ਦਸਵੰਧ ਲੈ ਕੇ ਆਉਂਦੇ। 6 ਇਸਰਾਏਲ ਅਤੇ ਯਹੂਦਾਹ ਦੇ ਮਨੁੱਖ ਜੋ ਯਹੂਦਾਹ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ ਉਹ ਵੀ ਆਪਣੇ ਪਸ਼ੂਆਂ ਦਾ ਦਸਵੰਧ ਲੈ ਕੇ ਆਉਂਦੇ ਸਨ। ਉਹ ਉਨ੍ਹਾਂ ਪਵਿੱਤਰ ਵਸਤਾਂ ਦਾ ਦਸਵੰਧ ਜੋ ਯਹੋਵਾਹ ਉਨ੍ਹਾਂ ਦੇ ਪਰਮੇਸ਼ੁਰ ਲਈ ਪਵਿੱਤਰ ਕੀਤੀ ਹੋਈਆਂ ਸਨ ਉਹ ਵੀ ਲਿਆਏ ਅਤੇ ਲਿਆ ਕੇ ਉਨ੍ਹਾਂ ਦੇ ਢੇਰ ਲਗਾ ਦਿੱਤੇ।
7 ਲੋਕਾਂ ਨੇ ਇਹ ਵਸਤਾਂ ਤੀਜੇ ਮਹੀਨੇ ਵਿੱਚ ਲਿਆਉਣੀਆਂ ਸ਼ੁਰੂ ਕੀਤੀਆਂ ਅਤੇ ਸੱਤਵੇਂ ਮਹੀਨੇ ਵਿੱਚ ਇਹ ਸਭ ਵਸਤਾਂ ਲਿਆਉਣੀਆਂ ਬੰਦ ਕਰ ਦਿੱਤੀਆਂ। 8 ਜਦੋਂ ਪਾਤਸ਼ਾਹ ਹਿਜ਼ਕੀਯਾਹ ਅਤੇ ਸਰਦਾਰ ਆਏ, ਤਾਂ ਉਨ੍ਹਾਂ ਨੇ ਵਸਤਾਂ ਦੇ ਅੰਬਾਰ ਲੱਗੇ ਦੇਖੇ। ਤਾਂ ਉਨ੍ਹਾਂ ਨੇ ਯਹੋਵਾਹ ਅਤੇ ਉਸ ਦੇ ਲੋਕਾਂ, ਇਸਰਾਏਲੀਆਂ ਦੀ ਉਸਤਤ ਕੀਤੀ।
9 ਤਦ ਪਾਤਸ਼ਾਹ ਨੇ ਜਾਜਕਾਂ ਅਤੇ ਲੇਵੀਆਂ ਕੋਲੋਂ ਵਸਤਾਂ ਦੇ ਢੇਰਾਂ ਬਾਰੇ ਪੁੱਛਿਆ। 10 ਤਾਂ ਅਜ਼ਰਯਾਹ ਜੋ ਪਰਧਾਨ ਜਾਜਕ ਅਤੇ ਜੋ ਸਾਦੋਕ ਦੇ ਘਰਾਣੇ ਦਾ ਸੀ, ਨੇ ਉਸ ਨੂੰ ਆਖਿਆ, “ਜਦੋਂ ਤੋਂ ਯਹੋਵਾਹ ਦੇ ਮੰਦਰ ਵਿੱਚ ਚੁੱਕਣ ਦੀਆਂ, ਭੇਟਾ ਲਿਆਉਣੀਆਂ ਸ਼ੁਰੂ ਕੀਤੀਆਂ ਹਨ, ਤਦ ਤੋਂ ਅਸੀਂ ਬਹੁਤ ਕੁਝ ਖਾਂਦੇ ਰਹੇ ਹਾਂ ਅਤੇ ਢੇਰ ਸਾਰਾ ਬਚ ਵੀ ਰਿਹਾ ਹੈ ਕਿਉਂ ਕਿ ਯਹੋਵਾਹ ਨੇ ਆਪਣੇ ਲੋਕਾਂ ਨੂੰ ਬਰਕਤ ਬਖਸ਼ੀ ਹੈ। ਇਹੀ ਕਾਰਨ ਹੈ ਕਿ ਅਜੇ ਵੀ ਇੰਨਾ ਢੇਰ ਬਚਿਆ ਪਿਆ ਹੈ।”
11 ਤਦ ਹਿਜ਼ਕੀਯਾਹ ਨੇ ਜਾਜਕਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਗੋਦਾਮ ਤਿਆਰ ਕਰਾਉਣ ਦਾ ਹੁਕਮ ਦਿੱਤਾ। ਤਾਂ ਅਜਿਹਾ ਹੀ ਕੀਤਾ ਗਿਆ। 12 ਉਹ ਚੁੱਕਣ ਦੀਆਂ ਭੇਟਾਂ ਅਤੇ ਦਸਵੰਧ ਅਤੇ ਪਵਿੱਤਰ ਕੀਤੀਆਂ ਹੋਈਆਂ ਚੀਜ਼ਾਂ ਸਿਆਣਪ ਨਾਲ ਯਹੋਵਾਹ ਦੇ ਮੰਦਰ ਦੇ ਗੋਦਾਮਾਂ ਵਿੱਚ ਸੰਭਾਲਿਆ ਗਿਆ। ਇਹ ਸਾਰੀ ਚੜ੍ਹਤ ਦਾ ਕਾਨਨਯਾਹ ਲੇਵੀ ਹਾਕਮ ਸੀ ਅਤੇ ਦੂਜੇ ਨੰਬਰ ਤੇ ਸ਼ਮਈ ਸੀ ਜੋ ਇਸ ਸਭ ਦਾ ਹਾਕਮ ਸੀ। ਸ਼ਮਈ ਕਾਨਨਯਾਹ ਦਾ ਭਰਾ ਸੀ। 13 ਕਾਨਨਯਾਹ ਅਤੇ ਉਸਦਾ ਭਰਾ ਸ਼ਮਈ ਇਨ੍ਹਾਂ ਲੋਕਾਂ ਉੱਪਰ ਹਾਕਮ ਸਨ: ਯਹੀਏਲ, ਅਜ਼ਜ਼ਯਾਹ, ਨਹਥ, ਅਸਾਹੇਲ, ਯਰੀਮੋਥ, ਯੋਜ਼ਾਬਾਦ, ਏਲੀਏਲ, ਯਿਸਮਕਯਾਹ, ਮਹਥ ਅਤੇ ਬਨਾਯਾਹ। ਹਿਜ਼ਕੀਯਾਹ ਪਾਤਸ਼ਾਹ ਅਤੇ ਯਹੋਵਾਹ ਦੇ ਮੰਦਰ ਦਾ ਕਰਮਚਾਰੀ ਅਜ਼ਰਯਾਹ ਨੇ ਉਨ੍ਹਾਂ ਆਦਮੀਆਂ ਨੂੰ ਚੁਣਿਆ।
14 ਯਿਮਨਾਹ ਦਾ ਪੁੱਤਰ ਕੋਰੇ ਲੇਵੀ ਦੇ ਪੂਰਬੀ ਫ਼ਾਟਕ ਉੱਪਰ ਦਰਬਾਨ ਸੀ। ਉਹ ਯਹੋਵਾਹ ਦੀਆਂ ਖੁਸ਼ੀ ਦੀਆਂ ਭੇਟਾ, ਵੰਡਵਾਈ, ਦਾਨ ਅਤੇ ਯਹੋਵਾਹ ਨੂੰ ਚੜ੍ਹਾਈਆਂ ਪਵਿੱਤਰ ਸੁਗਾਤਾਂ ਦੀ ਦੇਖਭਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ। 15 ਅਦਨ, ਮਿਨਯਾਮੀਨ, ਯੇਸ਼ੂਆ, ਸ਼ਮਅਯਾਹ, ਅਮਰਯਾਹ ਅਤੇ ਸ਼ਕਨਯਾਹ ਕੋਰੇ ਦੀ ਮਦਦ ਲਈ ਸਨ। ਇਨ੍ਹਾਂ ਆਦਮੀਆਂ ਨੇ ਸ਼ਹਿਰਾਂ ਵਿੱਚ ਜਿੱਥੇ ਜਾਜਕ ਰਹਿੰਦੇ ਸਨ, ਬੜੀ ਵਫ਼ਾਦਾਰੀ ਨਾਲ ਸੇਵਾ ਕੀਤੀ। ਉਹ ਜਾਜਕਾਂ ਦੇ ਹਰ ਦਲ ਵਿੱਚ, ਉਨ੍ਹਾਂ ਦੇ ਸਬੰਧੀਆਂ ਨੂੰ ਚਾਹੇ ਉਹ ਵੱਡਾ ਸੀ ਜਾਂ ਛੋਟਾ ਸਭ ਨੂੰ ਬਰਾਬਰੀ ਨਾਲ ਵਾਰੀ ਮੁਤਾਬਕ ਵਫ਼ਾਦਾਰੀ ਨਾਲ਼ ਹਿੱਸਾ ਦਿੰਦੇ ਸਨ।
16 ਇਨ੍ਹਾਂ ਤੋਂ ਇਲਾਵਾ ਉਨ੍ਹਾਂ ਨੇ ਤਿੰਨਾਂ ਸਾਲਾਂ ਦੇ ਜਾਂ ਤਿੰਨਾਂ ਸਾਲਾਂ ਦੇ ਉੱਪਰ ਜੋ ਆਦਮੀ ਸਨ ਅਤੇ ਜਿਨ੍ਹਾਂ ਦਾ ਲੇਵੀ ਘਰਾਣੇ ਦੇ ਇਤਹਾਸ ਵਿੱਚ ਨਾਂ ਦਰਜ ਸੀ, ਉਨ੍ਹਾਂ ਨੂੰ ਵੀ ਵਸਤਾਂ ਵਿੱਚੋਂ ਹਿੱਸਾ ਦਿੱਤਾ। ਇਨ੍ਹਾਂ ਸਾਰੇ ਆਦਮੀਆਂ ਨੂੰ ਯਹੋਵਾਹ ਦੇ ਮੰਦਰ ਵਿੱਚ ਰੋਜ਼ਾਨਾ ਸੇਵਾ ਕਰਨ ਲਈ ਜਾਣਾ ਹੁੰਦਾ ਸੀ, ਜਿਹੜੀ ਕਿ ਉਨ੍ਹਾਂ ਨੂੰ ਸੌਂਪੀ ਗਈ ਹੁੰਦੀ ਸੀ। ਹਰ ਲੇਵੀ ਦਲ ਦੀ ਆਪੋ-ਆਪਣੀ ਜੁੰਮੇਵਾਰੀ ਸੀ। 17 ਜਾਜਕਾਂ ਨੂੰ ਵੀ ਉਨ੍ਹਾਂ ਦਾ ਹਿੱਸਾ ਬਰਾਬਰ ਮਿਲਦਾ। ਇਹ ਉਵੇਂ ਹੋਇਆ ਜਿਵੇਂ ਉਹ ਘਰਾਣਿਆਂ ਦੇ ਇਤਹਾਸ ਦੀ ਸੂਚੀ ਵਿੱਚ ਜੋ ਜਾਜਕਾਂ ਵਿੱਚ ਗਿਣੇ ਗਏ ਸਨ ਅਤੇ ਲੇਵੀਆਂ ਨੂੰ ਵੀ ਜੋ ਵੀਹਾਂ ਸਾਲਾਂ ਦੇ ਜਾਂ ਇਸ ਤੋਂ ਉੱਪਰ ਦੇ ਸਨ ਅਤੇ ਆਪਣੀ ਵਾਰੀ ਉੱਤੇ ਸੇਵਾ ਕਰਦੇ ਸਨ। 18 ਲੇਵੀਆਂ ਦੇ ਬਾਲਾਂ, ਤੀਵੀਆਂ, ਪੁੱਤਰਾਂ ਅਤੇ ਧੀਆਂ ਨੂੰ ਵੀ ਇਸ ਢੇਰ ਵਿੱਚੋਂ ਹਿੱਸਾ ਮਿਲਿਆ। ਇਹ ਹਿੱਸਾ ਉਨ੍ਹਾਂ ਸਾਰੇ ਲੇਵੀਆਂ ਨੂੰ ਮਿਲਿਆ, ਜਿਨ੍ਹਾਂ ਦਾ ਨਾਂ ਘਰਾਣੇ ਦੇ ਇਤਹਾਸ ਵਿੱਚ ਅੰਕਿਤ ਸੀ। ਕਿਉਂ ਕਿ ਲੇਵੀ ਹਮੇਸ਼ਾ ਆਪਣੇ-ਆਪ ਨੂੰ ਪਵਿੱਤਰ ਅਤੇ ਯਹੋਵਾਹ ਦੀ ਸੇਵਾ ਲਈ ਤਿਆਰ ਰੱਖਦੇ ਸਨ ਅਤੇ ਉਸ ਲਈ ਵਫਾਦਾਰੀ ਨਾਲ ਕੰਮ ਕਰਦੇ ਸਨ।
19 ਕੁਝ ਹਾਰੂਨ ਦੇ ਉੱਤਰਾਧਿਕਾਰੀਆਂ, ਜਾਜਕਾਂ ਦੇ ਸ਼ਹਿਰਾਂ ਕੋਲ ਖੇਤ ਸਨ ਜਿੱਥੇ ਕਿ ਲੇਵੀ ਰਹਿ ਰਹੇ ਸਨ ਅਤੇ ਕੁਝ ਹਾਰੂਨ ਦੇ ਉੱਤਰਾਧਿਕਾਰੀ ਸ਼ਹਿਰਾਂ ਵਿੱਚ ਵੀ ਰਹਿੰਦੇ ਸਨ। ਕਈਆਂ ਆਦਮੀਆਂ ਦੇ ਨਾਉਂ ਦਸ ਦਿੱਤੇ ਗਏ ਕਿ ਉਸ ਹਰ ਸ਼ਹਿਰ ਵਿੱਚ ਹਾਰੂਨ ਦੇ ਉੱਤਰਾਧਿਕਾਰੀਆਂ ਨੂੰ ਵੀ ਇਸ ਢੇਰ ਦਾ ਹਿੱਸਾ ਮਿਲੇ। ਤਾਂ ਉਨ੍ਹਾਂ ਸਾਰੇ ਆਦਮੀਆਂ ਅਤੇ ਉਨ੍ਹਾਂ ਸਾਰੇ ਮਨੁੱਖਾਂ ਜਿਨ੍ਹਾਂ ਦਾ ਲੇਵੀਆਂ ਦੇ ਘਰਾਣੇ ਦੇ ਇਤਹਾਸ ਵਿੱਚ ਨਾਂ ਅੰਕਿਤ ਸੀ, ਨੂੰ ਇਸ ਢੇਰ ਦਾ ਹਿੱਸਾ ਪ੍ਰਾਪਤ ਹੋਇਆ।
20 ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਸਾਰੇ ਯਹੂਦਾਹ ਵਿੱਚੋਂ ਅਜਿਹੇ ਨੇਕ ਕੰਮ ਕੀਤੇ। ਉਸ ਨੇ ਜੋ ਕੰਮ ਨੇਕ ਅਤੇ ਠੀਕ ਸੀ ਉਹੀ ਕੀਤੇ ਅਤੇ ਯਹੋਵਾਹ ਉਸ ਦੇ ਪਰਮੇਸ਼ੁਰ ਅੱਗੇ ਹਮੇਸ਼ਾ ਵਫ਼ਾਦਾਰ ਰਿਹਾ। 21 ਉਸ ਨੇ ਜਿਹੜਾ ਵੀ ਕੰਮ ਸ਼ੁਰੂ ਕੀਤਾ, ਉਸ ਨੂੰ ਸਫ਼ਲਤਾ ਮਿਲੀ। ਭਾਵ ਸੇਵਾ, ਬਿਵਸਥਾ, ਹੁਕਮ ਅਤੇ ਪਰਮੇਸ਼ੁਰ ਦੀ ਭਾਲ ਇਹ ਸਾਰੇ ਕਾਰਜ ਉਸ ਨੇ ਦਿਲੋਂ ਕੀਤੇ ਅਤੇ ਉਸ ਨੂੰ ਸਫ਼ਲਤਾ ਮਿਲੀ।
ਅੱਸ਼ੂਰ ਦੇ ਪਾਤਸ਼ਾਹ ਦਾ ਹਿਜ਼ਕੀਯਾਹ ਨੂੰ ਤੰਗ ਕਰਨਾ
32 ਇਹ ਸਾਰੇ ਕੰਮ ਜਦੋਂ ਹਿਜ਼ਕੀਯਾਹ ਨੇ ਸ਼ਰਧਾ ਨਾਲ ਮੁਕੰਮਲ ਕੀਤੇ, ਤਾਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਯਹੂਦਾਹ ਦੇਸ ਵਿੱਚ ਹਮਲਾ ਕਰ ਦਿੱਤਾ। ਸਨਹੇਰੀਬ ਅਤੇ ਉਸਦੀ ਸੈਨਾ ਨੇ ਕਿਲੇ ਦੇ ਬਾਹਰ ਡੇਰੇ ਲਾ ਲਏ। ਇਹ ਵਿਉਂਤ ਉਸ ਨੇ ਉਨ੍ਹਾਂ ਸ਼ਹਿਰਾਂ ਨੂੰ ਹਰਾਉਣ ਲਈ ਬਣਾਈ। ਕਿਉਂ ਜੋ ਉਹ ਇਨ੍ਹਾਂ ਸ਼ਹਿਰਾਂ ਨੂੰ ਆਪਣੇ ਲਈ ਜਿੱਤਣਾ ਚਾਹੁੰਦਾ ਸੀ। 2 ਹਿਜ਼ਕੀਯਾਹ ਜਾਣ ਗਿਆ ਕਿ ਸਨਹੇਰੀਬ ਯਰੂਸ਼ਲਮ ਉੱਪਰ ਹਮਲਾ ਕਰਨ ਲਈ ਆਇਆ ਹੈ। 3 ਤਦ ਪਾਤਸ਼ਾਹ ਨੇ ਆਪਣੇ ਸਰਦਾਰਾਂ ਅਤੇ ਸੈਨਾਪਤੀਆਂ ਨਾਲ ਗੱਲ ਕੀਤੀ। ਉਨ੍ਹਾਂ ਸਾਰਿਆਂ ਨੇ ਮਿਲ ਕੇ ਪਾਣੀ ਦੇ ਝਰਨਿਆਂ ਨੂੰ ਬੰਦ ਕਰਨ ਦੀ ਯੋਜਨਾ ਬਣਾਈ ਜੋ ਕਿ ਸ਼ਹਿਰ ਤੋਂ ਬਾਹਰ ਸਨ। ਤਾਂ ਉਨ੍ਹਾਂ ਸਰਦਾਰਾਂ ਅਤੇ ਸੈਨਾ ਦੇ ਮੁਖੀਆਂ ਨੇ ਉਸ ਦੀ ਮਦਦ ਕੀਤੀ। 4 ਕਾਫ਼ੀ ਸਾਰੇ ਲੋਕ ਇਕੱਠੇ ਹੋ ਕੇ ਆਏ ਤੇ ਉਨ੍ਹਾਂ ਨੇ ਮਿਲਕੇ ਸਾਰੇ ਝਰਨੇ ਅਤੇ ਨਹਿਰਾਂ ਜਿਹੜੀਆਂ ਉਸ ਦੇਸ ਵਿੱਚਾਲਿਓਂ ਵਗਦੀਆਂ ਸਨ ਉਨ੍ਹਾਂ ਨੂੰ ਡਕਾ ਲਾ ਦਿੱਤਾ। ਉਨ੍ਹਾਂ ਕਿਹਾ, “ਜਦੋਂ ਅੱਸ਼ੂਰ ਦਾ ਪਾਤਸ਼ਾਹ ਇੱਥੇ ਆਵੇਗਾ ਤਾਂ ਉਹ ਇੱਥੇ ਪਾਣੀ ਦੀ ਕਿੱਲਤ ਮਹਿਸੂਸ ਕਰੇਗਾ।” 5 ਹਿਜ਼ਕੀਯਾਹ ਨੇ ਯਰੂਸ਼ਲਮ ਨੂੰ ਮਜ਼ਬੂਤ ਕੀਤਾ। ਯਰੂਸ਼ਲਮ ਨੂੰ ਮਜ਼ਬੂਰ ਕਰਨ ਲਈ ਉਸ ਨੇ ਇਹ ਕੁਝ ਕੀਤਾ: ਜਿਹੜੀ ਦੀਵਾਰ ਟੁੱਟ ਗਈ ਸੀ ਪਾਤਸ਼ਾਹ ਨੇ ਮੁੜ ਤੋਂ ਟੁੱਟੀ ਦੀਵਾਰ ਨੂੰ ਬਣਵਾਇਆ। ਦੀਵਾਰਾਂ ਉੱਪਰ ਬੁਰਜ ਬਣਵਾਏ ਅਤੇ ਉਸ ਦੇ ਬਾਹਰ ਵਾਰ ਇੱਕ ਹੋਰ ਦੀਵਾਰ ਬਣਵਾਈ। ਉਸ ਨੇ ਦਾਊਦ ਦੇ ਸ਼ਹਿਰ ਮਿੱਲੋ ਨੂੰ ਪੱਕਿਆਂ ਕਰਵਾਇਆ ਅਤੇ ਬਹੁਤ ਸਾਰੇ ਸ਼ਸਤਰ ਅਤੇ ਢਾਲਾਂ ਬਣਵਾਈਆਂ। 6-7 ਉਸ ਨੇ ਲੋਕਾਂ ਉੱਪਰ ਸੈਨਾ ਦੇ ਸਰਦਾਰ ਮੁਕੱਰਰ ਕੀਤੇ ਅਤੇ ਇਨ੍ਹਾਂ ਸਰਦਾਰਾਂ ਨੂੰ ਉਹ ਸ਼ਹਿਰ ਦੇ ਫ਼ਾਟਕ ਦੇ ਖੁੱਲ੍ਹੇ ਮੈਦਾਨ ਵਿੱਚ ਮਿਲਿਆ। ਹਿਜ਼ਕੀਯਾਹ ਉਨ੍ਹਾਂ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਹੌਂਸਲਾ-ਉਤਸਾਹ ਦਿੱਤਾ ਅਤੇ ਕਿਹਾ, “ਤੁਸੀਂ ਤਕੜੇ ਅਤੇ ਬਹਾਦੁਰ ਬਣੋ! ਅੱਸ਼ੂਰ ਦੇ ਪਾਤਸ਼ਾਹ ਬਾਰੇ ਨਾ ਚਿੰਤਤ ਹੋਵੋ ਤੇ ਨਾ ਹੀ ਉਸ ਕੋਲੋਂ ਡਰੋ, ਨਾ ਹੀ ਉਸਦੀ ਵੱਡੀ ਫ਼ੌਜ ਵੇਖਕੇ ਭੈਅ ਖਾਣਾ। ਅੱਸ਼ੂਰ ਦੇ ਪਾਤਸ਼ਾਹ ਦੀ ਸ਼ਕਤੀ ਤੋਂ ਵੱਡੀ ਤਾਕਤ ਸਾਡੇ ਨਾਲ ਹੈ। 8 ਅੱਸ਼ੂਰ ਦੇ ਪਾਤਸ਼ਾਹ ਕੋਲ ਤਾਂ ਸਿਰਫ਼ ਫ਼ੌਜ ਹੈ ਪਰ ਸਾਡੇ ਨਾਲ ਯਹੋਵਾਹ ਸਾਡਾ ਪਰਮੇਸ਼ੁਰ ਹੈ। ਸਾਡਾ ਪਰਮੇਸ਼ੁਰ ਸਾਡੀ ਰੱਖਿਆ ਕਰੇਗਾ। ਸਾਡੀ ਜੰਗ ਉਹ ਆਪ ਲੜੇਗਾ।” ਇਉਂ ਹਿਜ਼ਕੀਯਾਹ ਪਾਤਸ਼ਾਹ ਨੇ ਉਨ੍ਹਾਂ ਨੂੰ ਹੌਂਸਲਾ ਦੇ ਕੇ ਉਨ੍ਹਾਂ ਨੂੰ ਪੱਕਿਆਂ ਕੀਤਾ।
9 ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਨੇ ਜੋ ਆਪਣੀ ਫ਼ੌਜ ਸਮੇਤ ਸੀ, ਲਕੀਸ਼ ਦੇ ਸਾਹਮਣੇ ਡੇਰੇ ਲਾ ਲਏ ਤਾਂ ਜੋ ਵੈਰੀਆਂ ਨੂੰ ਹਰਾ ਸੱਕਣ। ਫ਼ਿਰ ਸਨਹੇਰੀਬ ਨੇ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਅਤੇ ਸਾਰੇ ਯਹੂਦਾਹ ਦੇ ਲੋਕਾਂ ਜੋ ਯਰੂਸ਼ਲਮ ਵਿੱਚ ਸਨ, ਕੋਲ ਆਪਣੇ ਹਲਕਾਰੇ ਭੇਜੇ। ਉਸ ਦੇ ਹਲਕਾਰਿਆਂ ਕੋਲ ਪਾਤਸ਼ਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਯਹੂਦੀਆਂ ਲਈ ਸੰਦੇਸ਼ਾ ਸੀ ਜੋ ਉਹ ਲੈ ਕੇ ਆਏ।
10 ਤਾਂ ਸੰਦੇਸ਼ਵਾਹਕਾਂ ਨੇ ਕਿਹਾ, “ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਇਉਂ ਆਖਦਾ ਹੈ: ‘ਤੁਸੀਂ ਕਿਸ ਉੱਤੇ ਭਰੋਸਾ ਕਰਦੇ ਹੋ, ਕਿ ਤੁਸੀਂ ਯਰੂਸ਼ਲਮ ਵਿੱਚ ਹਮਲੇ ਹੇਠਾਂ ਬੈਠੇ ਹੋ? 11 ਕੀ ਹਿਜ਼ਕੀਯਾਹ ਤੁਹਾਨੂੰ ਗੁਮਰਾਹ ਨਹੀਂ ਕਰ ਰਿਹਾ ਤਾਂ ਜੋ ਉਹ ਤੁਹਾਨੂੰ ਕਾਲ ਜਾਂ ਪਿਆਸ ਨਾਲ ਮਰਨ ਦੇਵੇ ਜਦੋਂ ਉਹ ਆਖਦਾ, “ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਅੱਸ਼ੂਰ ਦੇ ਰਾਜੇ ਦੇ ਹੱਥੋਂ ਬਚਾਵੇਗਾ।” 12 ਹਿਜ਼ਕੀਯਾਹ ਨੇ ਖੁਦ ਯਹੋਵਾਹ ਦੇ ਉੱਚੇ ਅਸਥਾਨਾਂ ਅਤੇ ਜਗਵੇਦੀਆਂ ਨੂੰ ਢਾਹਿਆ ਸੀ ਅਤੇ ਤੁਹਾਨੂੰ ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਆਖਿਆ ਸੀ ਕਿ ਤੁਸੀਂ ਇੱਕੋ ਹੀ ਜਗਵੇਦੀ ਅੱਗੇ ਮੱਥਾ ਟੇਕੋ ਅਤੇ ਧੂਪ ਧੁਖਾਓ। 13 ਤੁਸੀਂ ਜਾਣਦੇ ਹੋ ਕਿ ਮੈਂ ਅਤੇ ਮੇਰੇ ਪੁਰਖਿਆਂ ਨੇ ਸਾਰਿਆਂ ਲੋਕਾਂ ਅਤੇ ਦੇਸਾਂ ਲਈ ਕੀ-ਕੀ ਨਹੀਂ ਕੀਤਾ। ਦੂਜੇ ਦੇਸਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਵੀ ਨਹੀਂ ਬਚਾਅ ਸੱਕੇ ਅਤੇ ਨਾ ਹੀ ਮੈਨੂੰ ਉਹ ਉਨ੍ਹਾਂ ਦੇ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ। 14 ਮੇਰੇ ਪੁਰਖਿਆਂ ਨੇ ਉਨ੍ਹਾਂ ਰਾਜਾਂ ਨੂੰ ਨਸ਼ਟ ਕੀਤਾ ਤੇ ਅਜਿਹਾ ਕੋਈ ਦੇਵਤਾਂ ਨਹੀਂ ਹੋਇਆ ਜੋ ਮੈਨੂੰ ਲੋਕਾਂ ਨੂੰ ਨਸ਼ਟ ਕਰਨ ਤੋਂ ਰੋਕ ਸੱਕੇ। ਤਾਂ ਤੁਸੀਂ ਕੀ ਸੋਚਦੇ ਹੋਂ ਕਿ ਕੀ ਤੁਹਾਡਾ ਪਰਮੇਸ਼ੁਰ ਤੁਹਾਨੂੰ 15 ਮੇਰੇ ਤੋਂ ਬਚਾਅ ਲਵੇਗਾ? ਤੁਸੀਂ ਹਿਜ਼ਕੀਯਾਹ ਦੇ ਆਖੇ ਲੱਗ ਕੇ ਮੂਰਖ ਨਾ ਬਣੋ। ਉਸ ਤੇ ਭਰੋਸਾ ਨਾ ਕਰੋ ਕਿਉਂ ਕਿ ਕਿਸੇ ਵੀ ਦੇਸ ਜਾਂ ਰਾਜ ਦਾ ਪਰਮੇਸ਼ੁਰ ਅੱਜ ਤੀਕ ਮੇਰੇ ਤੋਂ ਜਾਂ ਮੇਰੇ ਵੱਡੇਰਿਆਂ ਤੋਂ ਆਪਣੇ ਲੋਕਾਂ ਨੂੰ ਸੁਰੱਖਿਅਤ ਨਹੀਂ ਰੱਖ ਸੱਕਿਆ। ਸੋ ਤੁਸੀਂ ਇਸ ਵਹਿਮ ਵਿੱਚ ਨਾ ਰਹੋ ਕਿ ਤੁਹਾਡਾ ਪਰਮੇਸ਼ੁਰ ਤੁਹਾਡਾ ਨਾਸ ਮੇਰੇ ਹੱਥੋਂ ਕਰਨ ਤੋਂ ਤੁਹਾਨੂੰ ਬਚਾਅ ਲਵੇਗਾ।’”
16 ਅੱਸ਼ੂਰ ਦੇ ਪਾਤਸ਼ਾਹ ਦੇ ਸੇਵਕਾਂ ਨੇ ਯਹੋਵਾਹ ਪਰਮੇਸ਼ੁਰ ਦੇ ਵਿਰੁੱਧ ਅਤੇ ਉਸ ਦੇ ਸੇਵਕ ਹਿਜ਼ਕੀਯਾਹ ਦੇ ਵਿਰੁੱਧ ਹੋਰ ਬਹੁਤ ਸਾਰੀਆਂ ਗੱਲਾਂ ਆਖੀਆਂ। 17 ਅੱਸ਼ੂਰ ਦੇ ਪਾਤਸ਼ਾਹ ਨੇ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਨਿਰਾਦਰੀ ਕਰਨ ਲਈ ਚਿੱਠੀਆਂ ਵੀ ਭੇਜੀਆਂ, “ਜਿਵੇਂ ਕਿ ਹੋਰਨਾਂ ਕੌਮਾਂ ਦੇ ਦੇਵਤੇ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇ ਤਿਵੇਂ ਹਿਜ਼ਕੀਯਾਹ ਦਾ ਪਰਮੇਸ਼ੁਰ ਵੀ ਆਪਣੇ ਲੋਕਾਂ ਨੂੰ ਮੇਰੇ ਹੱਥੋਂ ਨਹੀਂ ਬਚਾ ਸੱਕੇਗਾ।” 18 ਤਦ ਅੱਸ਼ੂਰ ਦੇ ਪਾਤਸ਼ਾਹ ਦੇ ਸੇਵਕ ਯਰੂਸ਼ਲਮ ਦੇ ਲੋਕਾਂ ਨੂੰ ਜਿਹੜੇ ਕਿ ਕੰਧ ਉੱਤੇ ਸਨ, ਜ਼ੋਰ-ਜ਼ੋਰ ਦੀ ਬੋਲਕੇ ਸੁਨਾਉਣ ਲੱਗੇ। ਉਨ੍ਹਾਂ ਨੇ ਉੱਚੀ ਆਵਾਜ਼ ਵਿੱਚ ਯਹੂਦੀਆਂ ਦੀ ਬੋਲੀ ਵਿੱਚ ਯਰੂਸ਼ਲਮ ਦੇ ਲੋਕਾਂ ਨੂੰ ਸੁਣਾਇਆ। ਇਹ ਸਭ ਕੁਝ ਉਨ੍ਹਾਂ ਨੇ ਯਰੂਸਲਮ ਦੇ ਲੋਕਾਂ ਨੂੰ ਭੈਭੀਤ ਕਰਨ ਲਈ ਕੀਤਾ ਤਾਂ ਜੋ ਉਹ ਉਨ੍ਹਾਂ ਨੂੰ ਡਰਾ ਕੇ ਯਰੂਸ਼ਲਮ ਉੱਪਰ ਕਬਜ਼ਾ ਕਰ ਸੱਕਣ। 19 ਉਨ੍ਹਾਂ ਨੇ ਯਰੂਸ਼ਲਮ ਦੇ ਪਰਮੇਸ਼ੁਰ ਦਾ ਵਰਣਨ ਧਰਤੀ ਦੀਆਂ ਕੌਮਾਂ ਦੇ ਦੇਵਤਿਆਂ ਵਾਂਗ ਕੀਤਾ ਜਿਹੜੇ ਕਿ ਮਨੁੱਖਾਂ ਦੇ ਹੱਥਾਂ ਦੀ ਬਣਤ ਸਨ।
20 ਇਨ੍ਹਾਂ ਸਮੱਸਿਆਵਾਂ ਕਾਰਣ, ਪਾਤਸ਼ਾਹ ਹਿਜ਼ਕੀਯਾਹ ਅਤੇ ਅਮੋਸ ਦੇ ਪੁੱਤਰ, ਯਸਾਯਾਹ ਨਬੀ ਨੇ ਅਕਾਸ਼ ਵੱਲ ਤੱਕ ਕੇ ਪ੍ਰਾਰਥਨਾ ਕੀਤੀ। 21 ਤਦ ਯਹੋਵਾਹ ਨੇ ਅੱਸ਼ੂਰ ਪਾਤਸ਼ਾਹ ਦੇ ਡੇਰੇ ਵਿੱਚ ਇੱਕ ਦੂਤ ਨੂੰ ਭੇਜਿਆ। ਉਸ ਦੂਤ ਨੇ ਡੇਰੇ ਵਿੱਚਲੇ ਸਾਰੇ ਸਿਪਾਹੀਆਂ, ਆਗੂਆਂ ਅਤੇ ਉਸ ਦੇ ਸੈਨਾਪਤੀਆਂ ਨੂੰ ਵੱਢ ਸੁੱਟਿਆ। ਤਦ ਅੱਸ਼ੂਰ ਦਾ ਪਾਤਸ਼ਾਹ ਲੋਕਾਂ ਤੋਂ ਸ਼ਰਮਿੰਦਾ ਹੋ ਕੇ ਆਪਣੇ ਦੇਸ਼ ਨੂੰ ਮੁੜ ਗਿਆ ਫ਼ਿਰ ਉਹ ਪਰਤ ਕੇ ਆਪਣੇ ਦੇਵਤੇ ਦੇ ਮੰਦਰ ਵਿੱਚ ਗਿਆ ਤੇ ਉਸ ਦੇ ਆਪਣੇ ਹੀ ਪੁੱਤਰਾਂ ਵਿੱਚੋਂ ਕਿਸੇ ਨੇ ਉਸ ਨੂੰ ਤਲਵਾਰ ਨਾਲ ਵੱਢ ਸੁੱਟਿਆ। 22 ਇਉਂ ਯਹੋਵਾਹ ਨੇ ਹਿਜ਼ਕੀਯਾਹ ਅਤੇ ਯਰੂਸ਼ਲਮ ਦੇ ਲੋਕਾਂ ਨੂੰ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਅਤੇ ਹੋਰਨਾਂ ਲੋਕਾਂ ਤੋਂ ਬਚਾਇਆ, ਅਤੇ ਹੋਰਨਾਂ ਤੋਂ ਉਨ੍ਹਾਂ ਦੀ ਰੱਖਵਾਲੀ ਕੀਤੀ। 23 ਬਹੁਤ ਸਾਰੇ ਲੋਕ ਯਹੋਵਾਹ ਲਈ ਯਰੂਸ਼ਲਮ ਵਿੱਚ ਚੜ੍ਹਾਵੇ ਲਿਆਏ ਅਤੇ ਯਹੂਦਾਹ ਦੇ ਪਾਤਸ਼ਹ ਹਿਜ਼ਕੀਯਾਹ ਲਈ ਮੁੱਲਵਾਨ ਤੋਹਫ਼ੇ ਲਿਆਏ। ਇਉਂ ਉਸ ਸਮੇਂ ਤੋਂ ਹਿਜ਼ਕੀਯਾਹ ਸਾਰੀਆਂ ਕੌਮਾਂ ਦੀ ਨਿਗਾਹ ਵਿੱਚ ਉੱਚਾ ਹੋ ਗਿਆ।
24 ਉਨ੍ਹੀ ਦਿਨੀ ਹਿਜ਼ਕੀਯਾਹ ਇੰਨਾ ਬੀਮਾਰ ਹੋਇਆ ਕਿ ਬਿਲਕੁਲ ਮਰਨ ਕਿਨਾਰੇ ਹੋ ਗਿਆ। ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤਾਂ ਯਹੋਵਾਹ ਨੇ ਉਸ ਨੂੰ ਕੁਝ ਆਖਿਆ ਅਤੇ ਨਿਸ਼ਾਨ ਦਿੱਤਾ। 25 ਪਰ ਹਿਜ਼ਕੀਯਾਹ ਨੇ ਉਸ ਰਹਿਮ ਮੁਤਾਬਕ ਜੋ ਉਸ ਉੱਪਰ ਕੀਤਾ ਗਿਆ ਸੀ ਕੰਮ ਨਾ ਕੀਤਾ। ਕਿਉਂ ਕਿ ਉਸ ਦੇ ਮਨ ਵਿੱਚ ਹੰਕਾਰ ਆ ਗਿਆ ਸੀ। ਇਸੀ ਕਾਰਣ ਉਸ ਉੱਪਰ, ਯਹੂਦਾਹ ਅਤੇ ਯਰੂਸ਼ਲਮ ਉੱਪਰ ਕਹਿਰ ਭੜਕਿਆ ਸੀ। 26 ਪਰ ਫ਼ਿਰ ਹਿਜ਼ਕੀਯਾਹ ਅਤੇ ਯਰੂਸ਼ਲਮ ਵਿੱਚ ਰਹਿੰਦੇ ਲੋਕਾਂ ਨੇ ਨਿਮਰਤਾ ਇਖਤਿਆਰ ਕਰਕੇ ਆਪਣੇ ਆਪ ਨੂੰ ਬਦਲਿਆ। ਉਨ੍ਹਾਂ ਨੇ ਹੰਕਾਰ ਦਾ ਤਿਆਗ ਕਰਕੇ ਹਲੀਮੀ ਦਾ ਰਾਹ ਫ਼ੜਿਆ ਇਸ ਲ਼ਈ ਜਦੋਂ ਹਿਜ਼ਕੀਯਾਹ ਜਿਉਂਦਾ ਸੀ ਤਾਂ ਯਹੋਵਾਹ ਨੇ ਆਪਣੀ ਕਰੋਪੀ ਉਨ੍ਹਾਂ ਤੇ ਨਾ ਵਿਖਾਈ।
27 ਹਿਜ਼ਕੀਯਾਹ ਨੂੰ ਆਪਣੇ ਜਿਉਂਦੇ-ਜੀਅ ਬਹੁਤ ਮਾਨ-ਵਡਿਆਈ ਮਿਲੀ। ਉਸ ਨੇ ਚਾਂਦੀ, ਸੋਨੇ, ਬਹੁਮੁੱਲੇ ਪੱਥਰ ਅਤੇ ਮਸਾਲੇ ਅਤੇ ਢਾਲਾਂ ਅਤੇ ਹਰ ਪ੍ਰਕਾਰ ਦੀਆਂ ਵਸਤਾਂ ਦੀ ਸੰਭਾਲ ਲਈ ਥਾਵਾਂ ਬਣਾਈਆਂ। 28 ਹਿਜ਼ਕੀਯਾਹ ਨੇ ਅਨਾਜ ਲਈ, ਨਵੀਂ ਸ਼ਰਾਬ ਅਤੇ ਤੇਲ ਦੀ ਸੰਭਾਲ ਲਈ ਗੋਦਾਮ ਬਣਵਾਏ। ਪਸ਼ੂਆਂ ਅਤੇ ਭੇਡਾਂ ਲਈ ਵਾੜੇ ਬਣਵਾਏ। 29 ਹਿਜ਼ਕੀਯਾਹ ਨੇ ਬਹੁਤ ਸਾਰੇ ਸ਼ਹਿਰਾਂ ਦਾ ਨਿਰਮਾਣ ਕੀਤਾ। ਉਸ ਕੋਲ ਪਸ਼ੂਆਂ ਅਤੇ ਭੇਡਾਂ ਦਾ ਬਹੁਤ ਵੱਡਾ ਇੱਜੜ ਸੀ ਕਿਉਂ ਕਿ ਯਹੋਵਾਹ ਨੇ ਉਸ ਨੂੰ ਬਹੁਤ ਸਾਰੀਆਂ ਮਲਕੀਅਤਾਂ ਦਿੱਤੀਆਂ ਸਨ। 30 ਇਹ ਹਿਜ਼ਕੀਯਾਹ ਹੀ ਸੀ ਜਿਸਨੇ ਗੀਹੋਨ ਦੇ ਪਾਣੀ ਦੇ ਉੱਪਰ ਸਰੋਤ ਨੂੰ ਬੰਦ ਕਰਕੇ ਉਸ ਨੂੰ ਦਾਊਦ ਦੇ ਸ਼ਹਿਰ ਦੇ ਪੱਛਮੀ ਇਲਾਕੇ ਵੱਲ ਸਿੱਧਾ ਪਹੁੰਚਾ ਦਿੱਤਾ ਅਤੇ ਪਾਤਸ਼ਾਹ ਆਪਣੇ ਸਾਰੇ ਕੰਮ ਵਿੱਚ ਸਫ਼ਲ ਵੀ ਹੋਇਆ।
31 ਇੱਕ ਵਾਰ ਬਾਬਲ ਦੇ ਆਗੂਆਂ ਨੇ ਹਿਜ਼ਕੀਯਾਹ ਕੋਲ ਹਲਕਾਰੇ ਭੇਜੇ। ਉਨ੍ਹਾਂ ਹਲਕਾਰਿਆਂ ਨੇ ਉਸ ਅਜਬ ਨਿਸ਼ਾਨ ਬਾਰੇ ਪੁੱਛ-ਗਿੱਛ ਕੀਤੀ ਜਿਹੜਾ ਉਨ੍ਹਾਂ ਦੇ ਰਾਜ ਵਿੱਚ ਵਾਪਰਿਆ ਸੀ। ਜਦੋਂ ਉਹ ਆਏ ਤਾਂ ਪਰਮੇਸ਼ੁਰ ਨੇ ਹਿਜ਼ਕੀਯਾਹ ਨੂੰ ਪਰਤਾਉਣ ਲਈ ਇੱਕਲਿਆਂ ਛੱਡ ਦਿੱਤਾ ਤਾਂ ਜੋ ਪਤਾ ਕਰੇ ਕਿ ਉਸ ਦੇ ਦਿਲ ਵਿੱਚ ਕੀ ਹੈ?
32 ਹਿਜ਼ਕੀਯਾਹ ਦੇ ਕਾਰਨਾਮੇ ਅਤੇ ਚੰਗੀਆਂ ਕਰਨੀਆਂ ਅਮੋਸ ਦੇ ਪੁੱਤਰ ਯਸਾਯਾਹ ਨਬੀ ਦੇ ਦਰਸ਼ਣਾ ਅਤੇ ਯਹੂਦਾਹ ਅਤੇ ਇਸਰਾਏਲ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। 33 ਹਿਜ਼ਕੀਯਾਹ ਦੀ ਜਦੋਂ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਦਾਊਦ ਦੇ ਪੁਰਖਿਆਂ ਦੀਆਂ ਕਬਰਾਂ ਵਿੱਚ ਉੱਚੇ ਥਾਂ ਉੱਪਰ ਦਬਿਆ ਅਤੇ ਸਾਰੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਉਸਦੀ ਮੌਤ ਉੱਪਰ ਉਸਦਾ ਸਤਿਕਾਰ ਕੀਤਾ ਅਤੇ ਉਸਦਾ ਪੁੱਤਰ ਮਨੱਸ਼ਹ ਉਸਦੀ ਥਾਂ ਰਾਜ ਕਰਨ ਲੱਗਾ।
2010 by World Bible Translation Center