M’Cheyne Bible Reading Plan
ਇਸਰਾਏਲ ਅਤੇ ਯਹੂਦਾਹ ਵਿੱਚਕਾਰ ਜੰਗ
3 ਸ਼ਾਊਲ ਅਤੇ ਦਾਊਦ ਦੇ ਪਰਿਵਾਰ ਦਰਮਿਆਨ ਕਾਫ਼ੀ ਲੰਬਾ ਅਰਸਾ ਜੰਗ ਚਲਦੀ ਰਹੀ। ਦਾਊਦ ਦਿਨ ਭਰ ਦਿਨ ਤਾਕਤਵਰ ਹੁੰਦਾ ਗਿਆ ਅਤੇ ਸ਼ਾਊਲ ਦਾ ਘਰਾਣਾ ਦਿਨ ਭਰ ਦਿਨ ਕਮਜ਼ੋਰ।
ਹਬਰੋਨ ਵਿੱਚ ਦਾਊਦ ਦੇ ਛੇ ਬੱਚੇ ਪੈਦਾ ਹੋਏ
2 ਦਾਊਦ ਨੇ ਫ਼ਿਰ ਹਬਰੋਨ ਵਿੱਚ ਪੁੱਤਰ ਜਨਮੇ:
ਜਿਨ੍ਹਾਂ ਵਿੱਚੋਂ ਪਹਿਲੋਠੇ ਪੁੱਤਰ ਦਾ ਨਾਉਂ ਅਮਨੋਨ ਸੀ ਜਿਸ ਦੀ ਮਾਂ ਦਾ ਨਾਉਂ ਯਿਜ਼ਰੇਲਣ ਅਹੀਨੋਅਮ ਸੀ।
3 ਅਤੇ ਦੂਜਾ ਪੁੱਤਰ ਕਰਮਲੀ ਨਾਬਾਲ ਦੀ ਬੇਵਾ ਬੀਬੀ ਅਬੀਗੈਲ ਦੇ ਕੁੱਖੋਂ ਹੋਇਆ, ਜਿਸ ਦਾ ਨਾਉਂ ਕਿਲਆਬ ਸੀ।
ਤੀਜੇ ਪੁੱਤਰ ਦਾ ਨਾਉਂ ਅਬਸ਼ਾਲੋਮ ਸੀ। ਅਬਸ਼ਾਲੋਮ ਦੀ ਮਾਂ ਗਸ਼ੂਰ ਦੇ ਰਾਜੇ ਤਲਮਈ ਦੀ ਧੀ ਮਆਕਾਹ ਦੇ ਕੁੱਖੋਂ ਸੀ।
4 ਦਾਊਦ ਦੇ ਚੌਥੇ ਪੁੱਤਰ ਦਾ ਨਾਉਂ ਅਦੋਨਿੱਯਾਹ ਸੀ ਅਤੇ ਉਹ ਹੱਗੀਥ ਦਾ ਪੁੱਤਰ ਸੀ।
ਉਸ ਦੇ ਪੰਜਵੇਂ ਪੁੱਤਰ ਦਾ ਨਾਉਂ ਸੀ ਸਫ਼ਟਯਾਹ ਜੋ ਕਿ ਅਬੀਟਾਲ ਦੇ ਕੁੱਖੋਂ ਸੀ।
5 ਛੇਵੇਂ ਪੁੱਤਰ ਦਾ ਨਾਉਂ ਸੀ ਯਿਥਰਆਮ। ਯਿਥਰਆਮ ਅਗਲਾਹ ਦੇ ਕੁੱਖੋਂ ਸੀ ਜੋ ਕਿ ਦਾਊਦ ਦੀ ਪਤਨੀ ਸੀ।
ਦਾਊਦ ਦੇ ਇਹ ਛੇ ਪੁੱਤਰ ਹਬਰੋਨ ਵਿੱਚ ਜੰਮੇ।
ਅਬਨੇਰ ਦਾਊਦ ਦਾ ਸਾਬ ਦੇਣ ਦਾ ਫ਼ੈਸਲਾ ਕਰਦਾ ਹੈ
6 ਸ਼ਾਊਲ ਦੀ ਸੈਨਾ ਵਿੱਚ ਅਬਨੇਰ ਦਿਨੋ-ਦਿਨ ਤਾਕਤਵਰ ਹੁੰਦਾ ਗਿਆ ਜਦ ਕਿ ਸ਼ਾਊਲ ਅਤੇ ਦਾਊਦ ਦੇ ਘਰਾਣੇ ਆਪਸ ਵਿੱਚ ਲੜਦੇ ਰਹੇ। 7 ਸ਼ਾਊਲ ਦੀ ਇੱਕ ਦਾਸੀ ਸੀ ਰਿਜ਼ਪਾਹ ਜੋ ਕਿ ਅੱਯਾਹ ਦੀ ਧੀ ਸੀ। ਈਸ਼ਬੋਸ਼ਥ ਨੇ ਅਬਨੇਰ ਨੂੰ ਆਖਿਆ, “ਤੂੰ ਮੇਰੇ ਪਿਉ ਦੀ ਨੌਕਰਾਣੀ ਨਾਲ ਸੰਭੋਗ ਕਿਉਂ ਕੀਤਾ?”
8 ਅਬਨੇਰ ਨੇ ਈਸ਼ਬੋਸ਼ਥ ਦੀ ਇਸ ਗੱਲ ਤੇ ਗੁੱਸੇ ’ਚ ਆਕੇ ਆਖਿਆ, “ਮੈਂ ਸ਼ਾਊਲ ਅਤੇ ਉਸ ਦੇ ਪਰਿਵਾਰ ਦਾ ਵਫ਼ਾਦਾਰ ਰਿਹਾ ਹਾਂ। ਮੈਂ ਤੁਹਾਨੂੰ ਦਾਊਦ ਦੇ ਹਵਾਲੇ ਨਾ ਕੀਤਾ ਤੇ ਨਾ ਹੀ ਮੈਂ ਉਸ ਨੂੰ ਤੁਹਾਨੂੰ ਹਰਾਉਣ ਦਿੱਤਾ। ਮੈਂ ਯਹੂਦਾਹ ਲਈ ਕੰਮ ਕਰ ਰਿਹਾ ਕੋਈ ਗੱਦਾਰ ਨਹੀਂ ਹਾਂ। ਪਰ ਹੁਣ ਤੂੰ ਮੇਰੇ ਤੇ ਇਲਜਾਮ ਲੱਗਾ ਰਿਹਾ ਹੈਂ ਕਿ ਅਜਿਹੀ ਮੰਦੀ ਗੱਲ ਕੀਤੀ। 9-10 ਪਰਮੇਸ਼ੁਰ ਅਬਨੇਰ ਨਾਲ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵੱਧੀਕ ਕਰੇ ਜੇ ਮੈਂ ਜਿਕਰ ਯਹੋਵਾਹ ਨੇ ਦਾਊਦ ਨਾਲ ਸੌਂਹ ਖਾਧੀ ਹੈ, ਉਸੇ ਤਰ੍ਹਾਂ ਕੰਮ ਨਾ ਕਰਾਂ। ਰਾਜ ਨੂੰ ਸ਼ਾਊਲ ਦੇ ਘਰਾਣੇ ਤੋਂ ਵੱਖਰਾ ਕਰ ਦੇਵਾਂ ਅਤੇ ਦਾਊਦ ਦੀ ਗੱਦੀ ਨੂੰ ਇਸਰਾਏਲ ਉੱਪਰ ਅਤੇ ਯਹੂਦਾਹ ਉੱਤੇ ਦਾਨ ਤੋਂ ਲੈ ਕੇ ਬਏਰਸ਼ਬਾ [a] ਤੀਕ ਟਿਕਾ ਦੇਵਾਂ।” 11 ਫ਼ਿਰ ਈਸ਼ਬੋਸ਼ਥ ਉਹਦੇ ਸਾਹਮਣੇ ਕੋਈ ਉੱਤਰ ਨਾ ਦੇ ਸੱਕਿਆ, ਅਤੇ ਉਸਤੋਂ ਬਹੁਤ ਭੈਅ ਖਾਣ ਲੱਗਾ।
12 ਅਬਨੇਰ ਨੇ ਦਾਊਦ ਵੱਲ ਸੰਦੇਸ਼ਵਾਹਕ ਭੇਜੇ ਅਤੇ ਕਿਹਾ, “ਤੂੰ ਕੀ ਸੋਚਦਾ ਹੈਂ ਕਿ ਇਸ ਦੇਸ਼ ਉੱਪਰ ਕਿਸਨੂੰ ਰਾਜ ਕਰਨਾ ਚਾਹੀਦਾ ਹੈ? ਮੇਰੇ ਨਾਲ ਆਪਣਾ ਇੱਕ ਇਕਰਾਰਨਾਮਾ ਕਰ ਤਾਂ ਮੈਂ ਤੈਨੂੰ ਸਾਰੇ ਇਸਰਾਏਲ ਉੱਪਰ ਸ਼ਾਸਨ ਕਰਨ ਵਿੱਚ ਮਦਦ ਕਰਾਂਗਾ।”
13 ਦਾਊਦ ਨੇ ਆਖਿਆ, “ਸੱਤ ਬਚਨ! ਮੈਂ ਤੇਰੇ ਨਾਲ ਇਕਰਾਰਨਾਮਾ ਕਰਾਂਗਾ ਪਰ ਤੇਰੇ ਕੋਲੋਂ ਮੈਂ ਇੱਕ ਗੱਲ ਮੰਗਦਾ ਹਾਂ ਕਿ ਜਦ ਤੱਕ ਤੂੰ ਸ਼ਾਊਲ ਦੀ ਧੀ ਮੀਕਲ ਨੂੰ ਮੇਰੇ ਕੋਲ ਨਾ ਲੈ ਆਵੇਂ ਆਪਣਾ ਮੂੰਹ ਨਾ ਵਿਖਾਵੀਂ।”
14 ਦਾਊਦ ਨੇ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਵੱਲ ਸੰਦੇਸ਼ਵਾਹਕ ਭੇਜੇ। ਦਾਊਦ ਨੇ ਕਿਹਾ, “ਮੇਰੀ ਪਤਨੀ ਮੀਕਲ ਨੂੰ, ਜੋ ਮੈਂ ਫ਼ਲਿਸਤੀਆਂ ਦੀਆਂ ਸੌ ਜਾਨਾਂ ਦੇਕੇ ਵਿਆਹੀ ਸੀ, ਮੇਰੇ ਹੱਥ ਸੌਂਪ ਦੇ।”
15 ਤਦ ਈਸ਼ਬੋਸ਼ਥ ਨੇ ਉਨ੍ਹਾਂ ਆਦਮੀਆਂ ਨੂੰ ਕਿਹਾ ਕਿ ਜਾਵੋ ਅਤੇ ਲਾਵਿਸ਼ ਦੇ ਪੁੱਤਰ ਫ਼ਲਟੀਏਲ ਜੋ ਮੀਕਲ ਦਾ ਪਤੀ ਹੈ, ਉਸ ਕੋਲੋਂ ਖੋਹ ਲਿਆਵੋ। 16 ਮੀਕਲ ਦਾ ਪਤੀ ਫ਼ਲਟੀਏਲ ਉਸ ਨੇ ਨਾਲ ਹੀ ਗਿਆ। ਉਹ ਮੀਕਲ ਦੇ ਨਾਲ ਬਹੁਰੀਮ ਤੀਕ ਰੋਂਦਾ ਹੋਇਆ ਨਾਲ-ਨਾਲ ਤੁਰਿਆ। ਪਰ ਅਬਨੇਰ ਨੇ ਫ਼ਲਟੀਏਲ ਨੂੰ ਕਿਹਾ, “ਜਾ, ਹੁਣ ਤੂੰ ਵਾਪਸ ਪਰਤ ਜਾ।” ਤਾਂ ਉਹ ਵਾਪਸ ਘਰ ਨੂੰ ਮੁੜ ਗਿਆ।
17 ਅਬਨੇਰ ਨੇ ਇਸਰਾਏਲ ਦੇ ਆਗੂਆਂ ਨੂੰ ਸੰਦੇਸ਼ਾ ਭੇਜਿਆ ਅਤੇ ਕਿਹਾ, “ਤੁਸੀਂ ਦਾਊਦ ਨੂੰ ਆਪਣਾ ਪਾਤਸ਼ਾਹ ਬਨਾਉਣਾ ਚਾਹੁੰਦੇ ਸੀ। 18 ਹੁਣ ਇਹ ਕਰ ਲਵੋ। ਯਹੋਵਾਹ ਦਾਊਦ ਬਾਰੇ ਗੱਲ ਕਰ ਰਿਹਾ ਸੀ ਜਦੋਂ ਉਸ ਨੇ ਆਖਿਆ ਸੀ, ‘ਮੈਂ ਸਾਰੇ ਇਸਰਾਏਲੀਆਂ ਨੂੰ ਫ਼ਲਿਸਤੀਆਂ ਅਤੇ ਹੋਰਨਾਂ ਦੁਸ਼ਮਣਾਂ ਤੋਂ ਬਚਾਵਾਂਗਾ। ਮੈਂ ਅਜਿਹਾ ਆਪਣੇ ਸੇਵਕ, ਮੂਸਾ ਰਾਹੀਂ ਕਰਾਂਗਾ।’”
19 ਅਬਨੇਰ ਨੇ ਬਿਨਯਾਮੀਨ ਦੇ ਪਰਿਵਾਰ-ਸਮੂਹ ਅਤੇ ਦਾਊਦ ਨਾਲ ਗੱਲ ਕੀਤੀ ਜੋ ਕਿ ਹਬਰੋਨ ਵਿਖੇ ਸੀ। ਅਬਨੇਰ ਨੇ ਜੋ ਵੀ ਗੱਲਾਂ ਇਨ੍ਹਾਂ ਲੋਕਾਂ ਨਾਲ ਕੀਤੀਆਂ ਉਹ ਇਸਰਾਏਲ ਦੇ ਲੋਕਾਂ ਨੂੰ ਚੰਗੀਆਂ ਲੱਗੀਆਂ।
20 ਤਦ ਅਬਨੇਰ ਹਬਰੋਨ ਵਿੱਚ ਦਾਊਦ ਕੋਲ ਆਇਆ ਅਤੇ ਆਪਣੇ ਨਾਲ 20 ਆਦਮੀਆਂ ਨੂੰ ਵੀ ਲੈ ਕੇ ਆਇਆ। ਤਾਂ ਦਾਊਦ ਨੇ ਅਬਨੇਰ ਅਤੇ ਉਸ ਦੇ ਨਾਲ ਆਏ ਬਾਕੀ ਆਦਮੀਆਂ ਨੂੰ ਦਾਅਵਤ ਦਿੱਤੀ।
21 ਅਬਨੇਰ ਨੇ ਦਾਊਦ ਨੂੰ ਕਿਹਾ, “ਮੇਰੇ ਯਹੋਵਾਹ ਅਤੇ ਪਾਤਸ਼ਾਹ, ਮੈਨੂੰ ਹੁਣ ਜਾਣ ਦੀ ਇਜਾਜ਼ਤ ਦੇ ਤਾਂ ਜੋ ਮੈਂ ਸਾਰੇ ਇਸਰਾਏਲੀਆਂ ਨੂੰ ਲੈ ਕੇ ਆਵਾਂ ਤਾਂ ਜੋ ਉਹ ਤੇਰੇ ਨਾਲ ਇਕਰਾਰਨਾਮਾ ਪੂਰਾ ਕਰਨ ਅਤੇ ਜਿਵੇਂ ਤੂੰ ਚਾਹੁੰਦਾ ਹੈਂ, ਉਸੇ ਤਰ੍ਹਾਂ ਤੂੰ ਸਾਰੇ ਇਸਰਾਏਲੀਆਂ ਉੱਪਰ ਰਾਜ ਕਰੇਁ।”
ਤਾਂ ਦਾਊਦ ਨੇ ਅਬਨੇਰ ਨੂੰ ਜਾਣ ਦਿੱਤਾ ਅਤੇ ਉਹ ਸ਼ਾਂਤੀ ਨਾਲ ਉੱਥੋਂ ਪਰਤ ਆਇਆ।
ਅਬਨੇਰ ਦੀ ਮੌਤ
22 ਉਸ ਵਕਤ ਦਾਊਦ ਦੇ ਸੇਵਕ ਅਤੇ ਯੋਆਬ ਲੜਾਈ ਤੋਂ ਵਾਪਸ ਮੁੜੇ। ਉਨ੍ਹਾਂ ਕੋਲ ਬਹੁਤ ਕੀਮਤੀ ਪਦਾਰਥ ਸਨ ਜਿਹੜੇ ਕਿ ਉਹ ਵੈਰੀਆਂ ਤੋਂ ਲੁੱਟ ਕੇ ਲਿਆਏ ਸਨ। ਅਬਨੇਰ ਨੂੰ ਉਸ ਵਕਤ ਦਾਊਦ ਨੇ ਸ਼ਾਂਤੀ ਨਾਲ ਤੋਂਰ ਦਿੱਤਾ ਸੀ। ਇਸ ਲਈ ਉਦੋਂ ਹਬਰੋਨ ਵਿੱਚ, ਦਾਊਦ ਕੋਲ, ਅਬਨੇਰ ਨਹੀਂ ਸੀ। 23 ਯੋਆਬ ਅਤੇ ਉਸਦੀ ਸਾਰੀ ਸੈਨਾ ਉਸ ਵਕਤ ਹਬਰੋਨ ਪਹੁੰਚੀ। ਸੈਨਾ ਨੇ ਯੋਆਬ ਨੂੰ ਕਿਹਾ, “ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਕੋਲ ਆਇਆ ਸੀ ਅਤੇ ਦਾਊਦ ਨੇ ਉਸ ਨੂੰ ਸ਼ਾਂਤੀ ਨਾਲ ਵਾਪਸ ਤੋਂਰ ਦਿੱਤਾ ਹੈ।”
24 ਯੋਆਬ ਨੇ ਪਾਤਸ਼ਾਹ ਕੋਲ ਆਕੇ ਆਖਿਆ, “ਇਹ ਤੂੰ ਕੀ ਕੀਤਾ? ਅਬਨੇਰ ਤੇਰੇ ਕੋਲ ਆਇਆ ਅਤੇ ਤੂੰ ਉਸ ਨੂੰ ਬਿਨਾ ਕੋਈ ਕਸ਼ਟ ਪਹੁੰਚਾਏ ਵਾਪਸ ਜਾਣ ਦਿੱਤਾ? ਭਲਾ ਕਿਉਂ? 25 ਤੂੰ ਨੇਰ ਦੇ ਪੁੱਤਰ ਅਬਨੇਰ ਨੂੰ ਜਾਣਦਾ ਹੈਂ, ਜੋ ਤੇਰੇ ਨਾਲ ਧੋਖਾ ਕਰਨ ਅਤੇ ਤੂੰ ਕੀ ਕੁਝ ਕਰਦਾ ਹੈਂ, ਇਸ ਸਭ ਦੀ ਸੂਹ ਲੈਣ ਲਈ, ਉਹ ਤੇਰੇ ਕੋਲ ਆਇਆ ਸੀ?”
26 ਫ਼ਿਰ ਜਦ ਯੋਆਬ ਦਾਊਦ ਕੋਲੋਂ ਨਿਕਲ ਆਇਆ ਤਾਂ ਉਸ ਨੇ ਅਬਨੇਰ ਦੇ ਮਗਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਨੇ ਉਸ ਨੂੰ ਸਿਰਾਹ ਦੇ ਖੂਹ ਕੋਲ ਪਕੜ ਲਿਆ ਅਤੇ ਉੱਥੋਂ ਮੋੜ ਲਿਆਏ। ਪਰ ਦਾਊਦ ਨੂੰ ਇਸ ਦੀ ਖਬਰ ਨਹੀਂ ਸੀ। ਉਹ ਇਸ ਗੱਲ ਤੋਂ ਨਾਵਾਕਿਫ਼ ਸੀ। 27 ਜਦੋਂ ਅਬਨੇਰ ਹਬਰੋਨ ਵਿੱਚ ਮੁੜ ਆਇਆ ਤਾਂ ਯੋਆਬ ਉਸ ਦੇ ਨਾਲ ਹੌਲੀ ਜਿਹੀ ਇੱਕ ਗੱਲ ਕਰਨ ਲਈ ਉਸ ਨੂੰ ਡਿਓੜੀ ਦੀ ਇੱਕ ਨੁਕਰ ਵਿੱਚ ਇੱਕ ਪਾਸੇ ਵੱਲ ਲੈ ਗਿਆ ਅਤੇ ਉੱਥੇ ਉਸਦੀ ਪੰਜਵੀਂ ਪਸਲੀ ਦੇ ਹੇਠ, ਆਪਣੇ ਭਰਾ ਅਸਾਹੇਲ ਦੇ ਖੂਨ ਦੇ ਬਦਲੇ ਅਜਿਹਾ ਮਾਰਿਆ ਕਿ ਉਹ ਉੱਥੇ ਹੀ ਮਰ ਗਿਆ। ਇਉਂ ਯੋਆਬ ਨੇ ਅਬਨੇਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਦਾਊਦ ਦਾ ਅਬਨੇਰ ਲਈ ਰੋਣਾ
28 ਬਾਅਦ ਵਿੱਚ ਜਦੋਂ ਦਾਊਦ ਨੂੰ ਖਬਰ ਹੋਈ ਤਾਂ ਉਸ ਕਿਹਾ, “ਮੇਰਾ ਰਾਜ ਅਤੇ ਮੈਂ, ਨੇਰ ਦੇ ਪੁੱਤਰ ਅਬਨੇਰ ਦੀ ਮੌਤ ਬਾਰੇ ਅਣਜਾਣ ਅਤੇ ਮਾਸੂਮ ਹਾਂ, ਇਹ ਗੱਲ ਯਹੋਵਾਹ ਜਾਣਦਾ ਹੈ ਕਿ 29 ਇਸ ਮੌਤ ਦੇ ਕਾਰਣ ਤੇ ਦੋਸ਼ੀ ਯੋਆਬ ਅਤੇ ਉਸਦਾ ਪਰਿਵਾਰ ਹੈ। ਇਸ ਕਾਰਣ ਯੋਆਬ ਅਤੇ ਉਸ ਦੇ ਪਰਿਵਾਰ ਦੇ ਸਿਰ ਮੁਸੀਬਤਾਂ ਆਉਣਗੀਆਂ ਅਤੇ ਉਸ ਦੇ ਸਾਰੇ ਘਰਾਣੇ ਉੱਪਰ ਬੀਮਾਰੀ ਅਤੇ ਕੋਈ ਅਜਿਹਾ ਲਹੂ ਵਗੇਗਾ ਤੇ ਕੋੜ੍ਹ ਹੋਵੇਗਾ ਕੋਈ ਸੋਟੀ ਫ਼ੜਕੇ ਤੁਰੇਗਾ ਅਤੇ ਕੋਈ ਤਲਵਾਰ ਨਾਲ ਵੱਢਿਆ ਜਾਵੇਗਾ। ਤੇ ਕੋਈ ਭੁੱਖ ਮਰੀ ਨਾਲ ਰੋਟੀ ਦੇ ਅਧੀਨ ਹੋਵੇਗਾ।”
30 ਸੋ ਯੋਆਬ ਅਤੇ ਉਸ ਦੇ ਭਰਾ ਅਬੀਸ਼ਈ ਨੇ ਅਬਨੇਰ ਨੂੰ ਮਾਰ ਸੁੱਟਿਆ ਇਸ ਲਈ ਕਿਉਂ ਕਿ ਉਸ ਨੇ ਉਨ੍ਹਾਂ ਦੇ ਭਰਾ ਅਸਾਹੇਲ ਨੂੰ ਗਿਬਓਨ ਵਿੱਚ ਲੜਾਈ ਦੇ ਵਿੱਚ ਵੱਢ ਸੁੱਟਿਆ ਸੀ।
31-32 ਦਾਊਦ ਨੇ ਯੋਆਬ ਅਤੇ ਉਸ ਦੇ ਸਾਰੇ ਸਾਥੀਆਂ ਨੂੰ ਕਿਹਾ, “ਆਪਣੇ ਵਸਤਰ ਫ਼ਾੜ ਸੁੱਟੋ ਅਤੇ ਉਦਾਸੀ ਦੇ ਵਸਤਰ ਧਾਰਨ ਕਰੋ। ਅਬਨੇਰ ਲਈ ਸ਼ੋਕ ਪ੍ਰਗਟ ਕਰੋ।” ਉਨ੍ਹਾਂ ਨੇ ਅਬਨੇਰ ਨੂੰ ਹਬਰੋਨ ਵਿੱਚ ਦਫ਼ਨਾਇਆ। ਪਾਤਸ਼ਾਹ ਉੱਚੀ ਆਵਾਜ਼ ਵਿੱਚ ਅਬਨੇਰ ਦੀ ਕਬਰ ਉੱਪਰ ਰੋਇਆ ਅਤੇ ਸਾਰੇ ਲੋਕ ਵੀ ਰੋਏ।
33 ਪਾਤਸ਼ਾਹ ਨੇ ਅਬਨੇਰ ਦੀ ਮੌਤ ਤੇ ਸ਼ੋਕ ਗੀਤ ਨਾਲ ਉਸ ਲਈ ਅਲ੍ਹਾਹੁਣੀ ਗਾਈ ਅਤੇ ਆਖਿਆ:
“ਹਾਏ ਅਬਨੇਰ! ਕੀ ਤੂੰ ਇੱਕ ਮੂਰਖ ਦੋਸ਼ੀ ਦੀ ਮੌਤ ਮਰਿਓਂ?
34 ਅਬਨੇਰ! ਤੇਰੇ ਹੱਥ ਬੰਨ੍ਹੇ ਹੋਏ ਨਹੀਂ ਸਨ ਨਾ ਹੀ
ਤੇਰੇ ਪੈਰੀਂ ਬੇੜੀਆਂ ਸਨ ਸਗੋਂ ਤੂੰ ਤਾਂ
ਇਉਂ ਮਰਿਆ ਕਿ ਦੁਸ਼ਟਾਂ ਨੇ ਤੈਨੂੰ ਵੱਢ ਸੁੱਟਿਆ।”
ਤਾਂ ਫ਼ਿਰ ਸਾਰੇ ਲੋਕ ਅਬਨੇਰ ਲਈ ਦੁੱਖ ਵਿੱਚ ਰੋਏ। 35 ਸਾਰਾ ਦਿਨ ਲੋਕ ਦਾਊਦ ਨੂੰ ਕੁਝ ਖੁਆਉਣ ਦਾ ਯਤਨ ਕਰਦੇ, ਉਸ ਨੂੰ ਹੌਂਸਲਾ ਦਿੰਦੇ ਰਹੇ ਤਾਂ ਦਾਊਦ ਨੇ ਸੌਂਹ ਖਾਕੇ ਆਖਿਆ, “ਜੇ ਕਦੇ ਮੈਂ ਸੂਰਜ ਡੁੱਬਣ ਤੋਂ ਪਹਿਲਾਂ ਰੋਟੀ ਜਾਂ ਹੋਰ ਕੁਝ ਮੂੰਹ ਲਗਾਵਾਂ ਤਾਂ ਪਰਮੇਸ਼ੁਰ ਮੇਰੇ ਨਾਲ ਵੀ ਅਜਿਹਾ ਹੀ ਕਰੇ, ਸਗੋਂ ਇਸ ਨਾਲੋਂ ਵੀ ਵੱਧੀਕ ਕਰੇ।” 36 ਸਭਨਾਂ ਲੋਕਾਂ ਨੇ ਇਸ ਗੱਲ ਵੱਲ ਧਿਆਨ ਦਿੱਤਾ ਅਤੇ ਉਨ੍ਹਾਂ ਨੂੰ ਇਹ ਗੱਲ ਚੰਗੀ ਲਗੀ ਕਿਉਂ ਕਿ ਜੋ ਕੁਝ ਪਾਤਸ਼ਾਹ ਕਰਦਾ ਸੀ, ਸਭ ਲੋਕ ਉਸ ਉੱਪਰ ਰਾਜ਼ੀ ਹੁੰਦੇ ਸਨ। 37 ਸਾਰੇ ਲੋਕਾਂ ਨੇ ਅਤੇ ਸਾਰੇ ਇਸਰਾਏਲ ਨੇ ਉਸ ਦਿਨ ਠੀਕ ਜਾਣ ਲਿਆ ਕਿ ਨੇਰ ਦਾ ਪੁੱਤਰ ਅਬਨੇਰ ਪਾਤਸ਼ਾਹ ਦੀ ਮਰਜ਼ੀ ਵਿੱਚ ਨਹੀਂ ਸੀ ਮਰਿਆ।
38 ਪਾਤਸ਼ਾਹ ਦਾਊਦ ਨੇ ਆਪਣੇ ਸੰਦੇਸ਼ਵਾਹਕਾਂ ਨੂੰ ਕਿਹਾ, “ਕੀ ਤੁਹਾਨੂੰ ਪਤਾ ਹੈ ਕਿ ਅੱਜ ਇਸਰਾਏਲ ਵਿੱਚੋਂ ਇੱਕ ਮਹਾਨ ਆਗੂ ਮਰ ਗਿਆ ਹੈ। 39 ਅਤੇ ਅੱਜ ਦੇ ਦਿਨ ਮੈਂ ਸ਼ਰਮਿੰਦਾ ਹਾਂ ਭਾਵੇਂ ਮੈਂ ਮਸਹ ਕੀਤਾ ਹੋਇਆ ਪਾਤਸ਼ਾਹ ਹੀ ਹਾਂ ਅਤੇ ਇਹ ਲੋਕ ਸਰੂਯਾਹ ਦੇ ਪੁੱਤਰ ਮੇਰੇ ਨਾਲ ਜ਼ਬਰਦਸਤੀ ਕਰਦੇ ਹਨ, ਪਰ ਯਹੋਵਾਹ ਬੁਰਿਆਂ ਨੂੰ ਉਨ੍ਹਾਂ ਦੀ ਬੁਰਿਆਈ ਦੀ ਪੂਰੀ ਸਜ਼ਾ ਦੇਵੇਗਾ।”
ਆਤਮਕ ਦਾਤਾਂ ਦੀ ਵਰਤੋਂ ਕਲੀਸਿਯਾ ਲਈ ਕਰੋ
14 ਪ੍ਰੇਮ ਉਹ ਚੀਜ਼ ਹੈ ਜਿਸ ਨੂੰ ਲੈਣ ਲਈ ਤੁਹਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਤੁਹਾਨੂੰ ਅਸਲ ਵਿੱਚ ਆਤਮਕ ਦਾਤਾਂ ਪ੍ਰਾਪਤ ਕਰਨ ਦੀ ਕਾਮਨਾ ਹੋਣੀ ਚਾਹੀਦੀ ਹੈ। ਅਤੇ ਜਿਹੜੀ ਦਾਤ ਦੀ ਮੰਗ ਤੁਹਾਨੂੰ ਸਭ ਤੋਂ ਵੱਧੇਰੇ ਕਰਨੀ ਚਾਹੀਦੀ ਹੈ ਉਹ ਹੈ ਅਗੰਮ ਵਾਕ ਕਰਨ ਦੀ ਯੋਗਤਾ। 2 ਮੈਂ ਸਮਝਾਉਂਦਾ ਹਾਂ ਕਿ ਉਹ ਵਿਅਕਤੀ ਜਿਸ ਕੋਲ ਵੱਖਰੀ ਭਾਸ਼ਾ ਬੋਲਣ ਦੀ ਦਾਤ ਹੈ ਉਹ ਲੋਕਾਂ ਨਾਲ ਗੱਲ ਨਹੀਂ ਕਰ ਰਿਹਾ, ਪਰ ਉਹ ਪਰਮੇਸ਼ੁਰ ਨਾਲ ਗੱਲ ਕਰ ਰਿਹਾ ਹੈ। ਉਸ ਵਿਅਕਤੀ ਦੀ ਗੱਲ ਕੋਈ ਨਹੀਂ ਸਮਝਦਾ ਉਹ ਤਾਂ ਆਤਮਾ ਰਾਹੀਂ ਗੁਪਤ ਗੱਲਾਂ ਕਰ ਰਿਹਾ ਹੁੰਦਾ ਹੈ। 3-4 ਪਰ ਜਿਹੜਾ ਵਿਅਕਤੀ ਵੱਖਰੀ ਭਾਸ਼ਾ ਵਿੱਚ ਗੱਲ ਕਰ ਰਿਹਾ ਹੁੰਦਾ ਹੈ ਉਹ ਕੇਵਲ ਆਪਣੀ ਸਹਾਇਤਾ ਕਰ ਰਿਹਾ ਹੁੰਦਾ ਹੈ। ਪਰ ਜਿਹੜਾ ਅਗੰਮ ਵਾਕ ਬੋਲ ਰਿਹਾ ਹੈ ਉਹ ਤਾਂ ਸਮੁੱਚੀ ਕਲੀਸਿਯਾ ਦੀ ਸਹਾਇਤਾ ਕਰ ਰਿਹਾ ਹੁੰਦਾ ਹੈ।
5 ਮੇਰੀ ਚਾਹਨਾ ਹੈ ਕਿ ਤੁਹਾਡੇ ਸਾਰਿਆਂ ਕੋਲ ਵੱਖ-ਵੱਖ ਭਾਸ਼ਾਵਾਂ ਬੋਲਣ ਦੀ ਦਾਤ ਹੋਵੇ। ਪਰ ਮੈਂ ਇਸਤੋਂ ਵੱਧ ਇਹ ਵੀ ਚਾਹੁੰਦਾ ਹਾਂ ਕਿ ਤੁਸੀਂ ਅਗੰਮ ਵਾਕ ਕਰ ਸੱਕੋਂ। ਜਿਹੜਾ ਵਿਅਕਤੀ ਅਗੰਮ ਵਾਕ ਕਰਦਾ ਉਹ ਉਸ ਵਿਅਕਤੀ ਨਾਲੋਂ ਵੱਡਾ ਹੈ ਜਿਹੜਾ ਕੇਵਲ ਵੱਖੋ ਵੱਖਰੀਆਂ ਭਾਸ਼ਾਵਾਂ ਹੀ ਬੋਲ ਸੱਕਦਾ ਹੈ। ਪਰ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਵਾਲਾ ਅਗੰਮ ਵਾਕ ਕਰਨ ਵਾਲੇ ਵਰਗਾ ਹੀ ਹੁੰਦਾ ਹੈ। ਜੇ ਉਹ ਉਨ੍ਹਾਂ ਵੱਖਰੀਆਂ ਭਾਸ਼ਾਵਾਂ ਦਾ ਦੋ ਭਾਸ਼ੀਆ ਬਣ ਸੱਕੇ। ਫ਼ੇਰ ਕਲੀਸਿਯਾ ਨੂੰ ਉਸ ਦੇ ਬੋਲਾਂ ਨਾਲ ਸਹਾਇਤਾ ਮਿਲ ਸੱਕਦੀ ਹੈ।
6 ਭਰਾਵੋ ਅਤੇ ਭੈਣੋ, ਜੇ ਮੈਂ ਤੁਹਾਡੇ ਕੋਲ ਆਵਾਂ ਅਤੇ ਮੈਂ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਾਂ ਕੀ ਇਸਤੋਂ ਤੁਹਾਨੂੰ ਕੋਈ ਮੁਨਾਫ਼ਾ ਮਿਲੇਗਾ? ਨਹੀਂ। ਤੁਹਾਨੂੰ ਤਾਂ ਉਦੋਂ ਹੀ ਲਾਭ ਹੋਵੇਗਾ ਜਦੋਂ ਮੈਂ ਤੁਹਾਡੇ ਲਈ ਕੋਈ ਨਵਾਂ ਸੱਚ ਜਾਂ ਗਿਆਨ, ਕੋਈ ਅਗੰਮ ਵਾਕ ਜਾਂ ਕੋਈ ਹੋਰ ਸਿੱਖਿਆ ਲੈ ਕੇ ਆਵਾਂਗਾ। 7 ਇਹ ਉਨ੍ਹਾਂ ਆਵਾਜ਼ਾਂ ਵਰਗਾ ਹੈ ਜਿਹੜੀਆਂ ਨਿਰਜੀਵ ਵਸਤਾਂ, ਜਿਵੇਂ ਬੰਸਰੀ ਜਾਂ ਰਬਾਬ, ਵਿੱਚੋਂ ਆਉਂਦੀਆਂ ਹਨ। ਜੇ ਭਿੰਨ-ਭਿੰਨ ਸੁਰ ਸਪੱਸ਼ਟ ਨਾ ਹੋਣ, ਤਾਂ ਤੁਸੀਂ ਵਜਾਇਆ ਜਾਣ ਵਾਲਾ ਸੰਗੀਤ ਨਹੀਂ ਸਮਝੋਗੇ। ਸਿਰਫ਼ ਉਦੋਂ, ਜਦੋਂ ਤੁਸੀਂ ਹਰ ਸੁਰ ਸਪੱਸ਼ਟਤਾ ਨਾਲ ਵਜਾਵੋਗੇ, ਤਾਂ ਤੁਸੀਂ ਧੁਨ ਨੂੰ ਸਮਝ ਸੱਕੋਂਗੇ ਅਤੇ ਲੜਾਈ ਵਿੱਚ ਜੇ ਤੁਰ੍ਹੀ ਦੀ ਆਵਾਜ਼ ਸਪੱਸ਼ਟ ਨਹੀਂ ਤਾਂ ਸੈਨਕਾਂ ਨੂੰ ਪਤਾ ਨਹੀਂ ਲੱਗ ਸੱਕੇਗਾ ਕਿ ਲੜਾਈ ਲਈ ਕਦੋਂ ਤਿਆਰ ਹੋਣਾ ਹੈ। 8-9 ਤੁਹਾਡੇ ਨਾਲ ਵੀ ਇਵੇਂ ਹੀ ਹੈ। ਜਦੋਂ ਤੁਸੀਂ ਵੱਖਰੀਆਂ ਭਾਸ਼ਾਵਾਂ ਬੋਲਦੇ ਹੋ ਤਾਂ ਤੁਹਾਡੇ ਸ਼ਬਦ ਸਮਝਣ ਯੋਗ ਹੋਣੇ ਚਾਹੀਦੇ ਹਨ।
ਜੇ ਤੁਸੀਂ ਸਪੱਸ਼ਟਤਾ ਨਾਲ ਨਹੀਂ ਬੋਲੋਂਗੇ ਤਾਂ ਸੁਣਨ ਵਾਲਾ ਸਮਝ ਹੀ ਨਹੀਂ ਸੱਕੇਗਾ। ਤੁਸੀਂ ਹਵਾ ਵਿੱਚ ਹੀ ਗੱਲਾਂ ਕਰ ਰਹੇ ਹੋਵੋਂਗੇ। 10 ਇਹ ਠੀਕ ਹੈ ਕਿ ਦੁਨੀਆਂ ਵਿੱਚ ਗੱਲ ਕਰਨ ਦੇ ਕਈ ਢੰਗ ਹਨ। ਅਤੇ ਉਨ੍ਹਾਂ ਸਾਰਿਆਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ। 11 ਇਸ ਲਈ, ਜਦੋਂ ਮੈਂ ਬੋਲਣ ਵਾਲੇ ਵਿਅਕਤੀ ਦੀ ਭਾਸ਼ਾ ਨਹੀਂ ਸਮਝਦਾ, ਮੈਂ ਸੋਚਦਾ ਹਾਂ ਕਿ ਉਸਦੀ ਟਿੱਪਣੀ ਅਜੀਬ ਹੈ। ਅਤੇ ਉਹ ਸੋਚਦਾ ਹੈ ਕਿ ਮੇਰੀ ਟਿੱਪਣੀ ਅਜੀਬ ਹੈ। 12 ਤੁਹਾਡੇ ਨਾਲ ਵੀ ਇਹੋ ਗੱਲ ਹੈ। ਤੁਸੀਂ ਵੱਧੇਰੇ ਆਤਮਕ ਦਾਤਾਂ ਚਾਹੁੰਦੇ ਹੋ। ਇਸ ਲਈ ਉਨ੍ਹਾਂ ਦਾਤਾਂ ਨੂੰ ਪ੍ਰਾਪਤ ਕਰਨ ਲਈ ਹੋਰ ਸਖਤ ਮਿਹਨਤ ਕਰੋ ਜਿਹੜੀਆਂ ਕਲੀਸਿਯਾ ਨੂੰ ਵੱਧਣ ਵਿੱਚ ਸਹਾਇਤਾ ਕਰਦੀਆਂ ਹਨ।
13 ਇਸ ਲਈ ਜਿਸ ਵਿਅੱਕਤੀ ਕੋਲੋਂ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਹੈ ਉਸ ਨੂੰ ਇਹ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਜੋ ਉਹ ਕਹਿੰਦਾ ਹੈ ਉਸਦੀ ਵਿਆਖਿਆ ਵੀ ਕਰ ਸੱਕੇ। 14 ਜਦੋਂ ਮੈਂ ਕਿਸੇ ਦੂਸਰੀ ਭਾਸ਼ਾ ਵਿੱਚ ਪ੍ਰਾਰਥਨਾ ਕਰਦਾ ਹਾਂ, ਸਿਰਫ਼ ਮੇਰਾ ਆਤਮਾ ਹੀ ਪ੍ਰਾਰਥਨਾ ਕਰ ਰਿਹਾ ਹੁੰਦਾ ਹੈ, ਜਿੱਥੇ ਕਿ ਮੇਰਾ ਮਨ ਇਸ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਕਰਦਾ। 15 ਤਾਂ ਫ਼ੇਰ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਂ ਆਪਣੇ ਆਤਮਾ ਨਾਲ ਪ੍ਰਾਰਥਨਾ ਕਰਾਂਗਾ, ਪਰ ਮੈਂ ਆਪਣੇ ਮਨ ਨਾਲ ਵੀ ਪ੍ਰਾਰਥਨਾ ਕਰਾਂਗਾ। ਮੈਂ ਆਪਣੇ ਆਤਮਾ ਨਾਲ ਗਾਵਾਂਗਾ, ਪਰ ਮੈਂ ਆਪਣੇ ਮਨ ਨਾਲ ਵੀ ਗਾਵਾਂਗਾ। 16 ਤੁਸੀਂ ਸ਼ਾਇਦ ਆਪਣੇ ਆਤਮਾ ਨਾਲ ਪਰਮੇਸ਼ੁਰ ਦੀ ਉਸਤਤਿ ਕਰ ਰਹੇ ਹੋਵੋਂ। ਪਰ ਉਹ ਵਿਅਕਤੀ ਜਿਹੜਾ ਤੁਹਾਡੇ ਧੰਨਵਾਦ ਦੀ ਭਾਸ਼ਾ ਨਹੀਂ ਸਮਝਦਾ ਉਹ “ਆਮੀਨ” ਕਹਿਣ ਦੇ ਯੋਗ ਕਿਵੇਂ ਹੋਵੇਗਾ। ਕਿਉਂਕਿ ਉਸ ਨੂੰ ਇਹ ਜਾਣਕਾਰੀ ਨਹੀਂ ਕਿ ਤੁਸੀਂ ਕੀ ਕਹਿ ਰਹੇ ਹੋ। 17 ਤੁਸੀਂ ਭਾਵੇਂ ਪਰਮੇਸ਼ੁਰ ਦਾ ਸ਼ੁਕਰ ਸਹੀ ਢੰਗ ਨਾਲ ਕਰ ਰਹੇ ਹੋਵੋਂ, ਪਰ ਇਹ ਕਿਸੇ ਵੀ ਢੰਗ ਨਾਲ ਦੂਸਰੇ ਵਿਅਕਤੀ ਦੀ ਮਦਦ ਨਹੀਂ ਕਰਦਾ।
18 ਮੈਂ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ ਕਿ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ, ਤੁਹਾਡੇ ਵਿੱਚੋਂ ਕਿਸੇ ਨਾਲੋਂ ਵੀ ਵੱਧ, ਮੈਨੂੰ ਦਿੱਤੀ ਗਈ ਹੈ। 19 ਪਰ ਕਲੀਸਿਯਾ ਦੀਆਂ ਇੱਕਤਰਤਾਵਾਂ ਵਿੱਚ, ਮੈਂ ਅਜਿਹੇ ਪੰਜ ਸ਼ਬਦ ਬੋਲਣੇ ਪਸੰਦ ਕਰਾਂਗਾ ਜੋ ਮੈਂ ਵੱਖੋ-ਵੱਖਰੀਆਂ ਭਾਸ਼ਾਵਾਂ ਦੇ ਹਜ਼ਾਰਾਂ ਸ਼ਬਦ ਬੋਲਣ ਨਾਲੋਂ ਵੀ ਵੱਧ ਸਮਝਦਾ ਹਾਂ। ਮੈਂ ਆਪਣੀ ਸਮਝ ਨਾਲ ਬੋਲਣਾ ਵੱਧੇਰੇ ਪਸੰਦ ਕਰਾਂਗਾ ਤਾਂ ਜੋ ਮੈਂ ਹੋਰਨਾਂ ਨੂੰ ਸਿੱਖਿਆ ਦੇ ਸੱਕਾਂ।
20 ਭਰਾਵੋ ਅਤੇ ਭੈਣੋ, ਮੈਂ ਬੱਚਿਆਂ ਵਾਂਗ ਨਹੀਂ ਸੋਚਦਾ। ਬਦੀ ਦੀਆਂ ਗੱਲਾਂ ਵਿੱਚ ਅਸੀਂ ਬੱਚਿਆਂ ਨੂੰ ਪਸੰਦ ਕਰਦੇ ਹਾਂ। ਪਰ ਤੁਹਾਨੂੰ ਆਪਣੀ ਸੋਚ ਵਿੱਚ ਪ੍ਰੌਢ ਲੋਕਾਂ ਵਾਂਗ ਹੋਣਾ ਚਾਹੀਦਾ ਹੈ। 21 ਪੋਥੀਆਂ ਵਿੱਚ ਲਿਖਿਆ ਹੈ:
“ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਲੋਕਾਂ ਰਾਹੀਂ
ਅਤੇ ਪਰਦੇਸੀਆਂ ਦੇ ਬੁੱਲ੍ਹਾਂ ਦੁਆਰਾ
ਮੈਂ ਇਨ੍ਹਾਂ ਲੋਕਾਂ ਨਾਲ ਗੱਲਾਂ ਕਰਾਂਗਾ,
ਪਰੰਤੂ ਤਾਂ ਵੀ ਇਹ ਲੋਕ ਮੇਰੀ ਆਗਿਆ ਦਾ ਪਾਲਣ ਨਹੀਂ ਕਰਨਗੇ।” (A)
ਇਹੀ ਹੈ ਜੋ ਪ੍ਰਭੂ ਆਖਦਾ ਹੈ।
22 ਇਸ ਲਈ ਵੱਖਰੀਆਂ ਭਾਸ਼ਾਵਾਂ ਬੋਲਣ ਦੀ ਦਾਤ ਉਨ੍ਹਾਂ ਲਈ ਇੱਕ ਪ੍ਰਮਾਣ ਹੈ, ਜੋ ਵਿਸ਼ਵਾਸੀ ਹਨ, ਨਾ ਕਿ ਅਵਿਸ਼ਵਾਸੀਆਂ ਲਈ। ਅਗੰਮੀ ਵਾਕ ਨਿਹਚਾਵਾਨਾਂ ਲਈ ਹਨ, ਨਾ ਕਿ ਅਵਿਸ਼ਵਾਸੀਆਂ ਲਈ। 23 ਫ਼ਰਜ਼ ਕਰੋ ਕਿ ਸਮੁੱਚੀ ਕਲੀਸਿਯਾ ਇਕੱਠੀ ਹੁੰਦੀ ਹੈ ਅਤੇ ਤੁਸੀਂ ਸਾਰੇ ਵੱਖੋ-ਵੱਖਰੀਆਂ ਭਾਸ਼ਾਵਾਂ ਬੋਲਦੇ ਹੋ। ਜੇ ਕੁਝ ਲੋਕ, ਜਿਹੜੇ ਸਮਝ ਨਹੀਂ ਸੱਕਦੇ ਜਾਂ ਅਵਿਸ਼ਵਾਸੀ ਹਨ, ਉੱਥੇ ਆਉਂਦੇ ਹਨ, ਉਹ ਆਖਣਗੇ ਕਿ ਤੁਸੀਂ ਕਮਲੇ ਹੋ ਗਏ ਹੋ। 24 ਪਰੰਤੂ ਫ਼ਰਜ਼ ਕਰੋ ਤੁਸੀਂ ਸਾਰੇ ਅਗੰਮ ਵਾਕ ਕਰ ਰਹੇ ਹੋ ਅਤੇ ਇੱਕ ਵਿਅਕਤੀ ਅਜਿਹਾ ਆਉਂਦਾ ਹੈ ਜੋ ਵਿਸ਼ਵਾਸ ਨਹੀਂ ਕਰਦਾ ਜਾਂ ਨਾ ਸਮਝ ਹੈ। ਜੇ ਤੁਸੀਂ ਸਾਰੇ ਭਵਿੱਖਬਾਣੀ ਕਰ ਰਹੇ ਹੋ, ਫ਼ੇਰ ਇਹ ਉਸ ਵਿਅਕਤੀ ਦੇ ਪਾਪਾਂ ਨੂੰ ਪ੍ਰਦਰਸ਼ਿਤ ਕਰਨਗੇ, ਅਤੇ ਉਸਦੀ ਪਰੱਖ ਤੁਹਾਡੇ ਸਾਰਿਆਂ ਦੇ ਆਖਣ ਦੇ ਆਧਾਰ ਉੱਤੇ ਹੋਵੇਗੀ। 25 ਉਸ ਦੇ ਦਿਲ ਦੀਆਂ ਗੁਪਤ ਗੱਲਾਂ ਚਾਨਣ ਵਿੱਚ ਆ ਜਾਣਗੀਆਂ। ਇਸ ਲਈ ਉਹ ਵਿਅਕਤੀ ਝੁਕ ਕੇ ਪਰਮੇਸ਼ੁਰ ਨੂੰ ਮੱਥਾ ਟੇਕੇਗਾ। ਉਹ ਆਖੇਗਾ, “ਕਿ ਸੱਚਮੁੱਚ ਹੀ ਪਰਮੇਸ਼ੁਰ ਤੁਹਾਡੇ ਨਾਲ ਹੈ।”
ਤੁਹਾਡੀਆਂ ਗੋਸ਼ਠੀਆਂ ਤੋਂ ਕਲੀਸਿਯਾ ਦੀ ਮਦਦ ਹੋਣੀ ਚਾਹੀਦੀ ਹੈ
26 ਇਸ ਲਈ ਭਰਾਵੋ ਅਤੇ ਭੈਣੋ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਜਦੋਂ ਤੁਸੀਂ ਇਕੱਠੇ ਹੋਵੋਂਗੇ, ਤਾਂ ਕਿਸੇ ਕੋਲ ਇੱਕ ਗੀਤ ਹੈ, ਕਿਸੇ ਹੋਰ ਵਿਅਕਤੀ ਕੋਲ ਇੱਕ ਉਪਦੇਸ਼ ਹੈ, ਦੂਸਰੇ ਵਿਅਕਤੀ ਕੋਲ ਪਰਮੇਸ਼ੁਰ ਵੱਲੋਂ ਨਵਾਂ ਸੱਚ ਹੈ, ਕੋਈ ਵੱਖਰੀ ਭਾਸ਼ਾ ਵਿੱਚ ਬੋਲਦਾ ਹੈ ਅਤੇ ਹੋਰ ਦੂਸਰਾ ਵਿਅਕਤੀ ਇਸ ਭਾਸ਼ਾ ਦੀ ਵਿਆਖਿਆ ਕਰਦਾ ਹੋਵੇਗਾ। ਇਨ੍ਹਾਂ ਸਾਰੀਆਂ ਗੱਲਾਂ ਦਾ ਮਨੋਰਥ ਕਲੀਸਿਯਾ ਨੂੰ ਮਜ਼ਬੂਤ ਬਨਾਉਣ ਵਿੱਚ ਸਹਾਇਤਾ ਕਰਨਾ ਹੋਣਾ ਚਾਹੀਦਾ ਹੈ। 27 ਜਦੋਂ ਤੁਸੀਂ ਇਕੱਠੋ ਹੋਵੋ, ਜੇ ਕੋਈ ਇੱਕ ਵਿਅਕਤੀ ਵੱਖਰੀ ਭਾਸ਼ਾ ਵਿੱਚ ਬੋਲਦਾ ਹੈ, ਤਾਂ ਸਿਰਫ਼ ਦੋ ਵਿਅਕਤੀਆਂ ਜਾਂ ਵੱਧ ਤੋਂ ਵੱਧ, ਤਿੰਨਾਂ ਤੋਂ ਵੱਧ ਨੂੰ ਨਹੀਂ ਬੋਲਣਾ ਚਾਹੀਦਾ। ਅਤੇ ਉਨ੍ਹਾਂ ਨੂੰ ਵਾਰੀ ਸਿਰ ਬੋਲਣਾ ਚਾਹੀਦਾ ਹੈ। ਕਿਸੇ ਹੋਰ ਵਿਅਕਤੀ ਨੂੰ ਉਨ੍ਹਾਂ ਲੋਕਾਂ ਦੀ ਗੱਲ ਦੀ ਵਿਆਖਿਆ ਕਰਨੀ ਚਾਹੀਦੀ ਹੈ। 28 ਪਰ ਜੇ ਉੱਥੇ ਅਨੁਵਾਦ ਕਰਨ ਵਾਲਾ ਕੋਈ ਨਹੀਂ ਹੈ, ਫ਼ੇਰ ਵੱਖਰੀ ਭਾਸ਼ਾ ਵਿੱਚ ਬੋਲਣ ਵਾਲੇ ਉਸ ਵਿਅਕਤੀ ਨੂੰ ਕਲੀਸਿਯਾ ਵਿੱਚ ਨਹੀਂ ਬੋਲਣਾ ਚਾਹੀਦਾ। ਉਸ ਵਿਅਕਤੀ ਨੂੰ ਕੇਵਲ ਆਪਣੇ-ਆਪ ਨਾਲ ਜਾਂ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੀਦੀ ਹੈ।
29 ਸਿਰਫ਼ ਦੋ ਜਾਂ ਤਿੰਨ ਦੂਤਾਂ ਨੂੰ ਬੋਲਣਾ ਚਾਹੀਦਾ ਹੈ। ਹੋਰਨਾਂ ਨੂੰ ਨਿਰਨਾ ਕਰਨਾ ਚਾਹੀਦਾ ਹੈ ਕਿ ਉਹ ਕੀ ਆਖਦੇ ਹਨ। 30 ਅਤੇ ਜੇ ਪਰਮੇਸ਼ੁਰ ਵੱਲੋਂ ਕਿਸੇ ਦੂਸਰੇ ਨੂੰ ਸੰਦੇਸ਼ ਪ੍ਰਾਪਤ ਹੁੰਦਾ ਹੈ ਜਿਹੜਾ ਕਿ ਉੱਥੇ ਬੈਠਾ ਹੈ, ਤਾਂ ਪਹਿਲਾਂ ਬੋਲ ਰਹੇ ਬੰਦੇ ਨੂੰ ਰੁਕ ਜਾਣਾ ਚਾਹੀਦਾ ਹੈ। 31 ਤੁਸੀਂ ਸਾਰੇ ਹੀ ਇੱਕ ਦੂਜੇ ਤੋਂ ਮਗਰੋਂ ਅਗੰਮੀ ਵਾਕ ਕਰ ਸੱਕਦੇ ਹੋ। ਇਸ ਤਰ੍ਹਾਂ, ਸਮੂਹ ਲੋਕਾਂ ਨੂੰ ਸਿੱਖਾਇਆ ਅਤੇ ਹੌਂਸਲਾ ਦਿੱਤਾ ਜਾ ਸੱਕਦਾ ਹੈ। 32 ਨਬੀਆਂ ਦੇ ਆਤਮਾ ਖੁਦ ਨਬੀਆਂ ਦੇ ਅਧਿਕਾਰ ਵਿੱਚ ਹਨ। 33 ਪਰਮੇਸ਼ੁਰ ਅਰਾਜਕਤਾ ਦਾ ਪਰਮੇਸ਼ੁਰ ਨਹੀਂ ਹੈ ਸਗੋਂ ਸ਼ਾਂਤੀ ਦਾ ਪਰਮੇਸ਼ੁਰ ਹੈ।
34 ਔਰਤਾਂ ਨੂੰ ਕਲੀਸਿਯਾ ਦੀਆਂ ਇੱਕਤਰਤਾਵਾਂ ਵਿੱਚ ਖਾਮੋਸ਼ ਰਹਿਣਾ ਚਾਹੀਦਾ ਹੈ। ਪਰਮੇਸ਼ੁਰ ਦੇ ਲੋਕਾਂ ਦੀਆਂ ਸਾਰੀਆਂ ਕਲੀਸਿਯਾਵਾਂ ਵਿੱਚ ਇਵੇਂ ਹੀ ਹੁੰਦਾ ਹੈ। ਔਰਤਾਂ ਨੂੰ ਬੋਲਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਨੂੰ ਅਧੀਨਤਾ ਸਵੀਕਾਰ ਕਰ ਲੈਣੀ ਚਾਹੀਦੀ ਹੈ, ਜਿਵੇਂ ਮੂਸਾ ਦੀ ਸ਼ਰ੍ਹਾ ਆਖਦੀ ਹੈ। 35 ਜੇ ਕੋਈ ਅਜਿਹੀ ਗੱਲ ਹੈ ਜਿਹੜੀ ਔਰਤਾਂ ਜਾਨਣਾ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਘਰ ਆਕੇ ਆਪਣੇ ਪਤੀਆਂ ਕੋਲੋਂ ਪੁੱਛਣੀ ਚਾਹੀਦੀ ਹੈ। ਇੱਕ ਔਰਤ ਲਈ ਕਲੀਸਿਯਾ ਦੀ ਸਭਾ ਵਿੱਚ ਬੋਲਣਾ ਸ਼ਰਮਿੰਦਗੀ ਵਾਲੀ ਗੱਲ ਹੈ। 36 ਕੀ ਪਰਮੇਸ਼ੁਰ ਦੀ ਸਿੱਖਿਆ ਤੁਹਾਡੇ ਵੱਲੋਂ ਆਈ ਹੈ? ਨਹੀਂ। ਜਾਂ ਕੀ ਇਹ ਸਿਰਫ਼ ਤੁਸੀਂ ਹੀ ਹੋ ਜਿਨ੍ਹਾਂ ਨੇ ਉਹ ਉਪਦੇਸ਼ ਪ੍ਰਾਪਤ ਕੀਤੇ ਹਨ? ਨਹੀਂ! 37 ਜੇਕਰ ਇੱਕ ਵਿਅਕਤੀ ਆਪਣੇ-ਆਪ ਨੂੰ ਨਬੀ ਸੋਚਦਾ ਹੈ ਜਾਂ ਇਹ ਕਿ ਉਸ ਕੋਲ ਆਤਮਕ ਦਾਤ ਹੈ, ਤਾਂ ਉਸ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਮੈਂ ਤੁਹਾਨੂੰ ਲਿਖ ਰਿਹਾ ਹਾਂ ਉਹ ਪ੍ਰਭੂ ਦਾ ਹੁਕਮ ਹੈ। 38 ਜੇ ਵਿਅਕਤੀ ਇਹ ਨਹੀਂ ਜਾਣਦਾ ਤਾਂ ਉਸ ਨੂੰ ਪਰਮੇਸ਼ੁਰ ਵੀ ਨਹੀਂ ਜਾਣਦਾ।
39 ਇਸ ਲਈ ਮੇਰੇ ਭਰਾਵੋ ਅਤੇ ਭੈਣੋ, ਅਸਲੀ ਅਗੰਮ ਵਾਕ ਦੀ ਦਾਤ ਦੀ ਇੱਛਾ ਕਰੋ। ਪਰ ਉਨ੍ਹਾਂ ਲੋਕਾਂ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਬੋਲਣ ਦੀ ਦਾਤ ਦੀ ਵਰਤੋਂ ਕਰਨ ਤੋਂ ਨਾ ਰੋਕੋ। 40 ਸਗੋਂ ਹਰ ਗੱਲ ਉਸੇ ਢੰਗ ਨਾਲ ਹੋਣੀ ਚਾਹੀਦੀ ਹੈ ਜੋ ਸਹੀ ਅਤੇ ਢੁਕਵੀਂ ਹੈ।
Ezekiel Leaves Like a Captive
12 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਤੂੰ ਬਾਗ਼ੀ ਲੋਕਾਂ ਦਰਮਿਆਨ ਰਹਿੰਦਾ ਹੈਂ-ਉਹ ਹਮੇਸ਼ਾ ਮੇਰੇ ਖਿਲਾਫ਼ ਹੋ ਜਾਂਦੇ ਨੇ। ਉਨ੍ਹਾਂ ਕੋਲ ਦੇਖਣ ਲਈ ਅੱਖਾਂ ਹਨ (ਉਹ ਚੀਜ਼ਾਂ ਵੇਖਣ ਲਈ ਜੋ ਮੈਂ ਉਨ੍ਹਾਂ ਲਈ ਬਣਾਈਆਂ ਹਨ) ਪਰ ਉਹ ਉਨ੍ਹਾਂ ਚੀਜ਼ਾਂ ਨੂੰ ਨਹੀਂ ਦੇਖਦੇ। ਉਨ੍ਹਾਂ ਕੋਲ ਸੁਣਨ ਲਈ ਕੰਨ ਹਨ (ਉਨ੍ਹਾਂ ਗੱਲਾਂ ਨੂੰ ਸੁਣਨ ਲਈ ਜਿਹੜੀਆਂ ਮੈਂ ਉਨ੍ਹਾਂ ਨੂੰ ਕਰਨ ਲਈ ਆਖੀਆਂ ਹਨ।) ਪਰ ਉਹ ਮੇਰੇ ਆਦੇਸ਼ ਨਹੀਂ ਸੁਣਦੇ। ਕਿ ਉਹ ਬਾਗ਼ੀ ਲੋਕ ਹਨ। 3 ਇਸ ਲਈ, ਆਦਮੀ ਦੇ ਪੁੱਤਰ, ਆਪਣਾ ਬੋਰੀ ਬਿਸਤਰਾ ਬੰਨ੍ਹ ਲੈ। ਇਸ ਤਰ੍ਹਾਂ ਦਰਸਾ ਜਿਵੇਂ ਤੂੰ ਕਿਸੇ ਦੂਰ ਦੇਸ ਨੂੰ ਜਾ ਰਿਹਾ ਹੋਵੇਂ। ਅਜਿਹਾ ਕਰ ਤਾਂ ਜੋ ਲੋਕ ਤੈਨੂੰ ਦੇਖ ਸੱਕਣ। ਸ਼ਾਇਦ ਉਹ ਤੈਨੂੰ ਦੇਖ ਲੈਣਗੇ-ਪਰ ਉਹ ਬਹੁਤ ਬਾਗ਼ੀ ਲੋਕ ਹਨ।
4 “ਦਿਨ ਵੇਲੇ ਆਪਣਾ ਸਮਾਨ ਬਾਹਰ ਲੈ ਆਵੀਁ ਤਾਂ ਜੋ ਲੋਕ ਤੈਨੂੰ ਦੇਖ ਸੱਕਣ। ਫ਼ੇਰ ਸ਼ਾਮ ਵੇਲੇ, ਇਸ ਤਰ੍ਹਾਂ ਦਰਸਾਈਁ ਜਿਵੇਂ ਤੂੰ ਕਿਸੇ ਬੰਦੀਵਾਨ ਵਾਂਗ ਦੂਰ ਦੇਸ ਨੂੰ ਜਾ ਰਿਹਾ ਹੋਵੇਂ। 5 ਜਦੋਂ ਲੋਕ ਦੇਖ ਰਹੇ ਹੋਣ, ਕੰਧ ਵਿੱਚ ਪਾੜ ਲਾ ਲਵੀਂ। ਅਤੇ ਕੰਧ ਦੇ ਉਸ ਪਾੜ ਵਿੱਚੋਂ ਬਾਹਰ ਨਿਕਲੀਁ। 6 ਰਾਤ ਵੇਲੇ, ਆਪਣਾ ਬੈਲਾ ਮੋਢੇ ਉੱਤੇ ਚੁਕੀਂ ਅਤੇ ਚੱਲਾ ਜਾਵੀਂ। ਆਪਣਾ ਮੂੰਹ ਢੱਕ ਲਵੀਂ ਤਾਂ ਜੋ ਤੂੰ ਇਹ ਨਾ ਦੇਖ ਸੱਕੇਂ ਕਿ ਤੂੰ ਕਿਧਰ ਜਾ ਰਿਹਾ ਹੈਂ। ਇਹ ਗੱਲਾਂ ਤੂੰ ਜ਼ਰੂਰ ਕਰੀਂ ਤਾਂ ਜੋ ਲੋਕ ਤੈਨੂੰ ਦੇਖ ਸੱਕਣ। ਕਿਉਂ? ਕਿਉਂ ਕਿ ਮੈਂ ਤੇਰੀ ਵਰਤੋਂ ਇਸਰਾਏਲ ਦੇ ਪਰਿਵਾਰ ਲਈ ਇੱਕ ਮਿਸਾਲ ਵਜੋਂ ਕਰ ਰਿਹਾ ਹਾਂ।”
7 ਇਸ ਲਈ ਮੈਂ (ਇਸਰਾਏਲ ਨੇ) ਉਹੀ ਕੀਤਾ ਜਿਸਦਾ ਮੈਨੂੰ ਆਦੇਸ਼ ਦਿੱਤਾ ਗਿਆ ਸੀ। ਦਿਨ ਵੇਲੇ ਮੈਂ ਆਪਣੇ ਬੈਲੇ ਚੁੱਕੇ ਅਤੇ ਇਸ ਤਰ੍ਹਾਂ ਦਰਸਾਇਆ ਜਿਵੇਂ ਮੈਂ ਕਿਸੇ ਦੂਰ ਦੇਸ ਵੱਲ ਜਾ ਰਿਹਾ ਹੋਵਾਂ। ਉਸ ਸ਼ਾਮ ਨੂੰ ਮੈਂ ਆਪਣੇ ਹੱਥਾਂ ਨਾਲ ਕੰਧ ਵਿੱਚ ਪਾੜ ਲਾਇਆ। ਰਾਤ ਵੇਲੇ ਮੈਂ ਆਪਣਾ ਬੈਲਾ ਮੋਢੇ ਉੱਤੇ ਚੁੱਕਿਆ ਅਤੇ ਤੁਰ ਪਿਆ। ਅਜਿਹਾ ਮੈਂ ਇਸ ਤਰ੍ਹਾਂ ਕੀਤਾ ਤਾਂ ਜੋ ਸਾਰੇ ਲੋਕ ਮੈਨੂੰ ਦੇਖ ਸੱਕਣ।
8 ਦੂਸਰੀ ਸਵੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਮੈਨੂੰ ਆਖਿਆ, 9 “ਆਦਮੀ ਦੇ ਪੁੱਤਰ, ਕੀ ਤੈਨੂੰ ਇਸਰਾਏਲ ਦੇ ਉਨ੍ਹਾਂ ਬਾਗ਼ੀ ਬੰਦਿਆਂ ਨੇ ਇਹ ਪੁੱਛਿਆ ਸੀ ਕਿ ਤੂੰ ਕੀ ਕਰ ਰਿਹਾ ਹੈਂ? 10 ਉਨ੍ਹਾਂ ਨੂੰ ਆਖੀਂ ਕਿ ਯਹੋਵਾਹ ਉਨ੍ਹਾਂ ਦੇ ਪ੍ਰਭੂ ਨੇ ਇਹ ਗੱਲਾਂ ਆਖੀਆਂ ਸਨ। ਇਹ ਉਦਾਸ ਸੰਦੇਸ਼ ਯਰੂਸ਼ਲਮ ਦੇ ਆਗੂ ਅਤੇ ਉੱਥੇ ਰਹਿਣ ਵਾਲੇ ਇਸਰਾਏਲ ਦੇ ਸਾਰੇ ਲੋਕਾਂ ਬਾਰੇ ਹੈ। 11 ਉਨ੍ਹਾਂ ਨੂੰ ਆਖੀਂ, ‘ਮੈਂ (ਹਿਜ਼ਕੀਏਲ) ਤੁਹਾਡੇ ਸਾਰੇ ਲੋਕਾਂ ਲਈ ਇੱਕ ਮਿਸਾਲ ਹਾਂ। ਇਹ ਜਿਹੜੀਆਂ ਗੱਲਾਂ ਮੈਂ ਕੀਤੀਆਂ ਨੇ ਤੁਹਾਡੇ ਨਾਲ ਸੱਚਮੁੱਚ ਵਾਪਰਨਗੀਆਂ।’ ਤੁਸੀਂ ਸੱਚਮੁੱਚ ਕਿਸੇ ਦੂਰ ਦੇਸ ਨੂੰ ਬੰਦੀਆਂ ਵਜੋਂ ਜਾਣ ਲਈ ਮਜ਼ਬੂਰ ਕੀਤੇ ਜਾਵੋਂਗੇ। 12 ਅਤੇ ਤੁਹਾਡਾ ਆਗੂ ਕੰਧ ਵਿੱਚ ਪਾੜ ਲਾਵੇਗਾ ਅਤੇ ਰਾਤ ਵੇਲੇ ਚੋਰੀ ਛਿਪੇ ਨਿਕਲ ਜਾਵੇਗਾ। ਉਹ ਆਪਣਾ ਮੂੰਹ ਢੱਕ ਲਵੇਗਾ ਤਾਂ ਜੋ ਲੋਕ ਉਸ ਨੂੰ ਪਹਿਚਾਣ ਨਾ ਸੱਕਣ ਉਸਦੀਆਂ ਅੱਖਾਂ ਇਹ ਨਹੀਂ ਦੇਖ ਸੱਕਣਗੀਆਂ ਕਿ ਉਹ ਕਿੱਧਰ ਜਾ ਰਿਹਾ ਹੈ। 13 ਮੈਂ ਉਸ ਉੱਪਰ ਆਪਣਾ ਜਾਲ ਫੈਲਾਵਾਂਗਾ। ਉਹ ਮੇਰੇ ਜਾਲ ਵਿੱਚ ਫ਼ਸ ਜਾਵੇਗਾ। ਅਤੇ ਮੈਂ ਉਸ ਨੂੰ ਬਾਬਲ, ਚਾਲਡੀਨ ਲੋਕਾਂ ਦੀ ਧਰਤੀ ਉੱਤੇ ਲਿਆਵਾਂਗਾ। ਪਰ ਉਹ ਇਸ ਨੂੰ ਦੇਖ ਨਹੀਂ ਸੱਕੇਗਾ ਉਹ ਉੱਥੇ ਮਰ ਜਾਵੇਗਾ। 14 ਮੈਂ ਰਾਜੇ ਦੇ ਲੋਕਾਂ ਨੂੰ ਇਸਰਾਏਲ ਦੇ ਆਲੇ-ਦੁਆਲੇ ਦੇ ਵਿਦੇਸਾਂ ਵਿੱਚ ਰਹਿਣ ਲਈ ਮਜ਼ਬੂਰ ਕਰ ਦਿਆਂਗਾ। ਅਤੇ ਮੈਂ ਉਸਦੀ ਫ਼ੌਜ ਨੂੰ ਹਰ ਦਿਸ਼ਾ ਵਿੱਚ ਖਿੰਡਾ ਦਿਆਂਗਾ ਅਤੇ ਦੁਸ਼ਮਣ ਦੇ ਸਿਪਾਹੀ ਉਸ ਨੂੰ ਭਜਾਉਣਗੇ। 15 ਫ਼ੇਰ ਉਨ੍ਹਾਂ ਲੋਕਾਂ ਨੂੰ ਪਤਾ ਲਗੇਗਾ ਕਿ ਮੈਂ ਯਹੋਵਾਹ ਹਾਂ। ਉਹ ਇਹ ਜਾਣ ਲੈਣਗੇ ਜਦੋਂ ਮੈਂ ਉਨ੍ਹਾਂ ਨੂੰ ਕੌਮਾਂ ਦਰਮਿਆਨ ਖਿਡਾਉਂਦਾ। ਉਹ ਜਾਣ ਲੈਣਗੇ ਕਿ ਮੈਂ ਹੀ ਉਨ੍ਹਾਂ ਨੂੰ ਹੋਰਨਾਂ ਦੇਸਾਂ ਵਿੱਚ ਜਾਣ ਲਈ ਮਜ਼ਬੂਰ ਕੀਤਾ ਸੀ।
16 “ਪਰ ਮੈਂ ਕੁਝ ਲੋਕਾਂ ਨੂੰ ਜਿਉਂਦੇ ਰਹਿਣ ਦੇਵਾਂਗਾ। ਉਹ ਬੀਮਾਰੀ, ਭੁੱਖ ਅਤੇ ਜੰਗ ਨਾਲ ਨਹੀਂ ਮਰਨਗੇ। ਮੈਂ ਉਨ੍ਹਾਂ ਲੋਕਾਂ ਨੂੰ ਜਿਉਂਦਾ ਛੱਡ ਦਿਆਂਗਾ ਤਾਂ ਜੋ ਉਹ ਹੋਰਨਾਂ ਲੋਕਾਂ ਨੂੰ ਆਪਣੀਆਂ ਉਨ੍ਹਾਂ ਭਿਆਨਕ ਗੱਲਾਂ ਬਾਰੇ ਦੱਸ ਸੱਕਣ ਜਿਹੜੀਆਂ ਉਨ੍ਹਾਂ ਨੇ ਮੇਰੇ ਵਿਰੁੱਧ ਕੀਤੀਆਂ ਸਨ। ਅਤੇ ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”
Shake With Fear
17 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 18 “ਆਦਮੀ ਦੇ ਪੁੱਤਰ, ਤੈਨੂੰ ਅਵੱਸ਼ ਹੀ ਇਸ ਤਰ੍ਹਾਂ ਦਰਸਾਉਣਾ ਚਾਹੀਦਾ ਹੈ ਜਿਵੇਂ ਤੂੰ ਬਹੁਤ ਭੈਭੀਤ ਹੋਵੇਂ। ਤੈਨੂੰ ਭੋਜਨ ਕਰਦੇ ਸਮੇਂ ਕੰਬਣਾ ਚਾਹੀਦਾ ਹੈ। ਤੈਨੂੰ ਪਾਣੀ ਪੀਣ ਵੇਲੇ ਫ਼ਿਕਰਮੰਦ ਅਤੇ ਡਰਿਆ ਹੋਇਆ ਦਿਸਣਾ ਚਾਹੀਦਾ ਹੈ। 19 ਤੈਨੂੰ ਇਹ ਗੱਲਾਂ ਆਮ ਬੰਦਿਆਂ ਨੂੰ ਜ਼ਰੂਰ ਦੱਸਣੀਆਂ ਚਾਹੀਦੀਆਂ ਹਨ। ਤੈਨੂੰ ਜ਼ਰੂਰ ਆਖਣਾ ਚਾਹੀਦਾ ਹੈ, ‘ਯਹੋਵਾਹ ਸਾਡਾ ਪ੍ਰਭੂ, ਇਹ ਗੱਲਾਂ ਯਰੂਸ਼ਲਮ ਦੇ ਲੋਕਾਂ ਨੂੰ ਅਤੇ ਇਸਰਾਏਲ ਦੇ ਹੋਰਨਾਂ ਹਿਸਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਆਖਦਾ ਹੈ। ਤੁਸੀਂ ਲੋਕ ਜਦੋਂ ਭੋਜਨ ਕਰੋਂਗੇ ਤਾਂ ਬਹੁਤ ਫ਼ਿਕਰਮੰਦ ਹੋਵੋਂਗੇ। ਤੁਸੀਂ ਲੋਕ ਜਦੋਂ ਪਾਣੀ ਪੀਵੋਂਗੇ ਤਾਂ ਬਹੁਤ ਭੈਭੀਤ ਹੋਵੋਂਗੇ। ਕਿਉਂ? ਕਿਉਂ ਕਿ ਤੁਹਾਡੇ ਦੇਸ ਵਿੱਚਲੀਆਂ ਸਾਰੀਆਂ ਚੀਜ਼ਾਂ ਤਬਾਹ ਹੋ ਜਾਣਗੀਆਂ! ਇਹ ਓੱਥੇ ਰਹਿੰਦੇ ਲੋਕਾਂ ਦੀ ਹਿੰਸਾ ਕਾਰਣ ਹੈ। 20 ਹੁਣ, ਤੁਹਾਡੇ ਸ਼ਹਿਰਾਂ ਵਿੱਚ ਬਹੁਤ ਬੰਦੇ ਰਹਿੰਦੇ ਹਨ-ਪਰ ਇਹ ਸ਼ਹਿਰ ਤਬਾਹ ਹੋ ਜਾਣਗੇ ਅਤੇ ਜ਼ਮੀਨ ਵੀਰਾਨ ਹੋ ਜਾਵੇਗੀ! ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।’”
ਛੇਤੀ ਆਵੇਗੀ
21 ਫ਼ੇਰ ਯਹੋਵਾਹ ਦਾ ਸ਼ਬਦ ਮੇਰੇ ਕੋਲ ਆਇਆ। ਉਸ ਨੇ ਮੈਨੂੰ ਆਖਿਆ, 22 “ਆਦਮੀ ਦੇ ਪੁੱਤਰ, ਲੋਕ ਇਸਰਾਏਲ ਦੀ ਧਰਤੀ ਬਾਰੇ ਇਹ ਕਹਾਉਤ ਕਿਉਂ ਕਹਿੰਦੇ ਹਨ:
‘ਦਿਨ ਲੰਘੇ ਜਾ ਰਹੇ ਹਨ
ਪਰ ਕੋਈ ਦਰਸ਼ਨ ਪੂਰਾ ਨਹੀਂ ਹੋ ਰਿਹਾ।’
23 “ਉਨ੍ਹਾਂ ਲੋਕਾਂ ਨੂੰ ਆਖੀਂ ਕਿ ਯਹੋਵਾਹ ਉਨ੍ਹਾਂ ਦਾ ਪ੍ਰਭੂ ਉਸ ਕਹਾਉਤ ਨੂੰ ਰੋਕ ਦੇਵੇਗਾ। ਉਹ ਲੋਕ ਇਸਰਾਏਲ ਬਾਰੇ ਇਹ ਗੱਲਾਂ ਫ਼ੇਰ ਨਹੀਂ ਆਖਣਗੇ। ਹੁਣ ਉਹ ਇਹ ਕਹਾਉਤ ਕਹਿਣਗੇ:
‘ਛੇਤੀ ਆਵੇਗੀ ਮੁਸੀਬਤ,
ਸਾਰੇ ਦਰਸ਼ਨ ਪੂਰੇ ਹੋਣਗੇ।’
24 “ਇਹ ਸੱਚ ਹੈ, ਕਿ ਇਸਰਾਏਲ ਵਿੱਚ ਝੂਠੇ ਦਰਸ਼ਨ ਫ਼ੇਰ ਤੋਂ ਨਹੀਂ ਵਾਪਰਨਗੇ। ਇੱਥੇ ਹੋਰ ਜਾਦੂਗਰ ਅਜਿਹੀਆਂ ਗੱਲਾਂ ਦੱਸਣ ਵਾਲੇ ਨਹੀਂ ਹੋਣਗੇ ਜਿਹੜੀਆਂ ਸੱਚ ਨਹੀਂ ਨਿਕਲਦੀਆਂ। 25 ਕਿਉਂ ਕਿ ਮੈਂ ਯਹੋਵਾਹ ਹਾਂ। ਅਤੇ ਮੈਂ ਓਹੋ ਕੁਝ ਆਖਾਂਗਾ ਜੋ ਮੈਂ ਆਖਣਾ ਚਾਹੁੰਦਾ ਹਾਂ ਅਤੇ ਉਹ ਗੱਲ ਵਾਪਰੇਗੀ! ਅਤੇ ਮੈਂ ਵਕਤ ਨੂੰ ਫ਼ੈਲਣ ਨਹੀਂ ਦਿਆਂਗਾ। ਉਹ ਮੁਸੀਬਤਾਂ ਛੇਤੀ ਆ ਰਹੀਆਂ ਹਨ-ਤੁਹਾਡੇ ਆਪਣੇ ਜੀਵਨ-ਕਾਲ ਵਿੱਚ। ਤੁਸੀਂ ਬਾਗ਼ੀ ਲੋਕੋ, ਜਦੋਂ ਮੈਂ ਕੁਝ ਆਖਦਾ ਹਾਂ ਤਾਂ ਮੈਂ ਉਸ ਨੂੰ ਵਾਪਰਨ ਦਿੰਦਾ ਹਾਂ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
26 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 27 “ਆਦਮੀ ਦੇ ਪੁੱਤਰ, ਇਸਰਾਏਲ ਦੇ ਲੋਕ ਇਹ ਸੋਚਦੇ ਹਨ ਕਿ ਜਿਹੜੇ ਵੀ ਦਰਸ਼ਨ ਮੈਂ ਤੈਨੂੰ ਦਿਖਾਉਂਦਾ ਹਾਂ ਉਹ ਦੂਰ ਭਵਿੱਖ ਦੇ ਕਿਸੇ ਆਉਣ ਵਾਲੇ ਸਮੇਂ ਲਈ ਹਨ। ਉਹ ਸੋਚਦੇ ਹਨ ਕਿ ਜੋ ਗੱਲਾਂ ਤੂੰ ਕਰ ਰਿਹਾ ਹੈਂ ਉਹ ਹੁਣ ਤੋਂ ਬਹੁਤ-ਬਹੁਤ ਵਰ੍ਹੇ ਬਾਦ ਵਾਪਰਨਗੀਆਂ। 28 ਇਸ ਲਈ ਤੈਨੂੰ ਉਨ੍ਹਾਂ ਨੂੰ ਇਹ ਗੱਲਾਂ ਜ਼ਰੂਰ ਦੱਸ ਦੇਣੀਆਂ ਚਾਹੀਦੀਆਂ ਹਨ, ‘ਯਹੋਵਾਹ ਮੇਰਾ ਪ੍ਰਭੂ, ਆਖਦਾ ਹੈ: ਮੈਂ ਹੋਰ ਦੇਰੀ ਨਹੀਂ ਕਰਾਂਗਾ। ਜੇ ਮੈਂ ਆਖਦਾ ਹਾਂ ਕਿ ਕੁਝ ਵਾਪਰੇਗਾ ਤਾਂ ਇਹ ਜ਼ਰੂਰ ਵਾਪਰੇਗਾ!’” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਇਹ ਗੀਤ ਉਸ ਸਮੇਂ ਬਾਰੇ ਹੈ ਜਦੋਂ ਨਾਥਾਨ ਨੱਬੀ ਦਾਊਦ ਦੇ ਬਥਸ਼ਬਾ ਨਾਲ ਗੁਨਾਹ ਤੋਂ ਬਾਅਦ ਦਾਊਦ ਕੋਲ ਜਾਂਦਾ ਹੈ।
51 ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
2 ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
3 ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
4 ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
ਤੁਹਾਡੇ ਨਿਆਂ ਨਿਰਪੱਖ ਹਨ।
5 ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
6 ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
7 ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
8 ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
9 ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
11 ਮੈਨੂੰ ਧੱਕ ਕੇ ਦੂਰ ਨਾ ਕਰੋ।
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਵਿੱਚੋਂ ਨਾ ਖਿੱਚੋ।
12 ਤੁਹਾਡੀ ਸਹਾਇਤਾ ਨੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ।
ਮੈਨੂੰ ਉਹ ਖੁਸ਼ੀ ਫ਼ੇਰ ਦਿਉ।
ਮੇਰੀ ਰੂਹ ਨੂੰ ਮਜ਼ਬੂਤ ਅਤੇ ਤੁਹਾਡਾ ਹੁਕਮ ਮੰਨਣ ਲਈ ਤੱਤਪਰ ਬਣਾਉ।
13 ਮੈਂ ਗੁਨਾਹਗਾਰਾਂ ਨੂੰ ਉਹੀ ਸਿੱਖਾਵਾਂਗਾ ਜਿਵੇਂ ਤੁਸੀਂ ਚਾਹੁੰਦੇ ਹੋ
ਕਿ ਉਹ ਜਿਉਣ ਅਤੇ ਉਹ ਵਾਪਸ ਤੁਹਾਡੇ ਵੱਲ ਪਰਤਨਗੇ।
14 ਹੇ ਪਰਮੇਸ਼ੁਰ, ਮੈਨੂੰ ਸਜਾਏ ਮੌਤ ਤੋਂ ਬਚਾਉ,
ਮੇਰੇ ਯਹੋਵਾਹ, ਇਹ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰਦੇ ਹੋ।
ਮੈਨੂੰ ਤੁਹਾਡੀ ਵਫ਼ਾਦਾਰੀ ਬਾਰੇ ਗਾਉਣ ਦਿਉ।
15 ਮੇਰੇ ਮਾਲਕ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਤੁਹਾਡੀਆਂ ਉਸਤਤਾਂ ਗਾਵਾਂਗਾ।
16 ਅਸਲ ਵਿੱਚ ਤੁਹਾਨੂੰ ਬਲੀਆਂ ਨਹੀਂ ਚਾਹੀਦੀਆਂ,
ਇਸ ਲਈ ਮੈਨੂੰ ਬਲੀਆਂ ਕਿਉਂ ਚੜ੍ਹਾਉਣੀਆਂ ਚਾਹੀਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਵੀ ਨਹੀਂ।
17 ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ।
ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।
18 ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ।
ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
19 ਫ਼ੇਰ ਤੁਸੀਂ ਚੰਗੀਆਂ ਬਲੀਆਂ
ਅਤੇ ਅਗਨ ਭੇਟਾਂ ਕੀਤੇ ਚੜ੍ਹਾਵਿਆਂ ਨੂੰ ਮਾਣੋਂਗੇ
ਅਤੇ ਫ਼ੇਰ ਲੋਕ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ।
2010 by World Bible Translation Center