Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
ਨਿਆਂਈਆਂ ਦੀ ਪੋਥੀ 13-15

ਸਮਸੂਠ ਦਾ ਜਨਮ

13 ਫ਼ੇਰ ਤੋਂ ਇਸਰਾਏਲ ਦੇ ਲੋਕਾਂ ਨੇ ਉਹ ਕਰਨੀਆਂ ਕੀਤੀਆਂ ਜੋ ਯਹੋਵਾਹ ਦੁਆਰਾ ਬਦ ਮੰਨੀਆਂ ਜਾਂਦੀਆਂ ਸਨ। ਇਸ ਲਈ ਯਹੋਵਾਹ ਨੇ 40 ਵਰ੍ਹਿਆਂ ਲਈ ਉਨ੍ਹਾਂ ਨੂੰ ਫ਼ਲਸਤੀਆਂ ਦੇ ਹੱਥਾਂ ਵਿੱਚ ਸੌਂਪ ਦਿੱਤਾ।

ਉੱਥੇ ਸਾਰਾਹ ਸ਼ਹਿਰ ਦਾ ਇੱਕ ਬੰਦਾ ਸੀ। ਉਸ ਬੰਦੇ ਦਾ ਨਾਮ ਮਾਨੋਆਹ ਸੀ। ਉਹ ਦਾਨ ਦੇ ਪਰਿਵਾਰ-ਸਮੂਹ ਵਿੱਚੋਂ ਸੀ। ਮਾਨੋਆਹ ਦੀ ਇੱਕ ਪਤਨੀ ਸੀ। ਪਰ ਉਸ ਦੇ ਕੋਈ ਔਲਾਦ ਨਹੀਂ ਸੀ। ਯਹੋਵਾਹ ਦਾ ਦੂਤ ਮਾਨੋਆਹ ਦੀ ਪਤਨੀ ਸਾਹਮਣੇ ਪ੍ਰਗਟ ਹੋਇਆ। ਉਸ ਨੇ ਆਖਿਆ, “ਤੇਰੀ ਹਾਲੇ ਤੀਕ ਔਲਾਦ ਨਹੀਂ। ਪਰ ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਅਜਿਹਾ ਭੋਜਨ ਨਾ ਕਰੀਂ ਜਿਹੜਾ ਨਾਪਾਕ ਹੈ। ਕਿਉਂਕਿ ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਉਹ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਕੀਤਾ ਜਾਵੇਗਾ ਉਹ ਨਜ਼ੀਰ ਹੋਵੇਗਾ। ਤੂੰ ਕਦੇ ਵੀ ਉਸ ਦੇ ਵਾਲ ਨਾ ਕੱਟੀ। ਉਹ ਜੰਮਣ ਤੋਂ ਪਹਿਲਾਂ ਹੀ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ। ਉਹ ਇਸਰਾਏਲ ਦੇ ਲੋਕਾਂ ਨੂੰ ਫ਼ਲਿਸਤੀ ਲੋਕਾਂ ਦੀ ਤਾਕਤ ਤੋਂ ਬਚਾਵੇਗਾ।”

ਫ਼ੇਰ ਉਹ ਔਰਤ ਆਪਣੇ ਪਤੀ ਕੋਲ ਗਈ ਅਤੇ ਜੋ ਕੁਝ ਵਾਪਰਿਆ ਸੀ, ਉਸ ਨੂੰ ਦੱਸ ਦਿੱਤਾ। ਉਸ ਨੇ ਆਖਿਆ, “ਪਰਮੇਸ਼ੁਰ ਵੱਲੋਂ ਇੱਕ ਬੰਦਾ ਮੇਰੇ ਕੋਲ ਆਇਆ। ਉਹ ਪਰਮੇਸ਼ੁਰ ਦਾ ਫ਼ਰਿਸ਼ਤਾ ਜਾਪਦਾ ਸੀ। ਉਸ ਨੇ ਮੈਨੂੰ ਭੈਭੀਤ ਕਰ ਦਿੱਤਾ। ਮੈਂ ਉਸ ਨੂੰ ਇਹ ਨਹੀਂ ਪੁੱਛਿਆ ਕਿ ਉਹ ਕਿੱਥੋਂ ਦਾ ਸੀ। ਉਸ ਨੇ ਮੈਨੂੰ ਆਪਣਾ ਨਾਮ ਨਹੀਂ ਦੱਸਿਆ। ਪਰ ਉਸ ਨੇ ਮੈਨੂੰ ਆਖਿਆ, ‘ਤੂੰ ਗਰਭਵਤੀ ਹੈਂ ਅਤੇ ਤੂੰ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਕੋਈ ਮੈਅ ਜਾਂ ਹੋਰ ਤੇਜ਼ ਚੀਜ਼ ਨਾ ਪੀਵੀਂ। ਕੋਈ ਨਾਪਾਕ ਭੋਜਨ ਨਾ ਕਰੀਂ। ਕਿਉਂਕਿ ਇਹ ਲੜਕਾ ਖਾਸ ਢੰਗ ਨਾਲ ਪਰਮੇਸ਼ੁਰ ਨੂੰ ਸਮਰਪਿਤ ਹੋਵੇਗਾ। ਇਹ ਲੜਕਾ ਆਪਣੇ ਜਨਮ ਤੋਂ ਪਹਿਲਾਂ ਤੋਂ ਅਤੇ ਮੌਤ ਦੇ ਦਿਨ ਤੀਕ ਪਰਮੇਸ਼ੁਰ ਦਾ ਖਾਸ ਬੰਦਾ ਹੋਵੇਗਾ।’”

ਤਾਂ ਮਾਨੋਆਹ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਆਖਿਆ, “ਯਹੋਵਾਹ ਜੀ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਪਰਮੇਸ਼ੁਰ ਦੇ ਬੰਦੇ ਨੂੰ ਇੱਕ ਵਾਰੀ ਫ਼ੇਰ ਸਾਡੇ ਕੋਲ ਭੇਜੋ। ਅਸੀਂ ਚਾਹੁੰਦੇ ਹਾਂ ਕਿ ਉਹ ਸਾਨੂੰ ਇਹ ਸਿੱਖਾਵੇ ਕਿ ਅਸੀਂ ਉਸ ਲੜਕੇ ਲਈ ਕੀ ਕਰੀਏ, ਜਿਹੜਾ ਛੇਤੀ ਹੀ ਪੈਦਾ ਹੋਣ ਵਾਲਾ ਹੈ।”

ਪਰਮੇਸ਼ੁਰ ਨੇ ਮਾਨੋਆਹ ਦੀ ਪ੍ਰਾਰਥਨਾ ਸੁਣ ਲਈ। ਪਰਮੇਸ਼ੁਰ ਦਾ ਦੂਤ ਇੱਕ ਵਾਰ ਫ਼ੇਰ ਔਰਤ ਕੋਲ ਆਇਆ। ਉਹ ਇੱਕ ਖੇਤ ਅੰਦਰ ਬੈਠੀ ਹੋਈ ਸੀ ਅਤੇ ਉਸਦਾ ਪਤੀ ਮਾਨੋਆਹ ਉਸ ਦੇ ਕੋਲ ਨਹੀਂ ਸੀ। 10 ਇਸ ਲਈ ਉਹ ਔਰਤ ਆਪਣੇ ਪਤੀ ਨੂੰ ਭੱਜਕੇ ਦੱਸਣ ਗਈ, “ਉਹ ਆਦਮੀ ਵਾਪਸ ਆ ਗਿਆ ਹੈ! ਉਹੀ ਬੰਦਾ ਜਿਹੜਾ ਪਿੱਛਲੇ ਦਿਨ ਮੇਰੇ ਕੋਲ ਆਇਆ ਸੀ ਇੱਥੇ ਹੀ ਹੈ!”

11 ਮਾਨੋਆਹ ਉੱਠ ਪਿਆ ਅਤੇ ਆਪਣੀ ਪਤਨੀ ਦੇ ਪਿੱਛੇ-ਪਿੱਛੇ ਗਿਆ। ਜਦੋਂ ਉਹ ਉਸ ਆਦਮੀ ਕੋਲ ਅਇਆ। ਉਸ ਨੇ ਆਖਿਆ, “ਕੀ ਤੂੰ ਉਹੀ ਆਦਮੀ ਹੈਂ ਜਿਸਨੇ ਪਹਿਲਾਂ ਮੇਰੀ ਪਤਨੀ ਨਾਲ ਗੱਲ ਕੀਤੀ ਸੀ?”

ਦੂਤ ਨੇ ਆਖਿਆ, “ਮੈਂ ਹੀ ਹਾਂ।”

12 ਇਸ ਲਈ ਮਾਨੋਆਹ ਨੇ ਆਖਿਆ, “ਮੈਨੂੰ ਆਸ ਹੈ ਕਿ ਜੋ ਤੂੰ ਆਖਦਾ ਹੈਂ ਉਹੀ ਵਾਪਰੇਗਾ। ਮੈਨੂੰ ਦੱਸ ਕਿ ਇਹ ਲੜਕਾ ਕਿਹੋ ਜਿਹੀ ਜ਼ਿੰਦਗੀ ਜੀਵੇਗਾ? ਉਹ ਕੀ ਕਰੇਗਾ?”

13 ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਤੇਰੀ ਪਤਨੀ ਨੂੰ ਉਹ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ ਜੋ ਮੈਂ ਆਖੀਆਂ ਸਨ। 14 ਉਸ ਨੂੰ ਕੋਈ ਵੀ ਅਜਿਹੀ ਚੀਜ਼ ਨਹੀਂ ਖਾਣੀ ਚਾਹੀਦੀ ਜੋ ਅੰਗੂਰੀ ਵੇਲ ਉੱਤੇ ਪੈਦਾ ਹੁੰਦੀ ਹੈ। ਉਸ ਨੂੰ ਮੈਅ ਜਾਂ ਕੋਈ ਹੋਰ ਨਸ਼ੇ ਵਾਲੀ ਚੀਜ਼ ਨਹੀਂ ਪੀਣੀ ਚਾਹੀਦੀ। ਉਸ ਨੂੰ ਕੋਈ ਵੀ ਨਾਪਾਕ ਭੋਜਨ ਨਹੀਂ ਕਰਨਾ ਚਾਹੀਦਾ। ਉਸ ਨੂੰ ਹਰ ਉਹ ਗੱਲ ਕਰਨੀ ਚਾਹੀਦੀ ਹੈ ਜਿਸਦਾ ਮੈਂ ਆਦੇਸ਼ ਦਿੱਤਾ ਹੈ।”

15 ਫ਼ੇਰ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਆਖਿਆ, “ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੁਝ ਚਿਰ ਠਹਿਰੋ। ਅਸੀਂ ਤੁਹਾਡੇ ਲਈ ਭੋਜਨ ਵਾਸਤੇ ਇੱਕ ਬੱਕਰਾ ਰਿੰਨਣਾ ਚਾਹੁੰਦੇ ਹਾਂ।”

16 ਤਦ ਯਹੋਵਾਹ ਦੇ ਦੂਤ ਨੇ ਮਾਨੋਆਹ ਨੂੰ ਆਖਿਆ, “ਜੇ ਤੂੰ ਮੈਨੂੰ ਜਾਣ ਤੋਂ ਰੋਕੇਂਗਾ ਵੀ ਤਾਂ ਮੈਂ ਤੁਹਾਡਾ ਭੋਜਨ ਨਹੀਂ ਖਾਵਾਂਗਾ। ਪਰ ਜੇ ਤੂੰ ਕੁਝ ਭੇਟ ਕਰਨਾ ਹੀ ਚਾਹੁੰਦਾ ਹੈਂ ਤਾਂ ਯਹੋਵਾਹ ਨੂੰ ਇੱਕ ਹੋਮ ਦੀ ਭੇਟ ਚੜ੍ਹਾ।” (ਮਾਨੋਆਹ ਨੂੰ ਪਤਾ ਨਹੀਂ ਸੀ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਸੀ।)

17 ਤਾਂ ਮਾਨੋਆਹ ਨੇ ਯਹੋਵਾਹ ਦੇ ਦੂਤ ਨੂੰ ਪੁੱਛਿਆ, “ਤੇਰਾ ਨਾਮ ਕੀ ਹੈ? ਅਸੀਂ ਜਾਨਣਾ ਚਾਹੁੰਦੇ ਹਾਂ ਤਾਂ ਜੋ ਤੇਰੀਆਂ ਆਖੀਆਂ ਸਾਰੀਆਂ ਗੱਲਾਂ ਸੱਚਮੁੱਚ ਵਾਪਰ ਜਾਣ, ਅਸੀਂ ਤੇਰਾ ਆਦਰ ਕਰ ਸੱਕੀਏ!”

18 ਯਹੋਵਾਹ ਦੇ ਦੂਤ ਨੇ ਆਖਿਆ, “ਤੁਸੀਂ ਮੇਰਾ ਨਾਮ ਕਿਉਂ ਪੁੱਛਦੇ ਹੋਂ? ਇਹ ਗੁਪਤ ਹੈ ਅਤੇ ਇਹ ਸਮਝ ਤੋਂ ਪਾਰ ਹੈ।”

19 ਤਾਂ ਮਾਨੋਆਹ ਨੇ ਇੱਕ ਚੱਟਾਨ ਉੱਤੇ ਬੱਕਰੀ ਦੀ ਬਲੀ ਦਿੱਤੀ। ਉਸ ਨੇ ਯਹੋਵਾਹ ਨੂੰ ਬੱਕਰੀ ਅਤੇ ਅਨਾਜ ਦੀ ਭੇਟ ਚੜ੍ਹਾਈ ਫ਼ੇਰ ਯਹੋਵਾਹ ਨੇ ਕੁਝ ਅਦਭੁਤ ਕੀਤਾ, ਜਦੋਂ ਮਾਨੋਆਹ ਅਤੇ ਉਸਦੀ ਪਤਨੀ ਵੇਖ ਰਹੇ ਸਨ। 20 ਮਾਨੋਆਹ ਅਤੇ ਉਸਦੀ ਪਤਨੀ ਜੋ ਵਾਪਰ ਰਿਹਾ ਸੀ ਉਸ ਵੱਲ ਦੇਖ ਰਹੇ ਸਨ। ਜਿਉਂ ਹੀ ਜਗਵੇਦੀ ਤੋਂ ਲਾਟਾਂ ਉੱਠੀਆਂ, ਯਹੋਵਾਹ ਦਾ ਦੂਤ ਲਾਟਾਂ ਵਿੱਚੋਂ ਹੋਕੇ ਆਕਾਸ਼ ਨੂੰ ਉਤਾਹਾਂ ਚੱਲਿਆ ਗਿਆ!

ਜਦੋਂ ਮਾਨੋਆਹ ਅਤੇ ਉਸਦੀ ਪਤਨੀ ਨੇ ਇਹ ਦੇਖਿਆ, ਉਹ ਜ਼ਮੀਨ ਉੱਤੇ ਝੁਕ ਗਏ। 21 ਆਖਰਕਾਰ ਮਾਨੋਆਹ ਨੂੰ ਸਮਝ ਆ ਗਈ ਕਿ ਉਹ ਆਦਮੀ ਸੱਚਮੁੱਚ ਯਹੋਵਾਹ ਦਾ ਦੂਤ ਹੀ ਸੀ। ਯਹੋਵਾਹ ਦਾ ਦੂਤ ਫ਼ੇਰ ਕਦੇ ਮਾਨੋਆਹ ਦੇ ਸਾਹਮਣੇ ਪ੍ਰਗਟ ਨਹੀਂ ਹੋਇਆ। 22 ਮਾਨੋਆਹ ਨੇ ਆਪਣੀ ਪਤਨੀ ਨੂੰ ਆਖਿਆ, “ਅਸੀਂ ਪਰਮੇਸ਼ੁਰ ਦਾ ਦੀਦਾਰ ਕੀਤਾ ਹੈ! ਅਸੀਂ ਕਿਸੇ ਕਾਰਣ ਅਵੱਸ਼ ਮਰ ਜਾਵਾਂਗੇ!”

23 ਪਰ ਉਸਦੀ ਪਤਨੀ ਨੇ ਉਸ ਨੂੰ ਆਖਿਆ, “ਯਹੋਵਾਹ ਸਾਨੂੰ ਮਾਰਨਾ ਨਹੀਂ ਚਾਹੁੰਦਾ। ਜੇ ਯਹੋਵਾਹ ਸਾਨੂੰ ਮਾਰਨਾ ਚਾਹੁੰਦਾ ਤਾਂ ਉਸ ਨੇ ਸਾਡੀ ਹੋਮ ਦੀ ਭੇਟ ਅਤੇ ਅਨਾਜ ਦੀ ਭੇਟ ਪ੍ਰਵਾਨ ਨਹੀਂ ਕਰਨੀ ਸੀ। ਉਸ ਨੇ ਸਾਨੂੰ ਇਹ ਸਾਰੀਆਂ ਚੀਜ਼ਾਂ ਨਹੀਂ ਦਰਸਾਉਣੀਆਂ ਸਨ। ਅਤੇ ਉਸ ਨੇ ਸਾਨੂੰ ਇਹ ਗੱਲਾਂ ਨਹੀਂ ਦੱਸਣੀਆਂ ਸਨ।”

24 ਇਸ ਲਈ ਔਰਤ ਦੇ ਇੱਕ ਲੜਕਾ ਪੈਦਾ ਹੋਇਆ। ਉਸ ਨੇ ਉਸਦਾ ਨਾਮ ਸਮਸੂਨ ਰੱਖਿਆ। ਸਮਸੂਨ ਵੱਡਾ ਹੋਇਆ ਅਤੇ ਯਹੋਵਾਹ ਨੇ ਉਸ ਨੂੰ ਅਸੀਸ ਦਿੱਤੀ। 25 ਯਹੋਵਾਹ ਦੇ ਆਤਮੇ ਨੇ ਸਮਸੂਨ ਅੰਦਰ ਉਦੋਂ ਹੀ ਕਾਰਜ ਕਰਨਾ ਆਰੰਭ ਕਰ ਦਿੱਤਾ ਜਦੋਂ ਉਹ ਸਾਰਾਹ ਅਤੇ ਅਸ਼ਤਾਓਲ ਦੇ ਸ਼ਹਿਰਾਂ ਵਿੱਚਕਾਰ ਮਹਨੇਹ ਦਾਨ ਵਿੱਚ ਸੀ।

ਸਮਸੂਨ ਦਾ ਵਿਆਹ

14 ਸਮਸੂਨ ਤਿਮਨਾਯ ਸ਼ਹਿਰ ਵਿੱਚ ਗਿਆ। ਉੱਥੇ ਉਸ ਨੂੰ ਇੱਕ ਨੌਜਵਾਨ ਫ਼ਲਿਸਤੀ ਔਰਤ ਮਿਲੀ। ਜਦੋਂ ਉਹ ਘਰ ਵਾਪਸ ਆਇਆ ਤਾਂ ਉਸ ਨੇ ਆਪਣੇ ਮਾਤਾ-ਪਿਤਾ ਨੂੰ ਆਖਿਆ, “ਮੈਂ ਤਿਮਨਾਯ ਵਿਖੇ ਇੱਕ ਫ਼ਲਿਸਤੀ ਔਰਤ ਵੇਖੀ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਉਸ ਨੂੰ ਮੇਰੇ ਲਈ ਲੈ ਆਓ। ਮੈਂ ਉਸ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ।”

ਉਸ ਦੇ ਮਾਤਾ ਪਿਤਾ ਨੇ ਜਵਾਬ ਦਿੱਤਾ, “ਇਸਰਾਏਲ ਦੇ ਲੋਕਾਂ ਵਿੱਚ ਵੀ ਤਾਂ ਕੋਈ ਅਜਿਹੀ ਕੁੜੀ ਜ਼ਰੂਰ ਹੈ ਜਿਸ ਨਾਲ ਤੂੰ ਵਿਆਹ ਕਰ ਸੱਕਦਾ ਹੈਂ। ਕੀ ਤੇਰੇ ਲਈ ਫ਼ਲਿਸਤੀ ਕੁੜੀ ਨਾਲ ਸ਼ਾਦੀ ਕਰਨੀ ਜ਼ਰੂਰੀ ਹੈ? ਉਨ੍ਹਾਂ ਲੋਕਾਂ ਦੀ ਸੁੰਨਤ ਵੀ ਨਹੀਂ ਹੋਈ ਹੁੰਦੀ।”

ਪਰ ਸਮਸੂਨ ਨੇ ਆਖਿਆ, “ਉਸ ਕੁੜੀ ਨੂੰ ਮੇਰੇ ਲਈ ਲਿਆਓ! ਉਹ ਮੈਨੂੰ ਪ੍ਰਸੰਨ ਕਰਦੀ ਹੈ!” (ਸਮਸੂਨ ਦੇ ਮਾਪੇ ਇਹ ਨਹੀਂ ਜਾਣਦੇ ਸਨ ਕਿ ਯਹੋਵਾਹ ਚਾਹੁੰਦਾ ਸੀ ਕਿ ਅਜਿਹਾ ਵਾਪਰੇ। ਯਹੋਵਾਹ ਫ਼ਲਿਸਤੀ ਲੋਕਾਂ ਦੇ ਵਿਰੁੱਧ ਕੁਝ ਕਰਨ ਦੀ ਤਲਾਸ਼ ਵਿੱਚ ਸੀ। ਫ਼ਲਿਸਤੀ ਲੋਕ ਉਸ ਵੇਲੇ ਇਸਰਾਏਲ ਦੇ ਲੋਕਾਂ ਉੱਤੇ ਹਕੂਮਤ ਕਰ ਰਹੇ ਸਨ।)

ਸਮਸੂਨ ਆਪਣੇ ਮਾਤਾ ਪਿਤਾ ਨਾਲ ਤਿਮਨਾਯ ਸ਼ਹਿਰ ਨੂੰ ਗਿਆ। ਉਹ ਉੱਥੋਂ ਤੀਕ ਗਏ ਜਿੱਥੇ ਸ਼ਹਿਰ ਦੇ ਨੇੜੇ ਅੰਗੂਰਾਂ ਦੇ ਖੇਤ ਸਨ। ਉਸੇ ਥਾਂ ਉੱਤੇ ਇੱਕ ਜਵਾਨ ਸ਼ੇਰ ਅਚਾਨਕ ਦਹਾੜਿਆ ਅਤੇ ਸਮਸੂਨ ਉੱਤੇ ਕੁੱਦ ਪਿਆ! ਯਹੋਵਾਹ ਦਾ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਈ। ਉਸ ਨੇ ਆਪਣੇ ਨੰਗੇ ਹੱਥਾਂ ਨਾਲ ਸ਼ੇਰ ਨੂੰ ਚੀਰ ਸੁੱਟਿਆ। ਇਹ ਉਸ ਨੂੰ ਬਹੁਤ ਆਸਾਨ ਲੱਗਿਆ। ਇਹ ਇੰਨਾ ਹੀ ਆਸਾਨ ਸੀ ਜਿੰਨਾ ਕਿਸੇ ਬੱਕਰੇ ਨੂੰ ਚੀਰ ਸੁੱਟਣਾ। ਪਰ ਸਮਸੂਨ ਨੇ ਆਪਣੇ ਮਾਤਾ ਪਿਤਾ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਕੀ ਕੀਤਾ ਸੀ।

ਇਸ ਲਈ ਸਮਸੂਨ ਸ਼ਹਿਰ ਵਿੱਚ ਗਿਆ ਅਤੇ ਫ਼ਲਿਸਤੀ ਕੁੜੀ ਨਾਲ ਗੱਲ ਕੀਤੀ ਅਤੇ ਉਹ ਉਸ ਨਾਲ ਪ੍ਰਸੰਨ ਸੀ। ਕਈ ਦਿਨਾਂ ਮਗਰੋਂ ਸਮਸੂਨ ਫ਼ਲਿਸਤੀ ਔਰਤ ਨਾਲ ਸ਼ਾਦੀ ਕਰਨ ਲਈ ਵਾਪਸ ਆ ਗਿਆ। ਆਉਂਦਿਆਂ ਹੋਇਆਂ ਰਸਤੇ ਵਿੱਚ ਉਹ ਮਰੇ ਹੋਏ ਸ਼ੇਰ ਨੂੰ ਵੇਖਣ ਲਈ ਗਿਆ। ਉਸ ਨੇ ਸ਼ੇਰ ਦੀ ਲਾਸ਼ ਵਿੱਚ ਮਧੂ ਮੱਖੀਆਂ ਦਾ ਝੁੰਡ ਦੇਖਿਆ। ਉਨ੍ਹਾਂ ਨੇ ਕੁਝ ਸ਼ਹਿਦ ਬਣਾ ਲਿਆ ਸੀ। ਸਮਸੂਨ ਨੇ ਕੁਝ ਸ਼ਹਿਦ ਹੱਥਾਂ ਨਾਲ ਕੱਢ ਲਿਆ। ਉਹ ਸ਼ਹਿਦ ਖਾਂਦੇ ਹੋਏ ਤੁਰਨ ਲੱਗਾ। ਜਦੋਂ ਉਹ ਆਪਣੇ ਮਾਪਿਆਂ ਕੋਲ ਆਇਆ ਤਾਂ ਉਨ੍ਹਾਂ ਨੂੰ ਕੁਝ ਸ਼ਹਿਦ ਦਿੱਤਾ। ਉਨ੍ਹਾਂ ਨੇ ਵੀ ਉਹ ਖਾ ਲਿਆ। ਪਰ ਸਮਸੂਨ ਨੇ ਆਪਣੇ ਮਾਪਿਆਂ ਨੂੰ ਇਹ ਨਹੀਂ ਦੱਸਿਆ ਕਿ ਉਸ ਨੇ ਸ਼ਹਿਦ ਮੁਰਦਾ ਸ਼ੇਰ ਦੀ ਲਾਸ਼ ਤੋਂ ਲਿਆਂਦਾ ਸੀ।

10 ਸਮਸੂਨ ਦਾ ਪਿਤਾ ਫ਼ਲਿਸਤੀ ਕੁੜੀ ਨੂੰ ਦੇਖਣ ਲਈ ਗਿਆ। ਰਿਵਾਜ਼ ਇਹ ਸੀ ਕਿ ਦੂਲ੍ਹਾ ਦਾਵਤ ਦੇਵੇ। ਇਸ ਲਈ ਸਮਸੂਨ ਨੇ ਦਾਵਤ ਦਿੱਤੀ। 11 ਜਦੋਂ ਫ਼ਲਿਸਤੀ ਲੋਕਾਂ ਨੇ ਦੇਖਿਆ ਕਿ ਉਹ ਦਾਵਤ ਦੇ ਰਿਹਾ ਹੈ ਤਾਂ ਉਨ੍ਹਾਂ ਨੇ ਉਸ ਵਿੱਚ ਸ਼ਾਮਿਲ ਹੋਣ ਲਈ 30 ਆਦਮੀ ਭੇਜੇ।

12 ਸਮਸੂਨ ਨੇ 30 ਆਦਮੀਆਂ ਨੂੰ ਆਖਿਆ, “ਮੈਂ ਤੁਹਾਨੂੰ ਇੱਕ ਕਹਾਣੀ ਸੁਨਾਉਣਾ ਚਾਹੁੰਦਾ ਹਾਂ। ਇਹ ਦਾਵਤ ਸੱਤ ਦਿਨ ਚੱਲੇਗੀ। ਉਸ ਸਮੇਂ ਦੌਰਾਨ ਜਵਾਬ ਲੱਭਣ ਦੀ ਕੋਸ਼ਿਸ਼ ਕਰਨਾ। ਜੇ ਤੁਸੀਂ ਉਸ ਸਮੇਂ ਦੇ ਅੰਦਰ ਬੁਝਾਰਤ ਬੁੱਝ ਲਈ ਤਾਂ ਮੈਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਦੇਵਾਂਗਾ। 13 ਪਰ ਜੇ ਤੁਸੀਂ ਬੁਝਾਰਤ ਨਾ ਬੁਝ ਸੱਕੇ ਤਾਂ ਤੁਹਾਨੂੰ 30 ਮਹੀਨ ਕੱਪੜੇ ਦੀਆਂ ਕਮੀਜ਼ਾਂ ਅਤੇ 30 ਬਦਲਵੇਂ ਕੱਪੜੇ ਮੈਨੂੰ ਦੇਣੇ ਪੈਣਗੇ।” ਇਸ ਲਈ 30 ਆਦਮੀਆਂ ਨੇ ਆਖਿਆ, “ਆਪਣੀ ਬੁਝਾਰਤ ਦੱਸੋ ਅਸੀਂ ਸੁਣਨਾ ਚਾਹੁੰਦੇ ਹਾਂ।”

14 ਸਮਸੂਨ ਨੇ ਉਨ੍ਹਾਂ ਨੂੰ ਇਹ ਬੁਝਾਰਤ ਪਾਈ:

“ਖਾਣ ਵਾਲੇ ਵਿੱਚੋਂ ਕੁਝ ਚੀਜ਼ ਖਾਣ ਵਾਲੀ ਆਈ।
    ਤਾਕਤਵਰ ਵਿੱਚ ਆਈ ਮਿੱਠੀ ਜਿਹੀ ਚੀਜ਼।”

30 ਆਦਮੀਆਂ ਨੇ ਤਿੰਨ ਦਿਨ ਤੱਕ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਲੱਭ ਨਹੀਂ ਸੱਕੇ।

15 ਚੌਥੇ ਦਿਨ, ਆਦਮੀ ਸਮਸੂਨ ਦੀ ਪਤਨੀ ਕੋਲ ਆਏ। ਉਨ੍ਹਾਂ ਆਖਿਆ, “ਕੀ ਤੂੰ ਸਾਨੂੰ ਇੱਥੇ ਸਿਰਫ਼ ਗਰੀਬ ਬਨਾਉਣਾ ਲਈ ਸੱਦਾ ਭੇਜਿਆ ਸੀ? ਤੈਨੂੰ ਇਸ ਬੁਝਾਰਤ ਦਾ ਜਵਾਬ ਹਾਸਿਲ ਕਰਨ ਲਈ ਆਪਨੇ ਪਤੀ ਨਾਲ ਛਲ ਕਰਨਾ ਚਾਹੀਦਾ। ਜੇ ਤੂੰ ਸਾਡੇ ਲਈ ਇਸ ਬੁਝਾਰਤ ਦਾ ਜਵਾਬ ਨਹੀਂ ਕੱਢਾਵੇਂਗੀ ਤਾਂ ਅਸੀਂ ਤੈਨੂੰ ਅਤੇ ਤੇਰੇ ਸਾਰੇ ਪਰਿਵਾਰ ਨੂੰ ਸਾੜਕੇ ਮਾਰ ਦਿਆਂਗੇ।”

16 ਇਸ ਲਈ ਸਮਸੂਨ ਦੀ ਪਤਨੀ ਉਸ ਕੋਲ ਗਈ ਅਤੇ ਰੋਣ ਲੱਗ ਪਈ। ਉਸ ਨੇ ਆਖਿਆ, “ਤੂੰ ਮੈਨੂੰ ਨਫ਼ਰਤ ਕਰਦਾ ਹੈਂ, ਤੂੰ ਸੱਚਮੁੱਚ ਮੈਨੂੰ ਪਿਆਰ ਨਹੀਂ ਕਰਦਾ! ਤੂੰ ਮੇਰੇ ਲੋਕਾਂ ਨੂੰ ਇੱਕ ਬੁਝਾਰਤ ਪਾਈ ਹੈ ਅਤੇ ਤੂੰ ਮੈਨੂੰ ਇਸਦਾ ਜਵਾਬ ਵੀ ਨਹੀਂ ਦੱਸਦਾ।”

ਉਸ ਨੇ ਉਸ ਨੂੰ ਜਵਾਬ ਦਿੱਤਾ, “ਵੇਖ, ਮੈਂ ਆਪਣੇ ਪਿਉ ਅਤੇ ਮਾਂ ਨੂੰ ਵੀ ਨਹੀਂ ਦੱਸਿਆ ਫ਼ੇਰ ਮੈਂ ਤੈਨੂੰ ਕਿਉਂ ਦੱਸਾਂ?”

17 ਸਮਸੂਨ ਦੀ ਪਤਨੀ ਦਾਵਤ ਦੇ ਰਹਿੰਦੇ ਸੱਤ ਦਿਨਾਂ ਤੱਕ ਰੋਂਦੀ ਰਹੀ। ਇਸ ਲਈ ਆਖਰਕਾਰ ਉਸ ਨੇ ਸੱਤਵੇਂ ਦਿਨ ਬੁਝਾਰਤ ਦਾ ਉੱਤਰ ਦੇ ਦਿੱਤਾ। ਉਸ ਨੇ ਉਸ ਨੂੰ ਇਸ ਲਈ ਦੱਸ ਦਿੱਤਾ ਕਿਉਂਕਿ ਉਹ ਉਸ ਨੂੰ ਪਰੇਸ਼ਾਨ ਕਰਦੀ ਰਹੀ ਸੀ। ਫ਼ੇਰ ਉਹ ਆਪਣੇ ਲੋਕਾਂ ਕੋਲ ਗਈ ਅਤੇ ਉਨ੍ਹਾਂ ਨੂੰ ਬੁਝਾਰਤ ਦਾ ਜਵਾਬ ਦੱਸ ਦਿੱਤਾ।

18 ਇਸ ਲਈ ਸੱਤਵੇਂ ਦਿਨ ਸੂਰਜ ਛਿਪਣ ਤੋਂ ਪਹਿਲਾਂ-ਪਹਿਲਾਂ ਫ਼ਲਿਸਤੀ ਆਦਮੀਆਂ ਕੋਲ ਉੱਤਰ ਸੀ। ਉਹ ਸਮਸੂਨ ਕੋਲ ਆਏ ਅਤੇ ਆਖਿਆ,

“ਸ਼ਹਿਦ ਨਾਲੋਂ ਮਿਠਾ ਕੀ ਹੈ?
    ਸ਼ੇਰ ਨਾਲੋ ਤਕੜਾ ਕੌਣ ਹੈ?”

ਤਾਂ ਸਮਸੂਨ ਨੇ ਉਨ੍ਹਾਂ ਨੂੰ ਆਖਿਆ,

“ਜੇ ਤੁਸੀਂ ਮੇਰੀ ਗਾਂ ਨਾਲ ਹੱਲ ਨਾ ਵਾਹਿਆ
    ਹੁੰਦਾ ਤੁਸੀਂ ਮੇਰੀ ਬੁਝਾਰਤ ਨਹੀਂ ਸੀ ਬੁੱਝ ਸੱਕਦੇ!”

19 ਫ਼ੇਰ ਯਹੋਵਾਹ ਆਤਮਾ ਸਮਸੂਨ ਵਿੱਚ ਬੜੀ ਤਾਕਤ ਨਾਲ ਆਇਆ ਅਤੇ ਉਹ ਅਸ਼ਕਲੋਨ ਨਗਰ ਵਿੱਚ ਚੱਲਾ ਗਿਆ ਅਤੇ ਜਾਕੇ 30 ਫ਼ਲਿਸਤੀਆਂ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਲਾਸ਼ਾਂ ਤੋਂ ਕੱਪੜੇ ਅਤੇ ਹੋਰ ਸਾਮਾਨ ਉਤਾਰ ਲਿਆ। ਅਤੇ ਇਨ੍ਹਾਂ ਨੂੰ ਵਾਪਸ ਲਿਆਕੇ ਉਨ੍ਹਾਂ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਨੇ ਬੁਝਾਰਤ ਬੁੱਝੀ ਸੀ। ਉਹ ਬਹੁਤ ਨਾਰਾਜ਼ ਸੀ ਇਸ ਲਈ ਉਹ ਆਪਨੇ ਪਿਤਾ ਦੇ ਘਰ ਗਿਆ। 20 ਤਾਂ ਸਮਸੂਨ ਦੀ ਪਤਨੀ ਉਸ ਦੇ ਦੋਸਤ ਦੀ ਪਤਨੀ ਬਣ ਗਈ, ਜੋ ਉਸਦਾ ਸਭ ਤੋਂ ਚੰਗਾ ਆਦਮੀ ਸੀ।

ਸਮਸੂਨ ਫ਼ਲਿਸਤੀਆਂ ਲਈ ਮੁਸ਼ਕਿਲਾਂ ਖੜੀਆਂ ਕਰਦਾ ਹੈ

15 ਕਣਕ ਦੀ ਵਾਢੀ ਵੇਲੇ ਸਮਸੂਨ ਆਪਣੀ ਪਤਨੀ ਨੂੰ ਮਿਲਣ ਲਈ ਗਿਆ। ਉਸ ਨੇ ਇੱਕ ਜਵਾਨ ਬੱਕਰਾ ਸੁਗਾਤ ਵਜੋਂ ਨਾਲ ਲੈ ਲਿਆ। ਉਸ ਨੇ ਆਖਿਆ, “ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਜਾ ਰਿਹਾ ਹਾਂ।”

ਪਰ ਉਸਦਾ ਪਿਤਾ ਸਮਸੂਨ ਨੂੰ ਅੰਦਰ ਨਾ ਆਉਣ ਦੇਵੇ। ਉਸ ਦੇ ਪਿਤਾ ਨੇ ਸਮਸੂਨ ਨੂੰ ਆਖਿਆ, “ਮੈਂ ਤਾਂ ਸੋਚਿਆ ਸੀ ਕਿ ਤੂੰ ਉਸ ਨੂੰ ਨਫ਼ਰਤ ਕਰਦਾ ਹੈਂ। ਇਸ ਲਈ ਮੈਂ ਉਸਦੀ ਸ਼ਾਦੀ ਤੇਰੇ ਸਭ ਤੋਂ ਚੰਗੇ ਆਦਮੀ ਨਾਲ ਹੀ ਕਰਨ ਦਿੱਤੀ ਹੈ। ਉਸਦੀ ਛੋਟੀ ਭੈਣ ਉਸ ਨਾਲੋਂ ਵੀ ਵੱਧੇਰੇ ਸੋਹਣੀ ਹੈ, ਤੂੰ ਉਸ ਨਾਲ ਵਿਆਹ ਕਰ ਸੱਕਦਾ ਹੈਂ।”

ਪਰ ਸਮਸੂਨ ਨੇ ਉਸ ਨੂੰ ਆਖਿਆ, “ਹੂਣ ਮੇਰੇ ਕੋਲ ਤੁਹਾਨੂੰ ਫ਼ਲਿਸਤੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਦਾ ਚੰਗਾ ਕਾਰਣ ਹੈ। ਹੁਣ ਕੋਈ ਵੀ ਮੈਨੂੰ ਕਸੂਰਵਾਰ ਨਹੀਂ ਠਹਿਰਾਵੇਗਾ।”

ਇਸ ਲਈ ਸਮਸੂਨ ਬਾਹਰ ਗਿਆ ਅਤੇ 300 ਲੂੰਮੜੀਆਂ ਫ਼ੜ ਲਿਆਇਆ? ਉਸ ਨੇ ਦੋ-ਦੋ ਲੂੰਮੜੀਆਂ ਲਈਆਂ ਅਤੇ ਉਨ੍ਹਾਂ ਦੀਆਂ ਪੂਛਾਂ ਬੰਨ੍ਹਕੇ ਜੋੜੇ ਬਣਾ ਦਿੱਤੇ। ਫ਼ੇਰ ਉਸ ਨੇ ਲੂੰਮੜੀਆਂ ਦੇ ਹਰ ਜੋੜੇ ਦੀਆਂ ਪੂਛਾਂ ਦੇ ਵਿਚਕਾਰ ਇੱਕ-ਇੱਕ ਮਸ਼ਾਲ ਬੰਨ੍ਹ ਦਿੱਤੀ। ਸਮਸੂਨ ਨੇ ਉਹ ਮਸ਼ਾਲਾਂ ਬਾਲ ਦਿੱਤੀਆਂ ਜਿਹੜੀਆਂ ਉਸ ਨੇ ਲੂੰਮੜੀਆਂ ਦੀਆਂ ਪੂਛਾਂ ਵਿੱਚਕਾਰ ਬੰਨ੍ਹੀਆਂ ਸਨ। ਫ਼ੇਰ ਉਸ ਨੇ ਲੂੰਮੜੀਆਂ ਨੂੰ ਫ਼ਲਿਸਤੀਆਂ ਦੇ ਕਣਕ ਦੇ ਖੇਤਾਂ ਵਿੱਚ ਭੱਜਣ ਲਈ ਛੱਡ ਦਿੱਤਾ। ਇੰਝ ਉਸ ਨੇ ਉਨ੍ਹਾਂ ਦੇ ਖੇਤਾਂ ਵਿੱਚ ਉੱਗੇ ਬੂਟਿਆਂ, ਅਤੇ ਕੱਟੇ ਹੋਏ ਅਨਾਜ ਦੀਆਂ ਢੇਰੀਆਂ, ਉਨ੍ਹਾਂ ਦੇ ਅੰਗੂਰਾਂ ਦੇ ਬਾਗਾਂ ਅਤੇ ਜ਼ੈਤੂਨ ਦੇ ਬਗੀਚਿਆਂ ਨੂੰ ਨਾਸ਼ ਕਰ ਦਿੱਤਾ।

ਫ਼ਲਿਸਤੀ ਲੋਕਾਂ ਨੇ ਪੁੱਛਿਆ, “ਇਹ ਕਿਸਨੇ ਕੀਤਾ ਹੈ?”

ਕਿਸਨੇ ਉਨ੍ਹਾਂ ਨੂੰ ਦੱਸਿਆ, “ਤਿਮਨਾਥ ਦੇ ਬੰਦੇ ਜਵਾਈ ਸਮਸੂਨ ਨੇ ਅਜਿਹਾ ਕੀਤਾ ਹੈ। ਉਸ ਨੇ ਅਜਿਹਾ ਇਸ ਲਈ ਕੀਤਾ ਹੈ ਕਿਉਂਕਿ ਉਸ ਦੇ ਸੌਹਰੇ ਨੇ ਸਮਸੂਨ ਦੀ ਪਤਨੀ ਵਿਆਹ ਵੇਲੇ ਦੇ ਸਰਬਾਲ੍ਹੇ ਨੂੰ ਦੇ ਦਿੱਤੀ।” ਇਸ ਲਈ ਫ਼ਲਿਸਤੀ ਲੋਕਾਂ ਨੇ ਸਮਸੂਨ ਦੀ ਪਤਨੀ ਅਤੇ ਉਸ ਦੇ ਪਿਤਾ ਨੂੰ ਅੱਗ ਲਾਕੇ ਸਾੜ ਦਿੱਤਾ।

ਫ਼ੇਰ ਸਮਸੂਨ ਨੇ ਫ਼ਲਿਸਤੀ ਲੋਕਾਂ ਨੂੰ ਆਖਿਆ, “ਤੁਸੀਂ ਮੇਰੇ ਨਾਲ ਇਹ ਬੁਰਾ ਸਲੂਕ ਕੀਤਾ ਹੈ। ਇਸ ਲਈ ਹੁਣ ਮੈਂ ਵੀ ਤੁਹਾਡੇ ਨਾਲ ਬੁਰਾ ਸਲੂਕ ਕਰਾਂਗਾ। ਤਾਂ ਮੇਰਾ ਤੁਹਾਡੇ ਨਾਲ ਹਿਸਾਬ ਬਰਾਬਰ ਹੋਵੇਗਾ।”

ਤਾਂ ਸਮਸੂਨ ਨੇ ਫ਼ਲਿਸਤੀ ਲੋਕਾਂ ਉੱਤੇ ਹਮਲਾ ਕਰ ਦਿੱਤਾ। ਉਸ ਨੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਬੰਦੇ ਮਾਰ ਦਿੱਤੇ। ਫ਼ੇਰ ਉਹ ਚੱਲਿਆ ਗਿਆ ਅਤੇ ਇੱਕ ਗੁਫ਼ਾ ਵਿੱਚ ਰਹਿਣ ਲੱਗਾ। ਉਹ ਗੁਫ਼ਾ ਏਟਾਮ ਦੀ ਚੱਟਾਨ ਨਾਮ ਦੇ ਸਥਾਨ ਉੱਤੇ ਸੀ।

ਫ਼ੇਰ ਫ਼ਲਿਸਤੀ ਲੋਕ ਯਹੂਦਾਹ ਦੀ ਧਰਤੀ ਉੱਤੇ ਗਏ। ਉਹ ਲੇਹੀ ਨਾਮ ਦੇ ਇੱਕ ਸਥਾਨ ਉੱਤੇ ਰੁਕ ਗਏ। ਉਨ੍ਹਾਂ ਦੀ ਫ਼ੌਜ ਨੇ ਉੱਥੇ ਡੇਰਾ ਲਾ ਲਿਆ (ਅਤੇ ਜੰਗ ਦੀ ਤਿਆਰੀ ਕਰਨ ਲੱਗੀ।) 10 ਯਹੂਦਾਹ ਦੇ ਪਰਿਵਾਰ-ਸਮੂਹ ਦੇ ਆਦਮੀਆਂ ਨੇ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਫ਼ਲਿਸਤੀ ਲੋਕ ਇੱਥੇ ਸਾਡੇ ਨਾਲ ਲੜਨ ਲਈ ਕਿਉਂ ਆਏ ਹੋ?”

ਉਸ ਨੇ ਜਵਾਬ ਦਿੱਤਾ, “ਅਸੀਂ ਸਮਸੂਨ ਨੂੰ ਫ਼ੜਨ ਆਏ ਹਾਂ। ਅਸੀਂ ਉਸ ਨੂੰ ਆਪਣਾ ਕੈਦੀ ਬਨਾਉਣਾ ਚਾਹੁੰਦੇ ਹਾਂ। ਅਸੀਂ ਉਸ ਨੂੰ ਉਨ੍ਹਾਂ ਗੱਲਾਂ ਦੀ ਸਜ਼ਾ ਦੇਣੀ ਚਾਹੁੰਦੇ ਹਾਂ ਜਿਹੜੀਆਂ ਉਸ ਨੇ ਸਾਡੇ ਲੋਕਾਂ ਨਾਲ ਕੀਤੀਆਂ ਹਨ।”

11 ਫ਼ੇਰ ਯਹੂਦਾਹ ਦੇ ਪਰਿਵਾਰ-ਸਮੂਹ ਦੇ 3,000 ਆਦਮੀ ਸਮਸੂਨ ਕੋਲ ਗਏ। ਉਹ ਏਟਾਮ ਦੀ ਚੱਟਾਨ ਨੇੜੇ ਦੀ ਗੁਫ਼ਾ ਕੋਲ ਗਏ। ਉਨ੍ਹਾਂ ਨੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਕੀ ਕੀਤਾ ਹੈ? ਕੀ ਤੈਨੂੰ ਨਹੀਂ ਪਤਾ ਕਿ ਫ਼ਲਿਸਤੀ ਲੋਕ ਸਾਡੇ ਉੱਤੇ ਹਕੂਮਤ ਕਰਦੇ ਹਨ?”

ਸਮਸੂਨ ਨੇ ਜਵਾਬ ਦਿੱਤਾ, “ਮੈਂ ਸਿਰਫ਼ ਉਨ੍ਹਾਂ ਨੂੰ ਉਨ੍ਹਾਂ ਦੇ ਕੰਮਾਂ ਲਈ ਸਜ਼ਾ ਦਿੱਤੀ ਹੈ ਜਿਹੜੇ ਉਨ੍ਹਾਂ ਨੇ ਮੇਰੇ ਨਾਲ ਕੀਤੇ ਹਨ।”

12 ਫ਼ੇਰ ਉਨ੍ਹਾਂ ਨੇ ਸਮਸੂਨ ਨੂੰ ਆਖਿਆ, “ਅਸੀਂ ਤੈਨੂੰ ਬੰਨ੍ਹਣ ਲਈ ਆਏ ਹਾਂ। ਅਸੀਂ ਤੈਨੂੰ ਫ਼ਲਿਸਤੀ ਲੋਕਾਂ ਦੇ ਹਵਾਲੇ ਕਰ ਦਿਆਂਗੇ।”

ਸਮਸੂਨ ਨੇ ਯਹੂਦਾਹ ਦੇ ਬੰਦਿਆਂ ਨੂੰ ਆਖਿਆ, “ਇਕਰਾਰ ਕਰੋ ਕਿ ਤੁਸੀਂ ਖੁਦ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਗੇ।”

13 ਫ਼ੇਰ ਯਹੂਦਾਹ ਦੇ ਬੰਦਿਆਂ ਨੇ ਆਖਿਆ, “ਸਾਨੂੰ ਮਨਜ਼ੂਰ ਹੈ। ਅਸੀਂ ਬਸ ਤੈਨੂੰ ਬੰਨ੍ਹਾਂਗੇ ਅਤੇ ਤੈਨੂੰ ਫ਼ਲਿਸਤੀ ਲੋਕਾਂ ਦੇ ਹਵਾਲੇ ਕਰ ਦਿਆਂਗੇ। ਅਸੀਂ ਇਕਰਾਰ ਕਰਦੇ ਹਾਂ ਕਿ ਅਸੀਂ ਤੈਨੂੰ ਨਹੀਂ ਮਾਰਾਂਗੇ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਦੋ ਨਵੇਂ ਰੱਸਿਆਂ ਨਾਲ ਬੰਨ੍ਹ ਦਿੱਤਾ। ਉਹ ਉਸ ਨੂੰ ਗੁਫ਼ਾ ਵਿੱਚੋਂ ਬਾਹਰ ਲੈ ਆਏ।

14 ਜਦੋਂ ਸਮਸੂਨ ਲਹੀ ਨਾਮ ਦੇ ਸਥਾਨ ਉੱਤੇ ਅੱਪੜਿਆ, ਫ਼ਲਿਸਤੀ ਲੋਕ ਉਸ ਨੂੰ ਮਿਲਣ ਲਈ ਆਏ। ਉਹ ਖੁਸ਼ੀ ਨਾਲ ਚੀਕਾਂ ਮਾਰ ਰਹੇ ਸਨ। ਫ਼ੇਰ ਯਹੋਵਾਹ ਆਤਮਾ ਵੱਡੀ ਤਾਕਤ ਨਾਲ ਸਮਸੂਨ ਵਿੱਚ ਆ ਗਿਆ। ਸਮਸੂਨ ਨੇ ਰੱਸੇ ਤੋੜ ਦਿੱਤੇ। ਰੱਸੇ ਸੜੀਆਂ ਹੋਈਆਂ ਕਮਜ਼ੋਰ ਰਸੀਆਂ ਵਰਗੇ ਜਾਪਦੇ ਸਨ। ਰੱਸੇ ਉਸ ਦੇ ਬਾਜੂਆਂ ਤੋਂ ਇਸ ਤਰ੍ਹਾਂ ਡਿੱਗ ਪਏ ਜਿਵੇਂ ਉਹ ਪਿਘਲ ਗਏ ਹੋਣ। 15 ਸਮਸੂਨ ਨੂੰ ਇੱਕ ਮਰੇ ਹੋਏ ਖੋਤੇ ਦਾ ਜਬੜਾ ਮਿਲ ਗਿਆ। ਉਸ ਨੇ ਜਬੜੇ ਦੀ ਹੱਡੀ ਫ਼ੜੀ ਅਤੇ 1,000 ਫ਼ਲਿਸਤੀ ਲੋਕਾਂ ਨੂੰ ਇਸਦੇ ਨਾਲ ਮਾਰ ਦਿੱਤਾ।

16 ਫ਼ੇਰ ਸਮਸੂਨ ਨੇ ਆਖਿਆ,

“ਇੱਕ ਖੋਤੇ ਦੇ ਜਬੜੇ ਦੀ ਹੱਡੀ ਨਾਲ
    ਮੈਂ 1,000 ਬੰਦਿਆਂ ਨੂੰ ਮਾਰ ਦਿੱਤਾ,
ਇੱਕ ਖੋਤੇ ਦੇ ਜਬੜੇ ਦੀ ਹੱਡੀ ਨਾਲ
    ਮੈਂ ਉਨ੍ਹਾਂ ਦੀ ਇੱਕ ਵੱਡੀ ਢੇਰੀ ਲਾ ਦਿੱਤੀ ਹੈ।”

17 ਜਦੋਂ ਸਮਸੂਨ ਬੋਲ ਹਟਿਆ, ਉਸ ਨੇ ਜਬੜੇ ਦੀ ਹੱਡੀ ਹੇਠਾਂ ਸੁੱਟ ਦਿੱਤੀ। ਇਸ ਲਈ ਉਸਦਾ ਨਾਮ ਰਾਮਥ ਲਹੀ ਰੱਖਿਆ ਗਿਆ।

18 ਸਮਸੂਨ ਬਹੁਤ ਪਿਆਸਾ ਸੀ। ਇਸ ਲਈ ਉਸ ਨੇ ਯਹੋਵਾਹ ਅੱਗੇ ਪ੍ਰਾਰਥਨਾ ਕਿਤੀ। ਉਸ ਨੇ ਆਖਿਆ, “ਮੈਂ ਤੁਹਾਡਾ ਸੇਵਕ ਹਾਂ। ਤੁਸੀਂ ਮੈਨੂੰ ਇਹ ਮਹਾਨ ਜਿੱਤ ਬਖਸ਼ੀ ਹੈ। ਮਿਹਰ ਕਰਕੇ ਹੁਣ ਮੈਨੂੰ ਪਿਆਸਾ ਨਾ ਮਰਨ ਦਿਉ। ਮਿਹਰ ਕਰਕੇ ਮੈਨੂੰ ਉਨ੍ਹਾਂ ਲੋਕਾਂ ਦੇ ਹੱਥ ਨਾ ਪੈਣ ਦਿਉ ਜਿਨ੍ਹਾਂ ਦੀ ਸੁੰਨਤ ਵੀ ਨਹੀਂ ਹੋਈ!”

19 ਲਹੀ ਵਿਖੇ ਧਰਤੀ ਵਿੱਚ ਇੱਕ ਸੁਰਾਖ ਹੈ। ਪਰਮੇਸ਼ੁਰ ਨੇ ਉਸ ਸੁਰਾਖ ਨੂੰ ਪਾੜਕੇ ਖੋਲ੍ਹ ਦਿੱਤਾ, ਅਤੇ ਪਾਣੀ ਬਾਹਰ ਨਿਕਲ ਆਇਆ। ਸਮਸੂਨ ਨੇ ਪਾਣੀ ਪੀਤਾ ਅਤੇ ਬਿਹਤਰ ਮਹਿਸੂਸ ਕੀਤਾ। ਉਸ ਨੇ ਆਪਣੇ-ਆਪ ਨੂੰ ਫ਼ੇਰ ਸ਼ਕਤੀਸ਼ਾਲੀ ਮਹਿਸੂਸ ਕੀਤਾ। ਇਸ ਲਈ ਉਸ ਨੇ ਪਾਣੀ ਦੇ ਉਸ ਚਸ਼ਮੇ ਨੂੰ ਏਨ ਹੱਕੋਰੇ ਨਾਮ ਦਿੱਤਾ। ਉਹ ਹਾਲੇ ਵੀ ਲਹੀ ਦੇ ਸ਼ਹਿਰ ਵਿੱਚ ਹੈ।

20 ਇਸ ਲਈ ਸਮਸੂਨ ਇਸਰਾਏਲ ਦੇ ਲੋਕਾਂ ਦਾ 20 ਸਾਲ ਤੱਕ ਨਿਆਂਕਾਰ ਰਿਹਾ। ਇਹ ਗੱਲ ਫ਼ਲਿਸਤੀਨ ਲੋਕਾਂ ਦੇ ਵੇਲੇ ਦੀ ਹੈ।

Punjabi Bible: Easy-to-Read Version (ERV-PA)

2010 by World Bible Translation Center