Historical
ਦਾਊਦ ਦਾ ਬਥ-ਸ਼ਬਾ ਨੂੰ ਮਿਲਣਾ
11 ਬਸੰਤ ਦੀ ਰੁੱਤੇ ਜਦੋਂ ਰਾਜੇ ਲੋਕ ਲੜਾਈ ਨੂੰ ਚੜ੍ਹਦੇ ਹਨ, ਦਾਊਦ ਨੇ ਯੋਆਬ ਅਤੇ ਉਸ ਦੇ ਨਾਲ, ਅਫ਼ਸਰ ਅਤੇ ਸਾਰੇ ਇਸਰਾਏਲੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਨਸ਼ਟ ਕਰ ਸੁੱਟਿਆ ਅਤੇ ਰੱਬਾਹ ਨੂੰ ਘੇਰਾ ਪਾ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ।
2 ਸ਼ਾਮ ਨੂੰ ਦਾਊਦ ਆਪਣੇ ਬਿਸਤਰ ਤੋਂ ਉੱਠਿਆ ਅਤੇ ਸ਼ਾਹੀ ਮਹਿਲ ਦੀ ਛੱਤ ਉੱਪਰ ਫ਼ਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਔਰਤ ਨੂੰ ਇਸਨਾਨ ਕਰਦਿਆਂ ਵੇਖਿਆ। ਉਹ ਔਰਤ ਬਹੁਤ ਹੀ ਖੂਬਸੂਰਤ ਸੀ। 3 ਤਾਂ ਦਾਊਦ ਨੇ ਆਪਣੇ ਸੇਵਕਾਂ ਨੂੰ ਭੇਜਿਆ ਕਿ ਜਾਕੇ ਪਤਾ ਕਰੋ ਕਿ ਉਹ ਔਰਤ ਕੌਣ ਹੈ? ਇੱਕ ਅਫ਼ਸਰ ਨੇ ਜਵਾਬ ਦਿੱਤਾ, “ਉਸ ਔਰਤ ਦਾ ਨਾਉਂ ਬਥ-ਸ਼ਬਾ ਹੈ ਜੋ ਕਿ ਅਲੀਆਮ ਦੀ ਧੀ ਹੈ ਅਤੇ ਹਿੱਤੀ ਦੇ ਊਰਿੱਯਾਹ ਦੀ ਪਤਨੀ ਹੈ।”
4 ਦਾਊਦ ਨੇ ਆਪਣੇ ਮਨੁੱਖਾਂ ਨੂੰ ਉਸ ਔਰਤ ਨੂੰ ਲਿਆਉਣ ਲਈ ਭੇਜਿਆ। ਜਦੋਂ ਉਹ ਦਾਊਦ ਕੋਲ ਆਈ ਤਾਂ ਦਾਊਦ ਨੇ ਉਸ ਔਰਤ ਨਾਲ ਸੰਭੋਗ ਕੀਤਾ। ਫ਼ਿਰ ਉਸ ਨੇ ਆਪਣੀ ਅਸ਼ੁੱਧਤਾ ਨੂੰ ਧੋਤਾ ਅਤੇ ਆਪਣੇ ਘਰ ਵਾਪਸ ਚਲੀ ਗਈ। [a] 5 ਪਰ ਬਥ-ਸ਼ਬਾ ਨੂੰ ਦਾਊਦ ਤੋਂ ਬੱਚਾ ਠਹਿਰ ਗਿਆ ਤਾਂ ਉਸ ਨੇ ਦਾਊਦ ਨੂੰ ਇਹ ਖਬਰ ਭੇਜੀ ਕਿ ਉਹ ਗਰਭਵਤੀ ਹੋ ਗਈ ਹੈ।
ਦਾਊਦ ਆਪਣੇ ਪਾਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ
6 ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ, “ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ।”
ਤਾਂ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ। 7 ਊਰਿੱਯਾਹ ਦਾਊਦ ਕੋਲ ਆਇਆ ਤਾਂ ਦਾਊਦ ਨੇ ਉਸ ਨਾਲ ਗੱਲ ਬਾਤ ਕੀਤੀ ਅਤੇ ਉਸ ਕੋਲੋਂ ਯੋਆਬ, ਸਿਪਾਹੀਆਂ ਬਾਰੇ ਅਤੇ ਲੜਾਈ ਬਾਰੇ ਪੁੱਛਿਆ। 8 ਫ਼ਿਰ ਦਾਊਦ ਨੇ ਊਰਿੱਯਾਹ ਨੂੰ ਘਰ ਵਾਪਸ ਜਾਕੇ ਆਰਾਮ ਕਰਨ ਲਈ ਕਿਹਾ।
ਊਰਿੱਯਾਹ ਨੇ, ਰਾਜੇ ਵੱਲੋਂ ਊਰਿੱਯਾਹ ਲਈ ਸੁਗਾਤ ਚੁੱਕੀ ਹੋਏ ਆਦਮੀਆਂ ਦੇ ਸਮੇਤ ਮਹਿਲ ਛੱਡ ਦਿੱਤਾ। 9 ਪਰ ਊਰਿੱਯਾਹ ਘਰ ਨਾ ਗਿਆ ਉਹ ਪਾਤਸ਼ਾਹ ਦੇ ਘਰ ਦੇ ਦਰਵਾਜ਼ੇ ਬਾਹਰ ਹੀ ਸੌਂ ਗਿਆ। ਉਹ ਪਾਤਸ਼ਾਹ ਦੇ ਬਾਕੀ ਸੇਵਕਾਂ ਵਾਂਗ ਹੀ ਉੱਥੇ ਸੌਂ ਗਿਆ। 10 ਸੇਵਕਾਂ ਨੇ ਦਾਊਦ ਨੂੰ ਦੱਸਿਆ ਕਿ, “ਊਰਿੱਯਾਹ ਰਾਤ ਘਰ ਨਹੀਂ ਗਿਆ।”
ਤਦ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਤੂੰ ਇੰਨੇ ਲੰਬੇ ਸਫ਼ਰ ਤੋਂ ਮੁੜਿਆ ਹੈਂ ਤਾਂ ਤੂੰ ਘਰ ਕਿਉਂ ਨਹੀਂ ਗਿਆ?”
11 ਊਰਿੱਯਾਹ ਨੇ ਦਾਊਦ ਨੂੰ ਕਿਹਾ, “ਪਵਿੱਤਰ ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਦੇ ਸੈਨਿਕ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਮੇਰਾ ਮਹਾਰਾਜ ਯੋਆਬ ਅਤੇ ਮੇਰੇ ਮਹਾਰਾਜ (ਪਾਤਸ਼ਾਹ ਦਾਊਦ) ਦੇ ਸੇਵਕ ਖੁੱਲੇ ਮੈਦਾਨ ਵਿੱਚ ਪਏ ਹੋਏ ਹਨ ਤਾਂ ਫ਼ਿਰ ਮੈਂ ਆਪਣੇ ਘਰ ਜਾਕੇ ਕਿਵੇਂ ਖਾ ਪੀ ਸੱਕਦਾ ਹਾਂ ਅਤੇ ਆਪਣੀ ਬੀਵੀ ਨਾਲ ਕਿਵੇਂ ਸੌਂ ਸੱਕਦਾ ਹਾਂ?”
12 ਤਾਂ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਅੱਜ ਫ਼ਿਰ ਤੂੰ ਇੱਥੇ ਹੀ ਰਹਿ ਅਤੇ ਕੱਲ ਫ਼ਿਰ ਮੈਂ ਤੈਨੂੰ ਲੜਾਈ ਲਈ ਵਿਦਿਆ ਕਰਾਂਗਾ।”
ਊਰਿੱਯਾਹ ਉਸ ਦਿਨ ਯਰੂਸ਼ਲਮ ਵਿੱਚ ਹੀ ਰਿਹਾ। ਉਹ ਅਗਲੀ ਸਵੇਰ ਤੀਕ ਉੱਥੇ ਹੀ ਰਿਹਾ ਤਦ 13 ਦਾਊਦ ਨੇ ਉਸ ਨੂੰ ਆਕੇ ਮਿਲਣ ਲਈ ਆਖਿਆ। ਤਦ ਊਰਿੱਯਾਹ ਨੇ ਦਾਊਦ ਨਾਲ ਉਸ ਦਿਨ ਖਾਧਾ-ਪੀਤਾ। ਦਾਊਦ ਨੇ ਊਰਿੱਯਾਹ ਨੂੰ ਸ਼ਰਾਬ ਨਾਲ ਬੇਹੋਸ਼ ਕਰ ਦਿੱਤਾ ਪਰ ਉਹ ਤਦ ਵੀ ਘਰ ਨੂੰ ਨਾ ਗਿਆ ਉਸ ਰਾਤ ਵੀ ਊਰਿੱਯਾਹ ਪਾਤਸ਼ਾਹ ਦੇ ਸੇਵਕਾਂ ਨਾਲ ਹੀ ਸੁੱਤਾ ਪਾਤਸ਼ਾਹ ਦੇ ਦਰਵਾਜ਼ੇ ਦੇ ਬਾਹਰ।
ਦਾਊਦ ਦੀ ਊਰਿੱਯਾਹ ਨੂੰ ਮਾਰਨ ਦੀ ਵਿਉਂਤ
14 ਅਗਲੀ ਸਵੇਰ, ਦਾਊਦ ਨੇ ਯੋਆਬ ਨੂੰ ਇੱਕ ਖਤ ਲਿਖਿਆ। ਦਾਊਦ ਨੇ ਉਹ ਖਤ ਊਰਿੱਯਾਹ ਨੂੰ ਲੈਜਾਣ ਲਈ ਆਖਿਆ। 15 ਖਤ ਵਿੱਚ ਦਾਊਦ ਨੇ ਲਿਖਿਆ, “ਊਰਿੱਯਾਹ ਨੂੰ ਸਖਤ ਲੜਾਈ ਵੇਲੇ ਸਭ ਤੋਂ ਅੱਗੇ ਕਰਕੇ ਉਸ ਨੂੰ ਇੱਕਲਾ ਛੱਡ ਕੇ ਉਸ ਕੋਲੋਂ ਮੁੜ ਆਵੋ ਤਾਂ ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ।”
16 ਤਾਂ ਯੋਆਬ ਉਸ ਸ਼ਹਿਰ ਦਾ ਮੁਆਇਨਾ ਕਰਨ ਲਈ ਗਿਆ ਕਿ ਸਭ ਤੋਂ ਬਹਾਦੁਰ ਅੰਮੋਨੀ ਕਿੱਥੇ ਹਨ? ਉਸ ਨੇ ਊਰਿੱਯਾਹ ਲਈ ਉਹ ਥਾਂ ਚੁਣੀ। 17 ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਉੱਥੇ ਮਾਰਿਆ ਗਿਆ।
18 ਤਦ ਯੋਆਬ ਨੇ ਇਹ ਸਾਰਾ ਹਾਲ ਲੜਾਈ ਵਿੱਚ ਕੀ-ਕੀ ਹੋਇਆ ਇੱਕ ਬੰਦੇ ਦੇ ਹੱਥ ਖਬਰ ਭੇਜੀ। 19 ਯੋਆਬ ਨੇ ਸੰਦੇਸ਼ਵਾਹਕ ਨੂੰ ਦੱਸਿਆ ਕਿ ਦਾਊਦ ਪਾਤਸ਼ਾਹ ਨੂੰ ਜਾਕੇ ਆਖੇ ਕਿ ਲੜਾਈ ਵਿੱਚ ਕੀ-ਕੀ ਵਾਪਰਿਆ। 20 “ਹੋ ਸੱਕਦਾ ਹੈ ਕਿ ਪਾਤਸ਼ਾਹ ਕਰੋਧ ਕਰੇ ਜਾਂ ਬੇਚੈਨ ਹੋਵੇ। ਹੋ ਸੱਕਦਾ ਪਾਤਸ਼ਾਹ ਇਹ ਆਖੇ, ‘ਯੋਆਬ ਦੀ ਸੈਨਾ ਸ਼ਹਿਰ ਦੇ ਇੰਨੀ ਨੇੜੇ ਲੜਨ ਲਈ ਕਿਉਂ ਗਈ? ਕੀ ਭਲਾ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਪਰ ਤੀਰ ਮਾਰਨਗੇ ਅਤੇ ਤੁਹਾਡੇ ਆਦਮੀਆਂ ਤੇ ਉੱਥੋਂ ਤੀਰ ਚਲਾਉਣਗੇ? 21 ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸਨੇ ਮਾਰਿਆ? ਕੀ ਭਲਾ ਇੱਕ ਔਰਤ ਨੇ ਉੱਪਰੋਂ ਚੱਕੀ ਦਾ ਪੁੜ ਉਸ ਉੱਪਰ ਨਹੀਂ ਸੀ ਕੱਢ ਮਾਰਿਆ, ਜਿਸ ਨਾਲ ਉਹ ਤੇਬੇਸ ਵਿੱਚ ਮਰ ਗਿਆ ਸੀ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠਾਂ ਕਿਸ ਲਈ ਗਏ?’ ਜੇਕਰ ਪਾਤਸ਼ਾਹ ਦਾਊਦ ਅਜਿਹੀਆਂ ਗੱਲਾਂ ਪੁੱਛੇ ਤਾਂ ਤੁਸੀਂ ਉਸ ਨੂੰ ਇਹ ਸੰਦੇਸ਼ ਜ਼ਰੂਰ ਦੇਣਾ ਕਿ ‘ਤੇਰਾ ਅਫ਼ਸਰ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ ਹੈ।’”
22 ਸੋ ਸੰਦੇਸ਼ਵਾਹਕ ਉੱਥੋਂ ਤੁਰ ਪਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਉਹ ਜਾਕੇ ਦਾਊਦ ਨੂੰ ਦੱਸਿਆ। 23 ਸੰਦੇਸ਼ਵਾਹਕ ਨੇ ਦਾਊਦ ਨੂੰ ਕਿਹਾ, “ਅੰਮੋਨ ਦੇ ਮਨੁੱਖਾਂ ਨੇ ਸਾਡੇ ਤੇ ਮੈਦਾਨ ਵਿੱਚ ਹੀ ਹਮਲਾ ਬੋਲ ਦਿੱਤਾ ਤੇ ਅਸੀਂ ਉਨ੍ਹਾਂ ਨਾਲ ਲੜੇ ਅਤੇ ਸ਼ਹਿਰ ਦੇ ਦਰਵਾਜ਼ੇ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਉਨ੍ਹਾਂ ਮਗਰ ਲੱਗੇ ਰਹੇ। 24 ਤਦ ਕੰਧ ਉੱਪਰ ਚੜ੍ਹੇ ਲੋਕਾਂ ਨੇ ਤੁਹਾਡੇ ਅਫ਼ਸਰਾਂ ਉੱਪਰ ਤੀਰ ਚਲਾਏ ਜਿਸ ਕਾਰਣ ਕੁਝ ਸੇਵਕ ਉਨ੍ਹਾਂ ਵਿੱਚੋਂ ਮਾਰੇ ਗਏ ਅਤੇ ਉਨ੍ਹਾਂ ਵਿੱਚ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਵੱਢਿਆ ਗਿਆ।”
25 ਦਾਊਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਇਹ ਗੱਲ ਯੋਆਬ ਨੂੰ ਜਾਕੇ ਆਖ, ਇਸ ਗੱਲ ਬਾਰੇ ਬਹੁਤਾ ਪਰੇਸ਼ਾਨ ਨਾ ਹੋ। ਕਿਉਂ ਕਿ ਤਲਵਾਰ ਜਿਹਾ ਇੱਕ ਨੂੰ ਵੱਢਦੀ ਹੈ ਤਿਵੇਂ ਦੂਜੇ ਨੂੰ ਵੱਢਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਸ ਨੂੰ ਢਾਹ ਦੇ। ਸੋ ਤੂੰ ਇਨ੍ਹਾਂ ਸ਼ਬਦਾਂ ਨਾਲ ਜਾਕੇ ਯੋਆਬ ਨੂੰ ਧੀਰਜ ਦੇਵੀਂ।”
ਦਾਊਦ ਦਾ ਬਥ-ਸ਼ਬਾ ਨਾਲ ਵਿਆਹ
26 ਜਦੋਂ ਬਥ-ਸ਼ਬਾ ਨੇ ਸੁਣਿਆ ਕਿ ਉਸਦਾ ਪਤੀ ਊਰਿੱਯਾਹ ਮਰ ਗਿਆ ਹੈ, ਤਾਂ ਉਹ ਉਸ ਲਈ ਸੋਗ ਵਿੱਚ ਰੋਣ ਲਗੀ। 27 ਜਦੋਂ ਸੋਗ ਦੇ ਦਿਨ ਲੰਘ ਗਏ, ਤਾਂ ਦਾਊਦ ਨੇ ਉਸ ਨੂੰ ਆਪਣੇ ਸੇਵਕਾਂ ਕੋਲੋਂ ਆਪਣੇ ਘਰ ਸੱਦ ਲਿਆਉਣ ਨੂੰ ਕਿਹਾ। ਤਦ ਉਹ ਦਾਊਦ ਦੀ ਪਤਨੀ ਬਣੀ ਅਤੇ ਉਸ ਨੇ ਦਾਊਦ ਲਈ ਪੁੱਤਰ ਨੂੰ ਜਨਮ ਦਿੱਤਾ। ਪਰ ਯਹੋਵਾਹ ਨੂੰ ਦਾਊਦ ਦਾ ਇਹ ਕੰਮ ਬੁਰਾ ਲੱਗਾ।
ਨਾਥਾਨ ਦਾ ਦਾਊਦ ਨੂੰ ਝਿੜਕਣਾ
12 ਯਹੋਵਾਹ ਨੇ ਨਾਥਾਨ ਨੂੰ ਦਾਊਦ ਦੇ ਕੋਲ ਭੇਜਿਆ। ਨਾਥਾਨ ਨੇ ਦਾਊਦ ਕੋਲ ਆਕੇ ਉਸ ਨੂੰ ਕਿਹਾ, “ਸ਼ਹਿਰ ਵਿੱਚ ਦੋ ਮਨੁੱਖ ਸਨ, ਉਨ੍ਹਾਂ ਵਿੱਚੋਂ ਇੱਕ ਅਮੀਰ ਸੀ ਅਤੇ ਦੂਜਾ ਗਰੀਬ। 2 ਅਮੀਰ ਮਨੁੱਖ ਕੋਲ ਢੇਰ ਸਾਰੇ ਇੱਜੜ ਅਤੇ ਵੱਗ ਸਨ। 3 ਪਰ ਗਰੀਬ ਮਨੁੱਖ ਕੋਲ ਕੁਝ ਵੀ ਨਹੀਂ ਸੀ ਸਿਵਾਏ ਇੱਕ ਭੇਡਾਂ ਦੀ ਲੇਲੀ ਦੇ। ਗਰੀਬ ਮਨੁੱਖ ਨੇ ਇੱਕ ਲੇਲੀ ਦੀ ਜੋ ਉਸ ਨੇ ਖਰੀਦੀ ਸੀ ਆਪਣੇ ਬੱਚਿਆਂ ਦੇ ਨਾਲ ਉਸਦੀ ਦੇਖਭਾਲ ਕੀਤੀ ਅਤੇ ਉਹ ਵੀ ਉਸ ਦੇ ਬੱਚਿਆਂ ਦੇ ਨਾਲ ਵੱਡੀ ਹੋਈ। ਉਹ ਗਰੀਬ ਮਨੁੱਖ ਦੀ ਰੋਟੀ ਵਿੱਚੋਂ ਹੀ ਖਾਂਦੀ ਅਤੇ ਉਸੇ ਕਟੋਰੇ ਵਿੱਚੋਂ ਪਾਣੀ ਪੀਁਦੀ ਅਤੇ ਗਰੀਬ ਮਨੁੱਖ ਦੀ ਛਾਤੀ ਉੱਪਰ ਸੌਂ ਜਾਂਦੀ। ਉਹ ਲੇਲੀ ਉਸ ਗਰੀਬ ਮਨੁੱਖ ਦੀ ਧੀਆਂ ਵਾਂਗ ਪਲੀ।
4 “ਫ਼ਿਰ ਇੱਕ ਮੁਸਾਫ਼ਿਰ ਉਸ ਅਮੀਰ ਆਦਮੀ ਕੋਲ ਆਇਆ। ਉਹ ਧਨਾਢ ਮੁਸਾਫ਼ਿਰ ਨੂੰ ਭੋਜਨ ਖੁਆਉਣਾ ਚਾਹੁੰਦਾ ਸੀ ਪਰ ਉਹ ਧਨਾਢ ਆਪਣੇ ਇੱਜੜ ਅਤੇ ਵੱਗ ਵਿੱਚੋਂ ਕੁਝ ਵੀ ਨਹੀਂ ਸੀ ਖੁਆਉਣਾ ਚਾਹੁੰਦਾ ਇਸ ਲਈ ਉਸ ਨੇ ਉਸ ਗਰੀਬ ਆਦਮੀ ਦੀ ਲੇਲੀ ਖੋਹ ਲਈ ਅਤੇ ਉਸ ਨੂੰ ਵੱਢ ਕੇ ਉਸ ਮੁਸਾਫ਼ਿਰ ਲਈ ਭੋਜਨ ਤਿਆਰ ਕਰਵਾਇਆ।”
5 ਦਾਊਦ ਨੂੰ ਉਸ ਧਨਾਢ ਤੇ ਬੜਾ ਕਰੋਧ ਆਇਆ ਤਾਂ ਉਸ ਨੇ ਨਾਥਾਨ ਨੂੰ ਆਖਿਆ, “ਜਿਉਂਦੇ ਯਹੋਵਾਹ ਦੀ ਸੌਂਹ, ਜਿਸ ਮਨੁੱਖ ਨੇ ਇਹ ਕੰਮ ਕੀਤਾ ਸੋ ਵੱਢਣ ਯੋਗ ਹੈ। 6 ਸੋ ਉਹ ਮਨੁੱਖ ਹੁਣ ਉਸ ਲੇਲੀ ਤੋਂ ਚੌਗੁਣੀ ਕੀਮਤ ਦੇਵੇ ਕਿਉਂ ਕਿ ਉਸ ਨੇ ਅਜਿਹਾ ਭਿਅੰਕਰ ਕੰਮ ਕੀਤਾ ਅਤੇ ਉਸ ਉੱਤੇ ਦਯਾ ਨਾ ਕੀਤੀ।”
ਨਾਥਾਨ ਨੇ ਦਾਊਦ ਨੂੰ ਉਸ ਦੇ ਪਾਪ ਬਾਰੇ ਦੱਸਿਆ
7 ਤਦ ਨਾਥਾਨ ਨੇ ਦਾਊਦ ਨੂੰ ਕਿਹਾ, “ਉਹ ਧਨਾਢ ਤੂੰ ਹੀ ਤਾਂ ਹੈਂ। ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੇ ਇਉਂ ਆਖਿਆ ਹੈ, ‘ਮੈਂ ਤੈਨੂੰ ਮਸਹ ਕੀਤਾ ਤਾਂ ਜੋ ਤੂੰ ਇਸਰਾਏਲ ਉੱਪਰ ਰਾਜ ਕਰੇਁ। ਮੈਂ ਤੈਨੂੰ ਸ਼ਾਊਲ ਦੇ ਹੱਥੋਂ ਛੁਡਾਇਆ। 8 ਮੈਂ ਤੈਨੂੰ ਉਸ ਦਾ ਪਰਿਵਾਰ ਅਤੇ ਉਸ ਦੀਆਂ ਪਤਨੀਆਂ ਵੀ ਲੈਣ ਦਿੱਤੀਆ ਅਤੇ ਮੈਂ ਤੈਨੂੰ ਇਸਰਾਏਲ ਅਤੇ ਯਹੂਦਾਹ ਦਾ ਪਾਤਸ਼ਾਹ ਬਣਾਇਆ। ਅਤੇ ਜੇਕਰ ਇਹ ਕਾਫ਼ੀ ਨਾ ਹੁੰਦਾ ਮੈਂ ਤੈਨੂੰ ਹੋਰ ਵੀ ਵੱਧੇਰੇ ਦਿੰਦਾ। 9 ਪਰ ਤੂੰ ਯਹੋਵਾਹ ਦੇ ਹੁਕਮ ਨੂੰ ਅਣਗੌਲਿਆ ਕਿਉਂ ਕੀਤਾ? ਤੂੰ ਉਹ ਸਭ ਕੁਝ ਕਿਉਂ ਕੀਤਾ ਜਿਸ ਨੂੰ ਉਸ ਨੇ ਗ਼ਲਤ ਆਖ ਮਨ੍ਹਾ ਕੀਤਾ ਸੀ? ਤੂੰ ਹਿੱਤੀ ਊਰਿੱਯਾਹ ਨੂੰ ਕਿਉਂ ਤਲਵਾਰ ਨਾਲ ਵਢਾਇਆ ਅਤੇ ਉਸਦੀ ਪਤਨੀ ਨੂੰ ਲੈ ਕੇ ਆਪਣੀ ਬਣਾਇਆ? ਇਉਂ ਤੂੰ ਅੰਮੋਨੀਆਂ ਕੋਲੋਂ ਊਰਿੱਯਾਹ ਨੂੰ ਤਲਵਾਰ ਨਾਲ ਮਰਵਾਇਆ। 10 ਇਸ ਲਈ, ਹਿੰਸਕ ਮੌਤ ਬਾਰ-ਬਾਰ ਤੇਰੇ ਪਰਿਵਾਰ ਨੂੰ ਮਾਰੇਗੀ। ਤੂੰ ਊਰਿੱਯਾਹ ਹਿੱਤੀ ਦੀ ਪਤਨੀ ਨੂੰ ਆਪਣੀ ਪਤਨੀ ਬਨਾਉਣ ਲਈ ਲੈ ਆਇਆ ਅਤੇ ਅਜਿਹਾ ਕਰਕੇ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਮੈਨੂੰ ਤਿਰਸਕਾਰਦਾ ਹੈਂ।’
11 “ਯਹੋਵਾਹ ਇਹ ਆਖਦਾ ਹੈ ਕਿ, ‘ਮੈਂ ਇੱਕ ਬਦੀ ਨੂੰ ਤੇਰੇ ਆਪਣੇ ਘਰ ਵਿੱਚੋਂ ਹੀ ਤੇਰੇ ਉੱਪਰ ਪਾਵਾਂਗਾ ਅਤੇ ਮੈਂ ਤੇਰੀਆਂ ਬੀਵੀਆਂ ਨੂੰ ਲੈ ਕੇ ਤੇਰੀਆਂ ਅੱਖਾਂ ਦੇ ਸਾਹਮਣੇ ਤੇਰੇ ਗੁਆਂਢੀ ਨੂੰ ਦੇਵਾਂਗਾ ਅਤੇ ਉਹ ਉਨ੍ਹਾਂ ਨਾਲ ਸੰਭੋਗ ਕਰੇਗਾ ਅਤੇ ਦਿਨ ਦੇ ਚਾਨਣ ਵਾਂਗ ਇਹ ਗੱਲ ਹਰ ਇੱਕ ਨੂੰ ਪਤਾ ਹੋਵੇਗੀ। [b] 12 ਤੂੰ ਬਥ-ਸ਼ਬਾ ਨਾਲ ਚੋਰੀ ਸੰਭੋਗ ਕੀਤਾ ਪਰ ਮੈਂ ਤੈਨੂੰ ਇਸ ਲਈ ਦੰਡ ਦੇਵਾਂਗਾ ਤਾਂ ਜੋ ਸਾਰੇ ਇਸਰਾਏਲੀ ਜਾਣ ਲੈਣ।’”
13 ਤਦ ਦਾਊਦ ਨੇ ਨਾਥਾਨ ਨੂੰ ਕਿਹਾ, “ਮੈਂ ਯਹੋਵਾਹ ਦੇ ਖਿਲਾਫ਼ ਪਾਪ ਕੀਤਾ।”
ਨਾਥਾਨ ਨੇ ਦਾਊਦ ਨੂੰ ਕਿਹਾ, “ਯਹੋਵਾਹ ਨੇ ਵੀ ਤੇਰਾ ਪਾਪ ਬਖਸ਼ਿਆ ਤੂੰ ਮਰੇਂਗਾ ਨਹੀਂ। 14 ਤੂੰ ਅਜਿਹਾ ਪਾਪ ਕੀਤਾ ਹੈ ਕਿ, ਹੁਣ ਯਹੋਵਾਹ ਦੇ ਦੁਸ਼ਮਣਾਂ ਨੂੰ ਉਸ ਲਈ ਆਪਣੀ ਇੱਜ਼ਤ ਗੁਆਉਣ ਦਾ ਮੌਕਾ ਮਿਲ ਗਿਆ ਹੈ। ਸੋ ਇਸ ਪਾਪ ਕਾਰਣ ਇਹ ਤੇਰਾ ਨਵਾਂ ਜੰਮਿਆ ਮੁੰਡਾ ਜ਼ਰੂਰ ਮਰ ਜਾਵੇਗਾ।”
ਦਾਊਦ ਅਤੇ ਬਥ-ਸ਼ਬਾ ਦੇ ਬੱਚੇ ਦੀ ਮੌਤ
15 ਤਦ ਨਾਥਾਨ ਵਾਪਸ ਘਰ ਆ ਗਿਆ। ਯਹੋਵਾਹ ਨੇ ਉਸ ਬਾਲਕ ਨੂੰ ਜੋ ਊਰਿੱਯਾਹ ਦੀ ਪਤਨੀ ਤੋਂ ਦਾਊਦ ਲਈ ਜੰਮਿਆ ਸੀ ਅਜਿਹਾ ਮਾਰਿਆ ਕਿ ਉਹ ਬਹੁਤ ਬਿਮਾਰ ਹੋ ਗਿਆ। 16 ਦਾਊਦ ਨੇ ਉਸ ਮੁੰਡੇ ਲਈ ਪਰਮੇਸ਼ੁਰ ਕੋਲ ਜਾਕੇ ਬੇਨਤੀ ਕੀਤੀ ਅਤੇ ਉਸ ਨੇ ਵਰਤ ਵੀ ਰੱਖਿਆ ਅਤੇ ਸਾਰੀ ਰਾਤ ਆਪਣੇ ਘਰ ਜਾਕੇ ਜ਼ਮੀਨ ਤੇ ਪੈ ਕੇ ਕੱਟੀ।
17 ਦਾਊਦ ਪਰਿਵਾਰ ਦੇ ਬਜ਼ੁਰਗ ਆਏ ਅਤੇ ਉਸ ਨੂੰ ਭੁੰਜਿਓਁ ਉੱਠਣ ਦੀ ਬੇਨਤੀ ਕੀਤੀ ਪਰ ਦਾਊਦ ਨੇ ਉੱਠਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਉਨ੍ਹਾਂ ਨਾਲ ਭੋਜਨ ਕਰਨ ਤੋਂ ਵੀ ਇਨਕਾਰ ਕਰ ਦਿੱਤਾ। 18 ਸੱਤਵੇਂ ਦਿਨ ਉਹ ਮੁੰਡਾ ਮਰ ਗਿਆ। ਦਾਊਦ ਦੇ ਸੇਵਕ ਉਸ ਨੂੰ ਇਹ ਖਬਰ ਦੇਣ ਤੋਂ ਘਬਰਾ ਰਹੇ ਸਨ ਤਾਂ ਉਨ੍ਹਾਂ ਆਖਿਆ, “ਵੇਖ! ਜਦੋਂ ਉਹ ਮੁੰਡਾ ਅਜੇ ਜਿਉਂਦਾ ਸੀ ਤਾਂ ਅਸੀਂ ਉਸ ਨੂੰ ਕਿਹਾ ਅਤੇ ਉਸ ਨੇ ਸਾਡੀ ਗੱਲ ਨਾ ਮੰਨੀ ਅਤੇ ਜੇਕਰ ਹੁਣ ਅਸੀਂ ਉਸ ਨੂੰ ਇਹ ਦੱਸੀਏ ਕਿ ਮੁੰਡਾ ਮਰ ਗਿਆ ਹੈ ਤਾਂ ਹੋ ਸੱਕਦਾ ਹੈ ਕਿ ਉਹ ਆਪਣੀ ਜਾਨ ਨੂੰ ਕਸ਼ਟ ਦੇਵੇ।”
19 ਪਰ ਦਾਊਦ ਨੇ ਆਪਣੇ ਸੇਵਕਾਂ ਨੂੰ ਖੁਸਰ-ਫ਼ੁਸਰ ਕਰਦਿਆਂ ਵੇਖਿਆ ਤਾਂ ਦਾਊਦ ਸਮਝ ਗਿਆ ਕਿ ਮੰਡਾ ਮਰ ਗਿਆ ਹੈ, ਤਾਂ ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਕੀ ਮੁੰਡਾ ਮਰ ਗਿਆ ਹੈ?”
ਸੇਵਕਾਂ ਨੇ ਕਿਹਾ, “ਹਾਂ, ਉਹ ਮਰ ਗਿਆ ਹੈ।”
20 ਤਦ ਦਾਊਦ ਭੁੰਜਿਓਂ ਉੱਠਿਆ ਅਤੇ ਉਸ ਨੇ ਨਹਾ ਕੇ ਆਪਣਾ-ਆਪ ਪਵਿੱਤਰ ਕੀਤਾ, ਆਪਣੇ ਕੱਪੜੇ ਬਦਲੇ ਅਤੇ ਤਿਆਰ ਹੋਇਆ। ਫ਼ਿਰ ਉਹ ਉਪਾਸਨਾ ਕਰਨ ਲਈ ਯਹੋਵਾਹ ਦੇ ਘਰ ਆਇਆ। ਫ਼ਿਰ ਉਹ ਜਦੋਂ ਘਰ ਵਾਪਸ ਮੁੜਿਆ ਤਾਂ ਕੁਝ ਖਾਣ ਲਈ ਮੰਗਿਆ। ਉਸ ਦੇ ਸੇਵਕਾਂ ਨੇ ਉਸ ਨੂੰ ਕੁਝ ਭੋਜਨ ਦਿੱਤਾ ਅਤੇ ਉਸ ਨੇ ਭੋਜਨ ਛਕਿਆ।
21 ਦਾਊਦ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਤੁਸੀਂ ਅਜਿਹਾ ਕਿਉਂ ਕਰ ਰਹੇ ਹੋ? ਜਦੋਂ ਬੱਚਾ ਅਜੇ ਜਿਉਂਦਾ ਸੀ, ਤੁਸੀਂ ਤਦ ਹੀ ਖਾਣ ਤੋਂ ਇਨਕਾਰ ਕੀਤਾ? ਤੁਸੀਂ ਰੋਂਦੇ ਵੀ ਰਹੇ। ਪਰ ਜਦੋਂ ਹੁਣ ਬੱਚਾ ਮਰ ਗਿਆ ਹੈ, ਤਾਂ ਤੁਸੀਂ ਜ਼ਮੀਨ ਤੋਂ ਉੱਠ ਵੀ ਖਲੋਤੇ ਹੋ ਤੇ ਖਾਣਾ ਵੀ ਖਾ ਲਿਆ ਹੈ?”
22 ਦਾਊਦ ਨੇ ਕਿਹਾ, “ਜਦ ਤੱਕ ਉਹ ਮੁੰਡਾ ਜਿਉਂਦਾ ਸੀ ਤਾਂ ਮੈਂ ਵਰਤ ਰੱਖਿਆ ਅਤੇ ਰੋਂਦਾ ਰਿਹਾ ਕਿਉਂ ਕਿ ਮੈਂ ਸੋਚਿਆ ਸੀ ਕਿ ਕੀ ਪਤਾ ਯਹੋਵਾਹ ਨੂੰ ਦਯਾ ਆ ਜਾਵੇ ਤੇ ਉਹ ਉਸ ਬੱਚੇ ਨੂੰ ਜੀਵਨ ਦੇਵੇ। 23 ਪਰ ਹੁਣ ਮੁੰਡਾ ਮਰ ਚੁੱਕਾ ਹੈ, ਇਸ ਲਈ ਹੁਣ ਮੈਂ ਖਾਣ ਤੋਂ ਇਨਕਾਰ ਕਿਉਂ ਕਰਾਂ? ਕੀ ਭਲਾ ਮੈਂ ਬੱਚੇ ਨੂੰ ਮੁੜ ਜੀਵਨ ਪ੍ਰਾਣ ਦੇ ਸੱਕਦਾ ਹਾਂ? ਨਹੀਂ! ਕਿਸੇ ਦਿਨ ਮੈਂ ਉਸ ਕੋਲ ਚੱਲਾ ਜਾਵਾਂਗਾ, ਪਰ ਜਿੱਥੇ ਉਹ ਗਿਆ ਹੈ ਉੱਥੋਂ ਉਹ ਵਾਪਸ ਨਹੀਂ ਆ ਸੱਕਦਾ।”
ਸੁਲੇਮਾਨ ਦਾ ਜਨਮ
24 ਤਦ ਦਾਊਦ ਨੇ ਆਪਣੀ ਪਤਨੀ ਬਥ-ਸ਼ਬਾ ਨੂੰ ਹੌਂਸਲਾ ਦਿੱਤਾ। ਉਹ ਉਸ ਨਾਲ ਸੁੱਤਾ ਅਤੇ ਉਸ ਨਾਲ ਫ਼ਿਰ ਸੰਭੋਗ ਕੀਤਾ ਅਤੇ ਉਹ ਫ਼ਿਰ ਤੋਂ ਗਰਭਵਤੀ ਹੋ ਗਈ। ਉਸ ਦੇ ਘਰ ਮੁੜ ਤੋਂ ਇੱਕ ਲੜਕੇ ਨੇ ਜਨਮ ਲਿਆ। ਦਾਊਦ ਨੇ ਉਸ ਦਾ ਨਾਂ ਸੁਲੇਮਾਨ ਰੱਖਿਆ। ਉਹ ਯਹੋਵਾਹ ਨੂੰ ਬਹੁਤ ਪਿਆਰਾ ਸੀ। 25 ਯਹੋਵਾਹ ਨੇ ਨਾਥਾਨ ਨਬੀ ਦੇ ਹੱਥ ਸੁਨੇਹਾ ਭੇਜਿਆ ਅਤੇ ਨਾਥਾਨ ਨੇ ਉਸਦਾ ਨਾਉਂ ਯਦੀਦਯਾਹ [c] ਰੱਖਿਆ ਇਉਂ ਨਾਥਾਨ ਨੇ ਪਾਤਸ਼ਾਹ ਯਹੋਵਾਹ ਲਈ ਕੀਤਾ।
ਦਾਊਦ ਦਾ ਰੱਬਾਹ ਤੇ ਕਬਜ਼ਾ
26 ਰੱਬਾਹ ਅੰਮੋਨੀਆਂ ਦੀ ਰਾਜਧਾਨੀ ਸੀ। ਯੋਆਬ ਰੱਬਾਹ ਦੇ ਵਿਰੁੱਧ ਲੜਿਆ ਅਤੇ ਉਸਤੇ ਕਬਜ਼ਾ ਕਰ ਲਿਆ। 27 ਫ਼ਿਰ ਯੋਆਬ ਨੇ ਸੰਦੇਸ਼ਵਾਹਕਾਂ ਰਾਹੀਂ ਦਾਊਦ ਨੂੰ ਸੁਨੇਹਾ ਭੇਜਿਆ, “ਮੈਂ ਰੱਬਾਹ ਦੇ ਨਾਲ ਲੜਿਆ ਹਾਂ ਅਤੇ ਮੈਂ ਪਾਣੀਆਂ ਦੇ ਸ਼ਹਿਰ ਉੱਪਰ ਕਬਜ਼ਾ ਕਰ ਲਿਆ ਹੈ। 28 ਸੋ ਹੁਣ ਤੁਸੀਂ ਰਹਿੰਦੇ ਬਾਕੀ ਲੋਕਾਂ ਨੂੰ ਇਕੱਠਾ ਕਰਕੇ ਉਸ ਸ਼ਹਿਰ ਉੱਪਰ ਹਮਲਾ ਕਰੋ ਅਤੇ ਉਸ ਨੂੰ ਜਿੱਤ ਲਓ, ਅਜਿਹਾ ਨਾ ਹੋਵੇ ਕਿ ਮੈਂ ਪਹਿਲਾਂ ਉਸ ਸ਼ਹਿਰ ਨੂੰ ਜਿੱਤ ਲਵਾਂ ਅਤੇ ਉਹ ਮੇਰੇ ਨਾਉਂ ਤੋਂ ਸੱਦਿਆ ਜਾਵੇ ਇਸ ਲਈ ਮੇਰੇ ਜਿੱਤਣ ਤੋਂ ਪਹਿਲਾਂ ਤੁਸੀਂ ਰੱਬਾਹ ਸ਼ਹਿਰ ਜਿੱਤ ਲਵੋ।”
29 ਤਦ ਦਾਊਦ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਅਤੇ ਰੱਬਾਹ ਵੱਲ ਨੂੰ ਚੱਲਾ ਗਿਆ। ਉਸ ਨੇ ਰੱਬਾਹ ਦੇ ਵਿਰੁੱਧ ਲੜਾਈ ਲੜੀ ਅਤੇ ਉਸਤੇ ਕਬਜ਼ਾ ਕਰ ਲਿਆ। 30 ਉਸ ਨੇ ਉਨ੍ਹਾਂ ਦੇ ਰਾਜੇ ਦੇ ਸਿਰ [d] ਦਾ ਮੁਕਟ [e] ਉਸ ਦੇ ਸਿਰ ਤੋਂ ਲੈ ਲਿਆ। ਉਹ ਮੁਕਟ ਸੋਨੇ ਦਾ ਬਣਿਆ ਸੀ ਜਿਸਦਾ ਵਜ਼ਨ 75 ਪੌਂਡ ਸੀ ਅਤੇ ਉੱਪਰ ਕੀਮਤੀ ਰਤਨ ਜੜੇ ਹੋਏ ਸਨ। ਉਨ੍ਹਾਂ ਨੇ ਉਹ ਮੁਕਟ ਦਾਊਦ ਦੇ ਸਿਰ ਤੇ ਸਜਾ ਦਿੱਤਾ। ਦਾਊਦ ਨੇ ਉਸ ਸ਼ਹਿਰ ਵਿੱਚੋਂ ਬੜਾ ਕੀਮਤੀ ਸਮਾਨ ਲੁੱਟਿਆ।
31 ਦਾਊਦ ਨੇ ਉਨ੍ਹਾਂ ਲੋਕਾਂ ਨੂੰ ਜੋ ਰੱਬਾਹ ਸ਼ਹਿਰ ਵਿੱਚ ਸਨ ਬਾਹਰ ਕੱਢ ਕੇ ਆਰਿਆਂ, ਲੋਹੇ ਦੇ ਸੁਹਾਗਿਆਂ ਅਤੇ ਲੋਹੇ ਦੇ ਕੁਲਹਾੜਿਆਂ ਨਾਲ ਉਨ੍ਹਾਂ ਤੋਂ ਕੰਮ ਲਿਆ ਅਤੇ ਉਨ੍ਹਾਂ ਨੂੰ ਇੱਟਾਂ ਨਾਲ ਇਮਾਰਤਾਂ ਬਨਾਉਣ ਮਜਦੂਰੀ ਕਰਨ ਤੇ ਮਜ਼ਬੂਰ ਕੀਤਾ। ਦਾਊਦ ਨੇ ਇਹੀ ਸਭ ਕੁਝ ਅੰਮੋਨੀ ਸ਼ਹਿਰ ਦੇ ਲੋਕਾਂ ਨਾਲ ਵੀ ਕੀਤਾ। ਉਸ ਉਪਰੰਤ ਦਾਊਦ ਅਤੇ ਉਸਦੀ ਸਾਰੀ ਸੈਨਾ ਯਰੂਸ਼ਲਮ ਵਾਪਸ ਮੁੜ ਗਈ।
ਅਮਨੋਨ ਅਤੇ ਤਾਮਾਰ
13 ਅਬਸ਼ਾਲੋਮ ਦਾਊਦ ਦੇ ਪੁੱਤਰਾਂ ਵਿੱਚੋਂ ਇੱਕ ਸੀ। ਉਸ ਦੀ ਭੈਣ ਦਾ ਨਾਂ ਤਾਮਾਰ ਸੀ। ਤਾਮਾਰ ਬੜੀ ਹੀ ਸੋਹਣੀ ਸੀ। ਉਸ ਦੇ ਹੋਰਾਂ ਪੁੱਤਰਾਂ ਵਿੱਚੋਂ, ਅਮਨੋਨ [f] ਨੇ ਤਾਮਾਰ ਦੀ ਲਾਲਸਾ ਕੀਤੀ। 2 ਅਮਨੋਨ ਆਪਣੀ ਭੈਣ ਤਾਮਾਰ ਨੂੰ ਪਿਆਰ ਕਰਦਾ ਸੀ ਅਤੇ ਉਸਦੀ ਲਾਲਸਾ ਕਰਕੇ ਬਹੁਤ ਨਿਰਾਸ਼ ਹੋ ਗਿਆ। ਉਹ ਵਿਆਹੀ ਹੋਈ ਨਹੀਂ ਸੀ ਜਾਂ ਉਸ ਨੇ ਕਿਸੇ ਆਦਮੀ ਨਾਲ ਜਿਨਸੀ ਸੰਬੰਧ ਨਹੀਂ ਬਣਾਏ ਸਨ। ਉਹ ਤਾਮਾਰ ਬਾਰੇ ਇੰਨਾ ਜ਼ਿਆਦਾ ਸੋਚਦਾ ਸੀ, ਕਿ ਉਸ ਨੇ ਬਿਮਾਰ ਹੋਣ ਦਾ ਢੋਂਗ ਕਰਨ ਦੀ ਵਿਉਂਤ ਬਣਾਈ।
3 ਦਾਊਦ ਦੇ ਭਰਾ ਸਿਮਆਹ ਦਾ ਪੁੱਤਰ ਯੋਨਾਦਾਬ ਅਮਨੋਨ ਦਾ ਮਿੱਤਰ ਸੀ। ਯੋਨਾਦਾਬ ਬੜਾ ਚਤੁਰ ਮਨੁੱਖ ਸੀ। 4 ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਪਾਤਸ਼ਾਹ ਦਾ ਪੁੱਤਰ ਹੈਂ, ਪਰ ਕੀ ਗੱਲ ਹੈ ਕਿ ਤੂੰ ਦਿਨ ਬਰ ਦਿਨ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਤੁਹਾਡੇ ਘਰ ਖਾਣ-ਪੀਣ ਦੀ ਕੋਈ ਘਾਟ ਨਹੀਂ ਫ਼ਿਰ ਤੂੰ ਕਿਉਂ ਕਮਜ਼ੋਰ ਹੁੰਦਾ ਜਾ ਰਿਹਾ ਹੈਂ? ਮੈਨੂੰ ਇਸਦੀ ਵਜਾਹ ਦੱਸ।”
ਅਮਨੋਨ ਨੇ ਯੋਨਾਦਾਬ ਨੂੰ ਆਖਿਆ, “ਮੈਂ ਤਾਮਾਰ ਨੂੰ ਪਿਆਰ ਕਰਦਾ ਹਾਂ ਪਰ ਉਹ ਮੇਰੇ ਸੋਤੇਲੇ ਭਰਾ ਅਬਸ਼ਾਲੋਮ ਦੀ ਸੱਕੀ ਭੈਣ ਹੈ।”
5 ਯੋਨਾਦਾਬ ਨੇ ਅਮਨੋਨ ਨੂੰ ਕਿਹਾ, “ਤੂੰ ਮੰਜੇ ਤੇ ਜਾਕੇ ਲੰਮਾ ਪੈ ਕੇ ਇੰਝ ਵਿਖਾਵਾ ਕਰ ਕਿ ਜਿਵੇਂ ਤੂੰ ਬੜਾ ਬਿਮਾਰ ਹੈਂ। ਫ਼ਿਰ ਤੇਰਾ ਪਿਤਾ ਤੇਰੀ ਖਬਰ ਲੈਣ ਆਵੇਗਾ ਤਾਂ ਤੂੰ ਉਸ ਨੂੰ ਕਹਿ ਦੇਵੀਂ, ‘ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਪਰਵਾਨਗੀ ਦੇਵੋ ਕਿ ਉਹ ਆਵੇ ਅਤੇ ਆਕੇ ਮੈਨੂੰ ਰੋਟੀ ਖੁਆਵੇ ਅਤੇ ਉਹ ਮੇਰੇ ਸਾਹਮਣੇ ਭੋਜਨ ਤਿਆਰ ਕਰੇ, ਜੋ ਮੈਂ ਵੇਖਾਂ ਅਤੇ ਉਸ ਦੇ ਹੀ ਹੱਥੋਂ ਖਾਵਾਂ।’”
6 ਤਦ ਅਮਨੋਨ ਮੰਜੇ ਤੇ ਲੰਮਾ ਪੈਕੇ ਬਿਮਾਰ ਹੋਣ ਦਾ ਢੋਂਗ ਕਰਨ ਲੱਗਾ। ਦਾਊਦ ਪਾਤਸ਼ਾਹ ਅਮਨੋਨ ਦੀ ਖਬਰ ਲੈਣ ਲਈ ਉਸ ਕੋਲ ਆਇਆ ਤਾਂ ਅਮਨੋਨ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਕਿਰਪਾ ਕਰਕੇ ਮੇਰੀ ਭੈਣ ਤਾਮਾਰ ਨੂੰ ਅੰਦਰ ਆਉਣ ਦੇਵੋ ਅਤੇ ਉਸ ਨੂੰ ਮੇਰੇ ਸਾਹਮਣੇ ਮੇਰੇ ਲਈ ਦੋ ਰੋਟੀਆਂ ਬਨਾਉਣ ਦੇਵੋ। ਤਦ ਮੈਂ ਉਸ ਨੂੰ ਬਣਾਉਂਦਿਆਂ ਵੇਖਾਂਗਾ, ਖਾਵਾਂਗਾ ਅਤੇ ਰਾਜ਼ੀ ਹੋ ਜਾਵਾਂਗਾ।”
7 ਦਾਊਦ ਨੇ ਤਾਮਾਰ ਦੇ ਘਰ ਸੰਦੇਸ਼ਵਾਹਕ ਭੇਜੇ ਅਤੇ ਉਨ੍ਹਾਂ ਤਾਮਾਰ ਨੂੰ ਕਿਹਾ, “ਜਾਓ ਆਪਣੇ ਭਰਾ ਅਮਨੋਨ ਦੇ ਘਰ ਜਾਕੇ ਉਸ ਲਈ ਭੋਜਨ ਤਿਆਰ ਕਰੋ।”
ਤਾਮਾਰ ਦਾ ਅਮਨੋਨ ਲਈ ਭੋਜਨ ਤਿਆਰ ਕਰਨਾ
8 ਤਾਂ ਤਾਮਾਰ ਆਪਣੇ ਭਰਾ ਅਮਨੋਨ ਦੇ ਘਰ ਗਈ। ਅਮਨੋਨ ਬਿਸਤਰ ਤੇ ਪਿਆ ਸੀ। ਤਾਮਾਰ ਨੇ ਕੁਝ ਆਟਾ ਲਿਆ, ਉਸ ਦੇ ਪੇੜੇ ਬਣਾਏ ਅਤੇ ਫ਼ਿਰ ਉਸਦੀ ਰੋਟੀ ਬਣਾਈ, ਇਹ ਸਭ ਕੁਝ ਉਸ ਨੇ ਅਮਨੋਨ ਦੇ ਸਾਹਮਣੇ ਕੀਤਾ। 9 ਫ਼ਿਰ ਉਸ ਨੇ ਤਵੇ ਤੋਂ ਰੋਟੀ ਲਾਹ ਕੇ ਉਸ ਨੂੰ ਪਲੇਟ ਵਿੱਚ ਪਾਕੇ ਅਮਨੋਨ ਅੱਗੇ ਲਿਆਈ ਪਰ ਅਮਨੋਨ ਨੇ ਖਾਣ ਤੋਂ ਇਨਕਾਰ ਕੀਤਾ। ਅਮਨੋਨ ਨੇ ਆਪਣੇ ਨੌਕਰਾਂ ਨੂੰ ਬਾਹਰ ਜਾਣ ਦਾ ਹੁਕਮ ਦਿੱਤਾ ਅਤੇ ਕਿਹਾ, “ਇੱਥੋਂ ਬਾਹਰ ਚੱਲੇ ਜਾਵੋ ਅਤੇ ਮੈਨੂੰ ਇੱਕਲਿਆਂ ਰਹਿਣ ਦੇਵੋ।” ਤਾਂ ਉਸ ਦੇ ਸਾਰੇ ਸੇਵਕ ਕਮਰੇ ਵਿੱਚੋਂ ਬਾਹਰ ਹੋ ਗਏ।
ਅਮਨੋਨ ਦੁਆਰਾ ਤਾਮਾਰ ਦਾ ਬਲਾਤਕਾਰ
10 ਤਦ ਅਮਨੋਨ ਨੇ ਤਾਮਾਰ ਨੂੰ ਕਿਹਾ, “ਤੂੰ ਭੋਜਨ ਮੇਰੇ ਸੌਣ ਵਾਲੇ ਕਮਰੇ ਵਿੱਚ ਲਿਆ ਕੇ ਮੈਨੂੰ ਉੱਥੇ ਆਕੇ ਖੁਆ।”
ਤਾਂ ਤਾਮਾਰ ਨੇ ਜਿਹੜਾ ਭੋਜਨ ਭਰਾ ਲਈ ਤਿਆਰ ਕੀਤਾ ਸੀ, ਉਹ ਆਪਣੇ ਭਰਾ ਦੇ ਸੌਣ ਕਮਰੇ ਵਿੱਚ ਲੈ ਗਈ। 11 ਉਸ ਨੇ ਆਪਣੇ ਹੱਥੀਂ ਅਮਨੋਨ ਨੂੰ ਖੁਆਣਾ ਸ਼ੁਰੂ ਕੀਤਾ ਪਰ ਉਸ ਨੇ ਉਸਦਾ ਹੱਥ ਪਕੜ ਲਿਆ ਅਤੇ ਉਸ ਨੂੰ ਆਖਿਆ, “ਭੈਣ! ਇੱਥੇ ਆਕੇ ਤੂੰ ਮੇਰੇ ਨਾਲ ਸੌਂ।”
12 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ ਮੇਰੇ ਭਰਾ! ਮੈਨੂੰ ਅਜਿਹਾ ਕਰਨ ਲਈ ਮਜ਼ਬੂਰ ਨਾ ਕਰ। ਨਹੀਂ ਮੇਰੇ ਭਾਈ, ਤੂੰ ਮੇਰੇ ਨਾਲ ਜ਼ਬਰਦਸਤੀ ਇਹ ਗੁਨਾਹ ਨਾ ਕਰ। ਅਜਿਹਾ ਸ਼ਰਮਨਾਕ ਕੰਮ ਇਸਰਾਏਲ ਵਿੱਚ ਕਦੇ ਨਹੀਂ ਹੋਇਆ। 13 ਇਉਂ ਮੈਂ ਆਪਣਾ ਅਜਿਹਾ ਕਲੰਕ ਕਿੱਥੋ ਲਾਹਵਾਂਗੀ ਅਤੇ ਤੂੰ ਇਸਰਾਏਲ ਦੇ ਪਾਪੀਆਂ ਵਿੱਚੋਂ ਇੱਕ ਹੋਵੇਂਗਾ। ਕਿਰਪਾ ਕਰਕੇ ਤੂੰ ਪਾਤਸ਼ਾਹ ਨੂੰ ਆਖ ਕਿ ਉਹ ਤੇਰੇ ਨਾਲ ਮੇਰਾ ਵਿਆਹ ਕਰ ਦੇਵੇ।”
14 ਪਰ ਅਮਨੋਨ ਨੇ ਤਾਮਾਰ ਦੀ ਇੱਕ ਨਾ ਸੁਣੀ। ਉਹ ਤਾਮਾਰ ਤੋਂ ਵੱਧ ਤਾਕਤਵਰ ਸੀ ਉਸ ਨੇ ਤਾਮਾਰ ਨੂੰ ਸੰਭੋਗ ਕਰਨ ਲਈ ਮਜ਼ਬੂਰ ਕੀਤਾ। 15 ਉਸ ਉਪਰੰਤ ਉਸ ਨੇ ਤਾਮਾਰ ਨਾਲ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਪਹਿਲਾਂ ਉਹ ਉਸ ਦੇ ਪਿਆਰ ਵਿੱਚ ਮਰਦਾ ਸੀ, ਉਸਤੋਂ ਕਿਤੇ ਵੱਧ ਉਸ ਨੇ ਤਾਮਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ। ਅਮਨੋਨ ਨੇ ਤਾਮਾਰ ਨੂੰ ਕਿਹਾ, “ਇੱਥੋਂ ਉੱਠ ਅਤੇ ਇੱਥੋਂ ਚਲੀ ਜਾ।”
16 ਤਾਮਾਰ ਨੇ ਅਮਨੋਨ ਨੂੰ ਕਿਹਾ, “ਨਹੀਂ! ਹੁਣ ਮੈਨੂੰ ਇੰਝ ਨਾ ਠੁਕਰਾ। ਇੰਝ ਤਾਂ ਜੋ ਕੁਝ ਤੂੰ ਮੇਰੇ ਨਾਲ ਪਹਿਲਾਂ ਕੀਤਾ ਹੈ ਇਹ ਉਸਤੋਂ ਵੀ ਵੱਧ ਬੁਰਾ ਹੋਵੇਗਾ।”
ਪਰ ਅਮਨੋਨ ਨੇ ਉਸਦੀ ਇੱਕ ਨਾ ਸੁਣੀ। 17 ਅਮਨੋਨ ਨੇ ਆਪਣੇ ਸੇਵਕ ਨੂੰ ਬੁਲਾਇਆ ਅਤੇ ਕਿਹਾ, “ਇਸ ਕੁੜੀ ਨੂੰ ਹੁਣੇ ਇਸ ਕਮਰੇ ਵਿੱਚੋਂ ਬਾਹਰ ਕੱਢ ਅਤੇ ਇਸ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਤਾਲਾ ਮਾਰਦੇ।”
18 ਸੋ ਅਮਨੋਨ ਦੇ ਨੌਕਰ ਨੇ ਤਾਮਾਰ ਨੂੰ ਬਾਹਰ ਕੱਢ ਕੇ ਦਰਵਾਜ਼ੇ ਨੂੰ ਜਿੰਦਰਾ ਲਾ ਦਿੱਤਾ।
ਤਾਮਾਰ ਨੇ ਲੰਬਾ ਰੰਗ ਬਿਰੰਗਾ ਧਾਰੀਦਾਰ ਚੋਲਾ ਪਾਇਆ ਹੋਇਆ ਸੀ। ਪਾਤਸ਼ਾਹ ਦੀਆਂ ਕੁਆਰੀਆਂ ਕੁੜੀਆਂ ਅਜਿਹਾ ਲਿਬਾਸ ਹੀ ਪਾਉਂਦੀਆਂ ਸਨ। 19 ਤਾਮਾਰ ਨੇ ਉਹ ਆਪਣਾ ਰੰਗੀਨ ਪਹਿਰਾਵਾ ਫ਼ਾੜ ਕੇ ਆਪਣੇ ਸਿਰ ਤੇ ਸੁਆਹ ਪਾ ਲਈ ਫ਼ਿਰ ਆਪਣੇ ਹੱਥਾਂ ਵਿੱਚ ਆਪਣੇ ਸਿਰ ਨੂੰ ਘੁੱਟ ਕੇ ਪਿੱਟਣ ਲੱਗ ਪਈ।
20 ਤਦ ਤਾਮਾਰ ਦੇ ਸਗੇ ਭਰਾ ਅਬਸ਼ਾਲੋਮ ਨੇ ਉਸ ਨੂੰ ਆਖਿਆ, “ਕੀ ਤੂੰ ਆਪਣੇ ਭਰਾ ਅਮਨੋਨ ਨਾਲ ਖੇਹ ਖਾਧੀ ਹੈ? ਕੀ ਉਸ ਨੇ ਤੇਰੇ ਨਾਲ ਧੋਖਾ ਕੀਤਾ ਹੈ? ਕੋਈ ਨਹੀਂ, ਹੁਣ ਤੂੰ ਭੈਣ ਸ਼ਾਂਤ ਹੋ ਜਾ! ਅਮਨੋਨ ਤੇਰਾ ਭਰਾ ਹੈ, ਸੋ ਇਸ ਗੱਲ ਲਈ ਹੁਣ ਤੂੰ ਮਨ ਵਿੱਚ ਫ਼ਿਕਰ ਨਾ ਰੱਖ। ਤੂੰ ਇਸ ਗੱਲ ਤੋਂ ਬਹੁਤੀ ਦੁੱਖੀ ਨਾ ਹੋ।” ਤਦ ਤਾਮਾਰ ਅੱਗੋਂ ਚੁੱਪ ਰਹੀ ਅਤੇ ਚੁੱਪ ਕਰਕੇ ਆਪਣੇ ਭਰਾ ਅਬਸ਼ਾਲੋਮ ਦੇ ਘਰ ਚਲੀ ਗਈ।
21 ਜਦੋਂ ਦਾਊਦ ਪਾਤਸ਼ਾਹ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤਾਂ ਉਸਦਾ ਕਰੋਧ ਬੜਾ ਜਾਗਿਆ। 22 ਅਬਸ਼ਾਲੋਮ ਵੀ ਅਮਨੋਨ ਨੂੰ ਬੜੀ ਨਫ਼ਰਤ ਕਰਨ ਲੱਗਾ। ਅਬਸ਼ਾਲੋਮ ਨੇ ਅਮਨੋਨ ਨੂੰ ਕੁਝ ਵੀ ਚੰਗਾ-ਮੰਦਾ ਨਾ ਕਿਹਾ ਪਰ ਅਬਸ਼ਾਲੋਮ ਨੇ ਅਮਨੋਨ ਨੂੰ ਇਸ ਲਈ ਘਿਰਣਾ ਕੀਤੀ ਕਿਉਂ ਜੋ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ।
ਅਬਸ਼ਾਲੋਮ ਦਾ ਬਦਲਾ ਲੈਣਾ
23 ਦੋ ਸਾਲ ਬਾਅਦ ਅਬਸ਼ਾਲੋਮ ਦੇ ਉੱਨ ਕਤਰਨ ਵਾਲੇ ਬਆਲ-ਹਸੋਰ ਵਿੱਚੋਂ ਜੋ ਇਫ਼ਰਾਈਮ ਦੇ ਕੋਲ ਹੈ, ਉੱਥੇ ਸਨ। ਅਬਸ਼ਾਲੋਮ ਨੇ ਪਾਤਸ਼ਾਹ ਦੇ ਸਭਨਾਂ ਪੁੱਤਰਾਂ ਨੂੰ ਉੱਥੇ ਬੁਲਾਇਆ ਅਤੇ ਆਖਿਆ ਕਿ ਉਹ ਸਭ ਇਹ ਵਾਚਣ। 24 ਅਬਸ਼ਾਲੋਮ ਪਾਤਸ਼ਾਹ ਕੋਲ ਗਿਆ ਅਤੇ ਕਿਹਾ, “ਵੇਖ! ਤੇਰੇ ਸੇਵਕ ਭੇਡਾਂ ਦੀ ਉੱਨ ਕਤਰਨ ਵਾਲੇ ਹਨ, ਸੋ ਹੁਣ ਮੈਂ ਬੇਨਤੀ ਕਰਦਾ ਹਾਂ ਜੋ ਪਾਤਸ਼ਾਹ ਅਤੇ ਉਸ ਦੇ ਸੇਵਕ ਉੱਥੇ ਚੱਲਣ।”
25 ਪਾਤਸ਼ਾਹ ਦਾਊਦ ਨੇ ਅਬਸ਼ਾਲੋਮ ਨੂੰ ਕਿਹਾ, “ਨਹੀਂ ਪੁੱਤਰ। ਅਸੀਂ ਸਾਰੇ ਇਸ ਵੇਲੇ ਜਾਈਏ ਤਾਂ ਚੰਗਾ ਨਹੀਂ ਹੋਵੇਗਾ। ਕਿਤੇ ਐਸਾ ਨਾ ਹੋਵੇ ਕਿ ਤੇਰੇ ਤੇ ਭਾਰੂ ਹੋ ਜਾਈਏ।”
ਅਬਸ਼ਾਲੋਮ ਨੇ ਦਾਊਦ ਨੂੰ ਨਾਲ ਚੱਲਣ ਦੀ ਬੜੀ ਮਿੰਨਤ ਕੀਤੀ ਪਰ ਦਾਊਦ ਨਾ ਗਿਆ ਪਰ ਉਸ ਨੇ ਅਬਸ਼ਾਲੋਮ ਨੂੰ ਅਸੀਸ ਦਿੱਤੀ, ਆਪਣੀ ਬਖਸ਼ੀਸ਼ ਦਿੱਤੀ।
26 ਅਬਸ਼ਾਲੋਮ ਨੇ ਦਾਊਦ ਨੂੰ ਆਖਿਆ, “ਜੇਕਰ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਕਿਰਪਾ ਕਰਕੇ ਮੇਰੇ ਭਰਾ ਅਮਨੋਨ ਨੂੰ ਮੇਰੇ ਨਾਲ ਭੇਜ ਦੇਵੋ।”
ਤਾਂ ਪਾਤਸ਼ਾਹ ਦਾਊਦ ਨੇ ਆਖਿਆ, “ਭਲਾ, ਉਹ ਤੇਰੇ ਨਾਲ ਕਿਉਂ ਜਾਵੇ?”
27 ਅਬਸ਼ਾਲੋਮ ਦਾਊਦ ਦੀਆਂ ਮਿੰਨਤਾਂ ਕਰਦਾ ਰਿਹਾ ਤਾਂ ਅਖੀਰ ਵਿੱਚ ਦਾਊਦ ਨੇ ਆਪਣੇ ਹੋਰ ਵੀ ਬਾਕੀ ਦੇ ਪੁੱਤਰਾਂ ਨੂੰ ਅਬਸ਼ਾਲੋਮ ਦੇ ਨਾਲ ਜਾਣ ਦਿੱਤਾ।
ਅਮਨੋਨ ਦਾ ਕਤਲ
28 ਤਦ ਅਬਸ਼ਾਲੋਮ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ, “ਅਮਨੋਨ ਵੱਲ ਨਜ਼ਰ ਰੱਖੋ! ਜਦੋਂ ਉਹ ਖੂਬ ਸ਼ਰਾਬ ਪੀ ਲਵੇ ਅਤੇ ਉਸ ਨੂੰ ਸ਼ਰਾਬ ਦਾ ਨਸ਼ਾ ਚੜ੍ਹ ਜਾਵੇ ਤਾਂ ਮੈਂ ਤੁਹਾਨੂੰ ਹੁਕਮ ਦੇਵਾਂਗਾ। ਤਾਂ ਤੁਸੀਂ ਉਸ ਉੱਪਰ ਹਮਲਾ ਕਰਕੇ ਉਸ ਨੂੰ ਖਤਮ ਕਰ ਦੇਣਾ। ਕਿਤੇ ਤੁਹਾਨੂੰ ਸਜ਼ਾ ਨਾ ਮਿਲੇ ਇਸ ਡਰ ਤੋਂ ਘਬਰਾਉਣਾ ਨਹੀਂ ਕਿਉਂ ਕਿ ਆਖਿਰ ਕਰ ਤੁਸੀਂ ਤਾਂ ਮੇਰਾ ਹੁਕਮ ਹੀ ਮੰਨ ਰਹੇ ਹੋ ਨਾ। ਇਸ ਲਈ ਬਹਾਦਰ ਬਣੋ, ਅਤੇ ਤਕੜੇ ਹੋ ਜਾਵੋ।”
29 ਇਉਂ ਅਬਸ਼ਾਲੋਮ ਦੇ ਜਵਾਨ ਸੇਵਕਾਂ ਨੇ ਉਹੀ ਕੀਤਾ ਜਿਵੇਂ ਉਸ ਨੇ ਹੁਕਮ ਕੀਤਾ ਉਨ੍ਹਾਂ ਨੇ ਅਮਨੋਨ ਦਾ ਕਤਲ ਕਰ ਦਿੱਤਾ ਪਰ ਦਾਊਦ ਦੇ ਬਾਕੀ ਸਾਰੇ ਪੁੱਤਰ ਬਚ ਕੇ ਭੱਜ ਗਏ। ਦਾਊਦ ਦੇ ਬਾਕੀ ਸਾਰੇ ਪੁੱਤਰ ਆਪੋ-ਆਪਣੀਆਂ ਖੱਚਰਾਂ ਉੱਤੇ ਚੜ੍ਹ ਕੇ ਭੱਜ ਗਏ।
ਦਾਊਦ ਨੂੰ ਅਮਨੋਨ ਦੀ ਮੌਤ ਦਾ ਪਤਾ ਲੱਗਣਾ
30 ਪਾਤਸ਼ਾਹ ਦੇ ਪੁੱਤਰ ਅਜੇ ਰਾਹ ਵਿੱਚ ਹੀ ਸਨ ਪਰ ਦਾਊਦ ਪਾਤਸ਼ਾਹ ਨੂੰ ਪਹਿਲਾਂ ਹੀ ਇਹ ਖਬਰ ਮਿਲੀ, “ਅਬਸ਼ਾਲੋਮ ਨੇ ਸਾਰੇ ਰਾਜ ਪੁੱਤਰਾਂ ਨੂੰ ਵੱਢ ਦਿੱਤਾ ਹੈ ਅਤੇ ਉਸਦਾ ਕੋਈ ਵੀ ਪੁੱਤਰ ਬਾਕੀ ਜਿਉਂਦਾ ਨਹੀਂ ਬਚਿਆ।”
31 ਦਾਊਦ ਪਾਤਸ਼ਾਹ ਨੇ ਆਪਣੇ ਕੱਪੜੇ ਪਾੜ ਸੁੱਟੇ ਅਤੇ ਭੌਂ ਉੱਤੇ ਲੰਮਾ ਪੈ ਗਿਆ ਤਾਂ ਉਸ ਦੇ ਸਾਰੇ ਸੇਵਕ ਵੀ ਆਪੋ-ਆਪਣੇ ਵਸਤਰ ਪਾੜ ਕੇ ਉਸ ਦੇ ਅੱਗੇ ਖਲੋ ਗਏ।
32 ਪਰ ਦਾਊਦ ਦੇ ਭਰਾ ਸ਼ਿਮਆਹ ਦਾ ਪੁੱਤਰ ਯੋਨਾਦਾਬ ਇਉਂ ਆਖਕੇ ਬੋਲਿਆ, “ਇਹ ਨਾ ਸੋਚੋ, ਪਾਤਸ਼ਾਹ ਦੇ ਸਾਰੇ ਹੀ ਰਾਜ ਪੁੱਤਰ ਮਾਰੇ ਗਏ ਸਨ, ਸਿਰਫ਼ ਅਮਨੋਨ ਦਾ ਕਤਲ ਹੋਇਆ ਹੈ। ਅਬਸ਼ਾਲੋਮ ਅਮਨੋਨ ਨੂੰ ਕਤਲ ਕਰਨ ਦੀ ਉਸ ਦਿਨ ਤੋਂ ਹੀ ਵਿਉਂਤ ਕਰ ਰਿਹਾ ਸੀ ਜਿਸ ਦਿਨ ਉਸ ਨੇ ਉਸਦੀ ਭੈਣ ਤਾਮਾਰ ਨਾਲ ਬਲਾਤਕਾਰ ਕੀਤਾ। 33 ਸੋ ਮੇਰਾ ਮਹਾਰਾਜ ਪਾਤਸ਼ਾਹ ਮਨ ਵਿੱਚ ਇਹ ਨਾ ਸਮਝੇ ਕਿ ਸਾਰੇ ਰਾਜ-ਪੁੱਤਰ ਮਾਰੇ ਗਏ ਹਨ, ਕਿਉਂ ਕਿ ਸਿਰਫ਼ ਅਮਨੋਨ ਹੀ ਮਾਰਿਆ ਗਿਆ ਹੈ।”
34 ਅਬਸ਼ਾਲੋਮ ਨੱਠ ਗਿਆ।
ਸ਼ਹਿਰ ਦੀ ਦੀਵਾਰ ਉੱਪਰ ਰੱਖਿਅਕ ਖੜ੍ਹਾ ਸੀ ਉਸ ਨੇ ਬਹੁਤ ਸਾਰੇ ਲੋਕਾਂ ਨੂੰ ਪਹਾੜ ਦੀ ਪਰਲੀ ਤਰਫ਼ੋਂ ਆਉਂਦਿਆਂ ਵੇਖਿਆ। 35 ਤਾਂ ਯੋਨਾਦਾਬ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਵੇਖ! ਮੈਂ ਠੀਕ ਕਿਹਾ ਸੀ। ਕਿ ਪਾਤਸ਼ਾਹ ਦੇ ਰਾਜ-ਪੁੱਤਰ ਆ ਰਹੇ ਹਨ।”
36 ਜਦੋਂ ਯੋਨਾਦਾਬ ਨੇ ਇਹ ਆਖਿਆ ਹੀ ਸੀ ਤਾਂ ਰਾਜ ਪੁੱਤਰ ਉੱਥੇ ਆਣ ਪਹੁੰਚੇ। ਉਹ ਉੱਚੀ-ਉੱਚੀ ਰੋ ਰਹੇ ਸਨ। ਦਾਊਦ ਅਤੇ ਉਸ ਦੇ ਸਾਰੇ ਅਫ਼ਸਰਾਂ ਨੇ ਵੀ ਰੋਣਾ ਸ਼ੁਰੂ ਕਰ ਦਿੱਤਾ। ਉਹ ਸਾਰੇ ਬੜਾ ਰੋਏ-ਪਿੱਟੇ। 37 ਦਾਊਦ ਹਰ ਰੋਜ਼ ਆਪਣੇ ਪੁੱਤਰ ਅਮਨੋਨ ਲਈ ਬੜਾ ਰੋਂਦਾ ਰਿਹਾ।
ਅਬਸ਼ਾਲੋਮ ਦਾ ਗਸ਼ੂਰ ਵਿੱਚ ਭੱਜ ਜਾਣਾ
ਅਬਸ਼ਾਲੋਮ ਗਸ਼ੂਰ ਦੇ ਰਾਜੇ ਅਮੀਹੂਰ ਦੇ ਪੁੱਤਰ ਤਲਮੀ [g] ਕੋਲ ਭੱਜ ਗਿਆ। 38 ਜਦੋਂ ਅਬਸ਼ਾਲੋਮ ਗਸ਼ੂਰ ਵਿੱਚ ਭੱਜਕੇ ਛੁਪ ਗਿਆ ਤਾਂ ਉਹ ਉੱਥੇ ਤਿੰਨ ਸਾਲ ਰਿਹਾ। 39 ਪਾਤਸ਼ਾਹ ਦਾਊਦ ਨੂੰ ਅਬਸ਼ਾਲੋਨ ਦੀ ਕਮੀ ਮਹਿਸੂਸ ਹੋਈ ਅਤੇ ਉਸ ਨੇ ਉਸ ਨੂੰ ਜਾਕੇ ਵੇਖਣ ਦੀ ਤਾਂਘ ਕੀਤੀ ਕਿਉਂ ਕਿ ਪਾਤਸ਼ਾਹ ਨੇ ਅਮਨੋਨ ਦੀ ਮੌਤ ਤੇ ਧੀਰਜ ਧਰ ਲਿਆ ਸੀ।
2010 by World Bible Translation Center