Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 51-57

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਇਹ ਗੀਤ ਉਸ ਸਮੇਂ ਬਾਰੇ ਹੈ ਜਦੋਂ ਨਾਥਾਨ ਨੱਬੀ ਦਾਊਦ ਦੇ ਬਥਸ਼ਬਾ ਨਾਲ ਗੁਨਾਹ ਤੋਂ ਬਾਅਦ ਦਾਊਦ ਕੋਲ ਜਾਂਦਾ ਹੈ।

51 ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
    ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
    ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
    ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
    ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
    ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
    ਤੁਹਾਡੇ ਨਿਆਂ ਨਿਰਪੱਖ ਹਨ।
ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
    ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
    ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
    ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
    ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
    ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
    ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
11 ਮੈਨੂੰ ਧੱਕ ਕੇ ਦੂਰ ਨਾ ਕਰੋ।
    ਅਤੇ ਆਪਣਾ ਪਵਿੱਤਰ ਆਤਮਾ ਮੇਰੇ ਵਿੱਚੋਂ ਨਾ ਖਿੱਚੋ।
12 ਤੁਹਾਡੀ ਸਹਾਇਤਾ ਨੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ।
    ਮੈਨੂੰ ਉਹ ਖੁਸ਼ੀ ਫ਼ੇਰ ਦਿਉ।
    ਮੇਰੀ ਰੂਹ ਨੂੰ ਮਜ਼ਬੂਤ ਅਤੇ ਤੁਹਾਡਾ ਹੁਕਮ ਮੰਨਣ ਲਈ ਤੱਤਪਰ ਬਣਾਉ।
13 ਮੈਂ ਗੁਨਾਹਗਾਰਾਂ ਨੂੰ ਉਹੀ ਸਿੱਖਾਵਾਂਗਾ ਜਿਵੇਂ ਤੁਸੀਂ ਚਾਹੁੰਦੇ ਹੋ
    ਕਿ ਉਹ ਜਿਉਣ ਅਤੇ ਉਹ ਵਾਪਸ ਤੁਹਾਡੇ ਵੱਲ ਪਰਤਨਗੇ।
14 ਹੇ ਪਰਮੇਸ਼ੁਰ, ਮੈਨੂੰ ਸਜਾਏ ਮੌਤ ਤੋਂ ਬਚਾਉ,
    ਮੇਰੇ ਯਹੋਵਾਹ, ਇਹ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰਦੇ ਹੋ।
ਮੈਨੂੰ ਤੁਹਾਡੀ ਵਫ਼ਾਦਾਰੀ ਬਾਰੇ ਗਾਉਣ ਦਿਉ।
15     ਮੇਰੇ ਮਾਲਕ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਤੁਹਾਡੀਆਂ ਉਸਤਤਾਂ ਗਾਵਾਂਗਾ।
16 ਅਸਲ ਵਿੱਚ ਤੁਹਾਨੂੰ ਬਲੀਆਂ ਨਹੀਂ ਚਾਹੀਦੀਆਂ,
    ਇਸ ਲਈ ਮੈਨੂੰ ਬਲੀਆਂ ਕਿਉਂ ਚੜ੍ਹਾਉਣੀਆਂ ਚਾਹੀਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਵੀ ਨਹੀਂ।
17 ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ।
    ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।

18 ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ।
    ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
19 ਫ਼ੇਰ ਤੁਸੀਂ ਚੰਗੀਆਂ ਬਲੀਆਂ
    ਅਤੇ ਅਗਨ ਭੇਟਾਂ ਕੀਤੇ ਚੜ੍ਹਾਵਿਆਂ ਨੂੰ ਮਾਣੋਂਗੇ
    ਅਤੇ ਫ਼ੇਰ ਲੋਕ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਦਾਊਦ ਅਹੀਮਲਕ ਦੇ ਘਰ ਵਿੱਚ ਹੈ।”

52 ਹੇ ਵੱਡੇ ਆਦਮੀ, ਤੂੰ ਆਪਣੀਆਂ ਕੀਤੀਆਂ ਦੁਸ਼ਟ ਗੱਲਾਂ ਬਾਰੇ ਸ਼ੇਖੀ ਕਿਉਂ ਮਾਰਦਾ ਹੈਂ?
    ਤੂੰ ਪਰਮੇਸ਼ੁਰ ਲਈ ਇੱਕ ਨਿਰਾਦਰ ਹੈਂ।
    ਤੂੰ ਸਾਰਾ ਦਿਨ ਦੁਸ਼ਟ ਗੱਲਾਂ ਕਰਨ ਦੀ ਯੋਜਨਾ ਬਣਾਉਂਦਾ ਹੈਂ।
ਤਸੀਂ ਮੂਰੱਖਤਾ ਭਰੀਆਂ ਵਿਉਂਤਾ ਬਣਾਉਂਦੇ ਹੋ ਅਤੇ ਤੁਹਾਡੀ ਜ਼ੁਬਾਨ ਤੇਜ ਤਰਾਰ ਉਸਤਰੇ ਵਰਗੀ ਹੈ।
    ਤੁਸੀਂ ਹਰ ਵੇਲੇ ਝੂਠ ਬੋਲਦੇ ਹੋਂ।
    ਤੁਸੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ।
ਤੁਸੀਂ ਨੇਕੀ ਨਾਲੋਂ ਬਦੀ ਨੂੰ ਵੱਧੇਰੇ ਪਿਆਰ ਕਰਦੇ ਹੋ।
    ਤੁਸੀਂ ਝੂਠ ਨੂੰ ਸੱਚ ਬੋਲਣ ਨਾਲੋਂ ਵੱਧੇਰੇ ਪਿਆਰ ਕਰਦੇ ਹੋ।

ਤੁਸੀਂ ਅਤੇ ਤੁਹਾਡੀ ਝੂਠੀ ਜ਼ੁਬਾਨ ਲੋਕਾਂ ਨੂੰ ਦੁੱਖ ਦੇਣਾ ਪਸੰਦ ਕਰਦੀ ਹੈ।
ਇਸ ਲਈ ਪਰਮੇਸ਼ੁਰ ਤੁਹਾਨੂੰ ਸਦਾ ਲਈ ਬਰਬਾਦ ਕਰ ਦੇਵੇਗਾ।
    ਉਹ ਤੁਹਾਨੂੰ ਫ਼ੜ ਲਵੇਗਾ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਖਿੱਚ ਲਵੇਗਾ, ਜਿਵੇਂ ਕੋਈ ਬੰਦਾ ਪੌਦੇ ਨੂੰ ਜੜਾਂ ਸਮੇਤ ਜ਼ਮੀਨ ਵਿੱਚੋਂ ਪੁੱਟਦਾ ਹੈ।

ਨੇਕ ਲੋਕ ਇਸ ਨੂੰ ਦੇਖਣਗੇ ਅਤੇ ਪਰਮੇਸ਼ੁਰ ਤੋਂ ਡਰਨਾ
    ਅਤੇ ਉਸਦਾ ਆਦਰ ਕਰਨਾ ਸਿੱਖਣਗੇ।
    ਉਹ ਤੁਹਾਡੇ ਉੱਤੇ ਹੱਸਣਗੇ ਅਤੇ ਆਖਣਗੇ,
“ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ।
    ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।”

ਪਰ ਮੈਂ ਜੈਤੂਨ ਦੇ ਇੱਕ ਹਰੇ ਰੁੱਖ ਵਾਂਗ ਹਾਂ ਜਿਹੜਾ ਪਰਮੇਸ਼ੁਰ ਦੇ ਮੰਦਰ ਵਿੱਚ ਉੱਗਿਆ ਹੈ।
ਹੇ ਪਰਮੇਸ਼ੁਰ, ਮੈਂ ਉਨ੍ਹਾਂ ਗੱਲਾਂ ਲਈ ਤੁਹਾਡੀ ਉਸਤਤਿ ਕਰਦਾ ਹਾਂ ਜੋ ਤੁਸਾਂ ਹਮੇਸ਼ਾ ਕੀਤੀਆਂ ਹਨ।
    ਮੈਂ ਤੁਹਾਡਾ ਨਾਮ ਤੁਹਾਡੇ ਪੈਰੋਕਾਰਾਂ ਸਾਹਮਣੇ ਉਚਾਰਾਂਗਾ ਕਿਉਂਕਿ ਇਹ ਇੰਨਾ ਚੰਗਾ ਹੈ।

ਨਿਰਦੇਸ਼ਕ ਲਈ: ਮਹਾਲਥ ਦੀ ਧੁਨੀ। ਦਾਊਦ ਦਾ ਇੱਕ ਭੱਗਤੀ ਗੀਤ।

53 ਇਹ ਸਿਰਫ਼ ਇੱਕ ਦੁਸ਼ਟ ਵਿਅਕਤੀ ਹੀ ਹੈ ਜਿਹੜਾ ਸੋਚਦਾ ਹੈ ਕਿ ਪਰਮੇਸ਼ੁਰ ਮੌਜੁਦ ਨਹੀਂ ਹੈ।
    ਇਸ ਤਰ੍ਹਾਂ ਦੇ ਲੋਕੀਂ ਭ੍ਰਸ਼ਟ, ਦੁਸ਼ਟ ਅਤੇ ਦੋਖੀ ਹੁੰਦੇ ਹਨ
    ਅਤੇ ਉਹ ਚੰਗੀਆਂ ਗੱਲਾਂ ਨਹੀਂ ਕਰਦੇ।
ਸੱਚਮੁੱਚ ਪਰਮੇਸ਼ੁਰ ਸਵਰਗ ਵਿੱਚੋਂ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ।
    ਪਰਮੇਸ਼ੁਰ ਸਿਆਣੇ ਲੋਕਾਂ ਦੀ ਭਾਲ ਵਿੱਚ ਹੈ
    ਜਿਹੜੇ ਪਰਮੇਸ਼ੁਰ ਨੂੰ ਭਾਲ ਰਹੇ ਹਨ।
ਪਰ ਹਰ ਕੋਈ ਪਰਮੇਸ਼ੁਰ ਤੋਂ ਦੂਰ ਹੋਇਆ ਹੈ।
    ਹਰ ਬੰਦਾ ਬੁਰਾ ਹੈ ਕੋਈ ਵੀ ਬੰਦਾ ਨੇਕੀ ਨਹੀਂ ਕਰਦਾ।
ਕੋਈ ਨਹੀਂ, ਇੱਕ ਬੰਦਾ ਵੀ ਨਹੀਂ।

ਪਰਮੇਸ਼ੁਰ ਆਖਦਾ ਹੈ, “ਅਵੱਸ਼ ਹੀ ਉਹ ਮੰਦੇ ਲੋਕ ਸੱਚ ਜਾਣਦੇ ਹਨ।
    ਪਰ ਉਹ ਮੇਰੇ ਅੱਗੇ ਪ੍ਰਾਰਥਨਾ ਨਹੀਂ ਕਰਦੇ।
    ਮੰਦੇ ਲੋਕ ਮੇਰੇ ਲੋਕਾਂ ਨੂੰ ਬਰਬਾਦ ਕਰਨ ਲਈ ਇਸ ਤਰ੍ਹਾਂ ਤਿਆਰ ਹਨ ਜਿਵੇਂ ਉਹ ਭੋਜਨ ਕਰਨ ਲੱਗੇ ਹੋਣ।”

ਪਰ ਉਹ ਮੰਦੇ ਲੋਕੀਂ ਇੰਨੇ ਭੈਭੀਤ ਹੋਣਗੇ ਜਿੰਨਾ ਉਹ ਪਹਿਲਾਂ ਕਦੀ ਨਹੀਂ ਹੋਏ।
    ਉਹ ਮੰਦੇ ਲੋਕ ਇਸਰਾਏਲ ਦੇ ਦੁਸ਼ਮਣ ਹਨ।
ਪਰਮੇਸ਼ੁਰ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਤਿਆਗ ਦਿੱਤਾ ਹੈ।
    ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨੂੰ ਹਰਾ ਦੇਣਗੇ,
ਅਤੇ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਦੀਆਂ ਹੱਡੀਆਂ ਖਿਲਾਰ ਦੇਵੇਗਾ।

ਮੈਂ ਚਾਹੁੰਦਾ ਹਾਂ ਕਿ ਕੋਈ ਇਸਰਾਏਲ ਲਈ ਸੀਯੋਨ ਪਰਬਤ ਤੋਂ ਜਿੱਤ ਲੈ ਕੇ ਆਵੇ।
    ਉਸ ਸਮੇਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਾਪਸ ਲਿਆਵੇਗਾ।
ਯਾਕੂਬ ਖੁਸ਼ੀ ਮਨਾਵੇਗਾ।
    ਇਸਰਾਏਲ ਬਹੁਤ ਆਨੰਦਿਤ ਹੋਵੇਗਾ।

ਨਿਰਦੇਸ਼ਕ ਲਈ: ਸਾਜ਼ਾਂ ਨਾਲ। ਦਾਊਦ ਦਾ ਮਸੱਕੀਲ, ਉਦੋਂ ਦੀ ਲਿਖੀ ਹੋਈ, ਜਦੋਂ ਜ਼ਿਫ਼ੀਆਂ ਸ਼ਾਊਲ ਕੋਲ ਆਇਆ ਅਤੇ ਆਖਿਆ, “ਸਾਡਾ ਖਿਆਲ ਹੈ ਕਿ ਦਾਊਦ ਆਪਣੇ-ਆਪ ਨੂੰ ਸਾਡੇ ਲੋਕਾਂ ਦਰਮਿਆਨ ਲੁਕੋ ਰਿਹਾ ਹੈ।”

54 ਹੇ ਪਰਮੇਸ਼ੁਰ, ਆਪਣੀ ਤਾਕਤ ਵਰਤੋਂ ਅਤੇ ਮੈਨੂੰ ਬਚਾਵੋ।
    ਆਪਣੀ ਅਸੀਸ ਦੀ ਸ਼ਕਤੀ ਦੀ ਵਰਤੋਂ ਕਰਕੇ ਮੈਨੂੰ ਮੁਕਤ ਕਰੋ।
ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣੋ,
    ਉਹ ਗੱਲਾਂ ਸੁਣੋ ਜੋ ਮੈਂ ਆਖਦਾ ਹਾਂ।
ਉਹ ਅਜਨਬੀ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਵੀ ਨਹੀਂ ਕਰਦੇ ਮੇਰੇ ਖਿਲਾਫ਼ ਹੋ ਗਏ ਹਨ।
    ਉਹ ਤਕੜੇ ਆਦਮੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ।
    ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ।
    ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।

ਹੇ ਪਰਮੇਸ਼ੁਰ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਸੁਗਾਤਾਂ ਭੇਟ ਕਰਾਂਗਾ।
    ਹੇ ਯਹੋਵਾਹ, ਮੈਂ ਤੇਰੇ ਚੰਗੇ ਨਾਮ ਦੀ ਉਸਤਤਿ ਕਰਾਂਗਾ।
ਕਿਉਂਕਿ ਤੁਸੀਂ ਹੀ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
    ਮੈਂ ਆਪਣਿਆ ਵੈਰੀਆਂ ਨੂੰ ਹਾਰਦਿਆਂ ਦੇਖਿਆ।

ਨਿਰਦੇਸ਼ਕ ਲਈ: ਸਾਜਾਂ ਨਾਲ ਦਾਊਦ ਦਾ ਇੱਕ ਭੱਗਤੀ ਗੀਤ।

55 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ।
    ਕਿਰਪਾ ਕਰਕੇ ਦਯਾ ਲਈ ਮੇਰੀ ਪ੍ਰਾਰਥਨਾ ਨੂੰ ਅਣਡਿਠ ਨਾ ਕਰੋ।
ਹੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣੋ ਅਤੇ ਜਵਾਬ ਦਿਉ।
    ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਉ ਅਤੇ ਤੁਹਾਨੂੰ ਆਪਣੀਆਂ ਸ਼ਿਕਾਇਤਾਂ ਦੱਸਣ ਦਿਉ।
ਮੇਰੇ ਵੈਰੀਆਂ ਨੇ ਮੈਨੂੰ ਮੰਦਾ ਆਖਿਆ।
    ਉਹ ਬਦਚਲਣ ਬੰਦਾ ਮੇਰੇ ਉੱਤੇ ਚੀਕਿਆ।
ਮੇਰੇ ਵੈਰੀ ਕ੍ਰੋਧ ਵਿੱਚ ਸਨ ਅਤੇ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ।
    ਉਨ੍ਹਾਂ ਨੇ ਮੇਰੇ ਉੱਤੇ ਮੁਸੀਬਤਾਂ ਦੇ ਪਹਾੜ ਲਿਆਂਦੇ।
ਮੇਰਾ ਦਿਲ ਮੇਰੇ ਅੰਦਰ ਬੁਰੀ ਤਰ੍ਹਾਂ ਧੜਕ ਰਿਹਾ ਹੈ।
    ਮੈਂ ਮੌਤ ਕੋਲੋਂ ਸਹਿਮ ਗਿਆ ਹਾਂ।
ਮੈਂ ਸਹਿਮਿਆ ਹਾਂ ਅਤੇ ਕੰਬ ਰਿਹਾ ਹਾਂ।
    ਮੈਂ ਭੈਭੀਤ ਹਾਂ।
ਹਾਏ, ਜੇ ਕਿਧਰੇ ਮੇਰੇ ਕਬੂਤਰੀ ਵਾਂਗ ਖੰਭ ਹੁੰਦੇ।
    ਮੈਂ ਦੂਰ ਉੱਡ ਜਾਂਦਾ ਅਤੇ ਸੱਕੂਨ ਲਈ ਥਾਂ ਲੱਭ ਲੈਂਦਾ।
    ਮੈਂ ਦੂਰ ਬਹੁਤ ਦੂਰ ਮਾਰੂਥਲ ਅੰਦਰ ਚੱਲਿਆ ਜਾਂਦਾ।

ਮੈਂ ਦੌੜ ਜਾਂਦਾ ਮੈਂ ਬਚ ਨਿਕਲਦਾ
    ਮੈਂ ਮੁਸੀਬਤਾਂ ਦੇ ਇਸ ਤੂਫ਼ਾਨ ਤੋਂ ਦੂਰ ਨੱਸ ਜਾਂਦਾ।
ਮੇਰੇ ਮਾਲਕ ਇਨ੍ਹਾਂ ਦੇ ਝੂਠ ਨੂੰ ਰੋਕੋ।
    ਮੈਂ ਇਸ ਸ਼ਹਿਰ ਅੰਦਰ ਹਿੰਸਾ ਅਤੇ ਲੜਾਈ ਦੇਖਦਾ ਹਾਂ।
10 ਰਾਤ ਦਿਨ ਹਰ ਇਲਾਵੇ ਵਿੱਚ ਸ਼ਹਿਰ,
    ਜ਼ੁਰਮ ਅਤੇ ਬਦਨਾਮੀ ਨਾਲ ਭਰਿਆ ਪਿਆ ਹੈ।
11 ਮੁਹੱਲਿਆਂ ਵਿੱਚ ਬਹੁਤ ਹੀ ਜੁਰਮ ਹੁੰਦਾ ਹੈ।
    ਲੋਕ ਹਰ ਥਾਂ ਝੂਠ ਬੋਲਦੇ ਹਨ ਅਤੇ ਧੋਖਾ ਦਿੰਦੇ ਹਨ।

12 ਜੇ ਕੋਈ ਵੈਰੀ ਮੇਰੀ ਬੇਇੱਜ਼ਤੀ ਕਰਨ ਵਾਲਾ ਹੁੰਦਾ,
    ਮੈਂ ਬਰਦਾਸ਼ਤ ਕਰ ਸੱਕਦਾ ਹਾਂ।
ਜੇ ਵੈਰੀ ਮੇਰੇ ਉੱਪਰ ਹਮਲਾਵਰ ਹੁੰਦੇ
    ਮੈਂ ਛੁਪ ਸੱਕਦਾ ਸਾਂ।
13 ਪਰ ਇਹ ਤਾਂ ਤੁਸੀਂ ਹੋ, ਮੇਰੇ ਸਾਥੀ ਮੇਰੇ ਸਹਿਯੋਗੀ ਮੇਰੇ ਮਿੱਤਰ,
    ਤੁਸੀਂ ਹੀ ਮੈਨੂੰ ਤਕਲੀਫ਼ਾਂ ਦੇ ਰਹੇ ਹੋ।
14 ਅਸੀਂ ਇੱਕ ਦੂਸਰੇ ਨਾਲ ਭੇਤ ਸਾਂਝੇ ਕਰਦੇ ਹੁੰਦੇ ਸਾਂ,
    ਜਦੋਂ ਅਸੀਂ ਭੀੜਾਂ ਵਿੱਚ ਤੁਰਕੇ ਇਕੱਠੇ ਪਰਮੇਸ਼ੁਰ ਦੇ ਮੰਦਰ ਵੱਲ ਜਾਂਦੇ ਸਾਂ।

15 ਮੈਂ ਚਾਹੁੰਦਾ ਹਾਂ ਕਿ ਮੌਤ ਮੇਰੇ ਵੈਰੀਆਂ ਨੂੰ ਹੈਰਾਨ ਕਰ ਦੇਵੇ।
    ਮੈਂ ਚਾਹੁੰਦਾ ਹਾਂ ਕਿ ਧਰਤੀ ਦਾ ਮੂੰਹ ਖੁਲ੍ਹ ਜਾਵੇ ਅਤੇ ਉਹ ਉਨ੍ਹਾਂ ਨੂੰ ਜਿਉਂਦਿਆਂ ਨਿਗਲ ਲਵੇ।
    ਕਿਉਂਕਿ ਉਹ ਇਕੱਠੇ ਅਜਿਹੀਆਂ ਭਿਆਨਕ ਗੱਲਾਂ ਦੀਆਂ ਵਿਉਂਤਾਂ ਬਣਾਉਂਦੇ ਹਨ,

16 ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ,
    ਯਹੋਵਾਹ ਮੈਨੂੰ ਉੱਤਰ ਦੇਵੇਗਾ।
17 ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ।
    ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।
18 ਮੈਂ ਬਹੁਤ ਲੜਾਈਆਂ ਵਿੱਚ ਲੜਿਆ ਹਾਂ।
    ਪਰ ਪਰਮੇਸ਼ੁਰ ਨੇ ਸਦਾ ਮੈਨੂੰ ਬਚਾਇਆ ਹੈ ਅਤੇ ਸੁਰੱਖਿਅਤ ਵਾਪਸ ਲਿਆਂਦਾ ਹੈ।
19 ਪਰਮੇਸ਼ੁਰ ਮੇਰੀ ਗੱਲ ਸੁਣਦਾ ਹੈ।
    ਸਦੀਵੀ ਰਾਜਾ ਮੇਰੀ ਸਹਾਇਤਾ ਕਰੇਗਾ।

ਮੇਰੇ ਵੈਰੀ ਆਪਣਾ ਜੀਵਨ ਢੰਗ ਨਹੀਂ ਬਦਲਣਗੇ,
    ਉਹ ਪਰਮੇਸ਼ੁਰ ਕੋਲੋਂ ਨਹੀਂ ਡਰਨਗੇ ਅਤੇ ਨਾ ਆਦਰ ਕਰਨਗੇ।
20 ਮੇਰੇ ਵੈਰੀਆਂ ਨੇ ਆਪਣੇ ਹੀ ਦੋਸਤਾਂ ਉੱਪਰ ਹਮਲਾ ਕੀਤਾ।
    ਉਹ ਉਹੋਂ ਗੱਲਾਂ ਨਹੀਂ ਕਰਦੇ ਜਿਨ੍ਹਾਂ ਬਾਰੇ ਉਹ ਸਹਿਮਤ ਹੁੰਦੇ ਹਨ।
21 ਮੇਰੇ ਵੈਰੀ ਅਸਲ ਵਿੱਚ ਬਹੁਤ ਖੁਸ਼ਾਮਦੀ ਗਾਲੜੀ ਹਨ, ਉਹ ਸ਼ਾਂਤੀ ਬਾਰੇ ਗੱਲਾਂ ਕਰਦੇ ਹਨ,
    ਪਰ ਅਸਲੀਅਤ ਵਿੱਚ ਉਹ ਯੁੱਧ ਲਈ ਵਿਉਂਤਾਂ ਘੜਦੇ ਹਨ।
ਉਨ੍ਹਾਂ ਦੇ ਸ਼ਬਦ ਤੇਲ ਵਰਗੇ ਹਨ ਚਿਕਨੇ ਹਨ
    ਪਰ ਉਹ ਸ਼ਬਦ ਚਾਕੂ ਵਾਂਗ ਹਮਲਾ ਕਰਦੇ ਹਨ।

22 ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ
    ਅਤੇ ਉਹ ਤੁਹਾਡਾ ਧਿਆਨ ਰੱਖੇਗਾ।
    ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ।

23 ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ,
    ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ।
ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

ਨਿਰਦੇਸ਼ਕ ਲਈ: ਧੁਨੀ ਨੂੰ “ਉੱਕ ਦੇ ਰੁੱਖ ਉੱਤੇ ਬੈਠੀ ਘੁੱਗੀ।” ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ, ਜਦੋਂ ਫ਼ਲਿਸਤਿਆਂ ਨੇ ਉਸ ਨੂੰ ਗਥ ਵਿੱਚ ਫ਼ੜ ਲਿਆ ਸੀ।

56 ਹੇ ਪਰਮੇਸ਼ੁਰ ਲੋਕਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ, ਇਸ ਲਈ ਮੇਰੇ ਉੱਪਰ ਮਿਹਰ ਕਰੋ।
    ਉਹ ਲਗਾਤਾਰ ਮੇਰਾ ਪਿੱਛਾ ਕਰਦੇ ਰਹੇ ਹਨ ਅਤੇ ਮੇਰੇ ਉੱਤੇ ਹਮਲਾ ਕਰਦੇ ਰਹੇ ਹਨ।
ਮੇਰੇ ਵੈਰੀ ਬਾਰ-ਬਾਰ ਹਮਲਾ ਕਰਦੇ ਹਨ।
    ਉਹ ਜਿਹੜੇ ਮੇਰੇ ਵਿਰੋਧੀ ਹਨ ਉੱਪਰੋਂ ਮੇਰੇ ਉੱਤੇ ਹਮਲਾ ਕਰਦੇ ਹਨ।
    ਉਹ ਬਹੁਤ ਸਾਰੇ ਹਨ।
ਜਦੋਂ ਮੈਂ ਭੈਭੀਤ ਹੁੰਦਾ ਹਾਂ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।
ਹੇ ਪਰਮੇਸ਼ੁਰ, ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ ਇਸ ਲਈ ਮੈਂ ਉਨ੍ਹਾਂ ਗੱਲਾਂ ਤੋਂ ਨਿਰਭੈ ਹਾਂ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ।
    ਮੈਂ ਪਰਮੇਸ਼ੁਰ ਦੀ ਮੇਰੇ ਨਾਲ ਕੀਤੇ ਵਾਅਦੇ ਲਈ ਉਸਤਤਿ ਕਰਦਾ ਹਾਂ।
ਮੇਰੇ ਵੈਰੀ ਸਦਾ ਮੇਰੇ ਸ਼ਬਦਾਂ ਨੂੰ ਤੋਂੜਦੇ ਮਰੋੜਦੇ ਰਹਿੰਦੇ ਹਨ।
    ਉਹ ਸਦਾ ਮੇਰੇ ਵਿਰੁੱਧ ਵਿਉਂਤਾ ਬਣਾਉਂਦੇ ਰਹਿੰਦੇ ਹਨ।
ਉਹ ਇਕੱਠੇ ਛੁਪ ਜਾਂਦੇ ਹਨ ਅਤੇ ਮੇਰੀ ਹਰ ਹਰਕਤ ਦੀ ਨਿਗਰਾਨੀ ਕਰਦੇ ਹਨ,
    ਇਹ ਉਮੀਦ ਕਰਦੇ ਹਨ ਕਿ ਕਿਸੇ ਤਰ੍ਹਾਂ ਮੈਨੂੰ ਮਾਰ ਸੱਕਣ।
ਹੇ ਪਰਮੇਸ਼ੁਰ, ਉਨ੍ਹਾਂ ਨੂੰ ਉਨ੍ਹਾਂ ਦੇ ਮੰਦਿਆਂ ਕਾਰਿਆਂ ਕਾਰਣ ਦੂਰ ਭਜਾ ਦਿਉ
    ਉਨ੍ਹਾਂ ਨੂੰ ਵਿਦੇਸ਼ੀ ਕੌਮਾਂ ਦਾ ਗੁੱਸਾ ਝੱਲਣ ਲਈ ਦੂਰ ਭੇਜ ਦਿਉ।
ਤੁਸੀਂ ਮੇਰੀ ਪੀੜਾ ਵੇਖੀ ਹੈ। ਤੁਸੀਂ ਜਾਣਦੇ ਹੋ,
    ਮੈਂ ਕਿੰਨਾ ਰੋਇਆ ਹਾਂ।
ਤੁਸੀਂ ਮੇਰੇ ਹੰਝੂਆਂ ਦਾ ਹਿਸਾਬ ਰੱਖਿਆ ਹੋਵੇਗਾ।

ਇਸੇ ਲਈ ਮੇਰੇ ਵੈਰੀਆਂ ਨੂੰ ਹਰਾ ਦਿਉ ਜਦੋਂ ਮੈਂ ਸਹਾਇਤਾ ਲਈ ਤੁਹਾਨੂੰ ਆਵਾਜ਼ ਦਿਆਂ।
ਮੈਂ ਜਾਣਦਾ ਹਾਂ ਕਿ ਤੁਸੀਂ ਇਵੇਂ ਕਰ ਸੱਕਦੇ ਹੋਂ। ਤੁਸੀਂ ਪਰਮੇਸ਼ੁਰ ਹੋਂ।

10 ਮੈਂ ਪਰਮੇਸ਼ੁਰ ਦੀ ਉਸ ਦੇ ਵਾਅਦੇ ਲਈ ਉਸਤਤਿ ਕਰਾਂਗਾ,
    ਮੈਂ ਯਹੋਵਾਹ ਦੀ ਉਸ ਵੱਲੋਂ ਦਿੱਤੇ ਵਾਅਦੇ ਲਈ ਉਸਤਤਿ ਕਰਦਾ ਹਾਂ।
11 ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ,
    ਇਸੇ ਲਈ, ਮੈਂ ਉਨ੍ਹਾਂ ਗੱਲਾਂ ਤੋਂ ਨਹੀਂ ਡਰਦਾ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ।

12 ਹੇ ਪਰਮੇਸ਼ੁਰ, ਮੈਂ ਤੁਹਾਨੂੰ ਖਾਸ ਵਾਅਦੇ ਦਿੱਤੇ।
    ਅਤੇ ਮੈਂ ਉਹੀ ਕਰਾਂਗਾ ਜਿਸਦਾ ਮੈਂ ਵਾਅਦਾ ਕੀਤਾ।
13 ਕਿਉਂ ਕਿ ਤੁਸੀਂ ਮੈਨੂੰ ਮੌਤ ਕੋਲੋਂ ਬਚਾਇਆ।
    ਤੁਸੀਂ ਮੈਨੂੰ ਹਾਰਨ ਤੋਂ ਬਚਾਈ ਰੱਖਿਆ।
ਤਾਂ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ
    ਤੁਹਾਡੀ ਸੇਵਾ ਕਰ ਸੱਕਾਂ।

ਨਿਰਦੇਸ਼ਕ ਲਈ: “ਬਰਬਾਦ ਨਾ ਕਰੋ” ਧੁਨੀ ਨੂੰ। ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ ਜਦੋਂ ਉਹ ਸ਼ਾਊਲ ਦੀ ਗੁਫ਼ਾ ਵਿੱਚੋਂ ਬਚ ਨਿਕਲਿਆ।

57 ਹੇ ਪਰਮੇਸ਼ੁਰ, ਮੇਰੇ ਉੱਪਰ ਮਿਹਰ ਕਰੋ।
    ਦਯਾਵਾਨ ਹੋਵੋ, ਕਿਉਂਕਿ ਮੇਰੀ ਰੂਹ ਨੂੰ ਤੁਹਾਡੇ ਉੱਤੇ ਵਿਸ਼ਵਾਸ ਹੈ।
ਮੈਂ ਓਨਾ ਚਿਰ ਤੁਹਾਡੇ ਵਿੱਚ ਸ਼ਰਨ ਲਵਾਂਗਾ
    ਜਿੰਨਾ ਚਿਰ ਮੁਸੀਬਤਾਂ ਨਹੀਂ ਮੁੱਕ ਜਾਂਦੀਆਂ।
ਮੈਂ ਸਭ ਤੋਂ ਉੱਚੇ ਪਰਮੇਸ਼ੁਰ ਨੂੰ ਸਹਾਇਤਾ ਲਈ ਪ੍ਰਾਰਥਨਾ ਕਰਦਾ ਹਾਂ।
    ਅੱਤ ਉੱਚ ਪਰਮੇਸ਼ੁਰ, ਪੂਰੀ ਤਰ੍ਹਾਂ ਮੇਰਾ ਖਿਆਲ ਰੱਖਦਾ ਹੈ।
ਉਹ ਸਵਰਗ ਵਿੱਚੋਂ, ਮੇਰੀ ਸਹਾਇਤਾ ਕਰਦਾ ਅਤੇ ਮੈਨੂੰ ਬਚਾਉਂਦਾ ਹੈ।
    ਉਸ ਨੇ ਉਨ੍ਹਾਂ ਲੋਕਾਂ ਨੂੰ ਹਰਾਇਆ ਜੋ ਮੈਨੂੰ ਦੁੱਖ ਦਿੰਦੇ ਹਨ।
ਪਰਮੇਸ਼ੁਰ ਆਪਣਾ ਸੱਚਾ ਪਿਆਰ ਮੇਰੇ ਲਈ ਦਰਸ਼ਾਉਂਦਾ ਹੈ।

ਮੇਰੀ ਜ਼ਿੰਦਗੀ ਖਤਰੇ ਵਿੱਚ ਹੈ।
    ਮੈਂ ਮੇਰੇ ਵੈਰੀਆਂ ਦੁਆਰਾ ਘਿਰਿਆ ਹੋਇਆ ਹਾਂ।
ਉਹ ਆਦਮ ਖੋਰ ਸ਼ੇਰਾਂ ਵਰਗੇ ਹਨ,
    ਉਨ੍ਹਾਂ ਦੇ ਦੰਦ ਤੀਰਾਂ ਅਤੇ ਨੇਜਿਆਂ ਨਾਲੋਂ ਵੀ ਤਿੱਖੇ ਹਨ,
    ਉਨ੍ਹਾਂ ਦੀਆਂ ਜੀਭਾਂ ਇੱਕ ਤਲਵਾਰ ਜਿੰਨੀਆਂ ਤਿੱਖੀਆਂ ਹਨ।

ਹੇ ਪਰਮੇਸ਼ੁਰ, ਤੁਸੀਂ ਅਕਾਸ਼ ਨਾਲੋਂ ਉੱਚੇ ਹੋਂ।
    ਤੁਹਾਡੀ ਸ਼ਾਨ ਧਰਤੀ ਉੱਤੇ ਫ਼ੈਲੀ ਹੋਈ ਹੈ।
ਮੇਰੇ ਵੈਰੀਆਂ ਨੇ ਮੇਰੇ ਲਈ ਜਾਲ ਵਿਛਾਇਆ ਹੈ
    ਉਹ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਵਿੱਚ ਹਨ।
ਉਨ੍ਹਾਂ ਨੇ ਮੇਰੇ ਡਿੱਗਣ ਲਈ ਡੂੰਘਾ ਟੋਆ ਪੁੱਟਿਆ ਹੈ,
    ਪਰ ਉਹ ਖੁਦ ਹੀ ਇਸ ਵਿੱਚ ਡਿੱਗ ਪਏ ਹਨ।

ਪਰ ਪਰਮੇਸ਼ੁਰ ਮੈਨੂੰ ਬਚਾਕੇ ਰੱਖੇਗਾ।
ਉਹ ਮੈਨੂੰ ਬਹਾਦਰ ਬਣਾਵੇਗਾ।
    ਮੈਂ ਉਸਦੀ ਉਸਤਤਿ ਗਾਵਾਂਗਾ।
ਮੇਰੀ ਆਤਮਾ ਜਾਗ ਪੈ।
    ਸਾਜੋ ਅਤੇ ਸਾਰੰਗੀਉ ਆਪਣਾ ਸੰਗੀਤ ਸ਼ੁਰੂ ਕਰੋ।
    ਆਓ ਸਵੇਰ ਨੂੰ ਜਗਾਈਏ।
ਮੇਰੇ ਮਾਲਕ ਮੈਂ ਤੁਹਾਡੀ ਸਾਰਿਆਂ ਲਈ ਉਸਤਤਿ ਕਰਦਾ ਹਾਂ।
    ਮੈਂ ਹਰ ਇੱਕ ਕੌਮ ਲਈ ਤੁਹਾਡੀ ਉਸਤਤਿ ਦੇ ਗੀਤ ਗਾਉਂਦਾ ਹਾਂ।
10 ਤੁਹਾਡਾ ਸੱਚਾ ਪਿਆਰ ਆਕਾਸ਼ ਦੇ ਸਭ ਤੋਂ ਉੱਚੇ ਪਰਬਤ ਨਾਲੋਂ ਵੀ ਉਚੇਰਾ ਹੈ।
11 ਪਰਮੇਸ਼ੁਰ ਆਕਾਸ਼ਾਂ ਨਾਲੋਂ ਵੀ ਉੱਚਾ ਹੈ।
    ਉਸਦੀ ਸ਼ਾਨ ਧਰਤੀ ਨੂੰ ਕੱਜਦੀ ਹੈ।

Punjabi Bible: Easy-to-Read Version (ERV-PA)

2010 by World Bible Translation Center