Historical
ਯਿਸੂ ਨੇ ਦੱਸਿਆ ਕਿ ਕੌਣ ਮਹਾਨ ਹੈ(A)
18 ਉਸੇ ਘੜੀ ਚੇਲੇ ਯਿਸੂ ਕੋਲ ਆਏ ਅਤੇ ਆਖਣ ਲੱਗੇ, “ਸਵਰਗ ਦੇ ਰਾਜ ਵਿੱਚ ਸਭਨਾ ਨਾਲੋਂ ਵੱਡਾ ਕੌਣ ਹੈ?”
2 ਤਦ ਉਸ ਨੇ ਇੱਕ ਛੋਟੇ ਬੱਚੇ ਨੂੰ ਸੱਦਿਆ ਅਤੇ ਉਸ ਨੂੰ ਚੇਲਿਆਂ ਦੇ ਸਾਹਮਣੇ ਖੜ੍ਹਾ ਕਰਕੇ ਆਖਿਆ, 3 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਤੁਹਨੂੰ ਬਦਲਨਾ ਚਾਹੀਦਾ ਹੈ ਅਤੇ ਆਪਣੇ ਦਿਲਾਂ ਵਿੱਚ ਛੋਟੇ ਬੱਚਿਆਂ ਜਿਹੇ ਬਣ ਜਾਣਾ ਚਾਹੀਦਾ ਹੈ, ਨਹੀਂ ਤਾਂ ਤੁਸੀਂ ਕਦੇ ਵੀ ਸਵਰਗ ਦੇ ਰਾਜ ਵਿੱਚ ਦਾਖਲ ਨਹੀਂ ਹੋਵੋਂਗੇ। 4 ਇਸ ਲਈ ਜੋ ਕੋਈ ਵੀ ਆਪਣੇ-ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਸੋਈ ਸਵਰਗ ਦੇ ਰਾਜ ਵਿੱਚ ਸਭਨਾਂ ਤੋਂ ਵੱਡਾ ਹੈ।
5 “ਅਤੇ ਜੋ ਕੋਈ ਵੀ ਇਸ ਤਰ੍ਹਾਂ ਇੱਕ ਛੋਟੇ ਬੱਚੇ ਨੂੰ ਮੇਰੇ ਨਾਂ ਵਿੱਚ ਕਬੂਲਦਾ, ਉਹ ਮੈਨੂੰ ਕਬੂਲਦਾ ਹੈ।
ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ(B)
6 “ਅਤੇ ਜਿਹੜਾ ਕੋਈ ਵੀ ਇਨ੍ਹਾਂ ਛੋਟਿਆਂ ਬੱਚਿਆਂ ਕੋਲੋਂ, ਜਿਹੜੇ ਮੇਰੇ ਵਿੱਚ ਨਿਹਚਾ ਰੱਖਦੇ ਹਨ, ਪਾਪ ਕਰਾਉਣ ਦਾ ਕਾਰਣ ਬਣਦਾ ਹੈ, ਉਸ ਮਨੁੱਖ ਲਈ ਇਹ ਚੰਗਾ ਹੋਵੇਗਾ ਕਿ ਉਸ ਦੇ ਗਲੇ ਵਿੱਚ ਚੱਕੀ ਦਾ ਪੁੜ ਬੰਨ੍ਹ ਕੇ ਉਸ ਨੂੰ ਡੂੰਘੇ ਸਮੁੰਦਰ ਵਿੱਚ ਡੋਬ ਦਿੱਤਾ ਜਾਵੇ। 7 ਉਨ੍ਹਾਂ ਲੋਕਾਂ ਉੱਤੇ ਹਾਏ ਜੋ ਲੋਕਾਂ ਤੋਂ ਪਾਪ ਕਰਾਉਣ ਦਾ ਕਾਰਣ ਬਣਦੇ ਹਨ। ਇਹ ਗੱਲਾਂ ਜ਼ਰੂਰ ਵਾਪਰਨੀਆਂ ਚਾਹੀਦੀਆਂ ਹਨ। ਪਰ ਉਸ ਵਿਅਕਤੀ ਤੇ ਹਾਏ ਜੋ ਇਨ੍ਹਾਂ ਗੱਲਾਂ ਦੇ ਵਾਪਰਨ ਦਾ ਕਾਰਣ ਬਣਦਾ ਹੈ।
8 “ਜੇਕਰ ਤੁਹਾਡਾ ਹੱਥ ਜਾਂ ਪੈਰ ਤੁਹਾਥੋਂ ਪਾਪ ਕਰਾਵੇ, ਤਾਂ ਇਸ ਨੂੰ ਵੱਢੱਕੇ ਸੁੱਟ ਦਿਓ। ਤੁਹਾਡੇ ਵਾਸਤੇ ਇੱਕ ਹੱਥ ਜਾਂ ਪੈਰ ਨਾਲ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਵੱਧ ਲਾਹੇਵੰਦ ਹੈ ਕਿ ਤੁਸੀਂ ਦੋਹਾਂ ਹੱਥਾਂ-ਪੈਰਾਂ ਸਮੇਤ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟੇ ਜਾਵੋਂ। 9 ਜੇਕਰ ਤੁਹਾਡੀ ਅੱਖ ਪਾਪ ਕਰਾਵੇ, ਤਾਂ ਇਸ ਨੂੰ ਕੱਢ ਕੇ ਸੁੱਟ ਦਿਓ। ਤੁਹਾਡੇ ਲਈ ਕਾਣਾ ਹੋਕੇ ਜੀਵਨ ਵਿੱਚ ਦਾਖਲ ਹੋਣਾ ਇਸਤੋਂ ਕਿਤੇ ਚੰਗਾ ਹੈ ਕਿ ਤੁਸੀਂ ਦੋ ਅੱਖਾ ਹੁੰਦਿਆਂ ਵੀ ਹਮੇਸ਼ਾ ਲਈ ਨਰਕਾਂ ਦੀ ਅੱਗ ਵਿੱਚ ਸੁੱਟ ਦਿੱਤੇ ਜਾਵੋਂ।
ਯਿਸੂ ਦਾ ਗੁਆਚੀ ਭੇਡ ਬਾਰੇ ਦ੍ਰਿਸ਼ਟਾਂਤ(C)
10 “ਸਾਵੱਧਾਨ ਰਹੋ! ਇਨ੍ਹਾਂ ਛੋਟੇ ਬੱਚਿਆਂ ਨੂੰ ਨਫ਼ਰਤ ਨਾਲ ਨਾ ਵੇਖੋ! ਕਿਉਂਕਿ ਮੈਂ ਤੁਹਾਨੂੰ ਆਖਦਾ ਹਾਂ ਕਿ ਇਨ੍ਹਾਂ ਬੱਚਿਆਂ ਦੇ ਦੂਤ ਸਵਰਗਾਂ ਵਿੱਚ ਹਨ ਅਤੇ ਉਹ ਦੂਤ ਹਮੇਸ਼ਾ ਉੱਤੇ ਮੇਰੇ ਸੁਰਗੀ ਪਿਤਾ ਨਾਲ ਹੁੰਦੇ ਹਨ। 11 [a]
12 “ਤੁਸੀਂ ਕੀ ਸਮਝਦੇ ਹੋ? ਜੇਕਰ ਕਿਸੇ ਮਨੁੱਖ ਕੋਲ ਸੌ ਭੇਡਾਂ ਹੋਣ, ਅਤੇ ਉਨ੍ਹਾਂ ਵਿੱਚੋਂ ਇੱਕ ਭੇਡ ਗੁਆਚ ਜਾਵੇ, ਤਾਂ ਕੀ ਉਹ 99 ਭੇਡਾਂ ਨੂੰ ਪਹਾੜ ਤੇ ਛੱਡ ਕੇ ਉਸ ਗੁਆਚੀ ਹੋਈ ਭੇਡ ਨੂੰ ਲੱਭਣ ਨਹੀਂ ਜਾਵੇਗਾ? 13 ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਜੇਕਰ ਮਨੁੱਖ ਗੁਆਚੀ ਹੋਈ ਭੇਡ ਨੂੰ ਲੱਭ ਲਵੇ, ਤਾਂ ਉਹ ਆਦਮੀ 99 ਭੇਡਾਂ ਨਾਲੋਂ, ਜਿਹੜੀਆਂ ਗੁਆਚੀਆਂ ਨਹੀਂ ਸਨ, ਉਸ ਇੱਕ ਭੇਡ ਬਾਰੇ ਵੱਧ ਖੁਸ਼ ਹੋਵੇਗਾ। 14 ਉਸੇ ਤਰ੍ਹਾਂ ਤੁਹਾਡੇ ਪਿਤਾ ਦੀ ਜਿਹੜਾ ਸਵਰਗ ਵਿੱਚ ਹੈ ਇਹ ਮਰਜ਼ੀ ਨਹੀਂ ਕਿ ਇਨ੍ਹਾਂ ਬੱਚਿਆਂ ਵਿੱਚੋਂ ਕੋਈ ਇੱਕ ਵੀ ਗੁਆਚ ਜਾਵੇ।
ਜਦੋਂ ਕੋਈ ਮਨੁੱਖ ਗਲਤ ਕੰਮ ਕਰਦਾ(D)
15 “ਜੇਕਰ ਤੁਹਾਡਾ ਕੋਈ ਭਰਾ ਤੁਹਾਡੇ ਨਾਲ ਗਲਤ ਵਿਹਾਰ ਕਰੇ, ਤਾਂ ਤੁਸੀਂ ਉਸ ਨੂੰ ਇੱਕਲਾ ਜਾਕੇ ਸਮਝਾਓ ਕਿ ਉਸ ਨੇ ਇਹ ਕੰਮ ਗਲਤ ਕੀਤਾ ਹੈ। ਜੇਕਰ ਉਹ ਤੁਹਾਨੂੰ ਸੁਣਦਾ ਹੈ ਤਾਂ ਤੁਸੀਂ ਉਸ ਨੂੰ ਫ਼ਿਰ ਤੋਂ ਆਪਣਾ ਚੰਗਾ ਭਰਾ ਬਨਾਉਣ ਵਿੱਚ ਸਫ਼ਲ ਹੋ ਗਏ ਹੋਂ। 16 ਪਰ ਜੇਕਰ ਉਹ ਤੁਹਾਨੂੰ ਸੁਨਣ ਤੋਂ ਇਨਕਾਰ ਕਰਦਾ ਹੈ ਤਾਂ, ਆਪਣੇ ਨਾਲ ਇੱਕ ਜਾਂ ਦੋ ਵਿਅਕਤੀਆਂ ਨੂੰ ਲੈ ਕੇ ਜਾਓ ਤਾਂ ਕਿ ਜੋ ਕੁਝ ਵੀ ਵਾਪਰੇ, ਉਸ ਬਾਰੇ ਉਹ ਦੋ ਜਾਂ ਤਿੰਨ ਵਿਅਕਤੀ ਗਵਾਹੀ ਦੇ ਸੱਕਣ। 17 ਜੇਕਰ ਉਹ ਉਨ੍ਹਾਂ ਦੀ ਵੀ ਨਾ ਸੁਣੇ ਤਾਂ ਫ਼ਿਰ ਕਲੀਸਿਯਾ ਨੂੰ ਖਬਰ ਦਿਓ। ਜੇਕਰ ਉਹ ਕਲੀਸਿਯਾ ਨੂੰ ਵੀ ਸੁਨਣ ਤੋਂ ਇਨਕਾਰ ਕਰਦਾ ਹੈ, ਤਾਂ ਉਸ ਨੂੰ ਗੈਰ-ਯਹੂਦੀ ਅਤੇ ਇੱਕ ਮਸੂਲੀਆ ਮੰਨ ਲਵੋ।
18 “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੋ ਵੀ ਨਿਆਂ ਤੁਸੀ ਇੱਥੇ ਧਰਤੀ ਤੇ ਕਰੋਂਗੇ ਉਹ ਪਰਮੇਸ਼ੁਰ ਦੁਆਰਾ ਕੀਤਾ ਨਿਆਂ ਹੋਵੇਗਾ। ਜੋ ਕੁਝ ਵੀ ਤੁਸੀਂ ਧਰਤੀ ਤੇ ਮਾਫ਼ ਕਰੋਂਗੇ ਉਹ ਮਾਫ਼ੀ ਪਰਮੇਸ਼ੁਰ ਦੀ ਦਿੱਤੀ ਹੋਈ ਮਾਫ਼ੀ ਹੋਵੇਗੀ। 19 ਮੈਂ ਤੁਹਾਨੂੰ ਇਹ ਵੀ ਕਹਿੰਦਾ ਹਾਂ ਕਿ ਜੇਕਰ ਤੁਸੀਂ ਦੋ ਜਣੇ ਵੀ ਧਰਤੀ ਉੱਤੇ ਕਿਸੇ ਗੱਲ ਲਈ ਮੰਨੋਗੇ ਤਾਂ ਤੁਸੀਂ ਉਸ ਲਈ ਬੇਨਤੀ ਕਰ ਸੱਕਦੇ ਹੋ, ਅਤੇ ਜੋ ਵੀ ਤੁਸੀਂ ਮੰਗੋਂਗੇ ਉਹ ਤੁਹਾਡੇ ਲਈ ਮੇਰੇ ਸੁਰਗੀ ਪਿਤਾ ਦੁਆਰਾ ਪੂਰਾ ਕੀਤਾ ਜਾਵੇਗਾ। 20 ਇਹ ਸੱਚ ਹੈ ਕਿਉਂਕਿ ਦੋ ਜਾਂ ਤਿੰਨ ਮਨੁੱਖ ਮੇਰੇ ਨਾਂ ਤੇ ਇਕੱਠੇ ਹੋਣ, ਤਾਂ ਮੈਂ ਉੱਥੇ ਉਨ੍ਹਾਂ ਦੇ ਨਾਲ ਹਾਂ।”
ਖਿਮਾ ਬਾਰੇ ਉਪਦੇਸ਼
21 ਤਦ ਪਤਰਸ ਯਿਸੂ ਕੋਲ ਆਇਆ ਅਤੇ ਉਸ ਨੂੰ ਆਖਿਆ, “ਜੇਕਰ ਮੇਰਾ ਭਰਾ ਮੇਰਾ ਬੁਰਾ ਕਰਨਾ ਜਾਰੀ ਰੱਖੇ, ਤਾਂ ਕਿੰਨੀ ਵਾਰੀ ਮੈਂ ਉਸ ਨੂੰ ਮਾਫ਼ ਕਰਾਂ? ਕੀ ਮੈਂ ਉਸ ਨੂੰ ਸੱਤ ਵਾਰ ਬੁਰਾ ਕਰਨ ਤੱਕ ਮਾਫ਼ ਕਰਾਂ?”
22 ਯਿਸੂ ਨੇ ਉਸ ਨੂੰ ਕਿਹਾ, “ਤੂੰ ਸੱਤ ਵਾਰ ਤੋਂ ਵੱਧ ਮਾਫ਼ ਕਰ। ਤੂੰ ਉਸ ਨੂੰ ਲਗਾਤਾਰ ਮਾਫ਼ ਕਰਦਾ ਜਾ, ਭਾਵੇਂ ਉਹ ਤੇਰੇ ਨਾਲ ਸਤੱਤਰ ਵਾਰ ਗਲਤੀ ਕਰੇ।
23 “ਸੋ ਸੁਰਗ ਦਾ ਰਾਜ ਉਸ ਰਾਜੇ ਵਰਗਾ ਹੈ ਜਿਸਨੇ ਆਪਣੇ ਉਨ੍ਹਾਂ ਨੋਕਰਾਂ ਤੋਂ ਪੈਸਾ ਵਸੂਲਣ ਦਾ ਮਨ ਬਣਾਇਆ ਜੋ ਉਸ ਦੇ ਨੌਕਰ ਉਸ ਨੂੰ ਦੇਣਦਾਰ ਸਨ। 24 ਜਦੋਂ ਰਾਜੇ ਨੇ ਪੈਸਾ ਇਕੱਠਾ ਕਰਨਾ ਸ਼ੁਰੂ ਕੀਤਾ, ਤਾਂ ਉਸ ਦੇ ਇੱਕ ਨੋਕਰ ਨੂੰ, ਜੋ ਉਸ ਨੂੰ ਚਾਂਦੀ ਦੇ ਕਈ ਹਜ਼ਾਰ ਸਿੱਕਿਆਂ ਦਾ ਦੇਣਦਾਰ ਸੀ, ਉਸ ਕੋਲ ਲਿਆਂਦਾ ਗਿਆ। 25 ਪਰ ਨੋਕਰ, ਕੋਲ ਦੇਣ ਨੂੰ ਕੁਝ ਨਹੀਂ ਸੀ, ਤਦ ਉਸ ਦੇ ਮਾਲਕ ਨੇ ਹੁਕਮ ਦਿੱਤਾ ਉਹ ਉਸਦੀ ਤੀਵੀਂ, ਬਾਲ-ਬੱਚੇ ਅਤੇ ਜੋ ਕੁਝ ਵੀ ਉਸਦਾ ਹੈ ਸਭ ਵੇਚਿਆ ਜਾਵੇ ਅਤੇ ਕਰਜ ਭਰ ਲਿਆ ਜਾਵੇ।
26 “ਉਸ ਸਮੇਂ ਨੋਕਰ ਨੇ ਉਸ ਅੱਗੇ ਝੁਕ ਕੇ ਬੇਨਤੀ ਕੀਤੀ, ‘ਮੇਰੇ ਤੇ ਰਹਿਮ ਕਰੋ ਅਤੇ ਮੈਂ ਜੋ ਕੁਝ ਤੁਹਾਥੋਂ ਲਿਆ ਹੈ, ਜਲਦੀ ਮੋੜ ਦੇਵਾਂਗਾ।’ 27 ਤਾਂ ਮਾਲਕ ਨੂੰ ਉਸ ਉੱਤੇ ਤਰਸ ਆਇਆ। ਮਾਲਕ ਨੇ ਤਰਸ ਖਾਕੇ ਉਸਦਾ ਕਰਜ ਮਾਫ਼ ਕਰ ਦਿੱਤਾ ਅਤੇ ਉਸ ਨੂੰ ਵੀ ਛੱਡ ਦਿੱਤਾ।
28 “ਜਦੋਂ ਉਹੀ ਨੋਕਰ ਬਾਹਰ ਆਇਆ, ਤਾਂ ਉਸ ਨੂੰ ਦੂਜਾ ਨੋਕਰ ਮਿਲਿਆ ਜੋ ਉਸ ਨੂੰ ਚਾਂਦੀ ਦੇ ਇੱਕ ਸੌ ਸਿੱਕਿਆਂ ਦਾ ਦੇਣਦਾਰ ਸੀ। ਤਾਂ ਉਸ ਨੋਕਰ ਨੇ ਦੂਜੇ ਨੂੰ ਗਲੋਂ ਫ਼ੜ ਲਿਆ ਅਤੇ ਆਖਿਆ ਜਿਸਦਾ ਤੂੰ ਮੈਨੂੰ ਦੇਣਦਾਰ ਹੈ, ਸੋ ਦੇ।
29 “ਤਾਂ ਉਸ ਦੇ ਨਾਲ ਦਾ ਨੋਕਰ ਉਸ ਦੇ ਗੋਡੀ ਪੈ ਗਿਆ ਅਤੇ ਉਸ ਨੂੰ ਬੇਨਤੀ ਕੀਤੀ, ‘ਤੂੰ ਮੇਰੇ ਨਾਲ ਸਬਰ ਤੋਂ ਕੰਮ ਲੈ, ਮੈਂ ਤੇਰਾ ਸਾਰਾ ਕਰਜਾ ਦੇ ਦਿਆਂਗਾ।’
30 “ਪਰ ਉਸ ਨੇ ਇਨਕਾਰ ਕਰ ਦਿੱਤਾ ਅਤੇ ਕਚਿਹਰੀ ਰਾਹੀਂ ਉਸ ਨੋਕਰ ਨੂੰ ਕੈਦ ਵਿੱਚ ਸੁੱਟ ਦਿਤਾ ਗਿਆ। ਉਸ ਨੂੰ ਓਨਾ ਚਿਰ ਕੈਦ ਵਿੱਚ ਰੱਖਿਆ ਗਿਆ ਜਦੋਂ ਤੱਕ ਕਿ ਉਸ ਨੇ ਸਾਰਾ ਕਰਜਾ ਵਾਪਸ ਨਹੀਂ ਦੇ ਦਿੱਤਾ। 31 ਪਰ ਜਦੋਂ ਉਸ ਦੇ ਨਾਲ ਦੇ ਨੋਕਰਾਂ ਨੇ ਇਹ ਗੱਲ ਵਾਪਰਦੀ ਵੇਖੀ ਤਾਂ ਉਹ ਬੜੇ ਉਦਾਸ ਹੋਏ ਅਤੇ ਉਨ੍ਹਾਂ ਨੇ ਜਾਕੇ ਮਾਲਕ ਨੂੰ ਸਾਰਾ ਹਾਲ ਦੱਸ ਦਿੱਤਾ।
32 “ਤਦ ਮਾਲਕ ਨੇ ਉਸ ਨੌਕਰ ਨੂੰ ਸੱਦਿਆ ਅਤੇ ਆਖਿਆ, ‘ਓਏ ਦੁਸ਼ਟ ਨੋਕਰ, ਤੂੰ ਮੇਰੇ ਕਿੰਨੇ ਧਨ ਦਾ ਦੇਣਦਾਰ ਸੀ, ਪਰ ਤੂੰ ਮੈਨੂੰ ਕਰਜਾ ਛੱਡਣ ਲਈ ਬੇਨਤੀ ਕੀਤੀ। ਇਸ ਲਈ ਮੈਂ ਤੇਰਾ ਸਾਰਾ ਕਰਜਾ ਛੱਡ ਦਿੱਤਾ। 33 ਫ਼ੇਰ ਜਿਵੇਂ ਮੈਂ ਤੇਰੇ ਤੇ ਦਯਾ ਕੀਤੀ ਸੀ ਕੀ ਤੈਨੂੰ ਵੀ ਆਪਣੇ ਨਾਲ ਦੇ ਨੋਕਰ ਉੱਤੇ ਉਵੇਂ ਹੀ ਦਯਾ ਨਹੀਂ ਕਰਨੀ ਚਾਹੀਦੀ ਸੀ।’ 34 ਮਾਲਕ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੇ ਨੋਕਰ ਨੂੰ ਸਜ਼ਾ ਦੇਣ ਲਈ ਕੈਦ ਵਿੱਚ ਸੁੱਟ ਦਿੱਤਾ, ਅਤੇ ਓਨੀ ਦੇਰ ਕੈਦ ਵਿੱਚ ਰੱਖਣ ਦਾ ਹੁਕਮ ਦਿੱਤਾ ਜਿੰਨੀ ਦੇਰ ਉਹ ਆਪਣਾ ਕਰਜਾ ਚੁਕਤਾ ਨਾ ਕਰ ਦੇਵੇ।
35 “ਇਸੇ ਤਰ੍ਹਾਂ ਮੇਰਾ ਸੁਰਗੀ ਪਿਤਾ ਤੁਹਾਡੇ ਨਾਲ ਕਰੇਗਾ ਜਿਵੇਂ ਰਾਜੇ ਨੇ ਨੋਕਰ ਨਾਲ ਕੀਤਾ ਜੇਕਰ ਤੁਸੀਂ ਆਪਣੇ ਭਾਈਆਂ ਅਤੇ ਭੈਣਾਂ ਨੂੰ ਆਪਣੇ ਦਿਲੋਂ ਮਾਫ਼ ਨਹੀਂ ਕਰੋਂਗੇ ਤਾਂ ਮੇਰਾ ਸੁਰਗੀ ਪਿਤਾ ਤੁਹਾਨੂੰ ਮਾਫ਼ ਨਹੀਂ ਕਰੇਗਾ।”
ਯਿਸੂ ਦੀ ਤਲਾਕ ਬਾਰੇ ਸਿੱਖਿਆ(E)
19 ਜਦੋਂ ਯਿਸੂ ਇਹ ਸਭ ਗੱਲਾਂ ਆਖ ਹਟਿਆ ਤਾਂ ਗਲੀਲ ਤੋਂ ਚੱਲਿਆ ਗਿਆ। ਅਤੇ ਯਰਦਨ ਨਦੀਂ ਤੋਂ ਪਾਰ ਯਹੂਦਿਯਾ ਦੀਆਂ ਹਦਾਂ ਵਿੱਚ ਆ ਗਿਆ। 2 ਬਹੁਤ ਸਾਰੇ ਲੋਕਾਂ ਨੇ ਉਸਦਾ ਪਿੱਛਾ ਕੀਤਾ ਅਤੇ ਉੱਥੇ ਉਸ ਨੇ ਬਹੁਤ ਸਾਰੇ ਬਿਮਾਰ ਲੋਕਾਂ ਨੂੰ ਚੰਗਾ ਕੀਤਾ।
3 ਕੁਝ ਫ਼ਰੀਸੀ ਉਸ ਨੂੰ ਪਰਤਾਉਣ ਲਈ ਉਸ ਦੇ ਕੋਲ ਆਕੇ ਬੋਲੇ, “ਕੀ ਇਹ ਇੱਕ ਆਦਮੀ ਲਈ ਸ਼ਰ੍ਹਾ ਅਨੁਸਾਰ ਹੈ ਕਿ ਉਹ ਆਪਣੀ ਪਤਨੀ ਨੂੰ ਉਸ ਕਿਸੇ ਵੀ ਕਾਰਣ ਲਈ ਤਲਾਕ ਦੇ ਸੱਕਦਾ ਹੈ ਜੋ ਉਹ ਚਾਹੁੰਦਾ ਹੈ।”
4 ਯਿਸੂ ਨੇ ਜਵਾਬ ਦਿੱਤਾ, “ਕੀ ਤੁਸੀਂ ਪੋਥੀਆਂ ਵਿੱਚ ਨਹੀਂ ਪੜ੍ਹਿਆ ਕਿ ਆਦਿ ਵਿੱਚ, ‘ਸਿਰਜਣਹਾਰ ਨੇ ਉਨ੍ਹਾਂ ਨੂੰ ਪੁਰੁਸ਼ ਅਤੇ ਇਸਤ੍ਰੀ ਬਣਾਇਆ? [b] 5 ਅਤੇ ਪਰਮੇਸ਼ੁਰ ਨੇ ਕਿਹਾ, ‘ਇਸ ਲਈ ਮਰਦ ਆਪਣੀ ਮਾਂ ਅਤੇ ਬਾਪ ਨੂੰ ਛੱਡ ਕੇ ਆਪਣੀ ਵਹੁਟੀ ਨਾਲ ਮਿਲਿਆ ਰਹੇਗਾ ਅਤੇ ਉਹ ਦੋਵੇਂ ਇੱਕ ਸ਼ਰੀਰ ਹੋਣਗੇ।’ [c] 6 ਇਸ ਲਈ ਉਹ ਹੁਣ ਦੋ ਨਹੀਂ ਹਨ, ਸਗੋਂ ਇੱਕ ਹਨ! ਸੋ ਜੋ ਕੁਝ ਪਰਮੇਸ਼ੁਰ ਨੇ ਜੋੜ ਦਿੱਤਾ ਹੈ ਉਸ ਨੂੰ ਮਨੁੱਖ ਅੱਡ ਨਾ ਕਰੇ।”
7 ਉਨ੍ਹਾਂ ਨੇ ਉਸ ਨੂੰ ਆਖਿਆ, “ਫ਼ੇਰ ਮੂਸਾ ਨੇ ਆਦਮੀ ਨੂੰ ਤਿਆਗ ਪੱਤਰ ਰਾਹੀਂ ਤਲਾਕ ਦੇਣ ਦੀ ਆਗਿਆ ਕਿਉਂ ਦਿੱਤੀ ਹੈ।” [d]
8 ਯਿਸੂ ਨੇ ਉੱਤਰ ਦਿੱਤਾ, “ਉਸਨੇ ਤੁਹਾਨੂੰ ਤੁਹਾਡੀ ਸਖਤ ਦਿਲੀ ਦੇ ਕਾਰਣ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ਦੀ ਆਗਿਆ ਦਿੱਤੀ। ਪਰ ਮੁਢੋਂ ਇਹ ਇਸ ਤਰ੍ਹਾਂ ਦੀ ਰੀਤ ਨਹੀਂ ਸੀ। 9 ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਜੇਕਰ ਕੋਈ ਆਪਣੀ ਪਤਨੀ ਨੂੰ ਤਲਾਕ ਦਿੰਦਾ ਹੈ ਅਤੇ ਦੂਜੀ ਔਰਤ ਨਾਲ ਵਿਆਹ ਕਰਾ ਲੈਂਦਾ ਹੈ ਤਾਂ, ਉਹ ਵਿਭਚਾਰ ਦਾ ਦੋਸ਼ੀ ਹੈ ਕਿਸੇ ਬੰਦੇ ਦਾ ਆਪਣੀ ਪਤਨੀ ਨੂੰ ਤਲਾਕ ਦੇਣ ਲਈ ਸਿਰਫ਼ ਇੱਕ ਹੀ ਕਾਰਣ ਹੋ ਸੱਕਦਾ ਹੈ ਉਹ ਇਹ ਕਿ ਉਸਦੀ ਪਤਨੀ ਦੇ ਕਿਸੇ ਦੂਜੇ ਆਦਮੀ ਨਾਲ ਜਿਨਸੀ ਸੰਬੰਧ ਹੋਣ।”
10 ਚੇਲਿਆਂ ਨੇ ਉਸ ਨੂੰ ਕਿਹਾ, “ਜੇਕਰ ਆਦਮੀ ਅਤੇ ਔਰਤ ਦੇ ਵਿੱਚਕਾਰ ਇਹ ਹਾਲਾਤ ਹਨ, ਤਾਂ ਵਿਆਹ ਨਾ ਕਰਾਉਣਾ ਚੰਗਾ ਹੈ।”
11 ਪਰ ਉਸ ਨੇ ਉਨ੍ਹਾਂ ਨੂੰ ਆਖਿਆ, “ਸਭ ਲੋਕ ਇਸ ਨੂੰ ਕਬੂਲ ਨਹੀਂ ਕਰ ਸੱਕਦੇ। ਪਰ ਸਿਰਫ਼ ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਆਗਿਆ ਦਿੱਤੀ ਹੈ। 12 ਇਸਦੇ ਭਿੰਨ ਕਾਰਣ ਹਨ, ਕਿ ਕੁਝ ਆਦਮੀ ਵਿਆਹ ਕਿਉਂ ਨਹੀਂ ਕਰਾਉਂਦੇ। ਕੁਝ ਮਰਦ ਬੱਚੇ ਪੈਦਾ ਕਰਨ ਦੀ ਯੋਗਤਾ ਤੋਂ ਬਿਨਾ ਪੈਦਾ ਹੁੰਦੇ ਹਨ, ਅਤੇ ਕੁਝ ਅਜਿਹੇ ਨਿਪੁੰਸੱਕ ਬਾਦ ਵਿੱਚ ਜਿੰਦਗੀ ਵਿੱਚ ਲੋਕਾਂ ਵੱਲੋਂ ਕਰ ਦਿੱਤੇ ਜਾਂਦੇ ਹਨ। ਅਤੇ ਕੁਝ ਆਦਮੀ ਵਿਆਹ ਦਾ ਖਿਆਲ ਸਵਰਗ ਦੇ ਰਾਜ ਲਈ ਤਿਆਗ ਦਿੰਦੇ ਹਨ। ਪਰ ਜਿਹੜਾ ਮਨੁੱਖ ਵਿਆਹ ਕਰਾ ਸੱਕਦਾ ਹੈ ਤਾਂ ਉਸ ਨੂੰ ਵਿਆਹ ਬਾਰੇ ਇਹ ਸਿੱਖਿਆ ਸਵੀਕਾਰ ਕਰਨੀ ਚਾਹੀਦੀ ਹੈ।”
ਯਿਸੂ ਵੱਲੋਂ ਬੱਚਿਆਂ ਦਾ ਸੁਆਗਤ(F)
13 ਤਦ ਲੋਕ ਛੋਟੇ ਬੱਚਿਆਂ ਨੂੰ ਉਸ ਕੋਲ ਲਿਆਏ ਜੋ ਉਹ ਉਨ੍ਹਾਂ ਉੱਤੇ ਆਪਣਾ ਹੱਥ ਰੱਖਕੇ ਪ੍ਰਾਰਥਨਾ ਕਰੇ। ਜਦੋਂ ਚੇਲਿਆਂ ਨੇ ਇਉਂ ਦੇਖਿਆ, ਉਨ੍ਹਾਂ ਨੇ ਉਨ੍ਹਾਂ ਨੂੰ ਝਿੜਕਿਆ ਜਿਹੜੇ ਆਪਣੇ ਬੱਚਿਆਂ ਨੂੰ ਲਿਆਏ ਸਨ। 14 ਯਿਸੂ ਨੇ ਕਿਹਾ, “ਬਚਿਆਂ ਨੂੰ ਅੜਚਨ ਨਾ ਪਾਓ ਅਤੇ ਉਨ੍ਹਾਂ ਨੂੰ ਮੇਰੇ ਕੋਲ ਆਉਣ ਦਿਉ। ਉਨ੍ਹਾਂ ਲਈ ਰੁਕਾਵਟ ਨਾ ਬਣੋ ਕਿਉਂਕਿ ਸਵਰਗ ਦਾ ਰਾਜ ਇਹੋ ਜਿਹਿਆਂ ਦਾ ਹੀ ਹੈ।” 15 ਅਤੇ ਯਿਸੂ ਨੇ ਉਨ੍ਹਾਂ ਦੇ ਸਿਰਾਂ ਤੇ ਆਪਣਾ ਹੱਥ ਰੱਖਣ ਤੋਂ ਬਾਦ ਉਹ ਥਾਂ ਛੱਡ ਦਿੱਤੀ।
ਅਮੀਰ ਆਦਮੀ ਦਾ ਯਿਸੂ ਦਾ ਅਨੁਸਰਣ ਕਰਨ ਤੋਂ ਇਨਕਾਰ(G)
16 ਇੱਕ ਮਨੁੱਖ ਨੇ ਉਸ ਕੋਲ ਆਕੇ ਉਸ ਨੂੰ ਕਿਹਾ, “ਗੁਰੂ ਜੀ ਮੈਂ ਕਿਹੜਾ ਭਲਾ ਕੰਮ ਕਰਾਂ ਜਿਸ ਨਾਲ ਮੈਨੂੰ ਸਦੀਪਕ ਜੀਵਨ ਮਿਲੇ?”
17 ਯਿਸੂ ਨੇ ਉੱਤਰ ਦਿੱਤਾ, “ਤੁਸੀਂ ਨੇਕੀ ਬਾਰੇ ਮੈਥੋਂ ਕਿਉਂ ਪੁੱਛਦੇ ਹੋ? ਸਿਰਫ਼ ਪਰਮੇਸ਼ੁਰ ਚੰਗਾ ਹੈ। ਪਰ ਜੇ ਤੁਸੀਂ ਸਦੀਪਕ ਜੀਵਨ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ, ਹੁਕਮਾਂ ਦੀ ਪਾਲਣਾ ਕਰੋ।”
18 ਉਸ ਨੇ ਪੁੱਛਿਆ, “ਕਿਹੜੇ ਹੁਕਮ?”
ਯਿਸੂ ਨੇ ਕਿਹਾ, “‘ਇਹ, ਕਿ ਖੂਨ ਨਾ ਕਰੋ, ਵਿਭਚਾਰ ਨਾ ਕਰੋ, ਚੋਰੀ ਨਾ ਕਰੋ ਅਤੇ ਝੂਠੀ ਗਵਾਹੀ ਨਾ ਦਿਓ। 19 ਆਪਣੇ ਮਾਂ-ਬਾਪ ਦਾ ਆਦਰ ਕਰੋ’ [e] ਅਤੇ ‘ਆਪਣੇ-ਆਪ ਵਾਂਗ ਆਪਣੇ ਗੁਆਂਢੀ ਨੂੰ ਵੀ ਪਿਆਰ ਕਰੋ।’” [f]
20 ਉਸ ਜਵਾਨ ਨੇ ਕਿਹਾ, “ਇਨ੍ਹਾਂ ਸਭਨਾਂ ਨੂੰ ਤਾਂ ਮੈਂ ਮੰਨਿਆ ਹੈ, ਹੋਰ ਹੁਣ ਮੇਰੇ ਵਿੱਚ ਕੀ ਕਮੀ ਹੈ?”
21 ਯਿਸੂ ਨੇ ਉੱਤਰ ਦਿੱਤਾ, “ਜੇ ਤੂੰ ਪੂਰਨ ਹੋਣਾ ਚਾਹੁੰਦਾ ਹੈ, ਤਾਂ ਜਾ ਜਾਕੇ ਆਪਣੀਆਂ ਸਾਰੀਆਂ ਚੀਜ਼ਾਂ ਵੇਚ ਦੇ ਅਤੇ ਧਨ ਗਰੀਬ ਲੋਕਾਂ ਵਿੱਚ ਵੰਡ ਦੇ। ਇਸ ਤਰ੍ਹਾਂ ਤੈਨੂੰ ਸਵਰਗ ਵਿੱਚ ਖਜ਼ਾਨਾ ਮਿਲੇਗਾ। ਫ਼ੇਰ ਤੂੰ ਆਕੇ ਮੇਰੇ ਪਿੱਛੇ ਹੋ ਤੁਰ।”
22 ਪਰ ਜਦੋਂ ਉਸ ਜਵਾਨ ਨੇ ਇਹ ਸੁਣਿਆ ਤਾਂ, ਉਹ ਉਦਾਸੀ ਵਿੱਚ ਚੱਲਿਆ ਗਿਆ, ਕਿਉਂਕਿ ਉਹ ਬਹੁਤ ਅਮੀਰ ਸੀ।
23 ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਅਮੀਰ ਦਾ ਸਵਰਗ ਦੇ ਰਾਜ ਵਿੱਚ ਵੜਨਾ ਬੜਾ ਔਖਾ ਹੈ। 24 ਮੈਂ ਤੁਹਾਨੂੰ ਦੱਸਦਾ ਹਾਂ ਕਿ ਅਮੀਰ ਵਿਅਕਤੀ ਦੇ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਰਾਹੀ ਲੰਘਣਾ ਸੁਖਾਲਾ ਹੈ।”
25 ਚੇਲੇ ਇਹ ਸੁਣਕੇ ਹੈਰਾਨ ਹੋ ਗਏ ਅਤੇ ਬੋਲੇ ਕਿ, “ਤਾਂ ਕਿਸਦੀ ਮੁਕਤੀ ਹੋ ਸੱਕਦੀ ਹੈ?”
26 ਤਦ ਯਿਸੂ ਨੇ ਉਨ੍ਹਾਂ ਵੱਲ ਵੇਖਕੇ ਉਨ੍ਹਾਂ ਨੂੰ ਕਿਹਾ, “ਲੋਕਾਂ ਲਈ ਇਹ ਅਸੰਭਵ ਹੈ। ਪਰ ਪਰਮੇਸ਼ੁਰ ਲਈ ਸਭ ਕੁਝ ਸੰਭਵ ਹੈ।”
27 ਪਤਰਸ ਨੇ ਯਿਸੂ ਨੂੰ ਆਖਿਆ, “ਤੁਹਾਡੇ ਪਿੱਛੇ ਲੱਗਣ ਵਾਸਤੇ ਅਸੀਂ ਸਭ ਕੁਝ ਛੱਡ ਦਿੱਤਾ ਹੈ। ਫ਼ਿਰ ਸਾਨੂੰ ਕੀ ਪ੍ਰਾਪਤ ਹੋਵੇਗਾ?”
28 ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਜਦੋਂ ਨਵੀ ਦੁਨੀਆ ਸਾਜੀ ਜਾਵੇਗੀ ਅਤੇ ਮਨੁੱਖ ਦਾ ਪੁੱਤਰ ਆਪਣੇ ਮਹਿਮਾਮਈ ਸਿੰਘਾਸਨ ਤੇ ਬੈਠੇਗਾ, ਤਾਂ ਤੁਸੀਂ ਵੀ ਬਾਰ੍ਹਾਂ ਸਿੰਘਾਸਨਾਂ ਤੇ ਬੈਠੋਂਗੇ ਅਤੇ ਤੁਸੀਂ ਇਸਰਾਏਲ ਦੇ ਬਾਰ੍ਹਾਂ ਪਰਿਵਾਰਾਂ ਦਾ ਨਿਆਂ ਕਰੋਂਗੇ। 29 ਅਤੇ ਹਰ ਕੋਈ ਜਿਸਨੇ ਆਪਣੇ ਘਰ, ਭਾਈਆਂ, ਭੈਣਾਂ, ਮਾਂ-ਬਾਪ, ਬਾਲ-ਬੱਚਿਆਂ ਜਾਂ ਜ਼ਮੀਨ ਨੂੰ ਮੇਰੇ ਨਾਮ ਦੇ ਕਾਰਣ ਛੱਡਿਆ ਹੈ ਉਹ ਸੌ ਗੁਣਾ ਵੱਧ ਫ਼ਲ ਪਾਵੇਗਾ ਅਤੇ ਸਦੀਪਕ ਜੀਵਨ ਦਾ ਵਾਰਸ ਬਣੇਗਾ। 30 ਪਰ ਬਹੁਤ ਸਾਰੇ ਮਨੁੱਖ ਜਿਨ੍ਹਾਂ ਦਾ ਹੁਣ ਜਿੰਦਗੀ ਵਿੱਚ ਰੁਤਬਾ ਵੱਡਾ ਹੈ, ਭਵਿੱਖ ਵਿੱਚ ਉਨ੍ਹਾਂ ਦੀ ਥਾਂ ਬੜੀ ਨੀਵੀਂ ਹੋਵੇਗੀ। ਬਹੁਤ ਸਾਰੇ ਲੋਕ ਜਿਨ੍ਹਾਂ ਦਾ ਦਰਜਾ ਹੁਣ ਸਭ ਤੋਂ ਨੀਵਾਂ ਹੈ ਭਵਿੱਖ ਵਿੱਚ ਸਭ ਤੋਂ ਉੱਚਾ ਦਰਜਾ ਪਾਉਣਗੇ।
ਯਿਸੂ ਦਾ ਖੇਤ ਦੇ ਮਜਦੂਰਾਂ ਬਾਰੇ ਇੱਕ ਦ੍ਰਿਸ਼ਟਾਂਤ
20 “ਸਵਰਗ ਦਾ ਰਾਜ ਤਾਂ ਇੱਕ ਜਿਮੀਦਾਰ ਵਰਗਾ ਹੈ, ਜੋ ਤੜਕੇ ਹੀ ਘਰੋਂ ਨਿੱਕਲਿਆ ਕਿ ਆਪਣੇ ਅੰਗੂਰਾਂ ਦੇ ਬਾਗ ਵਿੱਚ ਕੁਝ ਕਾਮੇ ਲਾਵੇ। 2 ਉਸ ਨੇ ਕਾਮਿਆਂ ਨਾਲ ਇੱਕ ਚਾਂਦੀ ਦਾ ਸਿੱਕਾ ਦਿਹਾੜੀ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਬਾਗ ਵਿੱਚ ਭੇਜ ਦਿੱਤਾ।
3 “ਨੌ ਕੁ ਵਜੇ ਉਹ ਆਦਮੀ ਬਜ਼ਾਰ ਗਿਆ ਤਾਂ ਕੁਝ ਬੰਦਿਆਂ ਨੂੰ ਉੱਥੇ ਖੜ੍ਹੇ ਵੇਖਿਆ, ਇਹ ਲੋਕ ਕੁਝ ਵੀ ਨਹੀਂ ਸੀ ਕਰ ਰਹੇ। 4 ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ‘ਜੇਕਰ ਤੁਸੀਂ ਵੀ ਮੇਰੇ ਬਾਗਾਂ ਵਿੱਚ ਜਾਕੇ ਕੰਮ ਕਰੋ ਤਾਂ ਮੈਂ ਤੁਹਾਨੂੰ ਜਿੰਨਾ ਤੁਹਾਡਾ ਹੱਕ ਬਣੇਗਾ ਦੇਵਾਂਗਾ।’ 5 ਅਤੇ ਉਹ ਲੋਕ ਵੀ ਉਸ ਦੇ ਖੇਤ ਵਿੱਚ ਕੰਮ ਕਰਨ ਲਈ ਚੱਲੇ ਗਏ।
“ਅਤੇ ਫ਼ਿਰ ਉਹੀ ਆਦਮੀ ਬਾਰ੍ਹਾਂ ਕੁ ਵਜੇ ਬਾਹਰ ਗਿਆ, ਅਤੇ ਫ਼ਿਰ ਤਿੰਨ ਕੁ ਵਜੇ। ਦੋਨੋਂ ਵਾਰੀ ਉਸ ਨੇ ਕੁਝ ਕਾਮਿਆਂ ਨੂੰ ਉਸ ਦੇ ਬਾਗ ਵਿੱਚ ਕੰਮ ਕਰਨ ਲਈ ਲਿਆਂਦਾ। 6 ਆਥਣ ਵੇਲੇ, ਪੰਜ ਕੁ ਵਜੇ ਉਹ ਬਾਹਰ ਗਿਆ ਅਤੇ ਕੁਝ ਹੋਰ ਲੋਕਾਂ ਨੂੰ ਬਜ਼ਾਰ ਵਿੱਚ ਖੜ੍ਹੇ ਵੇਖਿਆ। ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਕੁਝ ਕੀਤੇ ਬਿਨਾ ਖੜ੍ਹੇ ਰਹਿੰਦੇ ਹੋ?’
7 “ਉਨ੍ਹਾਂ ਮਨੁੱਖਾਂ ਨੇ ਜਵਾਬ ਦਿੱਤਾ, ‘ਸਾਨੂੰ ਕਿਸੇ ਨੇ ਵੀ ਨੌਕਰੀ ਨਹੀਂ ਦਿੱਤੀ।’
“ਉਸ ਆਦਮੀ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਮੇਰੇ ਬਾਗ ਵਿੱਚ ਜਾਕੇ ਕੰਮ ਕਰ ਸੱਕਦੇ ਹੋ।’
8 “ਸ਼ਾਮ ਵੇਲੇ, ਅੰਗੂਰਾਂ ਦੇ ਬਾਗ ਦੇ ਮਾਲਕ ਨੇ ਕਾਮਿਆਂ ਦੇ ਮੁਖਤਿਆਰ ਨੂੰ ਆਖਿਆ, ‘ਕਾਮਿਆਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੀਕ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਮਜੂਰੀ ਦੇ।’
9 “ਜਿਹੜੇ ਕਾਮੇ ਪੰਜ ਵਜੇ ਲਿਆਂਦੇ ਗਏ ਸਨ, ਆਏ ਅਤੇ ਇੱਕ ਚਾਂਦੀ ਦਾ ਸਿੱਕਾ ਪ੍ਰਾਪਤ ਕੀਤਾ। 10 ਫ਼ਿਰ ਜਿਹੜੇ ਕਾਮੇ ਪਹਿਲਾਂ ਲਿਆਂਦੇ ਗਏ ਸਨ ਆਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਦੂਜਿਆਂ ਕਾਮਿਆਂ ਨਾਲੋਂ ਵੱਧ ਪ੍ਰਾਪਤ ਕਰਨਗੇ। ਪਰ ਉਨ੍ਹਾਂ ਨੂੰ ਵੀ ਇੱਕ ਚਾਂਦੀ ਦਾ ਸਿੱਕਾ ਹੀ ਮਿਲਿਆ। 11 ਪਰ ਉਹ ਇਹ ਸਿੱਕਾ ਲੈ ਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ। 12 ਅਤੇ ਬੋਲੇ, ‘ਜਿਹੜੇ ਲੋਕ ਅੰਤ ਵਿੱਚ ਲਿਆਂਦੇ ਗਏ ਸਨ ਅਤੇ ਜਿਨ੍ਹਾਂ ਨੇ ਸਿਰਫ਼ ਇੱਕ ਹੀ ਘੰਟੇ ਲਈ ਕੰਮ ਕੀਤਾ, ਤੁਸੀਂ ਉਨ੍ਹਾਂ ਨੂੰ ਵੀ ਸਾਡੇ ਜਿੰਨਾ ਹੀ ਦਿੱਤਾ। ਅਤੇ ਅਸੀਂ ਸਾਰਾ ਦਿਨ ਧੁੱਪੇ ਸਖਤ ਮਿਹਨਤ ਕੀਤੀ।’
13 “ਜਿਮੀਦਾਰ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ, ‘ਮਿੱਤਰਾ, ਮੈਂ ਤੇਰੇ ਨਾਲ ਬੇਈਮਾਨੀ ਨਹੀਂ ਕੀਤੀ। ਕੀ ਤੂੰ ਇੱਕ ਚਾਂਦੀ ਦੇ ਸਿੱਕੇ ਵਾਸਤੇ ਕੰਮ ਕਰਨ ਲਈ ਰਾਜੀ ਨਹੀਂ ਹੋਇਆ? 14 ਤੂੰ ਆਪਣੀ ਮਜੂਰੀ ਲੈ ਤੇ ਚੱਲਿਆ ਜਾ। ਪਰ ਮੈਂ ਅਖੀਰਲੇ ਬੰਦੇ ਨੂੰ ਵੀ ਉਹੀ ਦੇਣਾ ਚਾਹੁੰਦਾ ਹਾਂ ਜੋ ਮੈਂ ਤੈਨੂੰ ਦਿੱਤਾ। 15 ਕੀ ਇਹ ਮੇਰਾ ਹੱਕ ਨਹੀਂ ਕਿ ਮੈਂ ਆਪਣੇ ਪੈਸੇ ਨੂੰ ਜਿਵੇਂ ਚਾਹਾਂ ਇਸਤੇਮਾਲ ਕਰਾਂ? ਜਾਂ ਤੈਨੂੰ ਈਰਖਾ ਹੈ ਕਿਉਂਕਿ ਮੈਂ ਉਨ੍ਹਾਂ ਲੋਕਾਂ ਨਾਲ ਉਦਾਰ ਹਾਂ ਜੋ ਮਗਰੋਂ ਆਏ।’
16 “ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਹੁਣ ਪਿੱਛਲਾ ਦਰਜਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਹਿਲਾ ਦਰਜਾ ਹੋਵੇਗਾ ਅਤੇ ਉਹ ਲੋਕ ਜਿਨ੍ਹਾਂ ਦਾ ਹੁਣ ਦਰਜਾ ਪਹਿਲਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਿੱਛਲਾ ਹੋਵੇਗਾ।”
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ(H)
17 ਜਦੋਂ ਯਿਸੂ ਯਰੂਸਲਮ ਜਾ ਰਿਹਾ ਸੀ, ਉਸ ਦੇ ਬਾਰ੍ਹਾਂ ਚੇਲੇ ਵੀ ਉਸ ਦੇ ਨਾਲ ਸਨ। ਰਾਹ ਵਿੱਚ ਉਸ ਨੇ ਉਨ੍ਹਾਂ ਨੂੰ ਇੱਕ ਸਾਥ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਇੱਕਾਂਤ ਵਿੱਚ ਆਖਿਆ। 18 “ਵੇਖੋ, ਅਸੀਂ ਯਰੂਸ਼ਲਮ ਵੱਲ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਫ਼ੜਾ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੇ ਦੇਣਗੇ। 19 ਉਹ ਮਨੁੱਖ ਦੇ ਪੁੱਤਰ ਨੂੰ ਗੈਰ-ਯਹੂਦੀਆਂ ਨੂੰ ਦੇ ਦੇਣਗੇ। ਉਹ ਉਸ ਉੱਤੇ ਹੱਸਣਗੇ ਅਤੇ ਕੋੜਿਆਂ ਨਾਲ ਕੁੱਟਣਗੇ ਅਤੇ ਸਲੀਬ ਤੇ ਚੜ੍ਹਾ ਦੇਣਗੇ। ਅਤੇ ਮੌਤ ਤੋਂ ਤੀਜੇ ਦਿਨ ਬਾਦ, ਫਿਰ ਜੀ ਉੱਠੇਗਾ।”
ਇੱਕ ਮਾਤਾ ਵੱਲੋਂ ਵਿਸ਼ੇਸ਼ ਬੇਨਤੀ(I)
20 ਉਸ ਸਮੇਂ, ਜ਼ਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਸਮੇਤ ਯਿਸੂ ਕੋਲ ਆਈ ਅਤੇ ਉਸ ਅੱਗੇ ਝੁਕੀ ਅਤੇ ਉਸ ਕੋਲੋਂ ਇੱਕ ਸਹਾਇਤਾ ਮੰਗੀ।
21 ਯਿਸੂ ਨੇ ਆਖਿਆ, “ਤੂੰ ਕੀ ਚਾਹੁੰਦੀ ਹੈ?”
ਉਸ ਨੇ ਯਿਸੂ ਨੂੰ ਕਿਹਾ, “ਵਾਅਦਾ ਕਰੋ ਕਿ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਤੇ ਇੱਕ ਤੁਹਾਡੇ ਖੱਬੇ ਪਾਸੇ ਬੈਠਣ।”
22 ਯਿਸੂ ਨੇ ਉਸ ਦੇ ਪੁੱਤਰਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਤੁਸੀਂ ਕੀ ਮੰਗ ਰਹੇ ਹੋ?ਕੀ ਤੁਸੀਂ ਉਹ ਕਸ਼ਟ ਝੱਲ ਸੱਕਦੇ ਹੋਂ ਜਿਹੜੇ ਮੈਂ ਝੱਲਣੇ ਹਨ।”
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ ਅਸੀਂ ਝੱਲ ਸੱਕਦੇ ਹਾਂ!”
23 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸੱਚ ਮੁੱਚ ਜੋ ਕਸ਼ਟ ਮੈਂ ਝੱਲਾਂਗਾ ਤੁਸੀਂ ਵੀ ਝੱਲੋਂਗੇ। ਪਰ ਮੈਂ ਉਹ ਨਹੀਂ ਹਾਂ ਜੋ ਇਸ ਗੱਲ ਦੀ ਚੋਣ ਕਰੇਗਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ। ਉਹ ਜਗ੍ਹਾਵਾਂ ਕੌਣ ਪਾਵੇਗਾ ਮੇਰੇ ਪਿਤਾ ਨੇ ਫ਼ੈਸਲਾ ਕਰ ਲਿਆ ਹੈ। ਉਹ ਥਾਵਾਂ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਲਈ ਉਹ ਬਣਾਈਆਂ ਗਈਆਂ ਹਨ।”
24 ਜਦੋਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਨ੍ਹਾਂ ਦੋਹਾਂ ਭਰਾਵਾਂ ਤੇ ਖਿਝ ਗਏ। 25 ਤਦ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕੋਲ ਸੱਦਕੇ ਆਖਿਆ, “ਤੁਸੀਂ ਜਾਣਦੇ ਹੋ ਕਿ ਗੈਰ-ਯਹੂਦੀਆਂ ਦੇ ਹਾਕਮ ਦੂਜਿਆਂ ਤੇ ਹੁਕਮ ਚਲਾਉਣਾ ਪਸੰਦ ਕਰਦੇ ਹਨ, ਅਤੇ ਉਨ੍ਹਾਂ ਦੇ ਮਹੱਤਵਪੂਰਣ ਆਗੂ ਲੋਕਾਂ ਤੇ ਆਪਣੀ ਸ਼ਕਤੀ ਇਸਤੇਮਲ ਕਰਨਾ ਪਸੰਦ ਕਰਦੇ ਹਨ। 26 ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਉਸ ਨੂੰ ਸੇਵਕ ਵਾਂਗ ਤੁਹਾਡੀ ਸੇਵਾ ਕਰਨੀ ਚਾਹੀਦੀ ਹੈ। 27 ਜੇਕਰ ਤੁਹਾਡੇ ਵਿੱਚੋਂ ਕੋਈ ਪਹਿਲਾ ਬਨਣਾ ਚਾਹੇ ਉਹ ਪਹਿਲਾਂ ਤੁਹਾਡਾ ਦਾਸ ਹੋਵੇ। 28 ਉਵੇਂ ਹੀ ਜਿਵੇਂ ਮਨੁੱਖ ਦਾ ਪੁੱਤਰ ਆਪਣੀ ਸੇਵਾ ਕਰਵਾਉਨ ਨਹੀਂ ਸਗੋਂ ਉਹ ਹੋਰਨਾਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ। ਉਹ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।”
ਯਿਸੂ ਦਾ ਦੋ ਅੰਨ੍ਹਿਆਂ ਨੂੰ ਰਾਜੀ ਕਰਨਾ(J)
29 ਜਦੋਂ ਉਹ ਅਤੇ ਉਸ ਦੇ ਚੇਲੇ ਯਰੀਹੋ ਤੋਂ ਵਿਦਾ ਹੋ ਰਹੇ ਸਨ, ਲੋਕਾਂ ਦੀ ਇੱਕ ਵੱਡੀ ਭੀੜ ਨੇ ਯਿਸੂ ਦਾ ਪਿੱਛਾ ਕੀਤਾ। 30 ਦੋ ਅੰਨ੍ਹੇ ਮਨੁੱਖ ਸੜਕ ਦੇ ਕੰਢੇ ਬੈਠੇ ਸਨ। ਜਦੋਂ ਉਨ੍ਹਾਂ ਸੁਣਿਆ ਕਿ ਯਿਸੂ ਲੰਘਿਆ ਜਾਂਦਾ ਹੈ ਤਾਂ ਉਹ ਉੱਚੀ ਆਵਾਜ਼ ਵਿੱਚ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ।”
31 ਉਨ੍ਹਾਂ ਨੇ ਅੰਨ੍ਹੇ ਆਦਮੀਆਂ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ ਕਿਰਪਾ ਕਰਕੇ ਸਾਡੀ ਸਹਾਇਤਾ ਕਰ।”
32 ਤਦ ਯਿਸੂ ਰੁਕਿਆ ਅਤੇ ਉਨ੍ਹਾਂ ਨੂੰ ਸੱਦਕੇ ਪੁੱਛਿਆ, “ਤੁਸੀਂ ਮੈਥੋਂ ਆਪਣੇ ਵਾਸਤੇ ਕੀ ਕਰਾਉਨਾ ਚਾਹੁੰਦੇ ਹੋ?”
33 ਤਦ ਉਨ੍ਹਾਂ ਦੋਹਾਂ ਨੇ ਕਿਹਾ, “ਪ੍ਰਭੂ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਖੁਲ੍ਹ ਜਾਣ ਜੋ ਅਸੀਂ ਵੇਖ ਸੱਕੀਏ।”
34 ਯਿਸੂ ਨੇ ਉਨ੍ਹਾਂ ਅੰਨ੍ਹਿਆਂ ਆਦਮੀਆਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਉਹ ਝੱਟ ਸੁਜਾਖੇ ਹੋ ਗਏ ਅਤੇ ਯਿਸੂ ਦੇ ਮਗਰ ਹੋ ਤੁਰੇ।
2010 by World Bible Translation Center