Print Page Options
Previous Prev Day Next DayNext

Historical

Read the books of the Bible as they were written historically, according to the estimated date of their writing.
Duration: 365 days
Punjabi Bible: Easy-to-Read Version (ERV-PA)
Version
2 ਤਿਮੋਥਿਉਸ ਨੂੰ 1-4

ਮਸੀਹ ਯਿਸੂ ਦੇ ਰਸੂਲ, ਪੌਲੁਸ, ਵੱਲੋਂ ਸ਼ੁਭਕਾਮਨਾਵਾਂ। ਮੈਂ ਰਸੂਲ ਇਸ ਲਈ ਹਾਂ ਕਿਉਂਕਿ ਇਹ ਪਰਮੇਸ਼ੁਰ ਦੀ ਰਜ਼ਾ ਹੈ। ਪਰਮੇਸ਼ੁਰ ਨੇ ਮੈਨੂੰ ਲੋਕਾਂ ਨੂੰ ਜੀਵਨ ਦੇ ਉਸ ਵਾਅਦੇ ਬਾਰੇ ਦੱਸਣ ਲਈ ਭੇਜਿਆ ਹੈ ਜਿਹੜਾ ਮਸੀਹ ਯਿਸੂ ਵਿੱਚ ਹੈ।

ਤਿਮੋਥਿਉਸ ਨੂੰ, ਤੁਸੀਂ ਮੇਰੇ ਲਈ ਪਿਆਰੇ ਪੁੱਤਰ ਵਰਗੇ ਹੋ।

ਪਰਮੇਸ਼ੁਰ ਪਿਤਾ ਅਤੇ ਮਸੀਹ ਯਿਸੂ ਸਾਡੇ ਪ੍ਰਭੂ, ਵੱਲੋਂ ਤੁਹਾਨੂੰ ਕਿਰਪਾ, ਮਿਹਰ ਅਤੇ ਸ਼ਾਂਤੀ ਹੋਵੇ।

ਧੰਨਵਾਦ ਅਤੇ ਹੌਂਸਲਾ ਅਫ਼ਜ਼ਾਈ

ਮੈਂ ਹਮੇਸ਼ਾ ਦਿਨ ਰਾਤ ਤੁਹਾਨੂੰ ਆਪਣੀਆਂ ਪ੍ਰਾਰਥਨਾ ਵਿੱਚ ਚੇਤੇ ਕਰਦਾ ਹਾਂ। ਇਨ੍ਹਾਂ ਪ੍ਰਾਰਥਨਾ ਵਿੱਚ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। ਉਹੀ ਪਰਮੇਸ਼ੁਰ ਹੈ ਜਿਸਦੀ ਮੇਰੇ ਪੁਰਖਿਆਂ ਨੇ ਸੇਵਾ ਕੀਤੀ ਸੀ। ਮੈਂ ਵੀ ਹਮੇਸ਼ਾ ਉਸਦੀ ਅਜਿਹੇ ਕੰਮ ਕਰਦਿਆਂ ਸੇਵਾ ਕੀਤੀ ਹੈ ਜਿਨ੍ਹਾਂ ਨੂੰ ਮੈਂ ਸਹੀ ਸਮਝਿਆ ਹੈ। ਜਿਹੜੇ ਅੱਥਰੂ ਤੁਸੀਂ ਮੇਰੇ ਲਈ ਵਹਾਏ ਨੇ ਮੈਨੂੰ ਯਾਦ ਆਉਂਦੇ ਹਨ। ਮੈਂ ਤੁਹਾਨੂੰ ਮਿਲਣ ਲਈ ਬੇਤਾਬ ਹਾਂ ਤਾਂ ਜੋ ਮੈਂ ਭਰਪੂਰ ਖੁਸ਼ੀ ਹਾਸਿਲ ਕਰ ਸੱਕਾਂ। ਮੈਂ ਤੁਹਾਡੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ। ਇਹ ਉਹੀ ਵਿਸ਼ਵਾਸ ਹੈ ਜਿਹੜੀ ਤੁਹਾਡੀ ਨਾਨੀ ਲੋਇਸ ਅਤੇ ਤੁਹਾਡੀ ਮਾਤਾ ਯੂਨੀਕਾ ਨੂੰ ਸੀ। ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਉਹੀ ਵਿਸ਼ਵਾਸ ਹੈ। ਇਸੇ ਲਈ ਮੈਂ ਚਾਹੁੰਨਾ ਕਿ ਤੁਸੀਂ ਉਸ ਦਾਤ ਨੂੰ ਚੇਤੇ ਕਰੋ ਜਿਹੜੀ ਤੁਹਾਨੂੰ ਪਰਮੇਸ਼ੁਰ ਨੇ ਬਖਸ਼ੀ ਸੀ। ਪਰਮੇਸ਼ੁਰ ਨੇ ਇਹ ਦਾਤ ਤੁਹਾਨੂੰ ਉਦੋਂ ਬਖਸ਼ੀ ਸੀ ਜਦੋਂ ਮੈਂ ਤੁਹਾਡੇ ਤੇ ਆਪਣੇ ਹੱਥ ਰੱਖੇ ਸਨ। ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਦਾਤ ਦੀ ਵਰਤੋਂ ਕਰੋ ਅਤੇ ਇਸ ਨੂੰ ਉਸੇ ਤਰ੍ਹਾਂ ਪ੍ਰਫ਼ੁੱਲਤ ਹੋਣ ਦਿਉ ਜਿਵੇਂ ਅੱਗ ਦੀ ਚੰਗਿਆੜੀ ਲਾਟ ਬਣ ਜਾਂਦੀ ਹੈ। ਪਰਮੇਸ਼ੁਰ ਨੇ ਸਾਨੂੰ ਅਜਿਹਾ ਆਤਮਾ ਨਹੀਂ ਦਿੱਤਾ ਜਿਹੜਾ ਸਾਨੂੰ ਡਰਪੋਕ ਬਣਾਉਂਦਾ ਹੋਵੇ। ਪਰਮੇਸ਼ੁਰ ਨੇ ਸਾਨੂੰ ਸ਼ਕਤੀ, ਪ੍ਰੇਮ ਅਤੇ ਸ੍ਵੈਂ-ਸੰਜ਼ਮ ਦਾ ਆਤਮਾ ਪ੍ਰਦਾਨ ਕੀਤਾ ਹੈ।

ਇਸ ਲਈ ਲੋਕਾਂ ਨੂੰ ਸਾਡੇ ਪ੍ਰਭੂ ਯਿਸੂ ਬਾਰੇ ਦੱਸੱਦਿਆਂ ਸੰਗੋ ਨਾ। ਅਤੇ ਮੇਰੇ ਲਈ ਵੀ ਸ਼ਰਮਸਾਰ ਨਾ ਹੋਵੋ। ਕਿਉਂਕਿ ਮੈਂ ਪ੍ਰਭੂ ਦੇ ਨਮਿੱਤ ਕੈਦ ਵਿੱਚ ਹਾਂ। ਪਰ ਮੇਰੇ ਨਾਲ ਖੁਸ਼ਖਬਰੀ ਲਈ ਕਸ਼ਟ ਸਹਾਰੋ। ਪਰਮੇਸ਼ੁਰ ਸਾਨੂੰ ਅਜਿਹਾ ਕਰਨ ਲਈ ਬਲ ਬਖਸ਼ਦਾ ਹੈ।

ਪਰਮੇਸ਼ੁਰ ਨੇ ਸਾਨੂੰ ਬਚਾਇਆ ਅਤੇ ਸਾਨੂੰ ਆਪਣੇ ਪਵਿੱਤਰ ਲੋਕ ਬਣਾਇਆ। ਇਹ ਇਸ ਲਈ ਨਹੀਂ ਕਿ ਅਸੀਂ ਕੁਝ ਕੀਤਾ ਹੈ ਬਲਕਿ ਇਹ ਉਸ ਦੇ ਆਪਣੇ ਇਰਾਦੇ ਅਤੇ ਕਿਰਪਾ ਕਾਰਣ ਹੋਇਆ ਹੈ। ਇਹ ਕਿਰਪਾ ਸਾਨੂੰ ਦੁਨੀਆਂ ਦੇ ਮੁੱਢੋਂ ਮਸੀਹ ਯਿਸੂ ਰਾਹੀਂ ਪ੍ਰਦਾਨ ਕੀਤੀ ਗਈ ਹੈ। 10 ਇਹ ਕਿਰਪਾ ਹੁਣ ਤੱਕ ਸਾਨੂੰ ਨਹੀਂ ਦਰਸਾਈ ਗਈ ਸੀ। ਇਹ ਉਦੋਂ ਵਿਖਾਈ ਗਈ ਸੀ ਜਦੋਂ ਸਾਡਾ ਮੁਕਤੀਦਾਤਾ ਮਸੀਹ ਯਿਸੂ ਆਇਆ ਸੀ। ਯਿਸੂ ਦੇ ਕਾਲ ਦਾ ਵਿਨਾਸ਼ ਕੀਤਾ ਅਤੇ ਸਾਨੂੰ ਜੀਵਨ ਦਾ ਰਾਹ ਦਿਖਾਇਆ। ਹਾਂ। ਖੁਸ਼ਖਬਰੀ ਦੇ ਰਾਹੀਂ ਯਿਸੂ ਨੇ ਸਾਨੂੰ ਅਜਿਹੇ ਜੀਵਨ ਨੂੰ ਪ੍ਰਾਪਤ ਕਰਨ ਦਾ ਰਾਹ ਦਿਖਾਇਆ ਜਿਹੜਾ ਤਬਾਹ ਨਹੀਂ ਹੋ ਸੱਕਦਾ।

11 ਮੈਨੂੰ ਇਹ ਖੁਸ਼ਖਬਰੀ ਦੇਣ ਲਈ ਚੁਣਿਆ ਗਿਆ। ਮੈਨੂੰ ਰਸੂਲ ਦੇ ਤੌਰ ਤੇ ਅਤੇ ਖੁਸ਼ਖਬਰੀ ਦਾ ਗੁਰੂ ਚੁਣਿਆ ਗਿਆ ਹੈ। 12 ਹੁਣ ਮੈਂ ਇਹ ਕਸ਼ਟ ਇਸ ਲਈ ਸਹਾਰ ਰਿਹਾ ਹਾਂ ਕਿਉਂਕਿ ਮੈਂ ਇਹ ਖੁਸ਼ਖਬਰੀ ਦੱਸ ਰਿਹਾ ਹਾਂ। ਪਰ ਮੈਂ ਸ਼ਰਮਸਾਰ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਮੈਂ ਕਿਸ ਉੱਤੇ ਵਿਸ਼ਵਾਸ ਕੀਤਾ ਹੈ। ਮੈਨੂੰ ਪਤਾ ਹੈ ਕਿ ਉਹ ਉਸਦੀ ਰਾਖੀ ਕਰਨ ਦੇ ਸਮਰਥ ਹੈ ਜੋ ਉਸ ਨੇ ਮੈਨੂੰ ਅੰਤਲੇ ਦਿਹਾੜੇ ਤੱਕ ਸੌਂਪਿਆ ਹੈ।

13 ਉਨ੍ਹਾਂ ਸੱਚੇ ਉਪਦੇਸ਼ਾਂ ਉੱਤੇ ਚੱਲੋਂ ਜਿਹੜੇ ਤੁਸੀਂ ਮੇਰੇ ਕੋਲੋਂ ਸੁਣੇ ਹਨ। ਉਨ੍ਹਾਂ ਉਪਦੇਸ਼ਾਂ ਦਾ ਅਨੁਸਰਣ ਕਰੋ ਜਿਹੜੇ ਸਾਡੇ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਨਾਲ ਹਨ। 14 ਜਿਹੜਾ ਸੱਚ ਤੁਹਾਨੂੰ ਦਿੱਤਾ ਗਿਆ ਹੈ ਉਸਦੀ ਰੱਖਿਆ ਕਰੋ। ਉਨ੍ਹਾਂ ਚੀਜ਼ਾਂ ਦੀ ਰਾਖੀ ਪਵਿੱਤਰ ਆਤਮਾ ਦੀ ਸਹਾਇਤਾ ਨਾਲ ਕਰੋ। ਉਹ ਪਵਿੱਤਰ ਆਤਮਾ ਸਾਡੇ ਅੰਦਰ ਵੱਸਦਾ ਹੈ।

15 ਤੁਸੀਂ ਜਾਣਦੇ ਹੋ ਕਿ ਅਸਿਯਾ ਦੇ ਦੇਸ਼ ਵਿੱਚ ਹਰ ਵਿਅਕਤੀ ਨੇ ਮੈਨੂੰ ਛੱਡ ਦਿੱਤਾ ਹੈ। ਇੱਥੋਂ ਤੱਕ ਕਿ ਫ਼ੁਗਿਲੁਸ ਅਤੇ ਹਰਮੁਗਨੇਸ ਨੇ ਵੀ ਮੈਨੂੰ ਛੱਡ ਦਿੱਤਾ ਹੈ। 16 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਸਿਫ਼ੁਰੁਸ ਦੇ ਪਰਿਵਾਰ ਉੱਤੇ ਮਿਹਰ ਦਰਸ਼ਾਵੇਗਾ। ਉਨਸਿਫ਼ੁਰੁਸ ਨੇ ਕਈ ਵਾਰੀ ਮੇਰੀ ਸਹਾਇਤਾ ਕੀਤੀ ਹੈ। ਉਹ ਇਸ ਗੱਲੋਂ ਸ਼ਰਮਸਾਰ ਨਹੀਂ ਕਿ ਮੈਂ ਕੈਦ ਵਿੱਚ ਹਾਂ। 17 ਨਹੀਂ। ਉਹ ਸ਼ਰਮਸਾਰ ਨਹੀਂ ਸੀ ਜਦੋਂ ਉਹ ਰੋਮ ਵਿੱਚ ਆਇਆ ਉਸ ਨੇ ਮੇਰੀ ਹਰ ਥਾਂ ਭਾਲ ਕੀਤੀ ਤੇ ਮੈਨੂੰ ਆਖਿਰਕਾਰ ਲੱਭ ਲਿਆ। 18 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪ੍ਰਭੂ ਉਨਿਸਫ਼ੁਰੁਸ ਤੇ ਨਿਆਂ ਦੇ ਦਿਹਾੜੇ ਮਿਹਰ ਦਰਸ਼ਾਵੇਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉਨਿਸਫ਼ੁਰੁਸ ਨੇ ਅਫ਼ਸੁਸ ਵਿੱਚ ਕਿੰਨੇ ਢੰਗਾਂ ਰਾਹੀਂ ਮੇਰੀ ਤਰ੍ਹਾਂ ਸਹਾਇਤਾ ਕੀਤੀ ਸੀ।

ਮਸੀਹ ਯਿਸੂ ਦਾ ਵਫ਼ਾਦਾਰ ਸਿਪਾਹੀ

ਤਿਮੋਥਿਉਸ ਤੂੰ ਮੇਰੇ ਲਈ ਇੱਕ ਪੁੱਤਰ ਵਰਗਾ ਹੈਂ। ਉਸ ਵਿਸ਼ਵਾਸ ਵਿੱਚ ਮਜ਼ਬੂਤ ਰਹਿ ਜਿਹੜਾ ਸਾਨੂੰ ਮਸੀਹ ਯਿਸੂ ਵਿੱਚ ਹੈ। ਤੁਸੀਂ ਉਹ ਗੱਲਾਂ ਸੁਣੀਆਂ ਹਨ ਜੋ ਮੈਂ ਸਮਝਾਈਆਂ। ਹੋਰ ਵੀ ਬਹੁਤ ਸਾਰੇ ਲੋਕਾਂ ਨੇ ਇਨ੍ਹਾਂ ਉਪਦੇਸ਼ਾਂ ਨੂੰ ਸੁਣਿਆ ਹੈ। ਤੁਹਾਨੂੰ ਇਹੀ ਉਪਦੇਸ਼ ਉਨ੍ਹਾਂ ਨੂੰ ਵੀ ਦੇਣੇ ਚਾਹੀਦੇ ਹਨ ਜਿਨ੍ਹਾਂ ਤੇ ਤੁਸੀਂ ਭਰੋਸਾ ਕਰ ਸੱਕਦੇ ਹੋ। ਫ਼ੇਰ ਉਹ ਉਹੀ ਗੱਲਾਂ ਹੋਰਾਂ ਲੋਕਾਂ ਨੂੰ ਵੀ ਸਿੱਖਾ ਸੱਕਣਗੇ। ਸਾਡੀਆਂ ਔਕੜਾਂ ਦੇ ਭਾਗੀ ਬਣੋ। ਇਨ੍ਹਾਂ ਔਕੜਾਂ ਨੂੰ ਮਸੀਹ ਯਿਸੂ ਦੇ ਸੱਚੇ ਸਿਪਾਹੀ ਵਾਂਗ ਝੱਲੋ। ਇੱਕ ਸਿਪਾਹੀ ਆਪਣੇ ਸੈਨਾਪਤੀ ਨੂੰ ਖੁਸ਼ ਕਰਨਾ ਚਾਹੁੰਦਾ ਹੈ। ਇਸੇ ਲਈ ਉਹ ਸਿਪਾਹੀ ਆਪਣਾ ਸਮਾਂ ਉਨ੍ਹਾਂ ਗੱਲਾਂ ਵਿੱਚ ਨਹੀਂ ਲਾਉਂਦਾ ਜਿਨ੍ਹਾਂ ਵਿੱਚ ਬਹੁਤ ਹੋਰ ਲੋਕ ਲਾਉਂਦੇ ਹਨ। ਜੋ ਕੋਈ ਵਿਅਕਤੀ ਦੌੜ ਲਾ ਰਿਹਾ ਤਾਂ ਉਸ ਨੂੰ ਜਿੱਤਣ ਲਈ ਨੇਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜਿਹੜਾ ਕਿਸਾਨ ਸਖਤ ਮਿਹਨਤ ਕਰਦਾ ਹੈ ਉਹ ਖੇਤ ਦੀ ਫ਼ਸਲ ਦਾ ਆਨੰਦ ਮਾਨਣ ਵਾਲਾ ਪਹਿਲਾ ਵਿਅਕਤੀ ਹੋਣਾ ਚਾਹੀਦਾ ਹੈ। ਜੋ ਗੱਲਾਂ ਮੈਂ ਆਖ ਰਿਹਾ ਹਾਂ ਇਨ੍ਹਾਂ ਬਾਰੇ ਸੋਚੋ। ਪ੍ਰਭੂ ਤੁਹਾਨੂੰ ਇਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਣ ਦੀ ਸਮਰਥਾ ਦੇਵੇਗਾ।

ਯਿਸੂ ਮਸੀਹ ਨੂੰ ਚੇਤੇ ਰੱਖੋ। ਉਹ ਦਾਊਦ ਦੇ ਪਰਿਵਾਰ ਵਿੱਚੋਂ ਹੈ। ਜਦੋਂ ਯਿਸੂ ਮਰਿਆ ਤਾਂ ਉਸ ਨੂੰ ਮੌਤ ਤੋਂ ਜਿਵਾਲਿਆ ਗਿਆ। ਇਹੀ ਖੁਸ਼ਖਬਰੀ ਹੈ ਜਿਸ ਬਾਰੇ ਮੈਂ ਲੋਕਾਂ ਨੂੰ ਦੱਸਦਾ ਹਾਂ। ਮੈਂ ਇਸ ਲਈ ਕਸ਼ਟ ਸਹਿ ਰਿਹਾ ਹਾਂ ਕਿਉਂ ਜੋ ਮੈਂ ਖੁਸ਼ਖਬਰੀ ਬਾਰੇ ਲੋਕਾਂ ਨੂੰ ਦੱਸਦਾ ਹਾਂ। ਮੈਨੂੰ ਉਸ ਵਿਅਕਤੀ ਵਾਂਗ ਜੰਜ਼ੀਰਾਂ ਨਾਲ ਜਕੜਿਆ ਹੋਇਆ ਹੈ ਜਿਸਨੇ ਸੱਚਮੁੱਚ ਕੋਈ ਮਾੜਾ ਕੰਮ ਕੀਤਾ ਹੋਵੇ। ਮੈਂ ਜੰਜ਼ੀਰਾਂ ਨਾਲ ਬੰਨ੍ਹਿਆ ਹੋਇਆ ਹਾਂ, ਪਰ ਪਰਮੇਸ਼ੁਰ ਦੇ ਉਪਦੇਸ਼ਾਂ ਨੂੰ ਜੰਜ਼ੀਰਾਂ ਨਹੀਂ ਪਾਈਆਂ ਜਾ ਸੱਕਦੀਆਂ। 10 ਇਸ ਲਈ ਮੈਂ ਸਬਰ ਨਾਲ ਇਨ੍ਹਾਂ ਸਾਰੀਆਂ ਔਕੜਾਂ ਨੂੰ ਝੱਲਦਾ ਹਾਂ। ਅਜਿਹਾ ਮੈਂ ਉਨ੍ਹਾਂ ਲੋਕਾਂ ਦੀ ਸਹਾਇਤਾ ਲਈ ਕਰ ਰਿਹਾ ਹਾਂ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਚੁਣਿਆ ਹੋਇਆ ਹੈ। ਮੈਂ ਇਹ ਔਕੜਾਂ ਇਸ ਲਈ ਸਹਾਰ ਰਿਹਾ ਤਾਂ ਜੋ ਇਹ ਲੋਕ ਮਸੀਹ ਯਿਸੂ ਰਾਹੀਂ ਮੁਕਤੀ ਪ੍ਰਾਪਤ ਕਰ ਸੱਕਣ। ਉਸ ਮੁਕਤੀ ਨਾਲ ਸਦੀਵੀ ਮਹਿਮਾ ਆਉਂਦੀ ਹੈ।

11 ਇਹ ਉਪਦੇਸ਼ ਸੱਚ ਹੈ:

ਜੇ ਅਸੀਂ ਉਸ ਨਾਲ ਮਰੇ, ਤਾਂ ਅਸੀਂ ਵੀ ਉਸ ਦੇ ਨਾਲ ਰਹਾਂਗੇ।
12 ਜੇ ਅਸੀਂ ਦੁੱਖਾਂ ਨੂੰ ਪ੍ਰਵਾਨ ਕਰਦੇ ਹਾਂ, ਤਾਂ ਅਸੀਂ ਉਸ ਦੇ ਨਾਲ ਰਾਜ ਕਰਾਂਗੇ।
ਜੇ ਅਸੀਂ ਉਸ ਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵਾਂਗੇ, ਤਾਂ ਉਹ ਸਾਨੂੰ ਪ੍ਰਵਾਨ ਕਰਨ ਤੋਂ ਇਨਕਾਰੀ ਹੋਵੇਗਾ।
13 ਜੇ ਅਸੀਂ ਵਫ਼ਾਦਾਰ ਨਹੀਂ ਹਾਂ ਤਾਂ ਵੀ ਉਹ ਵਫ਼ਾਦਾਰ ਹੋਵੇਗਾ
    ਕਿਉਂਕਿ ਉਹ ਆਪਣੇ ਆਪ ਤੋਂ ਮੁਨਕਰ ਨਹੀਂ ਹੋ ਸੱਕਦਾ।

ਇੱਕ ਸਵੀਕ੍ਰਤ ਮਜ਼ਦੂਰ

14 ਲੋਕਾਂ ਨੂੰ ਇਹ ਗੱਲਾਂ ਦੱਸਦੇ ਰਹੋ। ਅਤੇ ਉਨ੍ਹਾਂ ਲੋਕਾਂ ਨੂੰ ਪਰਮੇਸ਼ੁਰ ਦੇ ਸਨਮੁੱਖ ਚੇਤਾਵਨੀ ਦਿਉ ਕਿ ਸ਼ਬਦਾਂ ਬਾਰੇ ਦਲੀਲਬਾਜ਼ੀ ਕਰਨ ਨਾਲ ਕਿਸੇ ਨੂੰ ਵੀ ਕੋਈ ਲਾਭ ਨਹੀਂ ਹੋਵੇਗਾ, ਬਲਕਿ, ਇਹ ਉਨ੍ਹਾਂ ਨੂੰ ਬਰਬਾਦ ਕਰ ਦੇਵੇਗਾ ਜੋ ਇਸ ਨੂੰ ਸੁਣਦੇ ਹਨ। 15 ਉਹੋ ਜਿਹਾ ਬਣਨ ਦੀ ਪੂਰਨ ਕੋਸ਼ਿਸ਼ ਕਰੋ ਜਿਸ ਨੂੰ ਪਰਮੇਸ਼ੁਰ ਪ੍ਰਵਾਨ ਕਰੇ ਅਤੇ ਆਪਣੇ ਆਪ ਨੂੰ ਉਸ ਅੱਗੇ ਅਰਪਨ ਕਰ ਦਿਉ। ਇੱਕ ਅਜਿਹਾ ਮਜ਼ਦੂਰ ਬਣੋ ਜਿਹੜਾ ਆਪਣੇ ਕੰਮ ਉੱਤੇ ਸ਼ਰਮਿੰਦਾ ਨਹੀਂ ਅਜਿਹਾ ਮਜ਼ਦੂਰ ਜਿਹੜਾ ਸੱਚੇ ਉਪਦੇਸ਼ ਨੂੰ ਸਹੀ ਢੰਗ ਨਾਲ ਇਸਤੇਮਾਲ ਕਰਦਾ ਹੈ।

16 ਉਨ੍ਹਾਂ ਲੋਕਾਂ ਤੋਂ ਦੂਰ ਰਹੋ ਜਿਹੜੇ ਅਜਿਹੀਆਂ ਵਿਹਲੀਆਂ ਗੱਲਾਂ ਕਰਦੇ ਹਨ ਜਿਹੜੀਆਂ ਪਰਮੇਸ਼ੁਰ ਵੱਲੋਂ ਨਹੀਂ ਹਨ। ਇਹ ਗੱਲਾਂ ਲੋਕਾਂ ਨੂੰ ਪਰਮੇਸ਼ੁਰ ਤੋਂ ਹੋਰ ਵੱਧੇਰੇ ਦੂਰ ਲੈ ਜਾਣਗੀਆਂ। 17 ਉਨ੍ਹਾਂ ਦੇ ਉਪਦੇਸ਼ ਤੁਹਾਡੇ ਸਰੀਰ ਅੰਦਰ ਬਿਮਾਰੀ ਵਾਂਗ ਫ਼ੈਲ ਜਾਣਗੇ। ਹੁਮਿਨਾਯੁਸ ਅਤੇ ਫ਼ਿਲੇਤੁਸ ਇਹੋ ਜਿਹੇ ਬੰਦੇ ਹੀ ਹਨ। 18 ਉਨ੍ਹਾਂ ਨੇ ਸੱਚੇ ਉਪਦੇਸ਼ ਛੱਡ ਦਿੱਤੇ। ਉਹ ਆਖਦੇ ਹਨ ਸਮੂਹ ਲੋਕਾਂ ਦਾ ਮੌਤ ਤੋਂ ਜੀ ਉੱਠਣਾ ਪਹਿਲਾਂ ਹੀ ਵਾਪਰ ਚੁੱਕਿਆ ਹੈ। ਅਤੇ ਇਹ ਦੋਵੇ ਬੰਦੇ ਕੁਝ ਲੋਕਾਂ ਦੇ ਵਿਸ਼ਵਾਸ ਤਬਾਹ ਕਰ ਰਹੇ ਹਨ।

19 ਪਰ ਪਰਮੇਸ਼ੁਰ ਦੀ ਮਜ਼ਬੂਤ ਬੁਨਿਆਦ ਉਸੇ ਤਰ੍ਹਾਂ ਬਣੀ ਰਹਿੰਦੀ ਹੈ। ਇਹ ਸ਼ਬਦ ਵੀ ਉਸ ਬੁਨਿਆਦ ਉੱਪਰ ਲਿਖੇ ਹੋਏ ਹਨ: “ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਜਾਣਦਾ ਹੈ ਜਿਹੜੇ ਉਸ ਨਾਲ ਸੰਬੰਧਿਤ ਹਨ।” [a] ਇਹ ਸ਼ਬਦ ਵੀ ਉਸ ਬੁਨਿਆਦ ਉੱਤੇ ਲਿਖੇ ਹੋਏ ਹਨ: “ਹਰ ਕੋਈ ਜਿਹੜਾ ਆਖਦਾ ਹੈ ਕਿ ਉਹ ਪ੍ਰਭੂ ਵਿੱਚ ਨਿਹਚਾ ਰੱਖਦਾ ਹੈ ਉਸ ਨੂੰ ਦੁਸ਼ਟ ਗੱਲਾਂ ਕਰਨੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ।”

20 ਇੱਕ ਵੱਡੇ ਘਰ ਵਿੱਚ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਕੁਝ ਵਸਤਾਂ ਹਨ। ਪਰ ਕੁਝ ਵਸਤਾਂ ਲਕੜੀ ਤੇ ਮਿੱਟੀ ਦੀਆਂ ਵੀ ਬਣੀਆਂ ਹੋਈਆਂ ਹਨ। ਕੁਝ ਚੀਜ਼ਾਂ ਨੂੰ ਖਾਸ ਮੌਕਿਆਂ ਤੇ ਇਸਤੇਮਾਲ ਕੀਤਾ ਜਾਂਦਾ ਹੈ। ਹੋਰ ਕਈ ਚੀਜ਼ਾਂ ਮੰਦੇ ਕੰਮਾਂ ਲਈ ਵੀ ਇਸਤੇਮਾਲ ਕੀਤੀਆਂ ਜਾਂਦੀਆਂ ਹਨ। 21 ਜੇਕਰ ਇੱਕ ਵਿਅਕਤੀ ਆਪਣੇ ਆਪ ਨੂੰ ਸਭ ਮੰਦੀਆਂ ਗੱਲਾਂ ਤੋਂ ਸ਼ੁੱਧ ਬਣਾ ਲੈਂਦਾ ਹੈ, ਫ਼ੇਰ ਉਹ ਖਾਸ ਕੰਮਾ ਲਈ ਵਰਤਿਆ ਜਾਵੇਗਾ। ਉਹ ਵਿਅਕਤੀ ਪਵਿੱਤਰ ਬਣਾਇਆ ਜਾਵੇਗਾ ਅਤੇ ਮਾਲਕ ਉਸਦਾ ਇਸਤੇਮਾਲ ਕਰ ਸੱਕੇਗਾ। ਉਹ ਵਿਅਕਤੀ ਹਰ ਚੰਗਿਆਈ ਕਰਨ ਲਈ ਤਿਆਰ ਹੋਵੇਗਾ।

22 ਉਨ੍ਹਾਂ ਦੁਸ਼ਟ ਗੱਲਾਂ ਤੋਂ ਦੂਰ ਰਹੋ ਜਿਹੜੀਆਂ ਇੱਕ ਜਵਾਨ ਆਦਮੀ ਕਰਨੀਆਂ ਚਾਹੁੰਦਾ ਹੈ। ਠੀਕ ਢੰਗ ਨਾਲ ਜਿਉਣ ਲਈ ਅਤੇ ਵਿਸ਼ਵਾਸ, ਪ੍ਰੇਮ ਅਤੇ ਸ਼ਾਂਤੀ ਪ੍ਰਾਪਤ ਕਰਨ ਲਈ ਸਖਤ ਮਿਹਨਤ ਕਰੋ। ਇਹ ਗੱਲਾਂ ਉਨ੍ਹਾਂ ਲੋਕਾਂ ਨਾਲ ਮਿਲਕੇ ਕਰੋ ਜਿਨ੍ਹਾਂ ਦੇ ਹਿਰਦੇ ਸ਼ੁੱਧ ਹਨ ਅਤੇ ਜਿਨ੍ਹਾਂ ਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ। 23 ਨਿਕੰਮੀਆਂ ਅਤੇ ਫ਼ਜ਼ੂਲ ਦਲੀਲਾਂ ਤੋਂ ਦੂਰ ਰਹੋ। ਤੁਸੀਂ ਜਾਣਦੇ ਹੀ ਹੋ ਕਿ ਉਹ ਬਹਿਸਾਂ ਵੱਡੀਆਂ ਬਹਿਸਾਂ ਬਣ ਜਾਂਦੀਆਂ ਹਨ। 24 ਪ੍ਰਭੂ ਦੇ ਸੇਵਕ ਨੂੰ ਬਹਿਸ ਨਹੀਂ ਕਰਨੀ ਚਾਹੀਦੀ। ਉਸ ਨੂੰ ਹਰ ਕਿਸੇ ਨਾਲ ਨਿਮ੍ਰ ਹੋਣਾ ਚਾਹੀਦਾ ਹੈ। ਪ੍ਰਭੂ ਦੇ ਸੇਵਕ ਨੂੰ ਇੱਕ ਚੰਗਾ ਗੁਰੂ ਹੋਣਾ ਚਾਹੀਦਾ ਹੈ। ਉਸ ਨੂੰ ਸਬਰ ਵਾਲਾ ਹੋਣਾ ਚਾਹੀਦਾ ਹੈ। 25 ਪ੍ਰਭੂ ਦੇ ਸੇਵਕ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਲੋਕਾਂ ਨੂੰ ਨਰਮਾਈ ਨਾਲ ਉਪਦੇਸ਼ ਦੇਵੇ ਜਿਹੜੇ ਉਸ ਨਾਲ ਸਹਿਮਤ ਨਹੀਂ ਹਨ। ਸ਼ਾਇਦ ਪਰਮੇਸ਼ੁਰ ਉਨ੍ਹਾਂ ਲੋਕਾਂ ਦੇ ਮਨਾਂ ਨੂੰ ਇਸ ਤਰ੍ਹਾਂ ਤਬਦੀਲ ਕਰ ਦੇਵੇ ਕਿ ਉਹ ਸੱਚ ਨੂੰ ਪ੍ਰਵਾਨ ਕਰ ਲੈਣ। 26 ਸ਼ੈਤਾਨ ਨੇ ਉਨ੍ਹਾਂ ਲੋਕਾਂ ਨੂੰ ਫ਼ਸਾ ਲਿਆ ਹੈ ਅਤੇ ਉਨ੍ਹਾਂ ਪਾਸੋਂ ਉਹੀ ਕਰਾਉਂਦਾ ਜੋ ਉਹ ਚਾਹੁੰਦਾ ਹੈ। ਪਰ ਹੋ ਸੱਕਦਾ ਹੈ ਉਹ ਜਾਗ ਜਾਣ ਅਤੇ ਇਹ ਪਤਾ ਲਾ ਲੈਣ ਕਿ ਸ਼ੈਤਾਨ ਉਨ੍ਹਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਆਪਣੇ ਆਪ ਨੂੰ ਸ਼ੈਤਾਨ ਦੇ ਸ਼ਿਕੰਜੇ ਤੋਂ ਮੁਕਤ ਕਰਾ ਲੈਣ।

ਅਖੀਰਲੇ ਦਿਨ

ਇਹ ਯਾਦ ਰੱਖੋ। ਆਖਰੀ ਦਿਨਾਂ ਵਿੱਚ ਬਹੁਤ ਮੁਸ਼ਕਲਾਂ ਆਉਣਗੀਆਂ। ਉਨ੍ਹਾਂ ਸਮਿਆਂ ਵਿੱਚ, ਲੋਕ ਸਿਰਫ਼ ਆਪਣੇ ਆਪ ਨੂੰ ਅਤੇ ਧਨ ਨੂੰ ਪਿਆਰ ਕਰਨਗੇ। ਉਹ ਘਮੰਡੀ ਅਤੇ ਅਭਿਮਾਨੀ ਹੋਣਗੇ। ਉਹ ਇੱਕ ਦੂਜੇ ਦੀ ਨਿੰਦਿਆ ਕਰਨਗੇ। ਲੋਕ ਆਪਣੇ ਮਾਪਿਆਂ ਦਾ ਆਖਿਆ ਨਹੀਂ ਮੰਨਣਗੇ। ਲੋਕ ਬੇਸ਼ੁਕਰੇ ਹੋਣਗੇ। ਉਹ ਅਜਿਹੇ ਇਨਸਾਨ ਨਹੀਂ ਹੋਣਗੇ ਜਿਹੇ ਜਿਹੇ ਪਰਮੇਸ਼ੁਰ ਚਾਹੁੰਦਾ ਹੈ। ਲੋਕ ਇੱਕ ਦੂਜੇ ਨਾਲ ਪ੍ਰੇਮ ਨਹੀਂ ਕਰਨਗੇ। ਉਹ ਹੋਰਾਂ ਲੋਕਾਂ ਨੂੰ ਮਾਫ਼ੀ ਦੇਣ ਤੋਂ ਇਨਕਾਰ ਕਰਨਗੇ ਅਤੇ ਉਨ੍ਹਾਂ ਬਾਰੇ ਮੰਦਾ ਬੋਲਣਗੇ। ਲੋਕ ਆਪਣੇ ਆਪ ਉੱਤੇ ਕਾਬੂ ਨਹੀਂ ਰੱਖਣਗੇ। ਉਹ ਜ਼ੁਲਮੀ ਹੋਣਗੇ ਅਤੇ ਉਹ ਚੰਗਿਆਈ ਨੂੰ ਨਫ਼ਰਤ ਕਰਨਗੇ। ਆਖਰੀ ਦਿਨਾਂ ਵਿੱਚ ਲੋਕ ਆਪਣੇ ਦੋਸਤਾਂ ਦੇ ਖਿਲਾਫ਼ ਹੋ ਜਾਣਗੇ। ਉਹ ਬਿਨਾ ਸੋਚੇ ਸਮਝੇ ਗਲਤ ਕੰਮ ਕਰਨਗੇ। ਉਹ ਹੰਕਾਰੀ ਅਤੇ ਗੁਮਾਨੀ ਹੋਣਗੇ। ਲੋਕ ਭੋਗ ਬਿਲਾਸ ਨੂੰ ਪਿਆਰ ਕਰਨਗੇ ਅਤੇ ਉਹ ਪਰਮੇਸ਼ੁਰ ਨੂੰ ਪਿਆਰ ਨਹੀਂ ਕਰਨਗੇ। ਉਹ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਦੇ ਰਹਿਣਗੇ ਜਿਵੇਂ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਕਰਦੇ ਹੋਣ। ਪਰ ਜਿਸ ਢੰਗ ਨਾਲ ਉਹ ਜਿਉਂਦੇ ਹਨ ਉਸ ਤੋਂ ਪਤਾ ਚੱਲਦਾ ਕਿ ਉਹ ਪਰਮੇਸ਼ੁਰ ਦੀ “ਉਪਾਸਨਾ” ਨਹੀਂ ਕਰਦੇ। ਤਿਮੋਥਿਉਸ ਇਹੋ ਜਿਹੇ ਲੋਕਾਂ ਤੋਂ ਦੂਰ ਰਹਿਣਾ।

ਉਨ੍ਹਾਂ ਵਿੱਚੋਂ ਕੁਝ ਦੂਸਰਿਆਂ ਦੇ ਘਰੀਂ ਵੜ ਜਾਂਦੇ ਹਨ ਅਤੇ ਕਮਜ਼ੋਰ ਔਰਤਾਂ ਉੱਤੇ ਨਿਯੰਤ੍ਰਣ ਕਰ ਲੈਂਦੇ ਹਨ। ਇਹ ਔਰਤਾਂ ਪਾਪ ਨਾਲ ਭਰਪੂਰ ਹਨ ਅਤੇ ਉਨ੍ਹਾਂ ਗੱਲਾਂ ਦੀਆਂ ਗੁਲਾਮ ਹਨ ਜੋ ਉਹ ਕਰਨੀਆਂ ਚਾਹੁੰਦੀਆਂ ਹਨ। ਉਹ ਔਰਤਾਂ ਹਮੇਸ਼ਾ ਨਵੇਂ ਉਪਦੇਸ਼ਾਂ ਨੂੰ ਸਿੱਖਣ ਦੀ ਕੋਸ਼ਿਸ਼ ਕਰਦੀਆਂ ਹਨ, ਪਰ ਉਹ ਕਦੇ ਵੀ ਸੱਚ ਨੂੰ ਠੀਕ ਤਰ੍ਹਾਂ ਸਮਝਣ ਦੇ ਕਾਬਿਲ ਨਹੀਂ ਹਨ। ਯੰਨੇਸ ਤੇ ਯੰਬਰੇਸ ਨੂੰ ਚੇਤੇ ਕਰੋ। ਉਹ ਮੂਸਾ ਦੇ ਖਿਲਾਫ਼ ਸਨ। ਇਨ੍ਹਾਂ ਲੋਕਾਂ ਬਾਰੇ ਵੀ ਇਵੇਂ ਹੀ ਹੈ। ਉਹ ਸੱਚ ਦੇ ਵਿਰੁੱਧ ਹਨ। ਉਹ ਭਰਮਾਊ ਮਨਾਂ ਦੇ ਹਨ। ਉਹ ਵਿਸ਼ਵਾਸ ਦੇ ਮਾਰਗ ਅਨੁਸਾਰ ਚੱਲਣ ਵਿੱਚ ਅਸਫ਼ਲ ਹਨ। ਪਰ ਉਹ ਕਦੇ ਵੀ ਉਨ੍ਹਾਂ ਗੱਲਾਂ ਵਿੱਚ ਸਫ਼ਲ ਨਹੀਂ ਹੋਣਗੇ ਜਿਹੜੀਆਂ ਉਹ ਕਰ ਰਹੇ ਹਨ। ਹਰ ਕੋਈ ਜਾਣ ਜਾਵੇਗਾ ਕਿ ਉਹ ਮੂਰਖ ਹਨ। ਜੇਨਸ ਅਤੇ ਜਾਮਬੇਸ ਨਾਲ ਵੀ ਅਜਿਹਾ ਹੀ ਵਾਪਰਿਆ ਸੀ।

ਆਖਰੀ ਉਪਦੇਸ਼

10 ਪਰ ਤੁਸੀਂ ਮੇਰੇ ਬਾਰੇ ਸਾਰਾ ਕੁਝ ਜਾਣਦੇ ਹੋ। ਤੁਸੀਂ ਜਾਣਦੇ ਹੀ ਹੋ ਕਿ ਮੈਂ ਕਿਹੜੀ ਗੱਲ ਦਾ ਉਪਦੇਸ਼ ਦਿੰਦਾ ਹਾਂ ਅਤੇ ਕਿਸ ਤਰ੍ਹਾਂ ਦਾ ਜੀਵਨ ਜਿਉਂਦਾ ਹਾਂ। ਤੁਸੀਂ ਮੇਰੇ ਜੀਵਨ ਦੇ ਉਦੇਸ਼ ਬਾਰੇ ਜਾਣਦੇ ਹੋ। ਤੁਸੀਂ ਮੇਰੇ ਵਿਸ਼ਵਾਸ, ਮੇਰੇ ਸਬਰ ਅਤੇ ਮੇਰੇ ਪ੍ਰੇਮ ਬਾਰੇ ਜਾਣਦੇ ਹੋ। ਤੁਸੀਂ ਜਾਣਦੇ ਹੋ ਕਿ ਮੈਂ ਕਦੇ ਵੀ ਕੋਸ਼ਿਸ਼ ਕਰਨ ਤੋਂ ਨਹੀਂ ਰੁਕਦਾ। 11 ਤੁਸੀਂ ਮੇਰੀਆਂ ਮੁਸੀਬਤਾਂ ਅਤੇ ਮੈਨੂੰ ਸਤਾਏ ਜਾਣ ਬਾਰੇ ਜਾਣਦੇ ਹੋ। ਤੁਸੀਂ ਉਨ੍ਹਾਂ ਸਭ ਗੱਲਾਂ ਬਾਰੇ ਜਾਣਦੇ ਹੋ ਜੋ ਅੰਤਾਕਿਯਾ, ਇੱਕੋਨਿਯੁਮ, ਅਤੇ ਲੁਸਤਰਾ ਵਿੱਚ ਮੇਰੇ ਨਾਲ ਵਾਪਰੀਆਂ ਸਨ। ਤੁਹਾਨੂੰ ਉਨ੍ਹਾਂ ਤਸੀਹਿਆਂ ਬਾਰੇ ਪਤਾ ਹੈ ਜੋ ਮੈਂ ਇਨ੍ਹਾਂ ਥਾਵਾਂ ਤੇ ਸਹਿਨ ਕੀਤੇ। ਪਰ ਪ੍ਰਭੂ ਨੇ ਮੈਨੂੰ ਉਨ੍ਹਾਂ ਸਾਰੀਆਂ ਔਕੜਾਂ ਤੋਂ ਬਚਾਇਆ। 12 ਹਰ ਕੋਈ ਜਿਹੜਾ ਮਸੀਹ ਯਿਸੂ ਵਿੱਚ ਉਸੇ ਢੰਗ ਨਾਲ ਜਿਉਣਾ ਚਾਹੁੰਦਾ ਹੈ ਜਿਵੇਂ ਪਰਮੇਸ਼ੁਰ ਚਾਹੁੰਦਾ, ਉਹ ਸਤਾਇਆ ਜਾਵੇਗਾ। 13 ਇਹ ਲੋਕ ਜਿਹੜੇ ਬੁਰੇ ਹਨ ਤੇ ਹੋਰਾਂ ਨੂੰ ਧੋਖਾ ਦਿੰਦੇ ਹਨ ਦਿਨੋ ਦਿਨ ਹੋਰ ਭੈੜੇ ਹੁੰਦੇ ਜਾਣਗੇ। ਉਹ ਹੋਰਾਂ ਲੋਕਾਂ ਨੂੰ ਮੂਰਖ ਬਨਾਉਣਗੇ, ਪਰ ਉਹ ਆਪਣੇ ਆਪ ਨੂੰ ਵੀ ਮੂਰਖ ਬਣਾ ਰਹੇ ਹੋਣਗੇ।

14 ਪਰ ਤੁਹਾਨੂੰ ਉਨ੍ਹਾਂ ਉਪਦੇਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਜਿਹੜੇ ਤੁਸੀਂ ਸਿੱਖੇ ਹਨ। ਤੁਸੀਂ ਜਾਣਦੇ ਹੋ ਕਿ ਇਹ ਉਪਦੇਸ਼ ਸੱਚੇ ਹਨ। ਤੁਸੀਂ ਜਾਣਦੇ ਹੋ ਕਿ ਤੁਸੀਂ ਉਨ੍ਹਾਂ ਤੇ ਭਰੋਸਾ ਕਰ ਸੱਕਦੇ ਹੋ ਜਿਨ੍ਹਾਂ ਨੇ ਤੁਹਾਨੂੰ ਉਹ ਗੱਲਾਂ ਸਿੱਖਾਈਆਂ। 15 ਤੁਸੀਂ ਪਵਿੱਤਰ ਪੋਥੀਆਂ ਆਪਣੇ ਬਚਪਨੇ ਤੋਂ ਹੀ ਸਿੱਖੀਆਂ ਹਨ। ਇਹ ਪੋਥੀਆਂ ਤੁਹਾਨੂੰ ਸਿਆਣਾ ਬਨਾਉਣ ਦੇ ਸਮੱਰਥ ਹਨ। ਉਹ ਸਿਆਣਪ ਤੁਹਾਨੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਰਾਹੀਂ ਮੁਕਤੀ ਵੱਲ ਲੈ ਜਾਂਦੀ ਹੈ। 16 ਸਾਰੀਆਂ ਪੋਥੀਆਂ ਪਰਮੇਸ਼ੁਰ ਵੱਲੋਂ ਪ੍ਰਦਾਨ ਕੀਤੀਆਂ ਗਈਆਂ ਹਨ। ਪਵਿੱਤਰ ਪੋਥੀ ਲੋਕਾਂ ਨੂੰ ਉਪਦੇਸ਼ ਦਿੰਦੀ ਹੈ ਅਤੇ ਉਨ੍ਹਾਂ ਦੀ ਜ਼ਿੰਦਗੀ ਦੇ ਗਲਤ ਕੰਮਾਂ ਨੂੰ ਦਰਸ਼ਾਉਂਦੀ ਹੈ। ਇਹ ਨੁਕਸਾਂ ਨੂੰ ਦੂਰ ਕਰਨ ਅਤੇ ਸਹੀ ਜੀਵਨ ਢੰਗ ਸਿੱਖਾਉਣ ਲਈ ਫ਼ਾਇਦੇਮੰਦ ਹੈ। 17 ਉਹ ਵਿਅਕਤੀ ਜਿਹੜਾ ਪੋਥੀਆਂ ਦੀ ਵਰਤੋਂ ਕਰਕੇ ਪਰਮੇਸ਼ੁਰ ਦੀ ਸੇਵਾ ਕਰਦਾ ਹੈ, ਸਭ ਕੁਝ ਪ੍ਰਾਪਤ ਕਰੇਗਾ ਜੋ ਉਸ ਨੂੰ ਹਰ ਚੰਗਾ ਕੰਮ ਕਰਨ ਲਈ ਲੋੜੀਦਾ ਹੈ।

ਮੈਂ ਤੁਹਾਨੂੰ ਪਰਮੇਸ਼ੁਰ ਅਤੇ ਮਸੀਹ ਯਿਸੂ ਦੇ ਸਨਮੁੱਖ ਇੱਕ ਹੁਕਮ ਦਿੰਦਾ ਹਾਂ। ਮਸੀਹ ਯਿਸੂ ਹੀ ਹੈ ਜਿਹੜਾ ਉਨ੍ਹਾਂ ਸਾਰੇ ਲੋਕਾਂ ਦਾ ਨਿਆਂ ਕਰੇਗਾ ਜੋ ਜਿਉਂਦੇ ਹਨ ਅਤੇ ਜਿਹੜੇ ਮਰ ਚੁੱਕੇ ਹਨ। ਉਸ ਕੋਲ ਇੱਕ ਬਾਦਸ਼ਾਹਤ ਹੈ ਅਤੇ ਉਹ ਫ਼ੇਰ ਆ ਰਿਹਾ ਹੈ। ਇਸ ਲਈ ਮੈਂ ਤੁਹਾਨੂੰ ਇਹ ਆਦੇਸ਼ ਦਿੰਦਾ ਹਾਂ, ਲੋਕਾਂ ਨੂੰ ਖੁਸ਼ਖਬਰੀ ਦਿਉ। ਹਮੇਸ਼ਾ ਤਿਆਰ ਰਹੋ। ਲੋਕਾਂ ਨੂੰ ਉਹ ਗੱਲਾਂ ਦੱਸੋ ਜਿਹੜੀਆਂ ਉਨ੍ਹਾਂ ਨੂੰ ਕਰਨੀਆਂ ਚਾਹੀਦੀਆਂ ਹਨ, ਉਨ੍ਹਾਂ ਨੂੰ ਦੱਸੋ ਜਦੋਂ ਉਹ ਗਲਤੀ ਕਰ ਰਹੇ ਹੁੰਦੇ ਹਨ। ਅਤੇ ਉਨ੍ਹਾਂ ਨੂੰ ਉਤਸਾਹਤ ਕਰੋ। ਇਹ ਸਭ ਕੁਝ ਬੜੇ ਸਬਰ ਅਤੇ ਸਚੇਤ ਉਪਦੇਸ਼ ਨਾਲ ਕਰੋ।

ਇੱਕ ਸਮਾਂ ਆਵੇਗਾ ਜਦੋਂ ਲੋਕ ਸੱਚੇ ਉਪਦੇਸ਼ ਨੂੰ ਨਹੀਂ ਸੁਣਨਗੇ। ਪਰ ਲੋਕਾਂ ਨੂੰ ਬਹੁਤ ਸਾਰੇ ਗੁਰੂ ਮਿਲਣਗੇ ਜੋ ਉਨ੍ਹਾਂ ਨੂੰ ਖੁਸ਼ ਕਰਨਗੇ। ਲੋਕਾਂ ਨੂੰ ਅਜਿਹੇ ਗੁਰੂ ਮਿਲਣਗੇ ਜਿਹੜੇ ਉਹੀ ਗੱਲਾਂ ਆਖਣਗੇ ਜਿਹੜੀਆਂ ਉਹ ਲੋਕ ਸੁਣਨਾ ਚਾਹੁੰਦੇ ਹਨ। ਲੋਕ ਸੱਚ ਨੂੰ ਸੁਣਨਾ ਛੱਡ ਦੇਣਗੇ। ਉਹ ਮਨਘੜਤ ਕਥਾ ਕਹਾਣੀਆਂ ਦੇ ਉਪਦੇਸ਼ ਤੇ ਅਮਲ ਕਰਨਾ ਸ਼ੁਰੂ ਕਰ ਦੇਣਗੇ। ਪਰ ਤੁਹਾਨੂੰ ਹਮੇਸ਼ਾ ਆਪਣੇ ਆਪ ਉੱਤੇ ਕਾਬੂ ਰੱਖਣਾ ਚਾਹੀਦਾ ਹੈ। ਜਦੋਂ ਔਕੜਾਂ ਆਉਣ ਤਾਂ ਉਨ੍ਹਾਂ ਔਕੜਾਂ ਦਾ ਸਾਹਮਣਾ ਕਰੋ। ਖੁਸ਼ਖਬਰੀ ਫ਼ੈਲਾਉਣ ਦਾ ਕਾਰਜ ਕਰੋ। ਪਰਮੇਸ਼ੁਰ ਦੇ ਸੇਵਕਾਂ ਵਾਲੇ ਸਾਰੇ ਫ਼ਰਜ਼ ਨਿਭਾਓ।

ਮੇਰਾ ਜੀਵਨ ਪਰਮੇਸ਼ੁਰ ਦੀ ਭੇਟਾ ਕੀਤਾ ਜਾ ਰਿਹਾ ਹੈ। ਇਸ ਜੀਵਨ ਨੂੰ ਛੱਡਣ ਦਾ ਸਮਾਂ ਆ ਚੁੱਕਿਆ ਹੈ। ਮੈਂ ਚੰਗਾ ਯੁੱਧ ਲੜਿਆ ਹਾਂ। ਮੈਂ ਦੌੜ ਪੂਰੀ ਕੀਤੀ ਹੈ। ਮੈਂ ਸੱਚੇ ਵਿਸ਼ਵਾਸ ਦਾ ਅਨੁਸਰਣ ਕੀਤਾ ਹੈ। ਹੁਣ ਧਾਰਮਿਕਤਾ ਦਾ ਇੱਕ ਤਾਜ ਮੇਰੀ ਉਡੀਕ ਕਰ ਰਿਹਾ ਹੈ ਪਰਮੇਸ਼ੁਰ ਹੀ ਹੈ ਜਿਹੜਾ ਨਿਰਪੱਖ ਨਿਆਂ ਕਰਦਾ ਹੈ ਉਸ ਦਿਨ ਉਹ ਮੈਨੂੰ ਇੱਕ ਤਾਜ ਦੇਵੇਗਾ। ਉਹ ਇਹ ਤਾਜ ਸਿਰਫ਼ ਮੈਨੂੰ ਹੀ ਨਹੀਂ ਦੇਵੇਗਾ, ਸਗੋਂ ਉਨ੍ਹਾਂ ਸਾਰਿਆਂ ਲੋਕਾਂ ਨੂੰ ਵੀ ਦੇਵੇਗਾ ਜਿਹੜੇ ਤਾਂਘ ਨਾਲ ਉਸ ਦੇ ਆਉਣ ਦਾ ਇੰਤਜ਼ਾਰ ਕਰ ਰਹੇ ਹਨ।

ਨਿਜ਼ੀ ਸੰਦੇਸ਼

ਆਪਣੀ ਪੂਰੀ ਕੋਸ਼ਿਸ਼ ਕਰੋ ਅਤੇ ਜਲਦੀ ਤੋਂ ਜਲਦੀ ਮੇਰੇ ਕੋਲ ਆ ਜਾਓ। 10 ਦੇਮਾਸ ਨੇ ਮੈਨੂੰ ਇਸ ਲਈ ਛੱਡ ਦਿੱਤਾ ਕਿਉਂਕਿ ਉਸ ਨੇ ਇਸ ਦੁਨੀਆਂ ਨੂੰ ਬਹੁਤ ਪਿਆਰ ਕੀਤਾ। ਉਹ ਥੱਸਲੁਨੀਕਿਯਾ ਚੱਲਾ ਗਿਆ। ਕਰੇਸੱਕੇਸ ਗਲਾਤਿਯਾ ਅਤੇ ਤੀਤੁਸ ਦਲਮਾਤੀਯਾ ਚੱਲਾ ਗਿਆ। 11 ਲੂਕਾ ਹੀ ਹੈ ਜਿਹੜਾ ਹਾਲੇ ਤੱਕ ਮੇਰੇ ਨਾਲ ਹੈ। ਜਦੋਂ ਤੁਸੀਂ ਆਓ ਤਾਂ ਮਰਕੁਸ ਨੂੰ ਵੀ ਨਾਲ ਲੈ ਕੇ ਆਉਣਾ। ਉਹ ਇੱਥੇ ਮੇਰੇ ਕੰਮ ਵਿੱਚ ਸਹਾਇਤਾ ਕਰ ਸੱਕਦਾ ਹੈ। 12 ਮੈਂ ਤੁਖਿਕੁਸ ਨੂੰ ਅਫ਼ਸੁਸ ਭੇਜਿਆ ਹੈ।

13 ਜਦੋਂ ਮੈਂ ਤ੍ਰੋਆਸ ਵਿੱਚ ਸਾਂ ਤਾਂ ਮੈਂ ਉੱਥੇ ਆਪਣਾ ਕੋਟ ਕਾਰਪੁਸ ਕੋਲ ਛੱਡ ਆਇਆ। ਇਸ ਲਈ ਜਦੋਂ ਤੁਸੀਂ ਆਓ ਇਸ ਨੂੰ ਮੇਰੇ ਕੋਲ ਲਿਆਉਂਦੇ ਆਉਣਾ। ਨਾਲੇ ਮੇਰੀਆਂ ਕਿਤਾਬਾਂ ਵੀ ਲੈਂਦੇ ਆਉਣਾ। ਜਿਹੜੀਆਂ ਕਿਤਾਬਾਂ ਮੈਂ ਭੇਡ ਦੀ ਖੱਲ ਉੱਪਰ ਲਿਖੀਆਂ ਸਨ ਉਨ੍ਹਾਂ ਦੀ ਮੈਨੂੰ ਸਭ ਤੋਂ ਵੱਧ ਲੋੜ ਹੈ।

14 ਸਿਕੰਦਰ ਠਠੇਰੇ ਨੇ ਮੈਨੂੰ ਬਹੁਤ ਸਾਰੀਆਂ ਹਾਨੀਆਂ ਪਹੁੰਚਾਹੀਆਂ। ਪ੍ਰਭੂ ਸਿਕੰਦਰ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਵੇਗਾ। 15 ਤੁਸੀਂ ਹੋਸ਼ਿਆਰ ਰਹਿਣਾ ਕਿਧਰੇ ਉਹ ਤੁਹਾਨੂੰ ਵੀ ਨੁਕਸਾਨ ਨਾ ਪਹੁੰਚਾਵੇ। ਉਹ ਸਾਡੇ ਉਪਦੇਸ਼ ਦੇ ਵਿਰੁੱਧ ਡਟਕੇ ਲੜਿਆ।

16 ਜਦੋਂ ਮੈਂ ਪਹਿਲੀ ਅਜ਼ਮਾਇਸ਼ ਵੇਲੇ ਆਪਣਾ ਬਚਾ ਕੀਤਾ, ਕਿਸੇ ਨੇ ਵੀ ਮੇਰੀ ਸਹਾਇਤਾ ਨਹੀਂ ਕੋਈ ਮੈਨੂੰ ਛੱਡ ਗਿਆ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਮਾਫ਼ ਕਰ ਦੇਵੇ। 17 ਔਰ ਪ੍ਰਭੂ ਉੱਥੇ ਮੇਰੇ ਨਾਲ ਸੀ। ਉਸ ਨੇ ਮੈਨੂੰ ਤਾਕਤ ਦਿੱਤੀ ਤਾਂ ਕਿ ਮੈਂ ਪੂਰੀ ਤਰ੍ਹਾਂ ਗੈਰ-ਯਹੂਦੀਆਂ ਨੂੰ ਖੁਸ਼ਖਬਰੀ ਦੱਸ ਸੱਕਾਂ। ਪ੍ਰਭੂ ਚਾਹੁੰਦਾ ਸੀ ਕਿ ਸਾਰੇ ਗੈਰ-ਯਹੂਦੀ ਉਸ ਖੁਸ਼ਖਬਰੀ ਨੂੰ ਸੁਨਣ। ਇਸ ਲਈ ਮੈਂ ਸ਼ੇਰ ਦੇ ਮੂੰਹੋਂ ਬਚਾਇਆ ਗਿਆ ਸੀ। 18 ਜਦੋਂ ਕੋਈ ਵਿਅਕਤੀ ਮੈਨੂੰ ਸੁਰੱਖਿਅਤ ਆਪਣੇ ਸੁਵਰਗੀ ਰਾਜ ਵਿੱਚ ਲੈ ਜਾਵੇਗਾ। ਪ੍ਰਭੂ ਨੂੰ ਸਦਾ ਅਤੇ ਸਦਾ ਲਈ ਮਹਿਮਾ।

ਆਖਰੀ ਸ਼ੁਭਕਾਮਨਾਵਾਂ

19 ਪਰਿਸੱਕਾ ਅਤੇ ਅਕੂਲਾ ਅਤੇ ਉਨੇਸਿਫ਼ੁਰੁਸ ਦੇ ਪਰਿਵਾਰ ਨੂੰ ਮੇਰੀਆਂ ਸ਼ੁਭਕਾਮਨਾਵਾਂ। 20 ਅਗਸਤੁਸ ਕੁਰਿੰਥੁਸ ਵਿੱਚ ਠਹਿਰ ਗਿਆ। ਅਤੇ ਮੈਂ ਤ੍ਰੋਫ਼ਿਮੁਸ ਨੂੰ ਮਿਲੇਤੁਸ ਵਿੱਚ ਛੱਡ ਆਇਆ। ਉਹ ਬਹੁਤ ਬਿਮਾਰ ਸੀ। 21 ਵੱਧ ਤੋਂ ਵੱਧ ਕੋਸ਼ਿਸ਼ ਕਰਨਾ ਕਿ ਤੁਸੀਂ ਸਰਦੀਆਂ ਤੋਂ ਪਹਿਲਾਂ ਮੇਰੇ ਕੋਲ ਆ ਸੱਕੋਂ।

ਯਬੂਲੁਸ, ਪੂਦੇਸ, ਲੀਨੁਸ, ਕਲੋਦੀਆ ਅਤੇ ਮਸੀਹ ਵਿੱਚ ਸਾਰੇ ਭਰਾ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।

22 ਪ੍ਰਭੂ ਤੁਹਾਡੇ ਆਤਮਾ ਦੇ ਅੰਗ-ਸੰਗ ਹੋਵੇ। ਪਰਮੇਸ਼ੁਰ ਦੀ ਕਿਰਪਾ ਤੁਹਾਡੇ ਨਾਲ ਹੋਵੇ।

Punjabi Bible: Easy-to-Read Version (ERV-PA)

2010 by World Bible Translation Center